ਨੌਜਵਾਨੀ ਦਾ ਵਿਦੇਸ਼ ਜਾਣਾ ਮਜਬੂਰੀ ਜਾਂ ਬੇਰੁਜ਼ਗਾਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਹਿਲਾਂ ਕੋਈ ਵਿਰਲਾ ਹੀ ਸੀ ਜੋ ਪਿੰਡ ’ਚੋਂ ਬਾਹਰ ਵਿਦੇਸ਼ ਜਾਂਦਾ ਸੀ। ਪਹਿਲਾਂ ਪਹਿਲ ਏਨੀ ਕੁ ਦੌੜ ਜ਼ਰੂਰ ਸੀ

photo

 

ਪਹਿਲਾਂ ਕੋਈ ਵਿਰਲਾ ਹੀ ਸੀ ਜੋ ਪਿੰਡ ’ਚੋਂ ਬਾਹਰ ਵਿਦੇਸ਼ ਜਾਂਦਾ ਸੀ। ਪਹਿਲਾਂ ਪਹਿਲ ਏਨੀ ਕੁ ਦੌੜ ਜ਼ਰੂਰ ਸੀ ਕਿ ਜਿਸ ਪ੍ਰਵਾਰ ਦਾ ਕੋਈ ਜੀਅ ਬਾਹਰ ਸੀ, ਉਹ ਅਪਣੇ ਸਕੇ ਸਬੰਧੀਆਂ ਦਾ ਵੀਜ਼ਾ ਲਗਵਾ ਕੇ ਅਪਣੇ ਕੋਲ ਸੱਦ ਲੈਂਦਾ ਸੀ। ਪਰ ਹੁਣ ਬਹੁਤ ਸਾਰੇ ਕਾਰਨ ਹੋਰ ਵੀ ਉਪਜ ਗਏ ਹਨ ਜਿਵੇਂ ਵਿਦੇਸ਼ਾਂ ਵਿਚ ਰਹਿ ਕੇ ਹਰ ਕੋਈ ਅਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ। ਪਰ ਜੇ ਦੇਖਿਆ ਜਾਵੇ ਤਾਂ ਗੁੰਡਾਗਰਦੀ ਵਿਦੇਸ਼ਾਂ ’ਚ ਵੀ ਘੱਟ ਨਹੀਂ। ਵਿਦੇਸ਼ਾਂ ’ਚ ਰਾਜਨੀਤਕ ਲੋਕਾਂ ਦੀ ਦਖ਼ਲ-ਅੰਦਾਜ਼ੀ ਬਹੁਤ ਘੱਟ ਹੈ। ਵਿਦੇਸ਼ਾਂ ’ਚ ਵਾਤਾਵਰਣ ਬਹੁਤ ਵਧੀਆ ਹੈ, ਲੋਕ ਵੀ ਅਪਣੀ ਜ਼ਿੰਮੇਵਾਰੀ ਸਮਝਦੇ ਹਨ। ਇੱਥੇ ਜ਼ਿੰਮੇੇਵਾਰੀ ਨੂੰ ਕੋਈ ਸਮਝਦਾ ਹੀ ਨਹੀਂ। ਵਿਦੇਸ਼ਾਂ ’ਚ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਲੋਕਾਂ ਤੋਂ ਵੋਟਾਂ ਨਹੀਂ ਲਈਆਂ ਜਾਂਦੀਆਂ ਜਿਵੇਂ ਕਿ ਸਾਡੇ ਮੁਫ਼ਤਖੋਰੀ ਨੇ ਨੌਜਵਾਨੀ ਦਾ ਘਾਣ ਕਰ ਛਡਿਆ ਹੈ।

