84 ਲੱਖ ਜੂਨਾਂ ਦਾ ਚੱਕਰ
ਜੇਕਰ ਇਸ ਮਨੁੱਖ ਨੇ ਫਿਰ ਵੀ ਰੱਬ ਦਾ ਸਿਮਰਨ ਨਾ ਕੀਤਾ, ਬੰਦਗੀ ਨਾ ਕੀਤੀ, ਮਾਲਾ ਨਾ ਫੇਰੀ, ਦਾਨ-ਪੁੰਨ ਨਾ ਕੀਤਾ ਤਾਂ ਉਹ ਫਿਰ ਚੁਰਾਸੀ ਦੇ ਚੱਕਰ ਵਿਚ ਪੈ ਜਾਵੇਗਾ।
ਚੁਰਾਸੀ ਲੱਖ ਜੂਨਾਂ ਦੇ ਚੱਕਰ ਨੂੰ ਅੱਜ ਤੋਂ ਨਹੀਂ, ਸਗੋਂ ਸਦੀਆਂ ਤੋਂ ਹੀ ਮਨੁੱਖ ਦੀ ਖੋਪੜੀ ਵਿਚ ਵਾੜ ਦਿਤਾ ਗਿਆ ਹੈ। ਇਹ ਜੋ ਚੱਕਰ ਅਜੇ ਤਕ ਘੁੰਮਦਾ ਨਜ਼ਰ ਆ ਰਿਹਾ ਹੈ, ਇਸ ਵਿਚ ਕਿਤੇ ਵੀ ਖੜੋਤ ਨਹੀਂ ਆਈ। ਕੀ ਸਾਧ, ਕੀ ਪੰਡਤ, ਕੀ ਬਾਬੇ ਢੋਲਕੀਆਂ ਛੈਣਿਆਂ ਵਾਲੇ, ਡੇਰਿਆਂ ਵਾਲੇ, ਮੱਸਿਆ, ਪੰਚਮੀਆਂ, ਸੰਗਰਾਂਦਾਂ ਉਤੇ ਕਥਾ ਕਰਨ ਵਾਲੇ, ਮੰਦਰਾਂ, ਗੁਰਦਵਾਰਿਆਂ, ਮਸਜਿਦਾਂ ਤੇ ਗਿਰਜਾ ਘਰਾਂ ਵਾਲੇ ਸਾਰੇ ਦੇ ਸਾਰੇ ਉਨ੍ਹਾਂ ਮੂਹਰੇ ਬੈਠੀ ਸੰਗਤ ਨੂੰ ਜ਼ੋਰ ਜ਼ੋਰ ਦੀ ਆਵਾਜ਼ਾਂ ਦਿੰਦੇ ਹਰੇ ਨੇ ਕਿ ਮਨੁੱਖ ਚੁਰਾਸੀ ਲੱਖ ਜੂਨਾਂ ਭੋਗਦਾ-ਭੋਗਦਾ ਮਨੁੱਖੀ ਜਾਮੇ ਵਿਚ ਆਉਂਦਾ ਹੈ।
ਜੇਕਰ ਇਸ ਮਨੁੱਖ ਨੇ ਫਿਰ ਵੀ ਰੱਬ ਦਾ ਸਿਮਰਨ ਨਾ ਕੀਤਾ, ਬੰਦਗੀ ਨਾ ਕੀਤੀ, ਮਾਲਾ ਨਾ ਫੇਰੀ, ਦਾਨ-ਪੁੰਨ ਨਾ ਕੀਤਾ ਤਾਂ ਉਹ ਫਿਰ ਚੁਰਾਸੀ ਦੇ ਚੱਕਰ ਵਿਚ ਪੈ ਜਾਵੇਗਾ। ਪਤਾ ਨਹੀਂ ਫਿਰ ਕਿਹੜੀ ਜੂਨੀ ਵਿਚ ਜਨਮ ਲੈ ਲਵੇਗਾ। ਇਸ ਲਈ ਉਸ ਨੂੰ ਸਾਡੇ ਵਲੋਂ ਦਿਤੇ ਸਾਰੇ ਕੰਮ ਬੜੇ ਆਰਾਮ ਨਾਲ ਕਰਨੇ ਪੈਣਗੇ, ਤਦੇ ਹੀ ਉਸ ਨੂੰ ਉਨ੍ਹਾਂ ਦੀ ਚੁਰਾਸੀ ਵਾਲਾ ਗੇੜ ਖ਼ਤਮ ਹੋਵੇਗਾ। ਉਹ ਇਸ ਚੱਕਰ ਨੂੰ ਮੁਕਤੀ ਮਾਰਗ ਕਹਿੰਦੇ ਨੇ, ਮੁਕਤੀ ਪ੍ਰਾਪਤੀ ਦਾ ਰਾਹ ਕਹਿੰਦੇ ਨੇ। ਵੈਸੇ ਵਿਗਿਆਨੀਆਂ ਨੇ ਸਖ਼ਤ ਮਿਹਨਤ ਕਰ ਕੇ ਜੂਨਾਂ ਦੀ ਸੰਖਿਆ ਬਾਰਾਂ ਲੱਖ ਤੋਂ ਉਪਰ ਹੀ ਦੱਸੀ ਹੈ ਪਰ ਚੁਰਾਸੀ ਲੱਖ ਜੂਨਾਂ ਦੀ ਸੰਖਿਆ ਬਾਰੇ ਵਿਗਿਆਨ ਨਹੀਂ ਮੰਨਦਾ। ਇਹ 84 ਲੱਖ ਜੂਨਾਂ ਦਾ ਚੱਕਰ ਹੈ ਕੀ? ਇਸ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਦਾ ਇਕ ਵਾਕ ਆਉਂਦਾ ਹੈ : ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥
ਗੁਰੂ ਸਾਹਿਬ ਪ੍ਰਭੂ ਦੀ ਵਡਿਆਈ ਇਸ ਕਰ ਕੇ ਕਰਦੇ ਹਨ ਕਿ ਮਨੁੱਖ ਨੂੰ ਬ੍ਰਹਿਮੰਡ ਦੀ ਜਾਣਕਾਰੀ ਹੋ ਗਈ ਹੈ, ਬਾਕੀ ਜੂਨਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਲਈ ਹੈ। ਬਾਣੀ ਵਿਚ 80+4=84 ਲੱਖ ਜੂਨਾਂ ਦਾ ਕੋਈ ਜ਼ਿਕਰ ਨਹੀਂ ਤੇ ਨਾ ਹੀ 84 ਲੱਖ ਜੂਨਾਂ ਹਨ ਤੇ ਨਾ ਹੀ ਕੋਈ ਪੱਕੀ ਗਿਣਤੀ ਹੀ ਹੈ। ਫਿਰ ਵੀ ਚਉਰਾਸੀ ਲੱਖ ਦਾ ਮਤਲਬ ਕੀ ਹੈ? ਇਸ ਨੂੰ ਤਰਕ ਦੀ ਕਸੌਟੀ ਤੇ ਲਿਆਉਣਾ ਪਵੇਗਾ। ਚਉਰਾਸੀ ਲੱਖ ਦਾ ਮਤਲਬ ਚਉ+ਰਾਸੀ+ਲੱਖ, ਚਉ ਦਾ ਮਤਲਬ ਚਾਰ, ਰਾਸ਼ੀ ਦਾ ਮਤਲਬ ਕਿਸਮਾਂ, ਲੱਖ ਦਾ ਮਤਲਬ ਬੇ-ਹਿਸਾਬ। ਗੁਰਬਾਣੀ ਅਨੁਸਾਰ ਚਉ ਰਾਸ਼ੀਆਂ ਦੀ ਗਿਣਤੀ ਇਸ ਪ੍ਰਕਾਰ ਹੈ: ਅੰਡਜ, ਜੇਰਜ, ਸੇਤਜ ਤੇ ਉਤਭੁਜ।
1. ਅੰਡਜ: ਅੰਡਜ ਉਹ ਜੂਨਾਂ ਜਿਹੜੀਆਂ ਅੰਡੇ ਰਾਹੀਂ ਜਨਮ ਲੈਂਦੀਆਂ ਹਨ। ਪੰਛੀ ਅੰਡਾ ਦਿੰਦਾ ਏ ਫਿਰ ਅੰਡੇ ਤੋਂ ਬੱਚਾ ਨਿਕਲਦਾ ਹੈ। ਅੰਡਜ ਵਾਲੀਆਂ ਜੂਨਾਂ ਦੀ ਗਿਣਤੀ ਬੇਹਿਸਾਬ ਹੈ। ਇਹ ਨਰ ਤੇ ਮਾਦਾ ਦੋਵੇਂ ਹੁੰਦੇ ਹਨ।
2. ਜੇਰਜ : ਜੇਰਜ ਤੋਂ ਭਾਵ ਉਹ ਜੂਨਾਂ ਜਿਹੜੀਆਂ ਜੇਰ ਵਿਚ ਪੇਟ ਵਿਚੋਂ ਬਾਹਰ ਆਉਂਦੀਆਂ ਹਨ, ਫਿਰ ਬਾਹਰ ਆ ਕੇ ਉਹ ਸੰਸਾਰ ਨੂੰ ਵੇਖਦੀਆਂ ਹਨ। ਇਹ ਵੀ ਨਰ ਤੇ ਮਾਦਾ ਦੋਵੇਂ, ਤਰ੍ਹਾਂ ਦੀਆਂ ਜੂਨਾਂ ਹੁੰਦੀਆਂ ਹਨ। ਚਾਰ ਪੈਰ ਵਾਲੇ ਤੇ ਹੋਰ ਦੋ ਪੈਰ ਵਾਲੀਆਂ (ਮਨੁੱਖ) ਜੂਨਾਂ ਦੀ ਗਿਣਤੀ ਇਸੇ ਰਾਸ਼ੀ ਵਿਚ ਹੁੰਦੀ ਹੈ। ਇਨ੍ਹਾਂ ਦੀ ਗਿਣਤੀ ਵੀ ਬੇਹਿਸਾਬ ਹੁੰਦੀ ਹੈ। ਪਰ ਮਨੁੱਖ ਦੀ ਗਿਣਤੀ ਦੇ ਸਹੀ ਅੰਕੜੇ ਆਉਂਦੇ ਰਹਿੰਦੇ ਨੇ ਪਰ ਹੋਰ ਜਾਨਵਰਾਂ ਦੀ ਗਿਣਤੀ ਦਾ ਠੀਕ ਅੰਦਾਜ਼ਾ ਨਹੀਂ ਲਗਾਇਆ ਜਾਂਦਾ। ਹਾਂ ਖ਼ਾਸ-ਖ਼ਾਸ ਜਾਨਵਰ ਜਿਵੇਂ ਸ਼ੇਰ, ਚੀਤੇ, ਹਾਥੀ ਤੇ ਹੋਰ ਜੰਗਲੀ ਜਾਨਵਰਾਂ ਦੀ ਗਿਣਤੀ ਸਰਕਾਰ ਕਰਵਾਉਂਦੀ ਰਹਿੰਦੀ ਹੈ।
3. ਸੇਤਜ : ਸੇਤਜ ਵਾਲੀ ਜੂਨਾਂ ਉਹ ਹੁੰਦੀਆਂ ਜਿਨ੍ਹਾਂ ਦਾ ਜਨਮ ਮੁਸ਼ਕ ਜਾਂ ਪਸੀਨੇ ਕਾਰਨ ਹੁੰਦਾ ਹੈ। ਜਿਵੇਂ ਜੂੰਆਂ ਤੇ ਚਿੱਚੜ, ਸੁਸਰੀ ਤੇ ਹੋਰ ਵੀ ਇਸ ਤਰ੍ਹਾਂ ਦੇ ਜੀਵ, ਕੀਟਾਣੂ ਹੋਣਗੇ, ਜਿਨ੍ਹਾਂ ਨੂੰ ਅਸੀ ਸੇਤਜ ਜੂਨਾਂ ਦੀ ਗਿਣਤੀ ਵਿਚ ਕਰ ਦਿੰਦੇ ਹਾਂ।
