Safar-E-Shahadat: ਇਨ ਪੁਤਰਨ ਕੇ ਸੀਸ ਪਰ...ਵਾਰ ਦੀਯੇ ਸੁਤ ਚਾਰ। ਚਾਰ ਮੂਏ ਤੋ ਕਯਾ ਹੂਆ, ਜੀਵਤ ਕਈ ਹਜ਼ਾਰ॥

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤਿੰਨ ਸਦੀਆਂ ਤੋਂ ਵਧੇਰੇ ਸਮਾਂ ਬੀਤ ਜਾਣਾ ਸਿੱਖ ਇਤਿਹਾਸ ਵਿਚ ਕੋਈ ਬਹੁਤਾ ਲੰਮਾ ਸਮਾਂ ਨਹੀਂ ਹੈ

Safar-E-Shahadat

 

Safar-E-Shahadat:  ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰਣ ਕੀਤੀ ਪਾਵਨ ਗੁਰਬਾਣੀ ਦੇ ਵਚਨਾਂ ‘ਜਉ ਤਉ ਪ੍ਰੇਮ ਖੇਲਨ ਕਾ ਚਾਉ। ਸਿਰ ਧਰਿ ਤਲੀ ਗਲੀ ਮੇਰੀ ਆਉ। ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।’ ਅਨੁਸਾਰ ਗੁਰੂ ਜੀ ਨੇ ਸਮਕਾਲੀ ਦੌਰ ਵਿਚੋਂ ਗੁਜ਼ਰਦਿਆਂ ਸਿੱਖਾਂ ਨੂੰ ਸਿੱਖੀ ਪ੍ਰੇਮ ਦੇ ਨਾਲ ਸਿੱਖੀ ਲਈ ਕੁਰਬਾਨ ਹੋਣ ਲਈ ਵੀ ਇਕ ਇਨਕਲਾਬੀ ਪ੍ਰੇਰਨਾ ਦਿਤੀ ਅਤੇ ਇਸੇ ਮਾਰਗ ’ਤੇ ਚਲਦਿਆਂ ਸਾਰਾ ਹੀ ਸਿੱਖ ਇਤਿਹਾਸ ਬੇਮਿਸਾਲ ਕੁਰਬਾਨੀਆਂ ਭਰੀ ਗਾਥਾ ਹੈ।

ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਖ਼ਾਲਸੇ ਵਲੋਂ ਮੁਗਲਾਂ ਤੇ ਹੋਰ ਰਾਜਿਆਂ ਨਾਲ ਲੜੀਆਂ ਜੰਗਾਂ, ਚਾਂਦਨੀ ਚੌਕ ਦੇ ਸਮੁੱਚੇ ਕਾਂਡ, ਨਖ਼ਾਸ ਚੌਕ ਲਾਹੌਰ ਕਾਂਡ, ਸਾਕੇ ਦਰਬਾਰ ਸਾਹਿਬ ਸ੍ਰੀ ਅੰੰਮਿ੍ਰਤਸਰ ਸਾਹਿਬ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਕੇ ਇਤਿਹਾਸਕ ਗਵਾਹੀਆਂ ਦਿੰਦੇ ਹਨ। ਤਸੀਹੇ ਤੇ ਤਬਾਹੀਆਂ ਦੇ ਪੱਖ ਤੋਂ ਜੇਕਰ ਦੇਖਿਆ ਜਾਵੇ ਤਾਂ ਸਾਰੇ ਹੀ ਸ਼ਹੀਦਾਂ ਦੀ ਬਹਾਦਰੀ ਭਰੀ ਦਾਸਤਾਨ ਅਪਣੀ-ਅਪਣੀ ਵਿਲੱਖਣਤਾ ਪੇਸ਼ ਕਰਦੀ ਹੈ।

ਪਰ ਅਨੰਦਪੁਰ ਸਾਹਿਬ ਦੀ ਜੰਗ, ਸਰਸਾ ਦੀ ਜੰਗ ਤੋਂ ਪਿੱਛੋਂ ਸਾਕਾ ਸਰਹਿੰਦ ਅਤੇ ਸਾਕਾ ਚਮਕੌਰ ਸਾਹਿਬ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿਤਾ ਕਿਉਂਕਿ ਇਨ੍ਹਾ ਸਾਕਿਆਂ ਦੌਰਾਨ ਦਸਮ ਪਿਤਾ ਜੀ ਦੇ ਚਾਰਾਂ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਤਿੰਨ ਪਿਆਰੇ ਅਤੇ ਬਹੁਤ ਸਾਰੇ ਸਿਰਕੱਢ ਯੋਧੇ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦੀਆਂ ਨੇ ਗੁਰੂ ਜੀ ਨੂੰ ਇਕ ਭਾਂਬੜ ਵਿਚ ਬਦਲ ਦਿਤਾ, ਜਿਸ ਬਾਰੇ ‘ਗੁਰਬਿਲਾਸ’ ਵਿਚ ਇੰਝ ਦਰਜ ਹੈ:-