ਵਿਦੇਸ਼ਾਂ ’ਚ ਆਵਾਜਾਈ ਦੇ ਨਿਯਮ ਹਨ। ਹਾਂ ਜੇ ਕੋਈ ਗ਼ਲਤੀ ਕਰਦਾ ਹੈ ਤਾਂ ਸਭ ਨਾਲ ਇਕੋ ਜਿਹਾ ਵਰਤਾਰਾ ਕੀਤਾ ਜਾਂਦੈ ਭਾਵੇਂ ਉਹ ਐਮ ਪੀ, ਐਮ.ਐਲ.ਏ ਹੈ ਜਾਂ ਆਮ ਨਾਗਰਿਕ ਹੀ ਕਿਉਂ ਨਾ ਹੋਵੇ। ਇਥੇ ਇਕ ਐਮਐਲਏ ਨੂੰ ਲੰਘਾਉਣ ਲਈ ਘੰਟਿਆਂ ਬੱਧੀ ਆਮ ਲੋਕ ਖੱਜਲ ਹੁੰਦੇ ਹਨ। ਲੜਕੀਆਂ ਵੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਹਰ ਲੜਕੀ ’ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਿਸ ਤਰ੍ਹਾਂ ਰਹਿਣਾ ਹੈ। ਵਿਦੇਸ਼ਾਂ ’ਚ ਥਾਂ-ਥਾਂ ਪੁਲਿਸ ਵਲੋਂ ਨਾਕੇ ਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ। ਵਿਦੇਸ਼ਾਂ ਵਿਚ ਜਾਤੀਵਾਦ, ਭਾਸ਼ਾਵਾਦ ਨਹੀਂ। ਸਾਡੇ ਦੇਸ਼ ’ਚ ਇਹ ਲੜਾਈਆਂ ਹੀ ਨਹੀਂ ਮੁਕਦੀਆਂ। ਅੱਜ ਵੀ ਗੋਰਿਆਂ ਦੇ ਕੀਤੇ ਵਿਕਾਸ ਨੂੰ ਯਾਦ ਕੀਤਾ ਜਾਂਦਾ ਹੈ ਕਿਉਕਿ ਸਾਡੇ ਕਾਲਿਆਂ ਨੇ ਦੇਸ਼ ਨੂੰ ਉਨ੍ਹਾਂ ਤੋਂ ਜ਼ਿਆਦਾ ਲੁਟਿਆ ਹੈ। 

ਅੱਜ ਅਸੀਂ ਲੱਖਾਂ ਰੁਪਏ ਖ਼ਰਚ ਕਰ ਕੇ ਉਨ੍ਹਾਂ ਗੋਰਿਆਂ ਕੋਲ ਕਿਉਂ ਜਾ ਰਹੇ ਹਾਂ? ਇਹ ਸੋਚਣ ਵਾਲੀ ਗੱਲ ਹੈ। ਵਿਦੇਸ਼ਾਂ ’ਚ ਲੋਕਤੰਤਰ ਵਿਕਾਊ ਨਹੀਂ ਪਰ ਸਾਡੇ ਦੇਸ਼ ’ਚ ਲੋਕਤੰਤਰ ਵੋਟਾਂ ਵਾਲੇ ਦਿਨ ਗਲੀਆਂ ’ਚ ਮੁੱਲ ਮਿਲਦੈ। ਵਿਦੇਸ਼ਾਂ ਵਿਚ ਮਜ਼ਦੂਰ ਨੂੰ ਉਸ ਦੀ ਮਜ਼ਦੂਰੀ ਦਾ ਪੂਰਾ ਹੱਕ ਮਿਲਦਾ ਹੈ ਪਰ ਸਾਡੇ ਦੇਸ਼ ਵਿਚ ਮਜ਼ਦੂਰ ਨੂੰ ਉਸ ਦਾ ਪੂਰਾ ਮਿਹਨਤਾਨਾ ਨਹੀਂ ਮਿਲਦਾ ਜਿਸ ਕਾਰਨ ਲੋਕ ਵਿਦੇਸ਼ਾਂ ਵਿਚ ਜਾ ਕੇ ਮਜ਼ਦੂਰੀ ਕਰਨ ਨੂੰ ਤਿਆਰ ਹਨ। ਕੁੱਝ ਹੱਦ ਤਕ ਇਸ ਦਾ ਕਾਰਨ ਨੌਜਵਾਨੀ ਅੰਦਰ ਉਪਜੀ ਨਿਰਾਸ਼ਾ ਹੈ ਕਿ ਸਰਕਾਰੀ ਨੌਕਰੀ ਦੇ ਕਾਬਲ ਹੋਣ ਦੇ ਬਾਵਜੂਦ ਉਸ ਦਾ ਅਗਲਾ ਪ੍ਰਵਾਰਕ ਜੀਵਨ ਸੁਖਾਲਾ ਨਹੀਂ ਹੋਵੇਗਾ। ਕਿਸਾਨ ਅਪਣੇ ਖੇਤੀ ਧੰਦੇ ਨੂੰ ਹੁਣ ਬਹੁਤਾ ਕਮਾਈ ਦਾ ਸਾਧਨ ਨਹੀਂ ਸਮਝਦਾ। ਇਸੇ ਕਾਰਨ ਉਹ ਅਪਣੇ ਧੀ ਪੁੱਤਰ ਨੂੰ ਵਿਦੇਸ਼ ਸੈੱਟ ਕਰਨਾ ਹੀ ਅਪਣਾ ਧਰਮ ਸਮਝਦੈ।

