ਜਿਸ ਨਸ਼ੇ ਤੇ ਅੰਗਰੇਜ਼ ਸਰਕਾਰ ਨੇ ਪਾਬੰਦੀ ਨਹੀਂ ਸੀ ਲਗਾਈ, ਪੰਜਾਬ ਸਰਕਾਰ ਨੇ ਲਗਾ ਦਿਤੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੈਂ  ਛੋਟਾ ਹੁੰਦਾ ਲਾਇਲਪੁਰ ਦੀ ਬਾਰ ਦੇ ਪਿੰਡ ਮਾਨਪੁਰ ਜੰਮਿਆ ਪਲਿਆ ਸੀ.......

Liquor Shop Ban

ਮੈਂ  ਛੋਟਾ ਹੁੰਦਾ ਲਾਇਲਪੁਰ ਦੀ ਬਾਰ ਦੇ ਪਿੰਡ ਮਾਨਪੁਰ ਜੰਮਿਆ ਪਲਿਆ ਸੀ। ਸਾਰੇ ਪਿੰਡ ਵਿਚ ਦੋ ਪੋਸਤੀ, ਪੋਸਤ ਪੀਣ ਵਾਲੇ ਸਨ ਤੇ ਅਫ਼ੀਮ ਖਾਣ ਵਾਲੇ ਚਾਰ-ਪੰਜ ਸਨ। ਸ਼ਰਾਬ ਦੇਸੀ ਘਰ ਦੀ ਕੱਢੀ ਤਕਰੀਬਨ ਸਾਰਾ ਪਿੰਡ ਹੀ ਪੀਂਦਾ ਸੀ ਪਰ ਸ਼ਰਾਬ ਵੇਚਦਾ ਕੋਈ ਨਹੀਂ ਸੀ। ਸਾਡੇ ਦੋ ਪਿੰਡਾਂ ਵਿਚ ਸਾਲਾਨਾ ਛਿੰਝ ਦਾ ਮੇਲਾ ਹੁੰਦਾ ਸੀ। ਇਹ ਮੇਲਾ ਤਿੰਨ-ਚਾਰ ਦਿਨ ਚਲਦਾ ਰਹਿੰਦਾ ਸੀ। ਹਰ ਘਰ ਵਿਚ ਵਿਆਹ ਵਾਲਾ ਮਾਹੌਲ ਹੁੰਦਾ ਸੀ। ਆਉਣ ਵਾਲੇ ਪ੍ਰਹੁਣਿਆਂ ਦੇ ਮਹੀਨਾ ਪਹਿਲਾਂ ਹੀ ਸੁਨੇਹ ਆ ਜਾਂਦੇ ਸਨ ਕਿ ਇਸ ਵਾਰੀ ਅਸੀ ਛਿੰਝ ਵੇਖਣ ਆਉਣਾ ਹੈ। ਖ਼ਾਸ ਕਰ ਕੇ ਜਵਾਈ ਭਾਈ ਬਹੁਤੇ ਆਉਂਦੇ ਸਨ, ਉਹ ਵੀ ਘੋੜੀਆਂ ਉਤੇ।

