ਨਿਰਵਾਚਤ ਜ਼ਾਰਸ਼ਾਹੀ ਤੋਂ ਭਾਰਤੀ ਲੋਕਤੰਤਰ ਨੂੰ ਬਚਾਉਣਾ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹੱਡਚੀਰਵੀਂ ਸਰਦ ਰੁੱਤ ਵਿਚ ਤਸੀਹਿਆਂ ਦੇ ਚਲਦੇ 200 ਕਿਸਾਨ ਸ਼ਹੀਦ ਹੋ ਗਏ।

Indian democracy

ਲੋਕਤੰਤਰੀ ਸਰਕਾਰ ਨੂੰ ਕਿਸੇ ਵੀ ਰਾਜ ਅੰਦਰ ਵਧੀਆ, ਪਾਰਦਰਸ਼ੀ, ਜਵਾਬਦੇਹ ਤੇ ਧਰਮ ਨਿਰਪੱਖਤਾ ਰਾਹੀਂ ਚਲਾਉਣ ਲਈ ਇਕ ਠੋਸ, ਗਤੀਸ਼ੀਲ ਤੇ ਲਚਕੀਲੇ ਸੰਵਿਧਾਨ ਦੀ ਲੋੜ ਹੁੰਦੀ ਹੈ। 15 ਅਗੱਸਤ 1947 ਨੂੰ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੋਂ ਆਜ਼ਾਦ ਹੋਏ ਭਾਰਤੀ ਰਾਜ ਨੂੰ ਚਲਾਉਣ ਲਈ ਅਜਿਹੇ ਸਮਰੱਥ ਤੇ ਮਜ਼ਬੂਤ ਸੰਵਿਧਾਨ ਦੀ ਰਚਨਾ ਬਾਬਾ ਸਾਹਿਬ ਅੰਬੇਦਕਰ ਦੀ ਅਗਵਾਈ ਵਿਚ ਭਾਰਤੀ ਸੰਵਿਧਾਨ ਘੜਨੀ ਸਭਾ ਨੇ ਕੀਤੀ। ਅਸੀ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜੇਕਰ ਭਾਰਤੀ ਸੱਤਾਧਾਰੀ ਪਾਰਟੀਆਂ ਜਾਂ ਗਠਬੰਧਨਾਂ ਦੇ ਚੁਣੇ ਪ੍ਰਤੀਨਿਧਾਂ ਨੇ ਭਾਰਤੀ ਫ਼ੈਡਰਲ ਢਾਂਚਾਗਤ ਸ਼ਾਸਨ ਸੰਵਿਧਾਨਕ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਇਆ ਹੁੰਦਾ ਤਾਂ ਅੱਜ ਭਾਰਤ ਵਿਸ਼ਵ ਅੰਦਰ ਇਕ ਸੁਪਰ ਮਹਾਂਸ਼ਕਤੀ ਵਜੋਂ ਸਥਾਪਤ ਹੋ ਚੁੱਕਾ ਹੁੰਦਾ।

ਪਰ ਸੱਤਾ ਸ਼ਕਤੀ ਵਿਚ ਬਣੇ ਰਹਿਣ ਤੇ ਰਾਜਨੀਤਕ ਪਾਰਟੀਆਂ ਵਲੋਂ ਅਪਣੇ ਵਿਸ਼ੇਸ਼ ਵਿਚਾਰਧਾਰਕ ਏਜੰਡੇ ਨੂੰ ਸੰਵਿਧਾਨਕ ਦਿਸ਼ਾ ਨਿਰਦੇਸ਼ਾਂ ਦੇ ਉਲਟ ਭਾਰਤੀ ਲੋਕਤੰਤਰ ਤੇ ਠੋਸਣ ਖ਼ਾਤਰ ਇਸ ਦੇ ਤਾਕਤਵਰ ਥੰਮਾਂ ਵਿਧਾਨ ਪਾਲਕਾ, ਕਾਰਜਪਾਲਕਾ, ਨਿਆਂਪਾਲਕਾ, ਚੋਣ ਕਮਿਸ਼ਨ, ਕਾਨੂੰਨ ਦੇ ਰਾਜ, ਮੀਡੀਆ, ਧਰਮ ਨਿਰਪੱਖਤਾ ਨੂੰ ਕਮਜ਼ੋਰ ਕਰਨਾ ਅਰੰਭ ਦਿਤਾ। ਚੋਣ ਪ੍ਰਣਾਲੀ ਤੇ ਸੱਤਾ ਸ਼ਕਤੀ ਲਈ ਬ੍ਰਿਟਿਸ਼ਕਾਲੀ ਭੈੜੀ ਪ੍ਰਣਾਲੀ ‘ਪਾੜੋ ਤੇ ਰਾਜ ਕਰੋ’ ਹੋਰ ਜ਼ੋਰਦਾਰ ਢੰਗ ਨਾਲ ਜਾਰੀ ਰਖੀ। ਭਾਰਤੀ ਪਾਰਲੀਮੈਂਟਰੀ ਪ੍ਰਣਾਲੀ ਅੰਦਰ ਤਾਕਤਵਰ ਪ੍ਰਧਾਨ ਮੰਤਰੀ ਪਦ ਨੂੰ ਬਰਤਾਨੀਆ ਦੀ ਪ੍ਰਸਿੱਧ ਅਖ਼ਬਾਰ ‘ਗਾਰਡੀਅਨ’ ਅਨੁਸਾਰ ‘ਨਿਰਵਾਚਤ ਤਾਨਾਸ਼ਾਹੀ’ ਨਹੀਂ ਬਲਕਿ ‘ਨਿਰਵਾਚਤ ਜ਼ਾਰਸ਼ਾਹੀ’ ਵਜੋਂ ਮਜ਼ਬੂਤੀ ਤੇ ਬਰਬਰਤਾਪੂਰਵਕ ਸਥਾਪਤ ਕਰਨਾ ਸ਼ੁਰੂ ਕਰ ਦਿਤਾ।

ਜ਼ਾਰਸ਼ਾਹੀ ਮਾਨਸਿਕਤਾ ਦਾ ਪਿਛੋਕੜ :- ਦੇਸ਼ ਆਜ਼ਾਦੀ ਬਾਅਦ ਲੰਮਾ ਸਮਾਂ ਸੱਤਾ ਵਿਚ ਬਣੀ ਰਹਿਣ ਵਾਲੀ ਪਾਰਟੀ ਕਾਂਗਰਸ ਅੰਦਰ ਪ੍ਰਵਾਰਵਾਦੀ ਏਕਾਧਿਕਾਰ ਪ੍ਰਬਲ ਹੋਣ ਕਰ ਕੇ ਸ਼੍ਰੀਮਤੀ ਇੰਦਰਾ ਗਾਂਧੀ ਕਾਲ ਵੇਲੇ ‘ਨਿਰਵਾਚਤ ਜ਼ਾਰਸ਼ਾਹੀ’ ਸਥਾਪਤ ਹੋਣੀ ਸ਼ੁਰੂ ਹੋ ਗਈ ਸੀ। ਸ਼੍ਰੀਮਤੀ ਗਾਂਧੀ ਤੇ ਉਸ ਦਾ ਪੁੱਤਰ ਸ਼੍ਰੀ ਰਾਜੀਵ ਗਾਂਧੀ ਨਿਰਦਈ, ਜ਼ਾਲਮ ਤੇ ਏਕਾਧਿਕਾਰਵਾਦੀ ‘ਜ਼ਾਰ’ ਵਜੋਂ ਸ਼ਾਸਨ ਚਲਾਉਂਦੇ ਰਹੇ। ਇਸ ਦੌਰਾਨ ਬਾਬਾ ਸਾਹਬ ਅੰਬਦੇਕਰ ਵਲੋਂ ਰਚਿਤ ਸੰਵਿਧਾਨ ਦੀ ਖ਼ੂਬਸੂਰਤ ਪੁਖ਼ਤਗੀ ਏਨੀ ਮਜ਼ਬੂਤੀ ਨਾਲ ਕਾਇਮ ਰਹੀ ਕਿ ਉਹ ਇਸ ਦੇ ਪਿਰਾਮਿੱਡੀ ਲੋਕਤੰਤਰੀ ਸੰਸਥਾਤਮਕ ਥੰਮਾਂ ਨੂੰ ਉਖਾੜਨੋਂ ਨਾਕਾਮ ਰਹੇ।

ਪਰ ਸੰਨ 2014 ਨੂੰ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸੱਤਾ ਪ੍ਰਾਪਤੀ ਤੋਂ ਕੁੱਝ ਸਮਾਂ ਬਾਅਦ ‘ਨਿਰਵਾਚਤ ਜ਼ਾਰਸ਼ਾਹੀ’ ਹੋਰ ਤਾਕਤਵਰ, ਕਰੂਰ ਤੇ ਬਰਬਰਤਾਪੂਰਵਕ ਸਥਾਪਤ ਹੁੰਦੀ ਵੇਖੀ ਜਾ ਰਹੀ ਹੈ। ਸ਼੍ਰੀ ਮੋਦੀ ਨਿਰੰਕੁਸ਼ ਗ਼ਰੂਰਵਾਦੀ ਅਤੇ ਹੱਠੀ ‘ਜ਼ਾਰ’ ਵਜੋਂ ਸ਼੍ਰੀਮਤੀ ਇੰਦਰਾਗਾਂਧੀ ਤੋਂ ਵੀ ਅੱਗੇ ਨਿਕਲ ਗਏ। ਇਸ ਦਾ ਕਾਰਨ ਆਰ.ਐਸ.ਐਸ. ਦੀ ਹਿੰਦੁਤਵੀ ਵਿਚਾਰਧਾਰਾ ਹੈ ਜੋ ਦੇਸ਼ ਅੰਦਰ ਦਲਿਤ, ਖੱਬੇਪੱਖੀਆਂ ਤੇ ਘੱਟ-ਗਿਣਤੀ ਭਾਈਚਾਰਿਆਂ ਨੂੰ ਖ਼ਤਮ ਕਰਨ ਜਾਂ ਹੀਣੇ ਬਣਾਉਣ ਜਾਂ ਅਪਣੇ ਵਿਚ ਜਜ਼ਬ ਕਰਨਾ ਚਾਹੁੰਦੀ ਹੈ। ਸੱਤਾ ਵਿਚ ਬਣੇ ਰਹਿਣ ਦੇ ਅਪਣੇ ਏਜੰਡੇ ਤੇ ਅਮਲ ਕਰਨ ਲਈ ਉਹ ਸੰਵਿਧਾਨਕ ਸੰਸਥਾਵਾਂ ਤੇ ਮੀਡੀਆ ਨੂੰ ਅਪਣੇ ਗੋਲੇ ਬਣਾ ਰਹੀ ਹੈ। ਸੁਪਰੀਮ ਕੋਰਟ ਦੇ ਚਾਰ ਜੱਜਾਂ ਵਲੋਂ ਇਸ ਦੇ ਗੋਲੇਪਣ ਵਿਰੁਧ ਆਵਾਜ਼ ਉਠਾਉਣ ਦੇ ਬਾਵਜੂਦ ਇਕ ਚੀਫ਼ ਜਸਟਿਸ ਵਲੋਂ ਮਹਿਜ਼ ਰਾਜ ਸਭਾ ਮੈਂਬਰੀ ਖ਼ਾਤਰ ਇਸ ਮਹਾਨ ਸੰਸਥਾ ਦਾ ਗੋਲਾਪਣ ਬੇਨਕਾਬ ਹੋ ਜਾਂਦਾ ਹੈ। ਚੋਣ ਕਮਿਸ਼ਨ, ਸੂਚਨਾ ਕਮਿਸ਼ਨ, ਯੂ.ਪੀ.ਐਸ.ਸੀ., ਸੀ.ਬੀ.ਆਈ. (ਤੋਤਾ ਏਜੰਸੀ) ਆਦਿ ਦੇ ਖੰਭ ਛਾਂਗ ਦਿਤੇ ਜਾਂਦੇ ਹਨ। ਫ਼ੈਡਰਲ ਸਿਸਟਮ ਦੀ ਥਾਂ ਕੇਂਦਰੀ ਏਕਾਧਿਕਾਰ ਭਾਰੂ ਹੋ ਜਾਂਦਾ ਹੈ।