ਜਬ ਸੁਨਿਓ ਭੇਦ ਤੁੁਰਕਾਨ ਕਾਨ।
ਇਹ ਚਾਰ ਖਚਰ ਮੂਹਰੈ ਅਮਾਨ।
ਗਹ ਲਯੋ ਤਾਸ ਬਾਂਧੇ ਮੰਗਾਇ।
ਲੈ ਮਾਰਿ ਕੂਟ ਦੀਨੋ ਪਖਾਇ।

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚ ਦੀ ਪ੍ਰੋੜ੍ਹਤਾ ਮੁਤਾਬਕ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਉਨ੍ਹਾਂ ਦੇ ਚਾਰਾਂ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਨੇ ਅਪਣੀਆਂ ਸ਼ਹਾਦਤਾਂ ਨਾਲ, ਸਿੱਖਾਂ ਵਾਸਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਲਈ ਸੱਚ ਦੀ ਗਵਾਹੀ ਵੀ ਪੈਦਾ ਕੀਤੀ ਹੈ। ਉਨ੍ਹਾਂ ਦੀਆਂ ਸ਼ਹਾਦਤਾਂ ਇਕ ਤੋਂ ਵੱਡਾ ਆਦਰਸ਼ ਸਥਾਪਤ ਕਰਨ ਦੇ ਮਨੋਰਥ ਲਈ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਤੇ ਪਹਿਰਾ ਦੇਣ ਵਾਲੀ ਨਿਵੇਕਲੀ ਹਸਤੀ ਨੂੰ ਜਾਨ ਤੋਂ ਪਿਆਰਾ ਮੰਨ ਕੇ ਵੱਡੀ ਤੋਂ ਵੱਡੀ ਕੁਰਬਾਨੀ ਕਰਨਾ ਹੀ, ਇਸ ਮਾਰਗ ਦਾ ਦਮ ਭਰਨ ਵਾਲਿਆਂ ਲਈ ਪਾਵਨ ਫ਼ਰਜ਼ ਸਮਝਦੇ ਸਨ। ਇਹ ਮਨੁੱਖੀ ਸ੍ਰੀਰ ਹੀ ਨਹੀਂ ਸਮੁੱਚਾ ਬ੍ਰਹਿਮੰਡ ਹੀ ਜਲ ਉੱਤੇ ਉਪਜੇ ਬੁਲਬੁਲੇ ਵਾਂਗ ਉਪਜਦਾ ਤੇ ਬਿਨਸਦਾ ਰਹਿੰਦਾ ਹੈ। ਗੁਰੂ ਸਾਹਿਬਾਨ ਦੇ ਦੱਸੇ ਸਿੱਖੀ ਮਾਰਗ ਅਨੁਸਾਰ ਸਿੱਖ ਨੂੰ ਸਮੇਂ, ਸਥਾਨ ਦੀ ਪਦਾਰਥਕ ਹੋਂਦ ਤੋਂ ਪਾਰ ਹੋ ਕੇ ਸੱਚ ਨਾਲ ਅਪਣੀ ਪ੍ਰਤੀਬੱਧਤਾ ਕਾਇਮ ਰਖਣੀ ਚਾਹੀਦੀ ਹੈ। ਸਿੱਖ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਵੀ ਜਾਣਦੇ ਹਨ

 ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਪਾਵਨ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ, ਬਠਿੰਡਾ) ਦਰਬਾਰ ਸਾਹਿਬ ਦੇ ਪਿਛਲੇ ਪਾਸੇ ਸੁਸ਼ੋਭਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ, ਜਿਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਨੀ ਸਿੰਘ ਜੀ ਸਮੇਤ ਆ ਕੇ ਬਿਰਾਜਮਾਨ ਹੋਏ ਸਨ। ਮਾਤਾ ਸਾਹਿਬਾਨ ਵਲੋਂ ਸਾਹਿਬਜ਼ਾਦਿਆਂ ਸਬੰਧੀ ਪੁੱਛੇ ਜਾਣ ’ਤੇ ਸਤਿਗੁਰੂ ਜੀ ਨੇ ਧੀਰਜ ਦਿੰਦਿਆਂ ਗੁਰਸਿੱਖਾਂ ਵਲ ਇਸ਼ਾਰਾ ਕਰਦਿਆਂ ਇਥੇ ਫੁਰਮਾਇਆ ਸੀ:-