ਉਸ ਵਕਤ ਕਾਰਾਂ ਜਾਂ ਮੋਟਰਸਾਈਕਲ ਕਿਸੇ ਕੋਲ ਨਹੀਂ ਸੀ ਹੁੰਦੀਆਂ। ਸਾਡੇ ਸਾਰੇ ਪਿੰਡ ਵਿਚ ਇਕ ਸਾਈਕਲ ਸੀ। ਸਾਰਿਆਂ ਘਰਾਂ ਨੇ ਘੋੜੇ ਘੋੜੀਆਂ ਰਖੀਆਂ ਹੁੰਦੀਆਂ ਸਨ। ਜਿਥੇ ਪ੍ਰਾਹੁਣਿਆਂ ਨੂੰ ਸੰਭਾਲਦੇ ਸਨ, ਉਥੇ ਉਨ੍ਹਾਂ ਦੀਆਂ ਘੋੜੀਆਂ ਵੀ ਸੰਭਾਲਣੀਆਂ ਪੈਂਦੀਆਂ ਸਨ। ਉਸ ਵਕਤ ਪਿੰਡਾਂ ਵਿਚ ਤਾਂ ਕੀ, ਵੱਡੇ ਕਸਬੇ ਵਿਚ ਵੀ ਦੇਸੀ ਸ਼ਰਾਬ ਦਾ ਸਰਕਾਰੀ ਠੇਕਾ ਨਹੀਂ ਸੀ ਦਿਸਦਾ, ਜਿਹੜੇ ਦੇਸੀ ਤੇ ਅੰਗਰੇਜ਼ੀ ਠੇਕੇ ਹੁਣ ਸ਼ਹਿਰਾਂ ਦੀ ਗੱਲ ਛੱਡੋ, ਪਿੰਡਾਂ ਵਿਚ ਵੀ ਖੋਲ੍ਹ ਦਿਤੇ ਹਨ। ਉਸ ਵਕਤ ਸਾਰੇ ਪਿੰਡ ਦਾ ਮਾਲਕ ਨੰਬਰਦਾਰ ਹੁੰਦਾ ਸੀ।

ਪੁਲਿਸ ਵਾਲੇ ਉਸ ਨੂੰ ਪੁੱਛੇ ਬਿਨਾਂ ਪਿੰਡ ਵਿਚ ਕੋਈ ਛਾਪਾ ਨਹੀਂ ਸਨ ਮਾਰ ਸਕਦੇ। ਨੰਬਰਦਾਰ ਨੇ ਵੀ ਸਾਰੇ ਪਿੰਡ ਵਾਲਿਆਂ ਨੂੰ ਆਖਿਆ ਹੁੰਦਾ ਸੀ ਕਿ ਕਿਸੇ ਵੀ ਪਿੰਡ ਵਾਲੇ ਨੇ ਪੁਲਿਸ ਕੋਲ ਕਿਸੇ ਦੀ ਕੋਈ ਚੁਗਲੀ ਜਾਂ ਸ਼ਿਕਾਇਤ ਨਹੀਂ ਕਰਨੀ, ਜਿਹੜੀਆਂ ਚੁਗਲੀਆਂ ਤੇ ਸ਼ਿਕਾਇਤਾ ਹੁਣ ਹਰ ਪਿੰਡ ਵਿਚ ਹੁੰਦੀਆਂ ਹਨ ਤੇ ਹਰ ਪਿੰਡ ਵਿਚ ਲੜਾਈ ਝੰਗੜੇ ਹੁੰਦੇ ਰਹਿੰਦੇ ਹਨ। ਉਸ ਵਕਤ ਸ਼ਰਾਬ ਪੀ ਕੇ ਕੋਈ ਲੜਾਈ ਝਗੜਾ ਨਹੀਂ ਸੀ ਕਰਦਾ। ਹਰ ਪਿੰਡ ਵਿਚ ਸ਼ਾਂਤੀ ਹੁੰਦੀ ਸੀ, ਜਿਹੜੀ ਸ਼ਾਂਤੀ ਹੁਣ ਪਿੰਡਾਂ ਵਿਚੋਂ ਖ਼ਤਮ ਹੋ ਗਈ ਹੈ।