4. ਉਤਭੁਜ: ਇਸ ਜੂਨ ਦਾ ਅਰਥ ਹੈ, ਜੋ ਬਨਸਪਤੀ ਧਰਤੀ ਤੋਂ ਉਪਜਦੀ ਹੈ ਤੇ ਧਰਤੀ ਤੋਂ ਹੀ ਅਪਣੀ ਖ਼ੁਰਾਕ ਲੈਂਦੀ ਹੈ ਅਤੇ ਸਮਾਂ ਪਾ ਕੇ ਧਰਤੀ ਵਿਚ ਹੀ ਮਰ ਜਾਂਦੀ ਹੈ। ਕਈ ਪੌਦਿਆਂ ਦੀ ਉਮਰ ਕੁੱਝ ਘੰਟੇ ਜਾਂ ਮਿੰਟ ਦੀ ਹੁੰਦੀ ਤੇ ਕਈ ਪੌਦੇ ਕਈ ਸੌ ਸਾਲ ਤਕ ਦੇ ਹੁੰਦੇ ਹਨ। ਉਨ੍ਹਾਂ ਦੀ ਗਿਣਤੀ ਦਾ ਵੀ ਕੋਈ ਅੰਦਾਜ਼ਾ ਨਹੀਂ। ਇਨ੍ਹਾਂ ਜੂਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਿਆ।
ਇਨ੍ਹਾਂ ਚਾਰੇ ਰਾਸ਼ੀਆਂ ਦੇ ਵਰਗੀਕਰਨ ਨੂੰ ਜੇਕਰ ਅਸੀ ਵਿਗਿਆਨਕ ਸੋਚ ਨਾਲ ਵੇਖੀਏ ਤਾਂ ਸਹਿਜੇ ਹੀ ਪਤਾ ਚਲ ਜਾਂਦਾ ਏ ਕਿ ਇਕ ਜੂਨੀ ਅਪਣੀ ਹੀ ਜੂਨੀ ਨੂੰ ਜਨਮ ਦਿੰਦੀ ਹੈ, ਕਿਸੇ ਹੋਰ ਜੂਨ ਨੂੰ ਜਨਮ ਨਹੀਂ ਦਿੰਦੀ। ਮਨੁੱਖ-ਮਨੁੱਖ ਨੂੰ ਜਨਮ ਦਿੰਦਾ ਏ, ਹੋਰ ਕਿਸੇ ਪੰਛੀ ਜਾਂ ਜਾਨਵਰ ਜਾਂ ਪਾਣੀ ਜੀਵ ਨੂੰ ਨਹੀਂ ਜਨਮ ਦਿੰਦਾ। ਇਸੇ ਤਰ੍ਹਾਂ ਘੋੜਾ-ਘੋੜੇ ਦੀ ਔਲਾਦ ਪੈਦਾ ਕਰਦਾ ਏ, ਸੂਰ ਨੂੰ ਨਹੀਂ। ਕਹਿਣ ਦਾ ਮਤਲਬ ਹੈ ਕਿ ਕੋਈ ਵੀ ਜੀਵ ਉਸੇ ਜੀਵ ਜੂਨ ਨੂੰ ਜਨਮ ਦੇ ਸਕਦਾ ਹੈ, ਦੂਜੀ ਨੂੰ ਨਹੀਂ। ਨਾ ਤਾਂ ਪਹਿਲਾਂ ਕਿਸੇ ਹੋਰ ਜੂਨ ਵਿਚ ਜਨਮ ਲਿਆ ਸੀ, ਨਾ ਹੀ ਬਾਅਦ ਵਿਚ ਕੋਈ ਹੋਰ ਜੂਨ ਵਿਚ ਪੈਦਾ ਹੋ ਸਕਦਾ ਹੈ, ਜਿਵੇਂ ਪਖੰਡੀ ਸਾਧ ਦਿਨ-ਰਾਤ ਪ੍ਰਚਾਰ ਕਰਦੇ ਰਹਿੰਦੇ ਨੇ।
ਇਹ ਪਖੰਡੀ ਸਾਧ ਪੁਜਾਰੀ ਕਿਉਂ ਕਹਿੰਦੇ ਨੇ ਚੁਰਾਸੀ ਲੱਖ ਜੂਨਾਂ ਬਾਰੇ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਆਮ ਜਨਤਾ ਦੇ ਮਨ ਵਿਚ ਇਕ ਅਜਿਹਾ ਡਰ ਬਿਠਾ ਦਿਤਾ ਜਾਵੇ ਤੇ ਇਸ ਡਰ ਨੂੰ ਉਹ ਸੱਚ ਮੰਨੀ ਬੈਠੇ ਨੇ। ਜੇਕਰ ਇਨ੍ਹਾਂ ਪਖੰਡੀ ਸਾਧਾਂ ਸੰਤਾਂ ਦੇ ਨਿਤਨੇਮ ਨੂੰ ਨਾ ਮੰਨਿਆ ਤਾਂ ਅਸੀ ਵੀ ਕਿਸੇ ਹੋਰ ਜੂਨੀ ਵਿਚ ਪ੍ਰਵੇਸ਼ ਕਰ ਜਾਵਾਂਗੇ, ਫਿਰ ਸਾਡੀ ਮੁਕਤੀ ਨਹੀਂ ਹੋਵੇਗੀ। ਬੜੀ ਮੁਸ਼ਕਲ ਨਾਲ ਸਾਨੂੰ ਇਹ ਮਨੁੱਖੀ ਜਨਮ ਮਿਲਿਆ। ਫਿਰ ਉਹ ਹਰ ਕਰਮਕਾਂਡ ਕਰਨ ਨੂੰ ਤਿਆਰ-ਬਰ-ਤਿਆਰ ਰਹਿੰਦਾ ਏ। ਇਹ ਪਖੰਡੀ ਸਾਧਾਂ ਦੇ ਟੋਲਿਆਂ ਵਲੋਂ ਅਪਣੀ ਕਮਾਈ ਖ਼ਾਤਰ ਇਕ ਫ਼ਾਰਮੂਲਾ ਬਣਾਇਆ ਹੋਇਆ ਹੈ, ਜੋ ਆਮ ਭੋਲੀ ਭਾਲੀ ਜਨਤਾ ਦੀਆਂ ਖੋਪੜੀਆਂ ਵਿਚ ਵਾੜ ਦਿਤਾ ਗਿਆ।