ਇਨ ਪੁਤਰਨ ਕੇ ਸੀਸ ਪਰ, ਵਾਰ ਦੀਯੇ ਸੁਤ ਚਾਰ।
ਚਾਰ ਮੂਏ ਤੋ ਕਯਾ ਹੂਆ, ਜੀਵਤ ਕਈ ਹਜ਼ਾਰ॥

ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤਿੰਨ ਸਦੀਆਂ ਤੋਂ ਵਧੇਰੇ ਸਮਾਂ ਬੀਤ ਜਾਣਾ ਸਿੱਖ ਇਤਿਹਾਸ ਵਿਚ ਕੋਈ ਬਹੁਤਾ ਲੰਮਾ ਸਮਾਂ ਨਹੀਂ ਹੈ। ਇਨ੍ਹਾਂ ਸ਼ਹਾਦਤਾਂ ਦੇ ਅਸਲ ਗਵਾਹਾਂ, ਨਿਸ਼ਾਨੀਆਂ, ਸਮਕਾਲੀਆਂ ਅਤੇ ਨਿਕਟ-ਸਮਕਾਲੀਆਂ ਦੀਆਂ ਲਿਖਤਾਂ, ਇਤਿਹਾਸਕ ਪਰਸਥਿਤੀਆਂ ਦੇ ਬਾਵਜੂਦ ਵੀ ਸਚਾਈ ਨੂੰ ਸੂਰਜ ਵਾਂਗ ਸੰਭਾਲੀ ਬੈਠੀਆਂ ਹਨ। ਇਨ੍ਹਾਂ ਵਿਚੋਂ ਅਨੇਕਾਂ ਲਿਖਤਾਂ ਜੋ ਭਾਵੇਂ ਅੱਜ ਪੱਖਪਾਤ ਤੇ ਨਿੱਜਵਾਦੀ ਸੋਚ ਦੇ ਧਾਰਨੀਆਂ ਵਲੋਂ ਸਮਾਜ ਵਿਚ ਨਿਰੰਤਰ ਜੁਗ-ਗਰਦੀਆਂ ਦੀ ਭੇਟ ਚੜ੍ਹ ਰਹੀਆਂ ਹਨ।

ਬਹੁਤ ਸਾਰੇ ਸਮਕਾਲੀ ਕਵੀਆਂ ਇਤਿਹਾਸਕਾਰਾਂ ਦੀਆਂ ਰਚਨਾਵਾਂ ਹਨ, ਜਿਨ੍ਹਾਂ ਵਲ ਪਾਠਕ ਸੰਗਤਾਂ ਤੇ ਇਤਿਹਾਸਕਾਰਾਂ ਦਾ ਧਿਆਨ ਨਹੀਂ ਗਿਆ, ਪਰ ਫਿਰ ਵੀ ਕਈ ਇਤਿਹਾਸਕਾਰਾਂ ਨੇ ਇਸ ਪਾਵਨ ਅਮਰ ਸ਼ਹਾਦਤ ਕਥਾ ਨੂੰ ਚਿਤਰਨ ਦਾ ਯਤਨ ਕੀਤਾ ਹੈ। ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ, ਸਾਕਾ ਸਰਹਿੰਦ ਤੇ ਮਾਛੀਵਾੜਾ ਸਾਹਿਬ ਤਕ ਇਤਿਹਾਸ ਨੂੰ ਵਾਚ ਰਹੇ ਹਾਂ ਅਤੇ ਉਨ੍ਹਾਂ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਸਿਰ ਉੱਚਾ ਕਰ ਕੇ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।

ਇਤਿਹਾਸਕ ਤੱਥਾਂ ਦੀ ਲੜੀ ਅੱਗੇ ਤੋਰਨ ਲਗਿਆਂ ਇਨ੍ਹਾਂ ਸ਼ਹਾਦਤਾਂ ਨੂੰ ਅੱਖੀਂ ਵੇਖ ਅਤੇ ਸੁਣ ਕੇ ਬਿਰਤਾਂਤ ਨੂੰ ਚਿਤਰਨ ਵਾਲੇ ਬਿਰਤਾਂਤਕਾਰ ‘ਕਥਾ ਗੁਰ ਕੇ ਸੂਤਨ ਕੀ’ ਦੇ ਰਚੇਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਭਾਈ ਦੁੰਨਾ ਸਿੰਘ ਹੰਡੂਰੀਆ ਸ਼ਾਇਦ ਇਸ ਸਾਕੇ ਵਿਚ ਹਾਜ਼ਰ ਅਤੇ ਸੱਭ ਤੋਂ ਪੁਰਾਣਾ ਬਿਰਤਾਂਤਕਾਰ ਹੈ, ਜਿਸ ਨੇ ‘ਕਥਾ ਗੁਰ ਕੇ ਸੂਤਨ ਕੀ’ ਉਸ ਦੀ ਅਪਣੀ ਲਿਖੀ ਰਚਨਾ ਵਿਚ ਇਸ ਨੂੰ ਅੰਕਿਤ ਕੀਤਾ ਹੈ।