ਕਿਉਂਕਿ ਹੁਣ ਪਿੰਡਾਂ ਵਿਚ ਬਹੁਤ ਘਟੀਆ ਦੇਸੀ ਸ਼ਰਾਬ ਕੱਢੀ ਜਾਂਦੀ ਤੇ ਵੇਚੀ ਜਾਂਦੀ ਹੈ, ਇਸ ਸ਼ਰਾਬ ਨੂੰ ਪੀ ਕੇ ਕਈ ਵਾਰ ਸ਼ਰਾਬੀ ਮਰ ਵੀ ਜਾਂਦੇ ਹਨ। ਪੁਰਾਣੇ ਸਮੇਂ ਵਿਚ ਹਰ ਘਰ ਅਪਣੇ ਪੀਣ ਲਈ ਸ਼ਰਾਬ ਆਪ ਕਢਦਾ ਸੀ, ਵੇਚਦਾ ਨਹੀਂ ਸੀ। ਉਸ ਵਕਤ ਸ਼ਰਾਬ ਪੀ ਕੇ, ਅਫ਼ੀਮ ਖਾ ਕੇ ਜਾਂ ਪੋਸਤ ਪੀ ਕੇ ਕਦੇ ਕੋਈ ਨਹੀਂ ਸੀ ਮਰਦਾ ਸੁਣਿਆ ਜਿਸ ਤਰ੍ਹਾਂ ਹੁਣ ਨਵੇਂ ਨਸ਼ੇ ਖਾ ਕੇ ਖ਼ਾਸ ਕਰ ਕੇ ਚਿੱਟਾ ਨਸ਼ਾ ਲੈ ਕੇ ਹੁਣ ਬਹੁਤੇ ਨੌਜੁਆਨ ਮਰ ਰਹੇ ਹਨ। ਲੋਕ ਅੱਜ ਜਿਹੜੇ ਨਸ਼ਿਆਂ ਨਾਲ ਰੋਜ਼ ਮਰ ਰਹੇ ਹਨ, ਸੱਭ ਤੋਂ ਘਟੀਆ ਤੇ ਖ਼ਤਰਨਾਕ ਨਸ਼ਾ 'ਚਿੱਟਾ' ਹੈ। ਇਸ ਨਸ਼ੇ ਨੇ ਤਾਂ ਕਈ ਘਰ ਵਿਹਲੇ ਕਰ ਦਿਤੇ ਹਨ ਤੇ ਬਜ਼ੁਰਗ ਮਾਂ-ਪਿਉ ਇਸ ਨੂੰ ਪਿਟ ਰਹੇ ਹਨ।

ਜਿਨ੍ਹਾਂ ਨੂੰ ਘਰ ਵਿਚ ਅੱਗੇ ਕੁੱਝ ਨਹੀਂ ਦਿਸਦਾ, ਉਨ੍ਹਾਂ ਸੱਭ ਦੇ ਸਹਾਰੇ ਚਿੱਟੇ ਨਸ਼ੇ ਨੇ ਖ਼ਤਮ ਕਰ ਦਿਤੇ ਹਨ। ਜਿਹੜੇ ਬਚੇ ਹਨ, ਉਨ੍ਹਾਂ ਕੰਮ ਤਾਂ ਕੀ ਕਰਨਾ ਹੈ, ਉਹ ਅਪਣਾ ਸ੍ਰੀਰ ਲੈ ਕੇ ਵੀ ਨਹੀਂ ਤੁਰ ਸਕਦੇ। ਇਸ ਚਿੱਟੇ ਨਸ਼ੇ ਦੀ ਲਪੇਟ ਵਿਚ ਮੁੰਡੇ-ਕੁੜੀਆਂ ਦੋਵੇਂ ਹੀ ਆ ਗਏ ਹਨ। ਇਸ ਨਸ਼ੇ ਉਤੇ ਪੰਜਾਬ ਸਰਕਾਰ ਨੇ ਪਾਬੰਦੀ ਨਹੀਂ ਲਗਾਈ, ਅਫ਼ੀਮ ਪੋਸਤ ਉਤੇ ਪਾਬੰਦੀ ਲਗਾ ਦਿਤੀ ਹੈ ਜਿਸ ਨੂੰ ਖਾ ਕੇ ਪੀ ਕੇ ਕੋਈ ਮਨੁੱਖ ਨਹੀਂ ਸੀ ਮਰਿਆ। ਅਫ਼ੀਮ ਤੇ ਪੋਸਤ ਤੇ ਪਾਬੰਦੀ ਲਗਾ ਕੇ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ। ਅਜੇ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿਚ ਪੋਸਤ ਦੀ ਖੇਤੀ ਹੁੰਦੀ ਏ।