ਉਹ ਕੀ ਏ? ਨਰਕ-ਸਵਰਗ, ਜਨਮ-ਮਰਨ, ਅਗਲਾ-ਪਿਛਲਾ ਜਨਮ, ਆਤਮਾ, ਪ੍ਰਮਾਤਮਾ, ਭਵ-ਸਾਗਰ, ਮਾੜੇ ਕਰਮ, ਚੰਗੇ ਕਰਮ ਪਾਪ-ਪੁੰਨ ਤੇ ਦਾਨਪੁੰਨ ਦੇ ਫ਼ਾਰਮੂਲੇ ਰਾਹੀਂ, ਆਮ ਜਨਤਾ ਨੂੰ ਗੁਮਰਾਹ ਕਰ ਕੇ ਇਹ ਪਖੰਡੀ ਸਾਧ, ਡੇਰੇ ਵਾਲੇ ਆਪ ਤਾਂ ਅਪਣੀ ਜੂਨੀ ਨੂੰ ਸੰਵਾਰ ਲੈਂਦੇ ਨੇ ਪਰ ਆਮ ਜਨਤਾ ਨੂੰ ਗ਼ਰੀਬੀ ਦੇ ਨਰਕ ਵਿਚ ਡੁਬੋ ਦਿੰਦੇ ਨੇ। ਇਨ੍ਹਾਂ ਸਾਰੇ ਕਰਮਕਾਂਡਾਂ ਦੀ ਜੜ੍ਹ ਹੈ, ਭਵ ਸਾਗਰ ਹਰ ਇਕ ਦੇ ਮਨ ਵਿਚ, ਦਿਮਾਗ਼ ਵਿਚ ਇਕ ਅਜਿਹਾ ਡਰ ਬਿਠਾ ਦਿਤਾ ਜਾਂਦਾ ਹੈ ਕਿ ਜੇਕਰ ਤੂੰ ਇੰਜ ਨਾ ਕੀਤਾ ਤਾਂ ਨਰਕ ਜਾਵੇਗਾ, ਕਿਸੇ ਹੋਰ ਜੂਨੀ ਵਿਚ ਜਾਵੇਗਾ, ਫਿਰ ਪਤਾ ਨੀ ਤੈਨੂੰ ਕਿੰਨੇ ਅਰਬ ਖਰਬ ਸਾਲ ਲੱਗ ਜਾਣ ਫਿਰ ਇਸ ਮਨੱਖੀ ਜਨਮ ਲੈਣ ਲਈ, ਇਸ ਲਈ ਬੰਦੇ ਤੂੰ ਸਾਡੇ ਵਲੋਂ ਦਿਤੇ ਇਹ ਪੁੰਨਦਾਨ ਕਰ, ਫਿਰ ਤੂੰ ਦੁਬਾਰਾ ਮਨੁੱਖ ਦੇ ਜਨਮ ਵਿਚ ਦਾਖ਼ਲਾ ਲੈ ਸਕੇਂਗਾ।
ਜਦੋਂ ਮਨੁੱਖ ਨੂੰ ਤਰਕ (ਵਿਗਿਆਨ) ਅਨੁਸਾਰ ਇਸ ਬ੍ਰਹਿਮੰਡ ਦੇ ਸਿਸਟਮ ਦਾ ਗਿਆਨ ਨਹੀਂ ਸੀ, ਉਹ ਉਸ ਦਾ ਪਿਛਲਾ ਜਨਮ ਹੁੰਦਾ, ਜਦੋਂ ਉਸ ਦੀ ਜਾਣਕਾਰੀ ਹੋ ਜਾਂਦੀ ਹੈ, ਬ੍ਰਹਿਮੰਡ ਵਿਚ ਭਾਵ ਧਰਤੀ ਤੇ ਜੋ ਜੀਵ ਪੈਦਾ ਹੁੰਦਾ ਹੈ, ਉਹ ਅਪਣੇ ਸਿਸਟਮ ਅਨੁਸਾਰ ਉਮਰ ਭੋਗ ਕੇ ਤੁਰ ਜਾਂਦਾ ਏ, ਚਾਹੇ ਉਸ ਦੀ ਉਮਰ ਦੋ ਮਿੰਟ ਦੀ ਹੋਵੇ ਜਾਂ ਦੋ ਤਿੰਨ ਸੌ ਸਾਲ ਦੀ ਹੋਵੇ। ਅਗਲਾ ਜਨਮ ਹੁੰਦੇ ਹੀ ਹੋਰ ਕੋਈ ਨਹੀਂ ਹੁੰਦਾ।
ਨਰਕ-ਸਵਰਗ ਬਾਰੇ ਵੀ ਬਾਣੀ ਵਿਚ ਸਾਫ਼ ਲਿਖਿਆ ਹੋਇਆ ਹੈ ਕਿ ਜੋ ਇਨਸਾਫ਼ ਕਰਮਕਾਂਡ ਅਤੇ ਅੰਧਵਿਸ਼ਵਾਸ ਚੱਕਰ ਵਿਚ ਪਿਆ ਰਹਿੰਦਾ ਹੈ ਤੇ ਪਲ ਦੀ ਬਰਬਾਦੀ ਕਰਦਾ ਰਹਿੰਦਾ ਏ, ਉਸ ਦੀ ਔਲਾਦ ਵੀ ਉਸੇ ਰਸਤੇ ਤੇ ਚਲਣ ਲੱਗ ਪੈਂਦੀ ਏ, ਘਰ ਵਿਚ ਗ਼ਰੀਬੀ ਜ਼ਿਆਦਾ ਹੋ ਜਾਂਦੀ ਏ, ਅਸਲ ਵਿਚ ਉਸ ਨੂੰ ਹੀ ਨਰਕ ਕਹਿੰਦੇ ਨੇ। ਜੋ ਇਨਸਾਨ ਅਪਣੀ ਅਕਲ ਨਾਲ ਬੁਧੀ ਨਾਲ ਵਿਗਿਆਨਕ ਸੋਚ ਨਾਲ, ਤਰਕ ਨਾਲ ਅਪਣਾ ਜੀਵਨ ਬਸਰ ਕਰਦਾ ਏ। ਕਰਮ ਕਾਂਡਾਂ ਵਿਚ ਤੇ ਅੰਧਵਿਸ਼ਵਾਸਾਂ ਵਿਚ ਵਿਸ਼ਵਾਸ ਨਹੀਂ ਕਰਦਾ ਤੇ ਉਸ ਦੀ ਮਿਹਨਤ ਦਾ ਪੈਸਾ ਬੱਚ ਜਾਂਦਾ ਏ ਤੇ ਘਰ ਵਿਚ ਖ਼ੁਸ਼ਹਾਲੀ ਹੋ ਜਾਂਦੀ ਹੈ, ਇਸ ਕਰ ਕੇ ਉਹ ਘਰ ਸਵਰਗਮਈ ਹੋ ਜਾਂਦਾ ਏ।