ਕਵੀ ਭਾਈ ਦੁੰਨਾ ਸਿੰਘ ਹੰਡੂਰੀਆ ਦੀ ਕਿ੍ਰਤ  ‘ਕਥਾ ਗੁਰ ਕੇ ਸੂਤਨ ਕੀ’ ਅਨੁਸਾਰ ਚਮਕੌਰ ਦੀ ਜੰਗ ਸਮੇ ਦੋਵੇਂ ਛੋਟੇ ਸਾਹਿਬਜ਼ਾਦੇ, ਮਾਤਾ ਗੁਜ਼ਰੀ ਜੀ, ਇਕ ਦਾਸੀ ਅਤੇ ਖੁਦ ਕਵੀ ਦੁੰਨਾ ਸਿੰਘ ਹੰਡੂਰੀਆ ਸਮੇਤ ਉਹ ਪੰਜੇ ਕੁੰਮੇ ਮਾਸ਼ਕੀ ਦੇ ਘਰ ਠਹਿਰੇ ਹੋਏ ਸਨ। ਇਥੇ ਉਨ੍ਹਾਂ ਨੂੰ ਇਕ ਲਛਮੀ ਨਾਂ ਦੀ ਬ੍ਰਾਹਮਣ ਬੀਬੀ ਪਰਸ਼ਾਦੇ ਬਣਾ ਕੇ ਛਕਾਉਂਦੀ ਸੀ। ਇਸ ਗੱਲ ਦਾ ਪਤਾ ਸਹੇੜੀ ਦੇ ਰਹਿਣ ਵਾਲੇ ਦੋ ਮਸੰਦਾਂ ‘ਧੁੰਮੇ ਤੇ ਦਰਬਾਰੀ’ (ਜੋ ਕਿ ਬੀਤੇ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਦਰਬਾਰ ਵਿਚੋਂ ਭਿ੍ਰਸ਼ਟ ਹੋਣ ਕਾਰਨ ਕੱਢ ਦਿਤੇ ਗਏ ਸਨ) ਨੂੰ ਲੱਗਾ।

ਉਹ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਗਏ। ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਹਨ। ਮਸੰਦਾਂ ਦਾ ਮਨ ਲਾਲਚਵੱਸ ਬੇਈਮਾਨ ਹੋ ਗਿਆ। ਉਨ੍ਹਾਂ ਨੇ ਰਾਤ ਨੂੰ ਸੁੱਤੇ ਪਏ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਮੋਹਰਾਂ ਚੁਰਾ ਲਈਆਂ। ਸਵੇਰ ਹੋਈ ਤਾਂ ਮਾਤਾ ਜੀ ਵਲੋਂ ਮੋਹਰਾਂ ਦੇ ਗੁੰਮ ਹੋ ਜਾਣ ਬਾਰੇ ਪੁੱਛਣ ’ਤੇ ਉਹ ਕਹਿਣ ਲੱਗੇ ਕਿ ‘‘ਅਸੀਂ ਤੁਹਾਨੂੰ ਰਾਤ ਨੂੰ ਰਹਿਣ ਲਈ ਨਿਵਾਸ ਦਿਤਾ ਹੈ, ਫਿਰ ਤੁਸੀਂ ਹੀ ਸਾਡੇ ’ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ।’’

