Safar-E-Shahadat: ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਾਰਨ ਬਣਿਆ, ਗੰਗੂ ਬੁੱਕਲ ਦਾ ਸੱਪ
ਜਦੋਂ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਛੋਟੇ ਲਾਲਾਂ ਨੂੰ ਮਿਲਿਆ ਸੀ ਤਾਂ ਮਾਤਾ ਜੀ ਪਾਸ ਕੀਮਤੀ ਸਮਾਨ ਤੇ ਮੋਹਰਾਂ ਦੇਖ ਕੇ ਲਾਲਚ ਵਸ ਪੈ ਗਿਆ।
ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਰਸਾ ਨਦੀ ਵਿਖੇ ਪ੍ਰਵਾਰ ਤੋਂ ਵਿਛੜ ਗਏ ਤਾਂ ਉਨ੍ਹਾਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਉਹ ਮਾਤਾ ਜੀ ਸਮੇਤ ਦੋਵੇਂ ਸਾਹਿਬਜ਼ਾਦਿਆਂ ਨੂੰ ਅਪਣੇ ਨਾਲ ਪਿੰਡ ਖੇੜੀ ਲੈ ਗਿਆ। ਪਿੰਡ ਖੇੜੀ ਦਾ ਨਾਂ ਅੱਜਕਲ ਪਿੰਡ ਸਹੇੜੀ ਹੈ, ਇਹ ਮੋਰਿੰਡੇ ਤੋਂ ਦੋ ਕੁ ਮੀਲ ਦੀ ਦੂਰੀ ’ਤੇ ਮੋਰਿੰਡਾ-ਰੋਪੜ ਰੋਡ ’ਤੇ ਵਸਿਆ ਹੋਇਆ ਹੈ। ਇਸ ਪਿੰਡ ਨੂੰ ਏਨਾ ਮਾੜਾ ਗਿਣਦੇ ਹਨ ਕਿ ਲੋਕੀ ਇਸ ਪਿੰਡ ਦਾ ਨਾਂ ਅਪਣੇ ਮੂੰਹ ’ਤੇ ਨਹੀਂ ਲਿਆਉਂਦੇ। ਸਹੇੜੀ ਉਖੇੜੀ ਕਹਿੰਦੇ ਸਨ ਤੇ ਪਿਛੋਂ ਨਿਰੋਲ ਖੇੜੀ ਰਹਿ ਗਿਆ।
ਜਦੋਂ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਛੋਟੇ ਲਾਲਾਂ ਨੂੰ ਮਿਲਿਆ ਸੀ ਤਾਂ ਮਾਤਾ ਜੀ ਪਾਸ ਕੀਮਤੀ ਸਮਾਨ ਤੇ ਮੋਹਰਾਂ ਦੇਖ ਕੇ ਲਾਲਚ ਵਸ ਪੈ ਗਿਆ। ਇਕ ਪਾਸੇ ਮਾਇਆ ਦਾ ਲਾਲਚ ਤੇ ਦੂਜੇ ਪਾਸੇ ਮੁਗ਼ਲ ਸਰਕਾਰਾਂ ਪਾਸੋਂ ਇਨਾਮ ਨੇ ਉਸ ਨੂੰ ਗੁਰੂ ਘਰ ਦਾ ਦੋਸ਼ੀ ਬਣਾ ਦਿਤਾ। ਉਸ ਨੇ ਮੋਰਿੰਡੇ ਦੇ ਕੋਤਵਾਲ ਨੂੰ ਮਾਤਾ ਜੀ ਤੇ ਛੋਟੇ ਲਾਲਾਂ ਦੀ ਸੂਹ ਦੇ ਦਿਤੀ। ਉਸ ਕੋਤਵਾਲ ਨੂੰ ਗੰਗੂ ਦੀ ਸਹਾਇਤਾ ਨਾਲ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਮੌਕਾ ਮਿਲ ਗਿਆ। ਛੋਟੇ ਲਾਲਾਂ ਸਮੇਤ ਮਾਤਾ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਫਿਰ ਉਨ੍ਹਾਂ ਨੂੰ ਬਸੀ (ਸਰਹਿੰਦ) ਦੇ ਥਾਣੇ ਲਿਜਾਇਆ ਗਿਆ ਤੇ ਸਰਹਿੰਦ ਵਿਚ ਠੰਢੇ ਬੁਰਜ ਵਿਚ ਕੈਦ ਕਰ ਦਿਤਾ ਗਿਆ। ਠੰਢ ਦੇ ਦਿਨਾਂ ਵਿਚ ਵੀ ਤੇ ਗੁਰੂ ਜੀ ਤੋਂ ਵਿਛੜ ਕੇ ਵੀ ਦੋਵੇਂ ਸਾਹਿਬਜ਼ਾਦੇ ਚੜ੍ਹਦੀ ਕਲਾ ਵਿਚ ਸਨ।
ਸਿੱਖ ਇਤਿਹਾਸ ਗਵਾਹੀ ਭਰਦਾ ਹੈ ਕਿ ਗੰਗੂ ਗੁਰੂ ਘਰ ਦਾ ਘਰੋਗੀ ਨੌਕਰ ਤੇ ਰਸੋਈਆ ਸੀ। ਉਹ ਲੂਣ-ਹਰਾਮੀ ਨਿਕਲਿਆ। ਗੁਰੂ ਘਰ ਵਿਚ ਰਹਿੰਦੇ ਸਮੇਂ ਉਸ ਨੇ ਗੁਰੂ ਘਰ ’ਚ ਸੇਵਾ ਕੀਤੀ ਸੀ ਪਰ ਉਹ ਬੁੱਕਲ ਦਾ ਸੱਪ ਹੀ ਨਿਕਲਿਆ, ਗੁਰੂ ਲਾਲਾਂ ਦੀ ਰਖਿਆ ਤੇ ਸੁਰੱਖਿਆ ਕਰਨ ਦੀ ਥਾਂ ਉਸ ਨੇ ਮਾਤਾ ਜੀ ਦਾ ਧਨ ਚੋਰੀ ਕਰ ਲਿਆ ਤੇ ਫਿਰ ਮੋਰਿੰਡੇ ਕੋਤਵਾਲੀ ’ਚ ਸ਼ਿਕਾਇਤ ਕਰ ਦਿਤੀ। ਇਹ ਜਾਣਦੇ ਹੋਏ ਵੀ ਕਿ ਮੁਗ਼ਲ ਸਰਕਾਰ ਮਾਤਾ ਜੀ ਤੇ ਛੋਟੇ ਲਾਲਾਂ ਨਾਲ ਚੰਗਾ ਵਰਤਾਅ ਨਹੀਂ ਕਰੇਗੀ, ਉਸ ਨੇ ਮਾਤਾ ਜੀ ਸਮੇਤ ਲਾਲਾਂ ਨੂੰ ਗ੍ਰਿਫ਼ਤਾਰ ਕਰਵਾ ਦਿਤਾ ਸੀ। ਉਸ ਦੀ ਬਦਨੀਤੀ ਕਾਰਨ ਹੀ ਗ੍ਰਿਫ਼ਤਾਰੀ ਤੋਂ ਬਾਅਦ ਗੁਰੂ ਲਾਲਾਂ ਨੂੰ, ਮਾਤਾ ਗੁਜਰੀ ਸਮੇਤ 10 ਪੋਹ ਨੂੰ ਸਰਹਿੰਦ ਕੈਦ ਕੀਤਾ ਸੀ।