ਧਰਮ ਦੇ ਠੇਕੇਦਾਰ ਭਾਰਤ ਦੇ ਸਮਾਜ ਨੂੰ ਕਦੇ ਭੂਤ ਪ੍ਰੇਤਾਂ ਦਾ ਡਰ, ਕਦੇ ਮਾੜੀ ਕਿਸਮਤ ਦਾ ਡਰ, ਕਦੇ ਮੱਥੇ ਦੀਆਂ ਲਕੀਰਾਂ ਤੇ ਹੱਥ ਦੀਆਂ ਲਕੀਰਾਂ ਦਾ ਡਰ ਬਿਠਾ ਬਿਠਾ ਕੇ ਅਪਣਾ ਅਤੇ ਅਪਣੇ ਪ੍ਰਵਾਰ ਨੂੰ ਸਵਰਗਮਈ ਜੀਵਨ ਦੇਣ ਲਈ ਦਿਨ ਰਾਤ ਲੱਗ ਰਹਿੰਦੇ ਨੇ ਤੇ ਬਾਕੀ ਜਨਤਾ ਨੂੰ ਉਨ੍ਹਾਂ ਦੀ ਦਸਾਂ ਨਹੁੰਆਂ ਦੀ ਕਿਰਤ ਨੂੰ ਅਪਣੇ ਵਲ ਖਿੱਚ ਕੇ ਉਨ੍ਹਾਂ ਦਾ ਜੀਵਨ ਨਰਕ ਬਣਾ ਦਿੰਦੇ ਨੇ। ਇਹ ਸਿਲਸਿਲਾ ਹਜ਼ਾਰਾਂ-ਹਜ਼ਾਰਾਂ ਸਾਲਾਂ ਤੋਂ ਇੰਜ ਹੀ ਚਲਦਾ ਆ ਰਿਹਾ ਹੈ। ਇਸ ਗੰਧਲੇ ਸਿਸਟਮ ਨੂੰ ਤੋੜਨ ਦਾ ਯਤਨ ਮਹਾਤਮਾ ਬੁਧ ਤੋਂ ਲੈ ਕੇ ਹੁਣ ਤਕ ਜਾਰੀ ਹੈ। ਸੰਤਾਂ, ਗੁਰੂਆਂ ਦਾ ਯਤਨ, ਮੁਕਤੀ ਦੇਣ ਦਾ ਯਤਨ ਸੀ, ਭਗਤੀ ਦਾ ਨਹੀਂ ਸੀ।
ਗੁਰੂਆਂ ਦਾ ਯਤਨ ਪੁਜਾਰੀਆਂ ਦੇ ਗੰਧਲੇ, ਸਿਸਟਮ ਨੂੰ ਸਾਫ਼ ਕਰਨ ਦਾ ਸੀ ਜਿਸ ਕਰ ਕੇ ਉਨ੍ਹਾਂ ਸਾਰੇ ਦੇ ਸਾਰੇ (ਦੋ ਤਿੰਨ ਨੂੰ ਛੱਡ ਕੇ) ਸੰਤਾਂ ਤੇ ਗੁਰੂਆਂ ਦੀ ਹਤਿਆ ਕੀਤੀ ਗਈ ਕਿਉਂਕਿ ਧਰਮ ਦੇ ਠੇਕੇਦਾਰ ਤੇ ਪੁਜਾਰੀ ਨਹੀਂ ਸਨ ਚਾਹੁੰਦੇ ਕਿ ਜਾਤਾਂ-ਪਾਤਾਂ ਖ਼ਤਮ ਹੋਣ, ਵਰਣ ਵਿਵਸਥਾ ਖ਼ਤਮ ਹੋਵੇ, ਊਚ-ਨੀਚ ਦੀਆਂ ਦੀਵਾਰਾਂ ਢਹਿ ਢੇਰੀ ਹੋਣ ਭਾਵ ਕਿ ਸਮਾਜ ਪ੍ਰੀਵਰਤਨ ਹੋਵੇ, ਸਮਾਜਕ ਇਨਕਲਾਬ ਆਵੇ ਤੇ ਸੱਭ ਨੂੰ ਸਮਾਜਕ ਆਰਥਕ ਤੇ ਧਾਰਮਕ ਆਜ਼ਾਦੀ ਮਿਲੇ।
ਇਸ ਨਰਕ ਵਿਚੋਂ ਕੱਢਣ ਲਈ ਬਾਬਾ ਸਾਹਬ ਅੰਬੇਦਕਰ ਨੇ ਭਾਰਤ ਦੇ ਸੰਵਿਧਾਨ ਵਿਚ ਭਾਰਤ ਦੇ ਹਰ ਨਾਗਰਿਕ ਨੂੰ ਪੂਰਨ ਆਜ਼ਾਦੀ ਦਿਵਾਈ ਹੈ ਪਰ ਅਖੋਤੀ ਧਾਰਮਕ ਠੇਕੇਦਾਰ ਅਜੇ ਵੀ ਪੁਰਾਣੇ ਸਿਸਟਮ ਨੂੰ ਕਾਇਮ ਰੱਖਣ ਲਈ ਪੂਰਨ ਤੌਰ ਤੇ ਸਰਗਰਮ ਹਨ। ਸੰਤਾਂ ਦੀ ਬਾਣੀ ਨੂੰ, ਗੁਰੂਆਂ ਦੀ ਬਾਣੀ ਨੂੰ ਤੇ ਉਨ੍ਹਾਂ ਦੇ ਸ਼ਲੋਕਾਂ ਦੇ ਗ਼ਲਤ ਢੰਗ ਨਾਲ ਅਰਥ ਕੱਢ ਕੇ ਜਨਤਾ ਨੂੰ ਮੂਰਖ ਬਣਾਈ ਜਾ ਰਹੇ ਹਨ ਅਤੇ ਲੋਕ ਮੂਰਖ ਬਣੀ ਜਾ ਰਹੇ ਹਨ ਕਿਉਂਕਿ ਲੋਕਾਂ ਪਾਸ ਏਨਾ ਤਰਕਸ਼ੀਲ ਗਿਆਨ ਹੈ ਨਹੀਂ ਤੇ ਨਾ ਹੀ ਕੁੱਝ ਸਿਖਣ ਦੀ ਤੇ ਪੜ੍ਹਨ ਦੀ ਕੋਸ਼ਿਸ਼ ਹੀ ਕਰਦੇ ਨੇ ਜਿਸ ਕਰ ਕੇ ਪੁਜਾਰੀਵਾਦ ਅੱਜ ਦੀ ਜਨਤਾ ਤੇ ਭਾਰੂ ਹੋਇਆ ਪਿਆ ਹੈ। ਥਾਂ-ਥਾਂ ਤੇ ਗੁਰਦਵਾਰੇ ਬਣ ਰਹੇ ਨੇ, ਮੰਦਰ ਬਣ ਰਹੇ ਨੇ ਪਰ ਅਸਲੀ ਬਾਣੀ ਨੂੰ ਸਮਝਾਉਣ ਵਾਲਾ ਕੋਈ ਵਿਦਵਾਨ ਉਨ੍ਹਾਂ ਵਿਚ ਕੋਈ ਹੈ ਹੀ ਨਹੀਂ। ਇਨ੍ਹਾਂ ਵਿਚ ਤਾਂ ਬਸ ਗ਼ਲਤ ਸਾਖੀਆਂ ਸੁਣਾ-ਸੁਣਾ ਕੇ, ਚੁਰਾਸੀ ਲੱਖ ਜੂਨਾਂ ਬਾਰੇ ਦਸ-ਦਸ ਕੇ ਲੋਕਾਂ ਨੂੰ ਮੂਰਖ ਬਣਾਈ ਜਾ ਰਹੇ ਹਨ ਤੇ ਲੋਕ ਮੂਰਖ ਬਣੀ ਜਾ ਰਹੇ ਹਨ। ਨਾ ਕੋਈ ਉਨ੍ਹਾਂ ਨੂੰ ਟੋਕਦਾ ਤੇ ਨਾ ਹੀ ਕੋਈ ਬਗ਼ਾਵਤ ਕਰਦਾ ਹੈ।
ਚਾਰ ਰਾਸ਼ੀਆਂ ਨੂੰ ਚਲਾਉਣ ਵਾਲੀ ਧਰਤੀ ਹੈ ਕਿਉਂਕਿ ਧਰਤੀ ਅਪਣੀ ਧੂਰੀ ਦੁਆਲੇ 24 ਘੰਟਿਆਂ ਵਿਚ ਪੂਰਾ ਚੱਕਰ ਕਟਦੀ ਹੈ ਤੇ ਦਿਨ ਰਾਤ ਬਣਦੇ ਹਨ ਤੇ ਫਿਰ 365 ਦਿਨਾਂ ਵਿਚ ਧਰਤੀ ਸੂਰਜ ਦੁਆਲੇ ਪੂਰਾ ਚੱਕਰ ਕੱਟ ਕੇ ਇਕ ਸਾਲ ਭਾਵ ਇਕ ਸਾਲ ਦੀ ਉਮਰ ਨਾਪਦੀ ਹੈ। ਇਸ ਵਿਚੋਂ ਰੁੱਤਾਂ ਬਣਦੀਆਂ ਹਨ। ਹਰ ਜੂਨ ਦੀ ਉਮਰ ਧਰਤੀ ਦੀ ਗਤੀ ਅਨੁਸਾਰ ਹੀ ਬਣਦੀ ਹੈ। ਹਰ ਜੀਵ ਦੀ ਉਮਰ ਦਾ ਪੈਮਾਨਾ ਧਰਤੀ ਚਾਹੇ, ਉਹ ਅਪਣੀ ਧੁਰੀ ਦੁਆਲੇ ਚੱਕਰ ਕਟੇ ਜਾਂ ਸੂਰਜ ਦੁਆਲੇ ਚੱਕਰ ਕੱਟੇ। ਕਿਸ ਜੀਵ ਦੀ ਉਮਰ ਕਿੰਨੀ ਹੋ ਸਕਦੀ ਹੈ, ਇਹ ਧਰਤੀ ਦੀ ਜਾਤੀ ਉਤੇ ਨਿਰਭਰ ਕਰਦੀ ਹੈ।
ਜਦ ਅਸੀ ਭਾਵ ਕਿ ਮਨੁੱਖ ਇਸ ਸਿਸਟਮ ਵਿਚ ਗੜਬੜ ਕਰਦੇ ਹਾਂ ਤਾਂ ਇਸ ਦਾ ਖਮਿਆਜ਼ਾ ਮਨੁੱਖ ਦੇ ਨਾਲ-ਨਾਲ ਹੋਰ ਜੀਵ ਜੰਤੂਆਂ ਤੇ ਪੌਦਿਆਂ ਨੂੰ ਭੁਗਤਣਾ ਪੈਂਦਾ ਹੈ। ਕੁਦਰਤ ਦਾ ਸਿਸਟਮ ਇਕ ਕਾਨੂੰਨ ਹੈ ਜਦੋਂ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਏ ਫਿਰ ਮੌਤ ਅਟਲ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਅੱਸੀ+ਚਾਰ= ਚੁਰਾਸੀ ਨਹੀਂ ਹੈ ਚਉਰਾਸੀ ਹੈ। ਇਨ੍ਹਾਂ ਚਉਰਾਸੀ ਜੂਨਾਂ ਨੂੰ ਸਮਝਣ ਦੀ ਲੋੜ ਹੈ। ਗੁਰੂ ਸਾਹਿਬ ਨੇ ਲੱਖ ਨੂੰ ਬੇਹਿਸਾਬ ਮੰਨਿਆ ਹੈ। ਸੰਤਾਂ ਦੀ ਬਾਣੀ ਦੇ ਗੁਰੂਆਂ ਦੀ ਬਾਣੀ ਦੇ ਸਹੀ ਅਰਥ ਸਮਝਣ ਲਈ ਨੇਕ ਵਿਦਵਾਨ ਦੀ ਸੰਗਤ ਕਰਨੀ ਜ਼ਰੂਰੀ ਹੈ। ਭਾਰਤ ਵਿਚ ਕਹਿੰਦੇ ਨੇ ਤੇਤੀ ਕਰੋੜ ਦੇਵੀ ਦੇਵਤੇ ਆਮ ਜਨਤਾ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੇ ਨੇ।