ਉਨ੍ਹਾਂ ਮੋਰਿੰਡੇ ਦੇ ਕੌਤਵਾਲ ਨੂੰ ਸੱਦਿਆ ਅਤੇ ਮਾਤਾ ਗੁਜਰੀ ਜੀ ਤੇ ਦੋਵਾਂ ਛੋਟੇ ਸਾਹਿਬਜ਼ਾਦਿਆਂ ਨੂੰ ਘਰੋਂ ਕੱਢ ਕੇ ਗਿ੍ਰਫ਼ਤਾਰ ਕਰਵਾ ਦਿਤਾ। ਕੋਤਵਾਲ ਨੇ ਉਨ੍ਹਾਂ ਨੂੰ 23 ਦਸੰਬਰ 1704 ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਦੇ ਹਵਾਲੇ ਕਰ ਦਿਤਾ। ਪੋਹ ਦਾ ਮਹੀਨਾ ਸੀ ਤੇ ਅੰਤਾਂ ਦੀ ਠੰਢ, ਧੁੰਦ ਤੇ ਕੋਹਰੇ ਦੇ ਮੌਸਮ ਵਿਚ ਸਰਹਿੰਦ ਦੇ ਨਵਾਬ ਨੇ ਦਾਦੀ ਅਤੇ ਦੋਵਾਂ ਪੋਤਰਿਆਂ ਨੂੰ ‘ਠੰਢੇ ਬੁਰਜ’ ਵਿਚ ਕੈਦ ਕਰ ਦਿਤਾ। ਅੱਗੇ ਜੋ ਬੀਤਿਆ ਉਹ ਦੁੱਖਾਂ ਭਰੀ ਦਾਸਤਾਨ ਇਤਿਹਾਸ ਵਿਚ ਦਰਜ ਹੈ।
ਦੂਜਾ ਮਹੱਤਵਪੂਰਨ ਬਿਰਤਾਂਤਕਾਰ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ’ ਦਾ ਰਚੇਤਾ ਭਾਈ ਕੇਸਰ ਸਿੰਘ ਛਿੱਬਰ ਹੈ। ਉਹ ਗੁਰੂ ਦਰਬਾਰ ਦੇ ਖਜ਼ਾਨਚੀ ਭਾਈ ਧਰਮ ਚੰਦ ਜੀ ਦਾ ਪੋਤਰਾ ਸੀ।

ਭਾਈ ਧਰਮ ਚੰਦ ਜੀ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਤੇ ਵਫ਼ਾਦਾਰ ਦਰਬਾਰੀ ਦੀਵਾਨ ਸਨ। ਗੁਰੂ ਸਾਹਿਬਾਨ ਨਾਲ ਪ੍ਰਵਾਰਕ ਨੇੜਤਾ ਹੋਣ ’ਤੇ ਉਸ ਨੇ ਵਿਸ਼ਵਾਸਯੋਗ ਜਾਣਕਾਰੀ ਆਸਰੇ 1769 ਵਿਚ ਲਿਖੀ ਅਪਣੀ ਰਚਨਾ ਵਿਚ ਬਹੁਤ ਸਾਰੀ ਇਤਿਹਾਸਕ ਜਾਣਕਾਰੀ ਦੇ ਨਾਲ-ਨਾਲ ਜੰਗ ਗੜ੍ਹੀ ਚਮਕੌਰ ਅਤੇ ਸਰਸਾ ਦੀ ਜੰਗ ਦੇ ਇਸ ਸ਼ਹੀਦੀ ਸਾਕੇ ਦਾ ਵੀ ਜ਼ਿਕਰ ਕੀਤਾ ਹੈ। 

ਭਾਈ ਕੇਸਰ ਸਿੰਘ ਛਿੱਬਰ ਅਨੁਸਾਰ ਉਹ ਅਨੰਦਪੁਰ ਸਾਹਿਬ ਤੋਂ ਰਾਤ ਨੂੰ ਨਿਕਲੇ। ਭਾਈ ਛਿੱਬਰ ਮਾਤਾ ਗੁਜਰੀ ਜੀ ਨਾਲ ਰੱਥ ਵਿਚ ਸੁੱਤੇ ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਦੇ ਸਹੇੜੀ ਪਿੰਡ ਵਿਚ ਰੰਘੜ ਦੁਸ਼ਮਣਾਂ ਦੇ ਹੱਥ ਆਉਣ ਦੀ ਗੱਲ ਕਰਦਾ ਹੈ ਅਤੇ ਫਿਰ ਰੰਘੜ ਦੁਸ਼ਮਣਾਂ ਨੇ ਉਹਨਾਂ ਨੂੰ ਕੈਦ ਕਰ ਕੇ ਸਰਹਿੰਦ ਭੇਜ ਦਿਤਾ।

