ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਡੇਰਾ ਬੱਲਾਂ ਵਿਖੇ ਹੋਣਗੇ ਨਤਮਸਤਕ
ਭਾਰਤ ਸਰਕਾਰ ਵੱਲੋਂ ਨਿਰੰਜਨ ਦਾਸ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕਰਨ ਦਾ ਵੀ ਕੀਤਾ ਗਿਆ ਹੈ ਫ਼ੈਸਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਤੋਂ 2025 ਤੱਕ ਪੰਜਾਬ ਦਾ ਕਈ ਵਾਰ ਦੌਰਾ ਕਰ ਚੁੱਕੇ ਹਨ । ਇਕ ਵਾਰ ਹੁਣ ਫੇਰ ਪ੍ਰਧਾਨ ਮੰਤਰੀ ਨਰਿੰਦਰ 1 ਫਰਵਰੀ 2026 ਨੂੰ ਇਕ ਦਿਨ ਦੇ ਦੌਰੇ ’ਤੇ ਪੰਜਾਬ ਆ ਰਹੇ ਹਨ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਜ਼ਿਲ੍ਹੇ ’ਚ ਸਥਿਤ ਡੇਰਾ ਬੱਲਾਂ ਵਿਖੇ ਨਤਮਸਤਕ ਹੋਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਕਈ ਚੋਣ ਰੈਲੀਆਂ ਸੰਬੋਧਨ ਕੀਤਾ ਸੀ। ਜਿਨ੍ਹਾਂ ਵਿਚ ਜਲੰਧਰ, ਲੁਧਿਆਣਾ ਅਤੇ ਬਠਿੰਡਾ ਦੀਆਂ ਚੋਣ ਰੈਲੀਆਂ ਸ਼ਾਮਲ ਹਨ। 2014 ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਮਿਲ ਚੋਣਾਂ ਲੜੀਆਂ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ’ਚ ਪੰਜਾਬ ਦਾ ਦੌਰਾ ਕੀਤਾ ਅਤੇ ਉਨ੍ਹਾਂ ਵੱਲੋਂ ਫਿਰੋਜ਼ਪੁਰ ’ਚ ਇੰਟਰਨੈਸ਼ਨਲ ਬਾਰਡਰ ਸਮਾਰੋਹ ਵਿਚ ਸ਼ਮੂਲੀਅਤ ਕੀਤੀ ਗਈ। ਸਾਲ 2016 ’ਚ ਦਾ ਪ੍ਰਧਾਨ ਨਰਿੰਦਰ ਮੋਦੀ ਦਾ ਲੁਧਿਆਣਾ ਦੌਰਾ ਕੀਤਾ ਅਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਵਿਦਿਆਰਥੀਆਂ ਨਾਲ ਸੰਵਾਦ ਵੀ ਕੀਤਾ ਗਿਆ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਵੱਲੋਂ ਮੋਗਾ ਅਤੇ ਜਲੰਧਰ ’ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ ਸੀ। ਇਸੇ ਤਰ੍ਹਾਂ 2018 ’ਚ ਵੀ ਨਰਿੰਦਰ ਮੋਦੀ ਵੱਲੋਂ ਪੰਜਾਬ ਦਾ ਦੌਰਾ ਕੀਤਾ ਗਿਆ।
2019 ਵਿਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ’ਤੇ ਅਤੇ ਉਨ੍ਹਾਂ ਸਿੱਖਾਂ ਨੂੰ ਇਕ ਖਾਸ ਤੋਹਫ਼ਾ ਦਿੰਦੇ ਹੋਏ 9 ਨਵੰਬਰ 2019 ਨੂੰ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ। ਜਿਸ ਨਾਲ ਸਿੱਖ ਸ਼ਰਧਾਲੂਆਂ ਪਾਕਿ ਗੁਰਧਾਮਾਂ ਦੇ ਦਰਸ਼ਨਾਂ ਦੀ ਚਿਰਾਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ। ਇਸ ਮੌਕੇ ਦੇਸ਼ ਦੇ ਸਾਬਕਾ ਪ੍ਰਧਾਨ ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮੇਤ ਸਿੱਖ ਸੰਗਤਾਂ ਵੀ ਮੌਜੂਦ ਸਨ।