ਵਿਦੇਸ਼ ਜਾਣ ਦੇ ਦੋਵੇਂ ਪੱਖ ਵਾਚਣੇ ਬਹੁਤ ਜ਼ਰੂਰੀ ਹਨ ਕਿ ਜੇ ਜਵਾਨੀ ਕੁੱਝ ਅਪਣੇ ਆਪ ਨੂੰ ਨਿਖਾਰਨਾ ਚਾਹੁੰਦੀ ਹੈ ਤਾਂ ਜੀਅ ਸਦਕੇ ਜਾਵੇ ਪਰ ਇਹ ਕਹਿ ਕੇ ਪੰਜਾਬ ਛੱਡ ਦੇਈਏ ਕਿ ਇੱਥੇ ਮਾਹੌਲ ਮਾੜਾ ਹੈ, ਨਸ਼ੇ ਹਨ, ਸੁਰੱਖਿਆ ਨਹੀਂ ਤਾਂ ਇਹ ਵੱਡਾ ਵਹਿਮ ਹੈ ਕਿਉਂਕਿ ਜਿਨ੍ਹਾਂ ਦੇਸ਼ਾਂ ’ਚ ਤੁਸੀ ਜਾਣਾ ਚਾਹੁੰਦੇ ਹੋ, ਜੁਰਮ, ਨਸ਼ੇ, ਮਾੜਾ ਮਾਹੌਲ ਤਾਂ ਉੱਥੇ ਵੀ ਹੈ। ਹਾਂ ਜੇ ਤੁਸੀ ਪੰਜਾਬ ਨੂੰ ਬਦਲਣਾ ਨਹੀਂ ਚਾਹੋਗੇ ਤਾਂ ਹੋਰ ਕੌਣ ਬਦਲੂ? ਜੇ ਸਾਨੂੰ ਲਗਦੈ ਕਿ ਪੰਜਾਬ ’ਚ ਰੁਜ਼ਗਾਰ ਨਹੀਂ ਤਾਂ ਦੱਸੋ ਕਿ ਪੰਜਾਬ ’ਚ ਬਾਕੀ ਸੂਬਿਆਂ ਤੋਂ ਆ ਕੇ ਰਹਿਣ ਵਾਲੇ ਲੋਕ ਲੱਖਾਂ ਕਰੋੜਾਂ ਦੇ ਮਾਲਕ ਕਿਵੇਂ ਬਣ ਗਏ? ਨੌਜਵਾਨੀ ਜਿੰਨੀ ਮਿਹਨਤ ਵਿਦੇਸ਼ਾਂ ’ਚ ਕਰਦੀ ਹੈ, ਓਨੀ ਪੰਜਾਬ ’ਚ ਕਰੇ ਤਾਂ ਪੰਜਾਬ ਤਰੱਕੀ ਨਾ ਕਰੂ?  
        - ਜਸਵੰਤ ਸਿੰਘ ਜੋਗਾ, ਮੋਬਾਈਲ : 6239643306