ਭਾਈ ਕੇਸਰ ਸਿੰਘ ਛਿੱਬਰ ਅਨੁਸਾਰ:-
ਨਿਸਾ ਕਾਲੀ ਰਥ ਮਾਤਾ ਦਾ ਭੁੱਲ ਗਿਆ।
ਸਹੇੜੀ ਗਿਰਾਉਂ ਰੰਘੜਾਂ ਦਾ, 
ਤਿਤ ਮਾਰਗ ਪਿਆ।556।
ਦੁਇ ਸਾਹਿਬਜ਼ਾਦੇ ਨਿਕੜੇ ਨਾਲਿ ਗਏ।
ਰਥ ਵਿਚਿ ਨਾਲਿ ਦਾਦੀ ਦੇ ਸੁੱਤੇ ਪਏ।
ਸੋ ਰਥ ਰੰਘੜਾਂ ਤੁਰਕਾਂ ਨੂੰ ਹੱਥ ਆਇਆ।
ਉਹਨਾਂ ਤੁਰਕਾਂ ਰੰਘੜਾਂ ਲੁਟ ਪੁਟ ਕੇ ਰਥ ਸੀਰਹੰਦ ਪਕੜਿ ਪਠਾਇਆ।557।
(‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਰਚਨਾ ਕਾਲ:1769,ਪੰਨਾ ਨੰ:177)

ਭਾਈ ਕੇਸਰ ਸਿੰਘ ਛਿੱਬਰ ਨੇ ਉਕਤ ਪੰਨੇ ’ਤੇ ਹੀ ਚਮਕੌਰ ਦੀ ਜੰਗ ਦਾ ਬਿਰਤਾਂਤ ਵੀ ਅਪਣੀ ਕਲਮ ਨਾਲ ਹੀ ਲਿਖਿਆ ਹੈ। ਜਿਥੇ ਵੱਡੇ ਸਾਹਿਬਜ਼ਾਦੇ ਅਤੇ ਬਹੁਤ ਸਾਰੇ ਸਿੱਖ ਯੋਧੇ ਰਣਭੂਮੀ ਵਿਚ ਦੁਸ਼ਮਣ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ। ਤੀਜਾ ਬਿਰਤਾਂਤ ਸਮਕਾਲੀ ਲਿਖਤਾਂ ਭੱਟ ਵਹੀਆਂ ਦੇ ਆਧਾਰ ’ਤੇ ਤਿਆਰ ਕੀਤੀਆਂ ‘ਗੁਰੂ ਕੀਆਂ ਸਾਖੀਆਂ’ ਜਿਸ ਦੇ ਰਚੇਤਾ ਭਾਈ ਸਰੂਪ ਸਿੰਘ ਕੌਸ਼ਿਸ਼ ਹਨ ਜੋ ਕਿ ਭਾਈ ਕੇਸਰ ਸਿੰਘ ਦੇ ਸਪੁੱਤਰ ਹਨ, ਦੇ ਅਨੁਸਾਰ: 

ਸਤਿਗੁਰਾਂ ਚੌਧਰੀ ਬੁਧੀ ਚੰਦ ਸੇ ਕਹਿ ਕੇ ਕੂਮੇ ਮਾਸ਼ਕੀ ਕੋ ਬੁਲਾਇ ਭੇਜਾ, ਪੂਛਾ, ‘‘ਭਾਈ ਤੇਰੇ ਗ੍ਰਹਿ ਮੇਂ ਮਾਤਾ ਗੁਜਰੀ ਜੀ ਤੇ ਉਨ ਕੇ ਗੈਲ ਦੋ ਸਾਹਿਬਜ਼ਾਦੇ ਛੋਟੇ ਆਏ ਥੇ, ਅਬ ਕਹਾਂ ਹੈਂ?’’ ਉਸ ਹਾਥ ਬਾਂਧ ਬੇਨਤੀ ਕੀ, ‘‘ਜੀ ਗ਼ਰੀਬ ਨਿਵਾਜ, ਉਹ ਆਜ ਫ਼ਜਰੇ ਯਹਾਂ ਸੇ ਚੌਂਤੇ ਗਾਉਂ ਕੀ ਤਰਫ਼ ਚਲੇ ਗਏ ਹੈਂ। ਉਨ ਕੇ ਗੈਲ ਸਹੇੜੀ ਗਾਮ ਕੇ ਦੋ ਹਜੂਰੀ ਮਸੰਦ ਹੈਂ, ਜਿਨ੍ਹਾਂ ਆਪਨਾ ਨਾਮ ਧੂਮਾ ਤੇ ਦਰਬਾਰੀ ਬਤਾਇਆ ਸੀ।’’    
(ਗੁਰੂ ਕੀਆਂ ਸਾਖੀਆਂ, ਰਚਨਾ ਕਾਲ:1790 ਈ: ਪੰਨਾ ਨੰ:156) 