ਹਰ ਦੇਵੀ ਦੇਵਤੇ ਦੇ ਹਿੱਸੇ ਭਾਰਤ ਦੀ ਅਬਾਦੀ ਦੇ ਹਿਸਾਬ ਨਾਲ ਚਾਰ ਬੰਦੇ ਆਉਂਦੇ ਹਨ ਜਿਨ੍ਹਾਂ ਦਾ ਉਹ ਅਸਾਨੀ ਨਾਲ ਭਲਾ ਹੀ ਨਹੀਂ ਕਰ ਸਕਦੇ, ਸਗੋਂ ਭਵ ਸਾਗਰ ਵੀ ਪਾਰ ਕਰਵਾ ਸਕਦੇ ਨੇ ਪਰ ਅੱਜ ਤਕ ਕਿਸੇ ਵੀ ਦੇਵੀ ਦੇਵਤੇ ਨੇ ਕਿਸੇ ਵੀ ਨਾਗਰਿਕ ਦੀ ਨਾ ਗ਼ਰੀਬੀ ਦੂਰ ਕੀਤੀ ਹੈ, ਨਾ ਹੀ ਉਸ ਨੂੰ ਕਿਸੇ ਭਿਆਨਕ ਬਿਮਾਰੀ ਤੋਂ ਬਚਾਅ ਸਕਿਆ, ਨਾ ਕਿਸੇ ਨੂੰ ਸਵਰਗ ਵਿਚ ਵਾਸ ਕਰਵਾ ਸਕਿਆ ਹੈ ਪਰ ਦੂਜੇ ਪਾਸੇ ਭਾਰਤ ਦੀ ਅੱਸੀ ਫ਼ੀ ਸਦੀ ਅਬਾਦੀ ਇਨ੍ਹਾਂ ਤੇਤੀ ਕਰੋੜ ਦੇਵੀ ਦੇਵਤਿਆਂ ਦੀ ਦਿਨ-ਰਾਤ ਅਰਾਧਨਾ ਵਿਚ ਲੱਗੀ ਰਹਿੰਦੀ ਹੈ। ਪੂਜਾ ਕਰ ਹੁੰਦੀ ਹੈ, ਜਗਰਾਤੇ ਕਰਵਾਉਂਦੇ ਨੇ, ਪਹਾੜਾਂ ਤੇ ਚੜ੍ਹ ਕੇ ਮੁਕਤੀ ਪ੍ਰਾਪਤ ਕਰਨ ਲਈ ਮੱਥੇ ਰਗੜ ਰਹੇ ਨੇ, ਅਪਣੀ ਨੇਕ ਕਮਾਈ ਦਾ ਸਾਰੇ ਦਾ ਸਾਰਾ ਪੈਸਾ ਉਨ੍ਹਾਂ ਅੱਗੇ ਸੁੱਟ ਕੇ ਵਾਪਸ ਮੁੜ ਆਉਂਦੇ ਨੇ, ਇਸ ਉਮੀਦ ਨਾਲ ਕਿ ਇਸ ਨਾਲ ਮੇਰੀ ਮੁਰਾਦ ਪੂਰੀ ਜ਼ਰੂਰ ਹੋ ਜਾਵੇਗੀ।
ਪਖੰਡੀ ਪੁਜਾਰੀ ਹਰ ਪੱਖੋਂ ਮੋਟਾ ਹੋ ਰਿਹਾ ਹੈ ਤੇ ਦੇਵੀ ਦੇਵਤੇ ਦਾ ਭਗਤ ਹਰ ਪੱਖੋਂ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇਹ ਸਿਲਸਿਲਾ ਹਜ਼ਾਰਾਂ ਸਾਲਾਂ ਤੋਂ ਚਲਿਆ ਆ ਰਿਹਾ ਹੈ, ਕਿਤੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਵਿਚ ਕਸੂਰ ਜ਼ਿਆਦਾਤਰ ਪੜ੍ਹੇ ਲਿਖੇ ਪੜ੍ਹਾਕੂਆਂ ਦਾ ਹੈ ਕਿਉਂਕਿ ਅਨਪੜ੍ਹ ਤਾਂ ਗਿਆਨ ਪੱਖੋਂ ਊਣਾ ਹੈ। ਪੜ੍ਹੇ ਲਿਖੇ ਕੋਲ ਵਿਦਿਆਰਥੀ ਜੀਵਨ ਵੇਲੇ ਵੀ ਤੇ ਨੌਕਰੀ ਪੇਸ਼ੇ ਵਿਚ ਵੀ ਗਿਆਨ ਹਾਸਲ ਕਰਨ ਦਾ ਸੁਨਹਿਰੀ ਮੌਕਾ ਸੀ, ਜੋ ਉਸ ਨੇ ਪੇਟ ਪੂਜਾ ਕਰ ਕੇ ਗਵਾ ਲਿਆ। ਐਸ਼ੋ ਅਰਾਮ ਦਾ ਜੀਵਨ ਬਤੀਤ ਕਰ ਕੇ ਲੰਘਾ ਦਿਤਾ।