ਅਗਲੇ ਦਿਨ 11 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਪਰ ਗੁਰੂ ਲਾਲਾਂ ਨੇ ਫ਼ਤਿਹ ਬੁਲਾ ਕੇ ਸਾਰੀ ਕਚਹਿਰੀ ਨੂੰ ਗੂੰਜਣ ਲਾ ਦਿਤਾ ਤੇ ਕਚਹਿਰੀ ਵਿਚ ਵੀ ਸਿਰ ਉੱਚਾ ਕਰ ਕੇ ਖੜ੍ਹੇ ਰਹੇ। ਇਤਿਹਾਸ ਅਨੁਸਾਰ ਨਵਾਬ ਵਜ਼ੀਰ ਖਾਂ ਨੇ ਲਾਲਾਂ ਨੂੰ ਡਰਾਉਣ ਲਈ ਕਿਹਾ, ‘‘ਤੁਹਾਡਾ ਪਿਤਾ ਤੇ ਦੋਵੇਂ ਵੱਡੇ ਭਰਾ ਸ਼ਹੀਦ ਹੋ ਚੁੱਕੇ ਹਨ, ਤੁਸੀਂ ਜਗੀਰਾਂ ਲੈ ਕੇ, ਮੁਸਲਮਾਨ ਬਣ ਅਪਣੀਆਂ ਜਾਨਾਂ ਬਚਾ ਲਉ।’’ ਪਰ ਛੋਟੇ ਲਾਲਾਂ ਨੇ ਦਲੇਰੀ ਨਾਲ ਕਿਹਾ, ‘‘ਅਸੀਂ ਗੁਰੂ ਅਰਜਨ ਦੇਵ ਜੀ ਦੀ ਸੰਤਾਨ ਹਾਂ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪੋਤੇ ਹਾਂ। ਅਸੀਂ ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ। ਅਸੀਂ ਦਸਮੇਸ਼ ਜੀ ਦੇ ਸਪੁੱਤਰ ਹਾਂ, ਸਾਨੂੰ ਧਰਮ ਖਾਤਰ ਸੁੱਖ ਤਿਆਗਣ ਤੇ ਦੁੱਖ ਝੱਲਣ ਦੀ ਜਾਚ ਹੈ। ਅਸੀ ਧਰਮ ਛੱਡ ਕੇ ਜਿਉਣ ਨੂੰ ਤਿਆਰ ਨਹੀਂ। ਰਹੀ ਗੱਲ ਸਾਡੇ ਪਿਤਾ ਜੀ ਦੀ, ਉਨ੍ਹਾਂ ਨੂੰ ਸ਼ਹੀਦ ਕਰਨ ਵਾਲਾ ਜਗ ’ਤੇ ਕੋਈ ਨਹੀਂ।’’
ਬੱਚਿਆਂ ਦੀ ਦਲੇਰੀ ਦੇਖ ਕੇ, ਨਵਾਬ ਦੇ ਵਜ਼ੀਰ ਸੁੱਚਾ ਨੰਦ ਨੇ ਕਿਹਾ, ‘‘ਇਹ ਸੱਪ ਦੇ ਬੱਚੇ ਹਨ ਅਤੇ ਤਰਸ ਦੇ ਕਾਬਲ ਨਹੀਂ, ਇਹ ਤਾਂ ਸ਼ਹੀਦ ਹੋਣੇ ਚਾਹੀਦੇ ਹਨ।’’ ਭਾਵੇਂ ਇਸ ਮੌਕੇ ਤੇ ਮਲੇਰਕੋਟਲੇ ਦੇ ਨਵਾਬ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿਰੁਧ ਹਾਅ ਦਾ ਨਾਅਰਾ ਮਾਰਿਆ, ਪਰ ਉਸ ਇਕੱਲੇ ਦੀ ਕਿਸੇ ਨੇ ਨਾ ਸੁਣੀ। ਫਿਰ 11-12 ਪੋਹ ਨੂੰ ਦੋ ਦਿਨ ਕਚਹਿਰੀ ਵਿਚ ਬੁਲਾਇਆ ਜਾਂਦਾ ਰਿਹਾ ਤੇ ਵਜ਼ੀਰ ਖ਼ਾਂ ਨੇ ਹੁਕਮ ਦੇ ਦਿਤਾ ਕਿ ਸਾਹਿਬਜ਼ਾਦਿਆਂ ਨੂੰ ਜਿਊਂਦੇ ਹੀ ਨੀਹਾਂ ਵਿਚ ਚਿਣਿਆ ਜਾਵੇ।
ਪ੍ਰਸਿੱਧ ਇਤਿਹਾਸਕਾਰ ਪ੍ਰੋ. ਕਰਤਾਰ ਸਿੰਘ ਨੇ ਅਪਣੀ ਪੁਸਤਕ ਸਿੱਖ ਇਤਿਹਾਸ ਵਿਚ ਵਿਖਿਆਣ ਕੀਤਾ ਹੈ ਕਿ ਹੁਕਮ ਮੁਤਾਬਕ 13 ਪੋਹ ਵਾਲੇ ਦਿਨ ਗੁਰੂ ਦਸਮੇਸ਼ ਦੇ ਦੁਲਾਰਿਆਂ ਨੂੰ ਜੀਉਂਦਿਆਂ ਨੀਹਾਂ ’ਚ ਚਿਣ ਦਿਤਾ ਗਿਆ ਤੇ ਵਾਰ-ਵਾਰ ਉਨ੍ਹਾਂ ਨੂੰ ਮੁਸਲਮਾਨ ਬਣਨ ਤੇ ਜਾਨਾਂ ਬਚਾਉਣ ਲਈ ਦਬਾਅ ਪਾਇਆ ਜਾਂਦਾ ਰਿਹਾ, ਪਰ ਉਹ ਬਾਲ ਸੂਰਮੇ ਵਾਹਿਗੁਰੂ ਦਾ ਜਾਪ ਕਰਦੇ ਅਡੋਲ ਨੀਂਹਾਂ ’ਚ ਖੜ੍ਹੇ ਰਹੇ। ਇਸ ਤਰ੍ਹਾਂ 27 ਦਸੰਬਰ 1704 ਈ: ਵਾਲੇ ਦਿਨ ਸਵੇਰੇ ਗੁਰੂ ਦੇ ਲਾਲਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਗਿਆ। ਅਪਣੇ ਪੋਤਰਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਉਨ੍ਹਾਂ ਦੇ ਮਗਰੇ-ਮਗਰ ਸੱਚਖੰਡ ਨੂੰ ਚੜ੍ਹਾਈ ਕਰ ਗਏ।’ ਪ੍ਰਸਿੱਧ ਇਤਿਹਾਸਕਾਰ ਪ੍ਰਿੰ. ਸਤਿਬੀਰ ਸਿੰਘ ਜੀ ਅਨੁਸਾਰ ਉਨ੍ਹਾਂ ਦਾ ਸਸਕਾਰ ਟੋਡਰ ਮੱਲ ਨਾਂ ਦੇ ਇਕ ਜੌਹਰੀ ਨੇ ਮੋਹਰਾਂ ਖੜ੍ਹੀਆਂ ਕਰ ਕੇ ਜ਼ਮੀਨ ਖ਼ਰੀਦ ਕੇ ਕੀਤਾ। ਅੱਜ ਵੀ ਇਹ ਸਥਾਨ ਦੁਨੀਆਂ ਦੀ ਸਭ ਤੋਂ ਵੱਧ ਕੀਮਤੀ ਥਾਂ ਮੰਨਿਆ ਜਾਂਦਾ ਹੈ।
ਅੱਜਕਲ ਇਸ ਸਥਾਨ ’ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਫ਼ਤਿਹਗੜ੍ਹ ਸਾਹਿਬ ਵਿਖੇ ਲੱਖਾਂ ਹੀ ਸੰਗਤਾਂ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਸ਼ਰਧਾ ਸੁਮਨ ਭੇਟ ਕਰਦੀਆਂ ਹਨ। ਇਤਿਹਾਸ ਵਿਚ ਇਸ ਗੱਲ ਦਾ ਜ਼ਿਕਰ ਵੀ ਆਉਂਦਾ ਹੈ ਕਿ ਜਦੋਂ ਸਾਹਿਬਜ਼ਾਦਿਆਂ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿਤਾ ਸੀ ਤਾਂ ਕਾਜ਼ੀ ਨੇ ਫ਼ਤਵਾ ਦਿਤਾ ਕਿ ਇਨ੍ਹਾਂ ਦੀ ਉਮਰ ਬਹੁਤ ਛੋਟੀ ਹੈ ਤੇ ਕੁਰਾਨ ਮਸੀਦ ’ਚ ਬੱਚਿਆਂ ਨੂੰ ਸ਼ਹੀਦ ਕਰਨਾ ਨਹੀਂ ਲਿਖਿਆ ਤਾਂ ਵਜ਼ੀਰ ਖ਼ਾਂ ਨੇ ਛੱਡ ਦੇਣ ਦੇ ਹੁਕਮ ਦਿਤੇ। ਪਰ ਬੇਈਮਾਨ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਪੁੱਛਿਆ, ‘‘ਬੱਚਿਓ, ਤੁਹਾਨੂੰ ਛੱਡ ਦਿਤਾ ਗਿਆ ਹੈ ਤਾਂ ਤੁਸੀਂ ਕਿੱਥੇ ਜਾਵੋਗੇ?’’ ਤਾਂ ਵੱਡੇ ਸਾਹਿਬਜ਼ਾਦੇ ਬੋਲੇ, ‘‘ਜਾਣਾ ਕਿੱਥੇ ਹੈ, ਜੰਗਲਾਂ ਵਿਚ ਜਾਵਾਂਗੇ, ਸਿੰਘਾਂ ਨੂੰ ਇਕੱਠੇ ਕਰਾਂਗੇ, ਤੁਹਾਡੇ ਖ਼ਿਲਾਫ਼ ਆ ਕੇ ਲੜਾਂਗੇ।’’ ਸੁੱਚਾ ਨੰਦ ਨੇ ਕਿਹਾ, ‘‘ਤੁਸੀਂ ਲੜੋਗੇ, ਫਿਰ ਫੜੇੇ ਜਾਵੋਗੇ, ਜੇ ਫਿਰ ਛੱਡ ਦਿਤੇ ਗਏ, ਫਿਰ ਕਿੱਥੇ ਜਾਵੋਗੇ?’’ ਤਾਂ ਦੋਵੇਂ ਲਾਲ ਬੋਲੇ, ‘‘ਸੁਣ ਲਉ ਕੰਨ ਖੋਲ੍ਹ ਕੇ, ਜਦ ਤਕ ਤੇਰਾ ਰਾਜ ਖ਼ਤਮ ਨਹੀਂ ਹੋ ਜਾਂਦਾ, ਅਸੀਂ ਜ਼ੁਲਮ ਵਿਰੁਧ ਲੜਦੇ ਹੀ ਰਹਾਂਗੇ।’’ ਤਾਂ ਸੁੱਚਾ ਨੰਦ ਨੇ ਕਿਹਾ, ‘‘ਸੁਣੋ ਸੱਪ ਦੇ ਬੱਚੇ ਕੀ ਕਹਿ ਰਹੇ ਹਨ ਅਤੇ ਇਹ ਬੱਚੇ ਕਸੂਰਵਾਰ ਹਨ, ਇਨ੍ਹਾਂ ਨੂੰ ਨੀਂਹਾਂ ’ਚ ਚਿਣ ਦਿਤਾ ਜਾਵੇ।’’
ਇਸ ਤਰ੍ਹਾਂ ਗੁਰੂ ਜੀ ਦੇ ਦੋਵੇਂ ਨੰਨ੍ਹੇ ਲਾਲ ਅਜਬ ਸ਼ਹੀਦੀਆਂ ਪਾ ਗਏ ਤੇ ਦੁਨੀਆਂ ਵਿਚ ਸ਼ਹੀਦੀ ਦੀ ਵਿਲੱਖਣ ਮਿਸਾਲ ਛੱਡ ਗਏ। ਪਰ ਸਾਡਾ ਸਿੱਖ ਇਤਿਹਾਸ ਇਹ ਵੀ ਗਵਾਹੀ ਭਰ ਗਿਆ ਕਿ ਇਸ ਮਹਾਨ ਸ਼ਹੀਦੀ ਲਈ ਗੰਗੂ ਬ੍ਰਾਹਮਣ ਵੀ ਜ਼ਿੰਮੇਵਾਰ ਸੀ ਜਿਸ ਨੇ ਬੁੱਕਲ ਦੇ ਸੱਪ ਦੀ ਤਰ੍ਹਾਂ ਅਪਣੀ ਆਦਤ ਤੋਂ ਮਜਬੂਰ ਗੁਰੂ ਲਾਲਾਂ ਤੇ ਮਾਤਾ ਜੀ ਨਾਲ ਦਗ਼ਾ ਕੀਤੀ ਤੇ ਰਹਿੰਦੀ ਦੁਨੀਆਂ ਤਕ ਕਲੰਕ ਖੱਟ ਗਿਆ।