ਜ਼ਾਰਸ਼ਾਹ ਬਰਬਰਤਾ : ਸ੍ਰੀਮਤੀ ਇੰਦਰਾ ਗਾਂਧੀ ਵੇਲੇ ਏਕਾਧਿਕਾਰਵਾਦੀ ਸੱਤਾ ਕਾਇਮੀ ਲਈ ‘ਨਿਰਵਾਚਤ ਜ਼ਾਰਸ਼ਾਹੀ’ ਦੇਸ਼ ਅੰਦਰ ਸੰਨ 1975 ਵਿਚ ਐਮਰਜੈਂਸੀ ਠੋਕ ਕੇ ਵਿਰੋਧੀ ਧਿਰ ਦਾ ਸੰਵਿਧਾਨ ਦੀ ਧਾਰਾ 19 ਅਧੀਨ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਖੋਹ ਕੇ, ਜਲਸੇ-ਜਲੂਸਾਂ ਤੇ ਪਾਬੰਦੀ ਲਗਾ ਕੇ ਜੇਲੀਂ ਬੰਦ ਕਰਨ ਦੀ ਧੱਕੇ ਸ਼ਾਹੀ ਵੇਖੀ ਗਈ। ਕੋਈ ਕਾਂਗਰਸੀ ਆਗੂ ਉਸ ਅੱਗੇ ਮੂੰਹ ਨਹੀਂ ਸੀ ਖੋਲ੍ਹ ਸਕਦਾ। ਤਤਕਾਲੀਨ ਕਾਂਗਰਸ ਪ੍ਰਧਾਨ ਦੇਵਕਾਂਤ ਬਰੂਆ ਨੇ ਉਸ ਨੂੰ ‘ਨਿਰਵਾਚਤ ਜ਼ਾਰ’ ਘੋਸ਼ਿਤ ਕਰਦੇ ਕਿਹਾ, ‘ਇੰਦਰਾ ਇਡੀਆ ਹੈ ਅਤੇ ਇੰਡੀਆ ਇੰਦਰਾ ਹੈ।’ ਨਿਰਵਾਚਤ ਜ਼ਾਰ ਵਜੋਂ ਉਹ ਜੂਨ, 1984 ਵਿਚ ਪੰਜਾਬ ਅਤੇ ਖਾਸ ਕਰ ਕੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਮਿਲੀਟੈਂਸੀ ਦੀ ਆੜ ਹੇਠ ਫ਼ੌਜੀ ਬੂਟਾਂ ਹੇਠ ਦਰੜਨ ਅਤੇ ਗੋਲੀ ਬਾਰੂਦ ਨਾਲ ਵਿੰਨ੍ਹਣ, 37 ਗੁਰਦਵਾਰਿਆਂ ਸਮੇਤ ਮੁਕੱਦਸ ਸ਼੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਨੂੰ ਢਾਹ-ਢੇਰੀ ਜਾਂ ਬੇਅਦਬੀ ਕਰਨ ਲਈ ‘ਨੀਲਾ ਤਾਰਾ ਅਪਰੇਸ਼ਨ’ ਕਰਵਾਉਂਦੀ ਹੈ।

31 ਅਕਤੂਬਰ, 1984 ਦੇ ਬਾਅਦ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਵਾਲੇ ਦਿਨ ‘ਗ਼ੈਰ ਨਿਰਵਾਚਤ ਜ਼ਾਰ’ ਵਜੋਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਉਸ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਾ ਦਿੰਦਾ ਹੈ। ਅਗਲੇ 4-5 ਦਿਨ ਜ਼ਾਰਸ਼ਾਹ ਨਵੰਬਰ ’84 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖ ਕਤਲੇਆਮ ਪੁਲਸ ਅਤੇ ਕਾਂਗਰਸ ਦੇ ਗੁੰਡਿਆਂ ਰਾਹੀਂ ਅੰਜਾਮ ਦਿੰਦਾ ਹੈ ਜਿਸ ਵਿਚ ਚਾਰ ਤੋਂ ਸੱਤ ਹਜ਼ਾਰ ਬੱਚੇ, ਬੁੱਢੇ, ਨੌਜੁਆਨ ਅਤੇ ਔਰਤਾਂ ਬੇਦਰਦੀ ਨਾਲ ਮਾਰੇ ਜਾਂਦੇ ਹਨ। ਇਹ ਭਾਰਤੀ ਰਾਜ ਅੰਦਰ ਬਰਬਰਤਾ ਪੂਰਨ ਜ਼ਾਰਸ਼ਾਹੀ ਦਾ ਤਾਂਡਵ ਨਾਚ ਸੀ। ਨਿਰਵਾਚਤ ਜ਼ਾਰ ਅਤੇ ਉਸ ਦੀ ਜ਼ਾਰਸ਼ਾਹੀ ਦਾ ਤਾਂਡਵ ਨਾਚ ਸੰਨ 2002 ਵਿਚ ਗੋਧਰਾ ਕਾਂਡ ਬਾਅਦ ਗੁਜਰਾਤ ਅੰਦਰ ਵੇਖਣ ਨੂੰ ਮਿਲਿਆ, ਜਿਸ ਵਿਚ ਕਰੀਬ ਦੋ ਹਜ਼ਾਰ ਮੁਸਲਮ ਭਾਈਚਾਰੇ ਦੇ ਲੋਕ ਸਾਬਕਾ ਐਮ.ਪੀ. ਸਮੇਤ ਮਾਰੇ ਗਏ। ਜ਼ਾਰ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਜਨਤਕ ਤੌਰ ਤੇ ਡਾਂਟਦਿਆਂ ਪ੍ਰਧਾਨ ਮੰਤਰੀ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਨੇ ਕਿਹਾ ਕਿ ਉਸ ਨੇ ਇਹ ਕਤਲੇਆਮ ਰੋਕਣ ਲਈ ‘ਰਾਜ ਧਰਮ’ ਨਹੀਂ ਨਿਭਾਇਆ।

ਪ੍ਰਧਾਨ ਮੰਤਰੀ ਬਣਨ ਉਪਰੰਤ ਨਿਰਵਾਚਤ ਜ਼ਾਰਸ਼ਾਹੀ ਰਾਹੀਂ ਮੋਦੀ ਨੇ ਨੋਟਬੰਦੀ, ਜੀ.ਐਸ.ਟੀ., ਨਾਗਰਿਕਤਾ (ਸੋਧ) ਕਾਨੂੰਨ, ਧਾਰਾ 370 ਤੋੜਨ ਆਦਿ ਜਿਹੇ ਨਿਰਣੇ ਲਏ। ਕਿਸਾਨੀ ਵਿਰੋਧੀ ਤਿੰਨ ਕਾਨੂੰਨ ਧੱਕੇ ਨਾਲ ਘੜੇ ਗਏ। ਦਿੱਲੀ ਦੁਆਲੇ ਸਿੰਘੂ, ਟਿਕਰੀ, ਗਾਜ਼ੀਪੁਰ, ਸਾਹਜ਼ਹਾਨਪੁਰ ਆਦਿ ਵਿਖੇ ਸ਼ਾਂਤੀਪੂਰਵਕ ਇਨ੍ਹਾਂ ਕਾਲੇ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੇ ਲੱਖਾਂ ਕਿਸਾਨ ਜੋ ਪਿਛਲੇ ਤਿੰਨ ਮਹੀਨਿਆਂ ਤੋਂ ਬੈਠੇ ਹੋਏ ਹਨ, ਨੂੰ ਕਦੇ ਖ਼ਾਲਿਸਤਾਨੀ, ਅਤਿਵਾਦੀ, ਨਕਸਲਵਾਦੀ ਅਤੇ ਵੱਖਵਾਦੀ ਕਿਹਾ ਗਿਆ। ਉਨ੍ਹਾਂ ਨਾਲ 11-12 ਵਾਰ ਗਲਬਾਤ ਵੀ ਜਾਰੀ ਰਖੀ ਪਰ 26 ਜਨਵਰੀ ਨੂੰ ਲੱਖਾਂ ਟਰੈਕਟਰਾਂ ਰਾਹੀਂ ਸ਼ਾਤਮਈ ਰੈਲੀ ਸਿਵਾਏ ਲਾਲ ਕਿਲ੍ਹਾ ਵਿਖੇ ਰੂਟ ਅਵਗਿਆਕਾਰੀ ਨੌਜਵਾਨਾਂ ਵਲੋਂ ਨਿਸ਼ਾਨ ਸਾਹਿਬ, ਕਿਸਾਨੀ ਅਤੇ ਤਿਰੰਗਾ ਝੰਡਾ ਲਹਿਰਾਉਣ ਦੇ ਬਾਵਜੂਦ ਉਨ੍ਹਾਂ ਨੂੰ ਧਰਨਾਕਾਰੀ ਥਾਵਾਂ ਤੋਂ ਉਠਾਉਣ ਲਈ ’84 ਵਾਲੀ ਵਿਧੀ ਅਪਣਾਉਣ ਦਾ ਅਸਫ਼ਲ ਯਤਨ ਕੀਤਾ ਗਿਆ। ਇਸ ਕਾਰਵਾਈ ਵਿਚ ਪੁਲਸ, ਭਾਜਪਾ ਵਿਧਾਇਕ ਅਤੇ ਗ਼ੈਰ ਸਮਾਜੀ ਭਾਜਪਾਈ ਅਤੇ ਹਮਾਇਤੀ ਸ਼ਾਮਲ ਹਨ। ਇਸ ਕਾਰਵਾਈ ਵਿਚ ਪੁਲਸ ਨੇ ਲਾਠੀ, ਅੱਥਰੂ ਗੈਸ ਤੇ ਦੰਗਈਆਂ ਨੇ ਇੱਟਾਂ-ਵੱਟੇ ਵੀ ਚਲਾਏ ਅਤੇ ਭਨਤੋੜ ਕੀਤੀ।

ਇਥੇ ਹੀ ਬਸ ਨਹੀਂ, ਉਨ੍ਹਾਂ ਦੇ ਧਰਨੇ ਸਥਾਨਾਂ ਨੂੰ ਨਜ਼ਰਬੰਦੀ ਕੈਂਪਾਂ ਵਿਚ ਬਦਲਣ ਲਈ ਕੰਕ੍ਰੀਟ, ਕਿੱਲਾਂ, ਕੰਡਿਆਲੀ ਤਾਰ ਅਤੇ ਉੱਚੀਆਂ ਦੀਵਾਰਾਂ ਵਾਲੇ ਬੈਰੀਕੇਡ ਖੜੇ ਕੀਤੇ ਗਏ। ਅਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੀ ਬਿਜਲੀ, ਪਾਣੀ, ਅਤੇ ਇੰਟਰਨੈੱਟ ਤਕ ਬੰਦ ਕਰ ਦਿਤੇ ਗਏ। ਵੱਡੀ ਗਿਣਤੀ ਵਿਚ ਅਰਧ ਫੌਜੀ ਦਲ ਤਾਇਨਾਤ ਕਰ ਦਿਤੇ। ਹੱਡਚੀਰਵੀਂ ਸਰਦ ਰੁੱਤ ਵਿਚ ਤਸੀਹਿਆਂ ਦੇ ਚਲਦੇ 200 ਕਿਸਾਨ ਸ਼ਹੀਦ ਹੋ ਗਏ। ਪੱਤਰਕਾਰਾਂ ਨਾਲ ਕੁੱਟਮਾਰ ਕੀਤੀ, ਪਰਚੇ ਦਰਜ ਕੀਤੇ ਤੇ ਜੇਲ ਭੇਜਿਆ। ਰਾਕੇਸ਼ ਟਿਕੈਤ ਕਿਸਾਨ ਲੀਡਰ ਦਾ ਕੈਂਪ ਜਬਰੀ ਦੋ ਹਜ਼ਾਰ ਪੁਲਿਸ, ਨੰਦ ਕਿਸ਼ੋਰ ਵਿਧਾਇਕ ਤੇ ਉਸ ਦੇ 400 ਕਰੀਬ ਗੁੰਡਾ ਬ੍ਰਿਗੇਡ ਨੇ ਬੰਦੂਕ ਦੀ ਨੋਕ ਤੇ ਕਾਲੀ ਕਰਵਾਉਣਾ ਚਾਹਿਆ। ਅਜਿਹਾ ਵਤੀਰਾ ਅਪਣੇ ਅੰਨਦਾਤਾ ਕਿਸਾਨਾਂ ਨਾਲ ਅਜੋਕੇ ਸਭਿਅਕ ਸਮਾਜ ਦਾ ਲੋਕਸ਼ਾਹੀ ਸ਼ਾਸ਼ਕ ਨਹੀਂ ਜ਼ਾਰਸ਼ਾਹ ਹੀ ਕਰ ਸਕਦਾ ਹੈ।

ਅਜਿਹੇ ਜ਼ਾਰ ਤੇ ਜ਼ਾਰਸ਼ਾਹੀ ਵਿਰੁਧ ਹਰਿਆਣਾ, ਯੂ.ਪੀ, ਰਾਜਸਥਾਨ, ਮੱਧ ਪ੍ਰਦੇਸ਼ ਖਾਪਾਂ ਵਿਚੋਂ ਲੱਖਾਂ ਕਿਸਾਨ ਤੇ ਹਮਾਇਤੀ ਉੱਠ ਖੜੇ ਹੋਏ। ਭਾਜਪਾ-ਆਰ.ਐਸ.ਐਸ ਦਾ ਫ਼ਿਰਕੂ ਹਿੰਸਕ ਏਜੰਡਾ ਬੇਨਕਾਬ ਹੋ ਗਿਆ। ਵਿਸ਼ਵ ਪੱਧਰੀ ਸ਼ਖ਼ਸੀਅਤਾਂ ਰਿਹਾਨਾ, ਗ੍ਰੇਟਾਥਨਬਰਗ, ਮੀਨਾ ਹੈਰਿਸ, ਜਾਹ ਕੁਸੈਕ, ਜਗਮੀਤ ਸਿੰਘ, ਢੇਸੀ ਆਦਿ ਨੇ ਮੋਦੀ ਸਰਕਾਰ ਦੇ ਅਣਮਨੁੱਖੀ ਘਿਨੌਣੇ ਚਿਹਰੇ ਨੂੰ ਬੇਨਕਾਬ ਕੀਤਾ। ਮਾਨਵਤਾ ਅਤੇ ਹਿੰਦੂ ਧਰਮ ਦੀ ਰਾਖੀ ਲਈ ਕੁਰਬਾਨੀਆਂ ਕਰਨ ਵਾਲੇ ਸਿੱਖ ਗੁਰੂਆਂ ਦੇ ਸ਼ਰਧਾਲੂ ਘੱਟ-ਗਿਣਤੀ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਲਈ 85 ਫ਼ੀ ਸਦੀ ਕੁਰਬਾਨੀਆਂ ਦਿਤੀਆਂ, ਦੇਸ਼ ਦਾ ਅੰਨ ਭੰਡਾਰ ਭਰਨ ਤੇ ਖੜਗ ਭੁਜਾ ਵਜੋਂ ਰਾਖੀ ਲਈ ਵੱਡੀਆਂ ਘਾਲਾਂ ਘਾਲ ਰਹੇ ਹਨ। ਪਰ ਭਾਰਤੀ ਰਾਜ ਤੇ ਇਸ ਦੇ ਜ਼ਾਰਸ਼ਾਹ ਕਿਸੇ ਨਾ ਕਿਸੇ ਬਹਾਨੇ ਇਨ੍ਹਾਂ ਦੇ ਕਤਲੇ-ਆਮ ਤੇ ਬਰਬਾਦੀ ਦੇ ਮਨਸੂਬੇ ਘੜਦੇ ਰਹਿੰਦੇ ਹਨ। ਅਜਿਹਾ ਕਦੋਂ ਬੰਦ ਹੋਵੇਗਾ?

ਦਿੱਲੀ ਪੁਲਿਸ ਨੇ ਸਿੱਖਾਂ ਨੂੰ ਬੇਰਹਿਮੀ ਨਾਲ 26 ਜਨਵਰੀ ਟਰੈਕਟਰ ਰੈਲੀ ਵੇਲੇ ਕੁਟਿਆ। ਇਕ ਨੌਜੁਆਨ ਦੇ ਚਿਹਰੇ ਤੇ ਗਰਦਨ ਤੇ ਬੂਟ ਨਾਲ ਉਵੇਂ ਮਧੋਲਿਆ ਜਿਵੇਂ ਫ਼ਲੋਰੀਡਾ (ਅਮਰੀਕਾ) ਵਿਖੇ ਜਾਰਜ ਫ਼ਲਾਈਡ ਕਾਲੇ ਵਿਅਕਤੀ ਨੂੰ ਗੋਰੇ ਪੁਲਸੀਏ ਨੇ 8.46 ਮਿੰਟ ਧੌਣ ਤੇ ਗੋਡਾ ਰੱਖ ਕੇ ਮਾਰ ਦਿਤਾ ਸੀ। ਭਾਰਤੀ ਸਭਿਆਚਾਰ ਵਿਚ ਜ਼ਾਰਸ਼ਾਹੀ ਤੇ ਜ਼ਾਰ ਸਾਸ਼ਕਾਂ ਲਈ ਕੋਈ ਥਾਂ ਨਹੀਂ। ਅੱਜ ਭਾਰਤ ਦੇ ਹਰ ਵਰਗ, ਜਾਤ, ਫ਼ਿਰਕੇ, ਧਰਮ ਅਤੇ ਇਲਾਕੇ ਦੇ ਲੋਕਾਂ ਨੂੰ ਭਾਰਤੀ ਲੋਕਤੰਤਰ ਅਤੇ ਬਾਬਾ ਅੰਬੇਦਕਾਰ ਦੇ ਪਵਿੱਤਰ ਸੰਵਿਧਾਨ ਦੀ ਰਾਖੀ ਲਈ ਤਾਕਤ ਪਕੜਦੀ ਨਿਰਵਾਚਤ ਜ਼ਾਰਸਾਹੀ ਪ੍ਰਵਿਰਤੀ ਰੋਕਣ ਲਈ ਉੱਠ ਖੜੇ ਹੋਣਾ ਚਾਹੀਦਾ ਹੈ।
                                                            ਦਰਬਾਰਾ ਸਿੰਘ ਕਾਹਲੋਂ,ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
                                                                 ਸੰਪਰਕ : +1-289-829-2929