ਪਰ ਜੰਗ ਸਰਸਾ ਤੋਂ 139 ਸਾਲ ਬਾਅਦ ਕਵੀ ਸੰਤੋਖ ਸਿੰਘ ਦੀ ਰਚਨਾ ‘ਸ੍ਰੀ ਗੁਰਪਰਤਾਪ ਸੂਰਜ ਗਰੰਥ’ ਅਨੁਸਾਰ ਅਤੇ ਉਨ੍ਹਾਂ ਤੋਂ ਬਾਅਦ ਬਹੁਤੇ ਉਤਰਕਾਲੀ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਘਰ ਵਿਚ ਲੰਗਰ-ਪਰਸ਼ਾਦਿਆਂ ਦੀ ਸੇਵਾ ਕਰਨ ਵਾਲਾ ਗੰਗੂ ਨਾਂ ਦਾ ਵਿਅਕਤੀ ਇਸੇ ਮੌਕੇ ’ਤੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਿਆ। ਉਸ ਨੇ ਮਾਤਾ ਜੀ ਨੂੰ ਕਿਹਾ ਕਿ ਇਸ ਵਿਪਦਾ ਦੀ ਘੜੀ ਵਿਚ ਤੁਸੀ ਮੇਰੇ ਘਰ ਟਿਕਾਣਾਂ ਕਰ ਲਉ। ਇਸੇ ਟਿਕਾਣੇ ਉਪਰੰਤ ਲਾਲਚ ਕਾਰਨ ਉਸ ਉਤੇ ਗਿ੍ਰਫ਼ਤਾਰ ਕਰਾਉਣ ਦਾ ਦੋਸ਼ ਲਗਦਾ ਆਇਆ ਹੈ।

ਪਰ ਇਹ ਬਿਰਤਾਂਤ ਠੋਸ ਪ੍ਰਮਾਣ ਤੋਂ ਰਹਿਤ ਹੋਣ ਕਰ ਕੇ ਦਰੁਸਤ ਨਹੀਂ ਲਗਦਾ ਅਤੇ ਵਿਚਾਰਨਯੋਗ ਹੈ। ਇਸ ਵਿਆਕਤੀ ਸਬੰਧੀ ਬਵੰਜਾ ਕਵੀਆਂ ਦੀਆਂ ਸਮਕਾਲੀ ਰਚਨਾਵਾਂ ਵੀ ਕੁੱਝ ਨਹੀਂ ਦਰਸਾਉਂਦੀਆਂ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪ ਔਰੰਗਜ਼ੇਬ ਵਲ ਲਿਖੇ ਅਪਣੇ ਪੱਤਰ ਵਿਚ ਮੁਗ਼ਲਾਂ ਤੇ ਪਹਾੜੀ ਰਾਜਿਆਂ ਵਲੋਂ ਖਾਧੀਆਂ ਝੂਠੀਆਂ ਕਸਮਾਂ ਦੇ ਨਾਲ-ਨਾਲ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੀ ਸਪੱਸ਼ਟ ਜ਼ਿਕਰ ਕੀਤਾ ਹੈ: 

ਚਿਹਾ ਸ਼ੁਦ ਕਿ ਚੂੰ ਬਚਗਾਂ ਕੁਸ਼ਤਹ ਚਾਰ॥
ਕਿ ਬਾਕੀ ਬਿਮਾਂਦਾ ਸਤ ਪੇਚੀਦਹ ਮਾਰ॥78॥ 

ਗੁਰੂ ਸਾਹਿਬ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਕਰਨ ਵਾਲੇ ਸਮਕਾਲੀ ਕਵੀ ਸੈਨਾਪਤੀ ਜੀ, ਕਵੀ ਕੰਕਣ ਜੀ, ਕਵੀ ਭਾਈ ਜੈਤਾ ਜੀ, ਕਵੀ ਭਗਤ ਸਿੰਘ ਜੀ, ਕਵੀ ਭਾਈ ਦੁੰਨਾ ਸਿੰਘ ਹੰਡੂਰੀਆ ਜੀ, ਕਵੀ ਕੋਇਰ ਜੀ ਅਤੇ ਕਵੀ ਭਾਈ ਸੁੱਖਾ ਸਿੰਘ ਜੀ ਦੀਆਂ ਲਿਖਤਾਂ ਇਤਿਹਾਸਕ ਤੇ ਲਾਹੇਵੰਦ ਤੱਥ ਹਨ। ਕਵੀ ਭਾਈ ਸੰਤੋਖ ਸਿੰਘ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਇਕ ਸਦੀ ਬਾਅਦ ਜਨਮੇ ਇਤਿਹਾਸਕਾਰ ਹਨ।