ਕਿਸਾਨੀ ਅੰਦੋਲਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ 2022 ਪੰਜਾਬ ਨੂੰ ਪੰਜਾਬ ਦੌਰੇ ’ਤੇ ਆਏ ਅਤੇ ਉਨ੍ਹਾਂ ਵੱਲੋਂ ਫਿਰੋਜ਼ਪੁਰ ਵਿਚ ਪੀ.ਜੀ.ਆਈ. ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਤੋਂ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਬਾਰਡਰ ਜਾਣਾ ਸੀ ਪਰ ਯਾਦਗਾਰ ਤੋਂ 30 ਕਿਲੋਮੀਟਰ ਦੂਰ ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਇਕ ਪੁਲ ’ਤੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਕੁੱਝ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਜਾਮ ਕੀਤੀ ਹੋਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਦਾ ਕਾਫ਼ਲਾ 15-20 ਤੱਕ ਪੁਲ ’ਤੇ ਹੀ ਫਸਿਆ ਰਿਹਾ ਸੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਨੂੰ ਸੁਰੱਖਿਆ ’ਚ ਕੁਤਾਹੀ ਦੱਸਿਆ ਗਿਆ। ਇਸ ਤੋਂ ਬਾਅਦ ਉਥੇ ਹੀ ਪ੍ਰਧਾਨ ਮੰਤਰੀ ਦਾ ਕਾਫ਼ਲਾ ਬਠਿੰਡਾ ਹਵਾਈ ਅੱਡੇ ਵੱਲ ਚੱਲ ਪਿਆ ਅਤੇ ਰੈਲੀ ਨੂੰ ਰੱਦ ਕਰ ਦਿੱਤਾ ਗਿਆ । ਇਸ ਤੋਂ ਬਾਅਦ ਕੇਂਦਰ ਸਰਕਾਰ ਅਤੇ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਦਰਮਿਆਨ ਕਾਫ਼ੀ ਖਿੱਚੋਤਾਣ ਚਲਦੀ ਰਹੀ ਸੀ। ਇਸ ਤੋਂ ਬਾਅਦ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦਾ ਦੌਰਾ ਕੀਤਾ ਗਿਆ।
ਇਸ ਤੋਂ ਬਾਅਦ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਚੋਣ ਰੈਲੀਆਂ ਕੀਤੀਆਂ ਗਈਆਂ। ਜਦਿਕ ਸਾਲ 2025 ਦੌਰਾਨ ਪੰਜਾਬ ’ਚ ਆਏ ਭਿਆਨਕ ਹੜ੍ਹਾਂ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਵੱਲੋਂ 9 ਸਤੰਬਰ 2025 ਨੂੰ ਪੰਜਾਬ ਦਾ ਹਵਾਈ ਸਰਵੇਖਣ ਕੀਤਾ ਅਤੇ ਉਨ੍ਹਾਂ ਗੁਰਦਾਸਪੁਰ ’ਚ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਭਰੋਸਾ ਵੀ ਦਿੱਤਾ। ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਨੂੰ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦਾ ਐਲਾਨ ਵੀ ਕੀਤਾ ਸੀ। ਹੁਣ ਸਾਲ 2026 ਦੀ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਸਥਿਤ ਡੇਰਾ ਬੱਲਾਂ ਵਿਖੇ ਨਤਮਸਤਕ ਹੋਣਗੇ ਅਤੇ ਡੇਰਾ ਦੇ ਮੁਖੀ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਵੀ ਕਰਨਗੇ। ਸਿਆਸੀ ਮਾਹਿਰਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਇਸ ਫੇਰੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।