ਉਨ੍ਹਾਂ ਸੂਬਿਆਂ ਦੇ ਕਿਸਾਨ ਵੀ ਖ਼ੁਸ਼ਹਾਲ ਹਨ ਤੇ ਸਰਕਾਰ ਵੀ ਮਾਇਆ ਇਕੱਠੀ ਕਰਦੀ ਹੈ। ਹੁਣ ਚੋਰੀ ਛਿਪੇ ਪੋਸਤ ਅਫ਼ੀਮ ਦੂਜੇ ਸੂਬਿਆਂ ਵਿਚੋਂ ਪੰਜਾਬ ਆਉਂਦੀ ਹੈ। ਪੰਜਾਬ ਦਾ ਪੈਸਾ ਉਨ੍ਹਾਂ ਸੂਬਿਆਂ ਵਿਚ ਜਾਂਦਾ ਹੈ। ਜੇ ਪੋਸਤ ਦੀ ਇਹੀ ਖੇਤੀ ਪੰਜਾਬ ਵਿਚ ਹੁੰਦੀ ਤਾਂ ਪੰਜਾਬ ਦੇ ਕਿਸਾਨ ਖ਼ੁਸ਼ਹਾਲ ਹੋਣੇ ਸਨ ਤੇ ਪੰਜਾਬ ਦਾ ਪੈਸਾ ਵੀ ਦੂਜੇ ਸੂਬਿਆਂ ਵਿਚ ਨਹੀਂ ਸੀ ਜਾਣਾ ਤੇ ਨਾ ਹੀ ਕਿਸੇ ਆਦਮੀ ਜਾਂ ਨੌਜੁਆਨ ਨੇ ਇਸ ਨਸ਼ੇ (ਅਫ਼ੀਮ) ਨਾਲ ਮਰਨਾ ਹੀ ਸੀ। ਅੰਗਰੇਜ਼ ਸਰਕਾਰ ਜਦੋਂ ਪੰਜਾਬ ਵਿਚ ਆਈ ਸੀ, ਉਹ ਤਾਂ ਰਾਜ ਕਰਨ ਵਾਸਤੇ ਆਈ ਸੀ, ਨਸ਼ੇ ਵੇਚਣ ਵਾਸਤੇ ਨਹੀਂ ਸੀ ਆਈ।

ਉਹ ਅਪਣੇ ਰਾਜ ਨੂੰ ਵਧਦਾ ਫੁਲਦਾ ਵੇਖਣ ਲਈ ਚੰਗੇ ਕੰਮ ਕਰਦੀ ਸੀ ਪਰ ਹੁਣ ਜਿਹੜੀਆਂ ਸਰਕਾਰਾਂ ਪੰਜਾਬ ਵਿਚ ਆਉਂਦੀਆਂ ਹਨ, ਉਹ ਚੰਗਾ ਰਾਜ ਦੇਣ ਤੇ ਇਸ ਨੂੰ ਵਧਦਾ ਫੁਲਦਾ ਰੱਖਣ ਦੀ ਥਾਂ ਨਸ਼ਿਆਂ ਨੂੰ ਪਹਿਲ ਦਿੰਦੀ ਹੈ। ਸ਼ਹਿਰਾਂ ਦੀ ਥਾਂ ਪਿੰਡਾਂ ਵਿਚ ਦੇਸੀ ਅੰਗਰੇਜ਼ੀ ਠੇਕੇ ਖੋਲ੍ਹ ਦਿਤੇ ਹਨ ਤੇ ਸੱਭ ਤੋਂ ਘਟੀਆ ਤੇ ਖ਼ਤਰਨਾਕ ਚਿੱਟਾ ਨਸ਼ਾ ਪੁੜੀਆਂ ਵਿਚ ਹਰ ਥਾਂ ਵਿਕਦਾ ਤੇ ਮਿਲਦਾ ਹੈ ਜਿਸ ਨੂੰ ਸਰਕਾਰ ਨੇ ਬੰਦ ਤਾਂ ਨਹੀਂ ਕੀਤਾ ਸਗੋਂ ਮਹਿੰਗਾ ਕਰ ਦਿਤਾ ਹੈ। ਇਸ ਕਰ ਕੇ ਚਿੱਟੇ ਨਸ਼ੇ ਨੂੰ ਵੇਚ ਕੇ ਸਰਕਾਰ ਦੇ ਲੀਡਰ ਮਾਇਆ ਇਕੱਠੀ ਕਰ ਰਹੇ ਹਨ।