ਅੱਜ ਵੀ ਅਨੇਕਾਂ ਤਰਕਸ਼ੀਲ ਚੇਤੰਨ ਵਿਦਵਾਨ ਦਿਨ-ਰਾਤ ਅਪਣੀ ਅਕਲ ਨਾਲ ਸੋਚ ਨਾਲ ਬੁਧੀ ਨਾਲ ਭੋਲੀ ਭਾਲੀ ਜਨਤਾ ਨੂੰ ਮੀਟਿੰਗਾਂ ਰਾਹੀਂ, ਕੇਡਰ ਕੈਂਪਾਂ ਰਾਹੀਂ, ਸਮਾਗਮਾਂ ਰਾਹੀਂ, ਵਿਚਾਰ ਲਿਖ ਕੇ ਰਸਾਲਿਆਂ ਕਿਤਾਬਾਂ ਰਾਹੀਂ ਗਿਆਨ ਵੰਡਣ ਦਾ ਕੰਮ ਦਿਨ ਰਾਤ ਕਰ ਰਹੇ ਹਨ ਪਰ ਉਨ੍ਹਾਂ ਦੀ ਗੱਲ ਨੂੰ ਸੁਣਨ ਵਾਲਾ ਕੋਈ ਵੀ ਨਹੀਂ। ਬਾਬਾ ਸਾਹਬ ਅੰਬੇਦਕਰ ਨੇ ਇਕ ਵਾਰ ਕਿਹਾ ਸੀ ਕਿ ਮੈਨੂੰ ਮੇਰੇ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿਤਾ ਏ, ਆਮ ਜਨਤਾ ਨੇ ਨਹੀਂ ਕਿਉਂਕਿ ਪੜ੍ਹੇ ਲਿਖੇ ਸਮਾਜ ਨੇ ਹੀ ਚੇਤੰਨਤਾ ਦਾ ਗਿਆਨ ਅੱਗੇ ਤੋਂ ਅੱਗੇ ਆਮ ਜਨਤਾ ਵਿਚ ਵੰਡ ਕੇ ਇਕ ਨਰੋਆ ਸਮਾਜ ਤਿਆਰ ਕਰ ਸਕਦੇ ਸੀ ਜਿਸ ਦੀ ਬਦੌਲਤ ਹੀ ਸਮਾਜਕ ਤੇ ਆਰਥਕ ¬ਕ੍ਰਾਂਤੀ ਆ ਸਕਦੀ ਸੀ, ਸਮਾਨਤਾ ਆ ਸਕਦੀ ਸੀ, ਛੂਆ ਛਾਤ ਤੇ ਗ਼ੈਰ ਬਰਾਬਰੀ ਦਾ ਭੇਤ ਮਿਟ ਸਕਦਾ ਸੀ ਪਰ ਹਰ ਵਾਰ ਦੁਸ਼ਮਣ ਜਿੱਤਦਾ ਗਿਆ ਤੇ ਅਸੀ ਹਾਰਦੇ ਆ ਰਹੇ ਹਾਂ।
ਹੁਣ ਤਾਂ ਸਾਧਾਂ ਦਾ ਕੰਮ ਟੀ.ਵੀ. ਰਾਹੀਂ ਹੋਰ ਵੀ ਸੌਖਾ ਹੋ ਗਿਆ ਹੈ। ਟੀ.ਵੀ. ਰਾਹੀਂ ਸਾਧ ਪਾਖੰਡੀ ਪੁਜਾਰੀ ਆਮ ਜਨਤਾ ਨੂੰ ਦਿਨ ਰਾਤ ਗੁਮਰਾਹ ਕਰੀ ਜਾ ਰਹੇ ਹਨ। ਟੀ.ਵੀ. ਰਾਹੀਂ ਲੜੀਵਾਰ ਬਾਣੀ ਦਾ ਪ੍ਰਚਾਰ, ਕਾਲਪਨਿਤ ਅੰਧਵਿਸ਼ਵਾਸੀ ਸਾਖੀਆਂ ਤੇ ਕਹਾਣੀਆਂ, ਜੋਤਿਸ਼ ਵਿਦਿਆ, ਕਰਮ ਕਾਂਡ, ਤਿਥ ਤਿਉਹਾਰਾਂ ਰਾਹੀਂ ਆਮ ਜਨਤਾ ਦਾ ਪੈਸਾ ਪੁਜਾਰੀਆਂ ਕੋਲ ਤੇ ਵਪਾਰੀਆਂ ਕੋਲ ਸਹਿਜ ਅਵਸਥਾ ਵਿਚ ਜਾਂਦਾ ਰਹਿੰਦਾ ਏ।
ਜੇ ਟੀ.ਵੀ. ਰਾਹੀਂ ਪੁਜਾਰੀ ਵਰਗ ਦੋ ਜਮਾਂ ਦੋ ਬਰਾਬਰ ਪੰਜ ਦਸਣ ਤਾਂ ਅਸੀ ਵੀ ਜ਼ੋਰ ਜ਼ੋਰ ਦੀ ਖੁਲ੍ਹ ਕੇ ਕਹਾਂਗੇ ਪੰਜ ਹੀ ਹੁੰਦੇ ਹਨ, ਤਾਂ ਹੀ ਸਾਇੰਸ ਅਧਿਆਪਕ, ਡਾਕਟਰ, ਵਕੀਲ, ਪ੍ਰੋਫ਼ੈਸਰਾਂ ਨੇ ਮੰਨਿਆ ਸੀ ਕਿ ਗਣੇਸ਼ ਜੀ ਦੁਧ ਪੀਂਦਾ ਸੀ। ਸੰਤਾਂ, ਗੁਰੂਆਂ ਤੇ ਹੋਰ ਇਨਕਲਾਬੀ ਵਿਦਵਾਨਾਂ ਦੀ ਵਿਚਾਰਧਾਰਾ ਅਸਲ ਵਿਚ ਆਜ਼ਾਦੀ ਦੀ ਵਿਚਾਰਧਾਰਾ ਹੀ ਹੈ। ਇਸ ਵਿਚ ਪੜ੍ਹਨ ਤੇ ਸਮਝਣ ਦੀ ਲਈ ਚੇਤੰਨ ਦਿਮਾਗ਼ ਦੀ ਲੋੜ ਹੈ। ਦਿਮਾਗ਼ ਦੀ ਭੁੱਖ ਜ਼ਰੂਰ ਮਿਟਣੀ ਚਾਹੀਦੀ ਹੈ ਤਦੇ ਹੀ ਇਸ ਦੇਸ਼ ਦਾ ਭਲਾ ਹੋ ਸਕਦਾ ਹੈ। ਸਮਾਨਤਾ ਆ ਸਕਦੀ ਏ ਬਰਾਬਰੀ ਆ ਸਕਦੀ ਹੈ, ਖ਼ੁਸ਼ਹਾਲੀ ਆ ਸਕਦੀ ਹੈ, ਭਾਈਚਾਰਾ ਪੈਦਾ ਹੋ ਸਕਦਾ ਏ।
ਕਰਨੈਲ ਸਿੰਘ ਗੋਬਿੰਦਗੜ੍ਹ
ਸੰਪਰਕ : 94649-61436