ਸ਼ਾਇਦ ਉਨ੍ਹਾਂ ਦੇ ਵਡੇਰਿਆਂ ਨੇ ਇਹ ਸ਼ਹਾਦਤ ਗਾਥਾਵਾਂ ਸੁਣੀਆਂ ਹੋਣਗੀਆਂ। ਇਸ ਬਾਰੇ ਜ਼ਿਆਦਾ ਵਿਸਥਾਰ ਵਿਚ ਜਾਣ ਦੀ ਬਜਾਏ, ਜੇਕਰ ਵੇਖਿਆ ਜਾਵੇ ਤਾਂ ਇਨ੍ਹਾਂ ਦੇ ਤਿੱਥ ਵਾਰ ਅਤੇ ਵਿਅਕਤੀਆਂ ਦੇ ਨਾਵਾਂ ਦੇ ਮਤਭੇਦ ਸਪੱਸ਼ਟ ਵਿਖਾਈ ਦਿੰਦੇ ਹਨ। ਪਰ ਗੁਰੂ ਸਾਹਿਬ ਦੇ ਲਾਲਾਂ ਦੀ ਸ਼ਹਾਦਤ ਦੀ ਗਾਥਾ ਤੇ ਸਾਰੇ ਇਕਮੱਤ ਦਿਖਾਈ ਦਿੰਦੇ ਹਨ। ਕਿਸੇ ਜਾਤੀ, ਫ਼ਿਰਕੇ ਦੇ ਇਕ ਵਿਅਕਤੀ ਦੀ ਘਿਨਾਉਣੀ ਹਰਕਤ ਪਿੱਛੇ ਸਾਰੇ ਫ਼ਿਰਕੇ ਨੂੰ ਸਿੱਖੀ ਤੋਂ ਦੂਰ ਹਟਾਉਣਾ ਵੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਵਿਚਾਰਧਾਰਾ ਅਨੁਸਾਰ ਠੀਕ ਨਹੀਂ।

ਸਾਨੂੰ ਸਾਰਿਆਂ ਨੂੰ, ਜਿਨ੍ਹਾਂ ਹਿਤ ਗੁਰੂ ਸਾਹਿਬ ਨੇ ਅਪਣੇ ਚਾਰੇ ਪੁੱਤਰ ਅਤੇ ਅਪਣਾ ਸਾਰਾ ਸਰਬੰਸ ਵਾਰ ਦਿਤਾ, ਉਸ ਵਾਸਤੇ ਅੱਜ ਸਾਰੇ ਵੈਰ-ਵਿਰੋਧ ਤਿਆਗ ਕੇ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਗੰਭੀਰਤਾ ਨਾਲ ਸੋਚਣਾ ਬਣਦਾ ਹੈ। ਅਪਣੇ ਚਾਰ ਲਾਡਲੇ ਪੁੱਤਰਾਂ ਦੀ ਸ਼ਹਾਦਤ ਤੋਂ ਪਿੱਛੋਂ, ਸਾਡੇ ਗੁਰਸਿੱਖ ਲੋਕਾਂ ਭਾਵ ਗੁਰੂ-ਘਰ ਦੀਆਂ ਸਾਰੀਆਂ ਹੀ ਸ਼ਰਧਾਲੂ ਸੰਗਤਾਂ, ਅਤੇ ਗੁਰਸਿੱਖ ਲਾਡਲੀਆਂ ਫ਼ੌਜਾਂ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਪੁੱਤਰ ਕਿਹਾ ਸੀ:- ‘‘ਇਨ ਪੁਤਰਨ ਕੇ ਸੀਸ ਪਰ, ਵਾਰ ਦਿਯੇ ਸੁਤ ਚਾਰ। ਚਾਰ ਮੂਏ ਤੋ ਕਯਾ ਹੂਆ, ਜੀਵਤ ਕਈ ਹਜ਼ਾਰ॥’’.......

ਕੀ ਅਸੀਂ ਸੱਚਮੁਚ ਉਸ ਮਹਾਨ ਸ਼ਖ਼ਸੀਅਤ ਗੁਰੂ ਦੀ ਦਿਤੀ ਸਿੱਖ ਮਰਿਯਾਦਾ ਅਤੇ ਉਨ੍ਹਾਂ ਦੇ ਜਾਤਾਂ-ਪਾਤਾਂ ਤੋਂ ਰਹਿਤ ਸਮਾਜਕ ਬਰਾਬਰੀ ਦੇ ਉਦੇਸ਼ਾਂ ’ਤੇ ਚੱਲਣ ਵਾਲੇ ਉਨ੍ਹਾਂ ਦੇ ਗੁਰਸਿੱਖ ਪੁੱਤਰ ਹਾਂ? ਇਸ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ।

ਵਾਰਡ ਨੰ:3, ਗੁਰੂ ਤੇਗ ਬਹਾਦਰ ਨਗਰ, ਮਾਨਸਾ।
ਮੋ. 6239982884