ਜਿਥੇ ਸਰਕਾਰ ਦੇ ਲੀਡਰ ਚਿੱਟਾ ਨਸ਼ਾ ਵੇਚ ਰਹੇ ਹੋਣ, ਉਥੇ ਅਫ਼ੀਮ ਪੋਸਤ ਕਿਸ ਤਰ੍ਹਾਂ ਵਿਕ ਸਕਦਾ ਹੈ? ਅਫ਼ੀਮ ਪੋਸਤ ਦੀ ਵੀ ਸਮਗਲਿੰਗ ਹੁੰਦੀ ਹੈ। ਜੇ ਪੁਰਾਣੇ ਸਮੇਂ ਵਾਂਗ ਅਫ਼ੀਮ ਪੋਸਤ ਖੁੱਲ੍ਹਾ ਵਿਕੇ ਤਾਂ ਇਹ ਸਮਗਲਿੰਗ ਬੰਦ ਹੋ ਜਾਵੇਗੀ। ਫਿਰ ਚਿੱਟਾ ਨਸ਼ਾ ਵਿਕਣੋਂ ਬੰਦ ਹੋ ਜਾਵੇਗਾ ਤੇ ਲੀਡਰਾਂ ਦਾ ਕਾਰੋਬਾਰ ਬੰਦ ਹੋ ਜਾਵੇਗਾ ਕਿਉਂਕਿ ਲੋਕ ਆਖਦੇ ਹਨ, ''ਆਹ ਲੀਡਰ ਟਕੇ ਦਾ ਨਹੀਂ ਸੀ। ਚਿੱਟਾ ਨਸ਼ਾ ਵੇਚ ਕੇ ਲੱਖਪਤੀ ਬਣ ਗਿਆ ਹੈ। ਕੋਠੀਆਂ ਬਣ ਗਈਆਂ ਤੇ ਕਾਰਾਂ ਆ ਗਈਆਂ ਹਨ।'' 

ਪੰਜਾਬ ਦੇ ਲੀਡਰਾਂ ਨੂੰ ਮਾਇਆ ਪਿਆਰੀ ਏ, ਪੰਜਾਬ ਦੇ ਨੌਜੁਆਨ ਕੁੜੀਆਂ ਮੁੰਡੇ ਪਿਆਰੇ ਨਹੀਂ ਕਿਉਂਕਿ ਕੁੜੀਆਂ ਮੁੰਡੇ ਲੋਕਾਂ ਦੇ ਹਨ। ਲੋਕ ਅਪਣੇ ਬੱਚਿਆਂ ਨੂੰ ਬਚਾਅ ਸਕਦੇ ਨੇ ਤਾਂ ਬਚਾਅ ਲੈਣ, ਪੰਜਾਬ ਸਰਕਾਰ ਚਿੱਟਾ ਨਸ਼ਾ ਬੰਦ ਨਹੀਂ ਕਰ ਸਕਦੀ, ਮਹਿੰਗਾ ਜ਼ਰੂਰ ਕਰ ਦੇਵੇਗੀ ਕਿਉਂਕਿ ਇਸ ਕੰਮ ਵਿਚ ਵੇਚਣ ਵਾਲੇ ਤੇ ਰਾਖੀ ਕਰਨ ਵਾਲੇ ਦੋਵੇਂ ਰਲੇ ਹੋਏ ਹਨ। ਇਹ ਤਾਂ ਹੁਣ ਖਾਣ ਵਾਲਿਆਂ ਨੂੰ ਸੋਚਣਾ ਪਵੇਗਾ ਕਿ ਅਸੀ ਮਰਨਾ ਹੈ ਜਾਂ ਫਿਰ ਜਿਊਣਾ ਹੈ। 

ਹਰਭਜਨ ਸਿੰਘ ਬਾਜਵਾ
ਸੰਪਰਕ : 98767-41231