ਦਲੀਪ ਸਿੰਘ ਵਰਗੇ ਇਤਿਹਾਸਕ ਕਿਰਦਾਰ ਸਾਨੂੰ ਝੰਜੋੜਦੇ ਰਹਿਣ ਲਈ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੀ ਬਲੈਕ ਪ੍ਰਿੰਸ ਫ਼ਿਲਮ ਦੇ ਆਉਣ ਨਾਲ ਪੰਜਾਬ ਨੂੰ ਜਜ਼ਬਾਤੀ ਹੁੰਦੇ ਵੇਖਿਆ ਹੈ। ਇਸ ਜਜ਼ਬਾਤ 'ਚ ਅਹਿਸਾਸ, ਦਰਦ ਅਤੇ ਬੀਤੇ ਸਮੇਂ ਦਾ ਅਣਫੋਲਿਆ ਸਫ਼ਾ ਸਾਹਮਣੇ ਆਇਆ ਹੈ ਜਿਸ ਨਾਲ

Duleep Singh

ਦੀ ਬਲੈਕ ਪ੍ਰਿੰਸ ਫ਼ਿਲਮ ਦੇ ਆਉਣ ਨਾਲ ਪੰਜਾਬ ਨੂੰ ਜਜ਼ਬਾਤੀ ਹੁੰਦੇ ਵੇਖਿਆ ਹੈ। ਇਸ ਜਜ਼ਬਾਤ 'ਚ ਅਹਿਸਾਸ, ਦਰਦ ਅਤੇ ਬੀਤੇ ਸਮੇਂ ਦਾ ਅਣਫੋਲਿਆ ਸਫ਼ਾ ਸਾਹਮਣੇ ਆਇਆ ਹੈ ਜਿਸ ਨਾਲ ਅਸੀ ਫਿਰ ਤੋਂ ਦੇਸ਼ ਪੰਜਾਬ ਦੀ ਗੱਲ ਤੋਰ ਰਹੇ ਹਾਂ। ਪਰ ਇਸ ਫ਼ਿਲਮ ਦੇ ਬਹਾਨੇ ਅਪਣਿਆਂ ਅੰਦਰ ਹੀ ਇਕ ਬਹਿਸ ਹੈ ਕਿ ਕੋਈ ਇਸ ਨੂੰ ਹੇਰਵਾ ਕਹਿ ਰਿਹਾ ਹੈ, ਕੋਈ ਰਜਵਾੜਾਸ਼ਾਹੀ ਦੇ ਮੁਰੀਦ ਹੋਣ ਦਾ ਦੋਸ਼ ਲਾ ਰਿਹਾ ਹੈ ਤੇ ਕੋਈ ਇਸ ਨੂੰ ਸਿੱਖ ਵਲੋਂ ਪ੍ਰਭਾਸ਼ਿਤ ਸੰਕਲਪ ਦੱਸ ਰਿਹਾ ਹੈ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਸਮਝਦਾ ਹਾਂ ਕਿ ਫ਼ਿਲਮ ਦੇ ਇਕ ਜ਼ਰੀਏ ਦੇ ਤੌਰ ਤੇ ਇਸ ਦੀ ਤਕਨੀਕੀ ਵਿਆਖਿਆ ਹੋ ਸਕਦੀ ਹੈ ਅਤੇ ਹੋਣੀ ਚਾਹੀਦੀ ਹੈ ਪਰ ਮੇਰਾ ਨੁਕਤਾ ਇਸ ਵਿਸ਼ੇ ਨੂੰ ਲੈ ਕੇ ਪੈਦਾ ਹੁੰਦੀ ਬਹਿਸ ਨੂੰ ਲੈ ਕੇ ਹੈ ਜੋ ਪੰਜਾਬ ਨੂੰ ਸਿੱਖ ਵਿਚਾਰਕ ਬਨਾਮ ਖੱਬੇਪੱਖੀ ਬਨਾਮ ਸੋ ਤੇ ਸੋ ਬਨਾਮ ਕਿੰਨਾ ਕੁੱਝ ਬਨਾਮ ਲਿਆ ਖੜਾ ਕਰਦੀ ਹੈ। ਇਸੇ ਬਨਾਮ 'ਚ ਸਿਰਫ਼ ਵਿਰੋਧ ਲਈ ਬਹਿਸੀ ਜਾਣਾ ਵਿਚਾਰਧਾਰਾ ਦੀ ਬੁਨਿਆਦੀ ਮਜਬੂਰੀ ਹੋ ਜਾਂਦੀ ਹੈ ਕਿ ਤੁਹਾਨੂੰ ਅਪਣੇ ਦਾਇਰੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੁੰਦੀ। ਅਜਿਹੇ ਦਾਇਰੇ ਖ਼ਤਰਨਾਕ ਵੀ ਹੁੰਦੇ ਹਨ।
ਮੈਂ ਇਸ ਤੋਂ ਬਾਹਰ ਦੋ ਨੁਕਤਿਆਂ ਨੂੰ ਵੇਖਦਾ ਹਾਂ। ਮਹਾਰਾਜਾ ਰਣਜੀਤ ਸਿੰਘ ਨੂੰ ਸਮਝਣ ਲਈ ਕੋਈ ਉਲਝਣ ਹੋਣੀ ਹੀ ਨਹੀਂ ਚਾਹੀਦੀ ਸੀ। ਉਹ ਇਕ ਰਾਜਾ ਸੀ। ਸੋ ਸੁਭਾਵਕ ਰਜਵਾੜਾਸ਼ਾਹੀ ਸੀ। ਰਜਵਾੜਾਸ਼ਾਹੀ ਦਾ ਸੁਭਾਅ ਲੋਕਤੰਤਰੀ ਤਾਂ ਹੁੰਦਾ ਨਹੀਂ। ਸੋ ਰਾਜ ਧਰਮ ਦੀਆਂ ਅਪਣੀਆਂ ਖ਼ੂਬੀਆਂ ਅਤੇ ਘਾਟਾਂ ਹਨ, ਜਿਨ੍ਹਾਂ ਨੂੰ ਰਲਗੱਡ ਕੀਤੇ ਬਗ਼ੈਰ ਮਹਾਰਾਜਾ ਦੀ ਅਤੇ ਉਸ ਦੇ ਰਾਜ ਦੀ ਕਿਰਦਾਰਕੁਸ਼ੀ ਕੀਤੇ ਬਗ਼ੈਰ ਗੱਲ ਨਹੀਂ ਹੋ ਸਕਦੀ। ਅਜਿਹਾ ਮੈਂ ਸਮਝਦਾ ਹਾਂ।
ਉਸ ਦੇ ਰਾਜ 'ਚ ਹਿੰਦੂ, ਮੁਸਲਮਾਨ, ਸਿੱਖ ਸੱਭ ਸਨ ਅਤੇ ਉਸ ਨੇ ਘੱਟੋ-ਘੱਟ ਅਜਿਹਾ ਪ੍ਰਬੰਧ ਰਖਿਆ ਸੀ ਕਿ ਸੱਭ ਨੂੰ ਨਾਲ ਲੈ ਕੇ ਚਲਿਆ ਜਾਵੇ। ਇਸ ਦੇ ਬਾਵਜੂਦ ਉਸ ਦਾ ਇਕ ਅਪਣਾ ਧਰਮ ਵੀ ਸੀ। ਉਹ ਸਿੱਖ ਸੀ ਅਤੇ ਸਿੱਖ ਹੋਣ ਦੇ ਨਾਤੇ ਜੋ ਸੋਚ ਮਹਾਰਾਜਾ ਰਣਜੀਤ ਸਿੰਘ ਦੀ ਸੀ ਉਹ ਉਸ ਦੇ ਅੱਗੇ ਉਸ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਹੋਣੀ ਵੀ ਸੁਭਾਵਕ ਹੈ। ਮਹਾਰਾਜਾ ਦੀ ਸਰਕਾਰ ਨੂੰ ਸਰਕਾਰ ਖ਼ਾਲਸਾ ਕਿਹਾ ਜਾਂਦਾ ਸੀ ਅਤੇ ਉਸ ਦੀ ਕੋਰਟ ਨੂੰ ਦਰਬਾਰ ਖ਼ਾਲਸਾ ਕਿਹਾ ਜਾਂਦਾ ਸੀ। ਉਸ ਨੇ ਹਿੰਦੂਆਂ ਦੇ ਬਹੁਤਾਤ ਇਲਾਕੇ 'ਚ ਗਾਵਾਂ ਦੇ ਮੀਟ ਦੀ ਮਨਾਹੀ ਕੀਤੀ ਸੀ ਪਰ ਇਸ ਦਾ ਅਰਥ ਇਹ ਨਹੀਂ ਸੀ ਕਿ ਉਹ ਮੁਸਲਮਾਨਾਂ ਨੂੰ ਇਸ ਤੋਂ ਵਰਜਦਾ ਸੀ।
ਪੰਜਾਬ ਦੀ ਉਸ ਸਮੇਂ ਦੀ ਵਸੋਂ ਬਹੁਤਾਤ 'ਚ ਮੁਸਲਮਾਨਾਂ ਦੀ ਸੀ। ਲਗਾਤਾਰ ਨਾਦਰਸ਼ਾਹੀ ਅਤੇ ਅਬਦਾਲੀ ਹਮਲਿਆਂ ਤੋਂ ਅਤੇ ਦਿੱਲੀ ਦੇ ਤਖ਼ਤ ਦੀ ਡਾਵਾਂਡੋਲਤਾ ਤੋਂ ਬਾਅਦ ਮੁਸਲਮਾਨਾਂ ਨੇ ਮਹਾਰਾਜਾ ਦਾ ਰਾਜ ਕਬੂਲ ਕੀਤਾ ਸੀ ਕਿਉਂਕਿ ਉਸ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ। ਉਸ ਦੇ ਰਾਜ 'ਚ ਕੋਈ ਵੀ ਵੱਡੀ ਫਿਰਕੂ ਹਿੰਸਾ ਦੀ ਖ਼ਬਰ ਨਹੀਂ ਮਿਲਦੀ। ਬਾਕੀ ਜਿਹੜਾ ਉਸ ਦੇ ਪ੍ਰਵਾਰ ਦੇ ਅੰਦਰ ਦੀਆਂ ਸਾਜ਼ਸ਼ਾਂ ਅਤੇ ਕਤਲੋਗ਼ਾਰਤ ਦੀਆਂ ਖ਼ਬਰਾਂ ਹਨ ਉਹ ਉਸ ਦੌਰ ਦੀ ਰਜਵਾੜਾਸ਼ਾਹੀ ਦੀ ਸੁਭਾਵਕ ਨਿਸ਼ਾਨੀ ਸੀ। ਇਹ ਉਸ ਦੀ ਮਹਾਨਤਾ ਸੀ ਕਿ ਉਸ ਨੇ ਪੇਸ਼ੇ ਵਜੋਂ ਇਕ ਨੱਚਣ ਵਾਲੀ ਮੋਰਾਂ ਕੰਜਰੀ ਨੂੰ ਵੀ ਇੱਜ਼ਤ ਦਿਤੀ ਅਤੇ ਉਸ ਨੂੰ ਬਕਾਇਦਾ ਵਿਆਹ ਕਰ ਕੇ ਲਿਆਇਆ ਸੀ। ਇਸ ਬੁਨਿਆਦ ਤੇ ਖਲੋਤਾ ਦੇਸ਼ ਪੰਜਾਬ ਦਾ ਸ਼ਾਸਨ, ਮਹਾਰਾਜਾ ਦਲੀਪ ਸਿੰਘ ਤਕ ਅਤੇ ਉਸ ਦੇ ਜਵਾਨ ਹੋਣ ਤਕ ਕੀ ਭੁਗਤ ਰਿਹਾ ਹੈ, ਮੈਂ ਇਸ ਤੰਦ ਤੋਂ ਫ਼ਿਲਮ ਨੂੰ ਵੇਖ ਰਿਹਾ ਹਾਂ।
ਇਸ ਫ਼ਿਲਮ ਨੂੰ ਵੇਖਣ ਵਾਲਿਆਂ ਦੀ ਭਾਵਨਾ ਨੂੰ ਲੈ ਕੇ ਜਦੋਂ ਇਸ ਨੂੰ ਹੇਰਵਾ ਕਿਹਾ ਜਾਂਦਾ ਹੈ ਤਾਂ ਇਤਿਹਾਸ ਦੀ ਇਕ ਪਰਿਭਾਸ਼ਾ ਹੈ ਕਿ ''5very 8istory  is an 1utobiography।'' ਇਸ ਪਰਿਭਾਸ਼ਾ ਨਾਲ ਚਲਦੇ ਹੋਏ ਮੈਂ ਅਪਣੀ ਗੱਲ ਰੱਖ ਰਿਹਾ ਹਾਂ। ਮੇਰਾ ਕਿਸੇ ਨਾਲ ਬਹਿਸਣ ਦਾ ਕੋਈ ਇਰਾਦਾ ਨਹੀਂ। ਬੱਸ ਮੈਂ ਥੋੜ੍ਹਾ ਫ਼ਿਕਰ 'ਚ ਹਾਂ ਕਿ ਇਤਿਹਾਸ ਨੂੰ ਨਾ ਵੇਖਣ ਨਾਲ ਅਸੀ ਕਲ ਅੱਜ ਅਤੇ ਕਲ ਦੀ ਨਜ਼ਰ ਤੋਂ ਬਾਹਰ ਹੋ ਜਾਵਾਂਗੇ। ਅੱਗੇ ਨੂੰ ਵੇਖਣ ਲਈ ਪਿੱਛੇ ਨੂੰ ਵੇਖਣਾ ਵੀ ਜ਼ਰੂਰੀ ਹੁੰਦਾ ਹੈ।
ਮੈਂ ਕੌਣ ਹਾਂ? ਜੇ ਮੇਰੇ 'ਚੋਂ ਮੇਰੀ ਜ਼ੁਬਾਨ, ਮਿੱਟੀ ਦਾ ਰਿਸ਼ਤਾ, ਧਰਮ, ਪੁਰਖਿਆਂ ਦਾ ਇਤਿਹਾਸ ਅਤੇ ਉਸ ਇਤਿਹਾਸ ਨਾਲ ਮੇਰਾ ਨਾਤਾ ਕੱਢ ਦਿਤਾ ਜਾਵੇ ਤਾਂ ਕੁਲ ਜਮ੍ਹਾਂ ਬਾਕੀ ਬਕਾਇਆ ਕੀ ਬਚਦਾ ਹੈ ਆਖ਼ਰ?
ਫਿਰ ਵਿਸਾਖੀ ਦਾ ਮਨਾਉਣਾ ਵੀ ਕੀ ਹੈ ਅਤੇ ਦਿਵਾਲੀ ਦੇ ਦੀਵੇ ਵੀ ਕੀ ਹਨ?  ਪੋਹ ਦੀ ਸ਼ਹਾਦਤ ਨਾਲ ਸਾਡਾ ਰਿਸ਼ਤਾ ਕੀ ਹੈ ਅਤੇ ਉਨ੍ਹਾਂ ਤਸਵੀਰਾਂ ਨੂੰ ਵੇਖ ਚਾਚੇ ਬਸ਼ੀਰ, ਬਾਪੂ ਗੰਡਾ ਸਿੰਘ ਤੇ ਰਾਮਦੀਨ ਦੀ ਸਾਂਝ ਵੀ ਕੀ ਹੈ?
ਜੇ ਇਹ ਨੋਸਟੋਲਜੀਆ ਇਕ ਹੇਰਵਾ ਹੈ ਤਾਂ ਸਾਡਾ ਅੱਜ ਵੀ ਕੀ ਹੈ ਅਤੇ ਭਵਿੱਖ ਨੂੰ ਵੇਖਣਾ ਜਾਂ ਉਸ ਲਈ ਆਸਵੰਦ ਹੋਣਾ ਵੀ ਕੀ ਹੈ? ਜੇ ਜਜ਼ਬਾਤ ਇਕ ਸ਼ੁਦਾਅ ਹੈ ਤਾਂ ਫਿਰ ਰਿਸ਼ਤਿਆਂ ਦਾ ਹੋਣਾ ਵੀ ਕੀ ਹੈ? '47 ਦੀ ਵੰਡ ਕੀ ਹੈ ਅਤੇ ਉਸੇ 'ਚੋਂ ਸਾਡੇ ਬਾਬੇ ਲਾਹੌਰ, ਚਾਵੜੀ ਬਾਜ਼ਾਰ, ਰਾਵਲਪਿੰਡੀ, ਚਾਂਦਨੀ ਚੌਕ ਨੂੰ ਯਾਦ ਕਰਦੇ ਮਰ ਗਏ ਜਾਂ ਮਰ ਜਾਣਾ ਏ ਇਕ ਦਿਨ, ਆਖ਼ਰ ਇਹ ਦਰਦ ਕੀ ਹੈ? ਫਿਰ ਜਲ੍ਹਿਆਂ ਵਾਲੇ ਬਾਗ਼ ਜਾਣਾ ਵੀ ਕੀ ਹੈ ਅਤੇ ਭਗਤ ਸਿੰਘ ਦੇ ਖਟਕੜ ਕਲਾਂ ਵਾਲੇ ਘਰ ਨੂੰ ਵੇਖਣਾ ਵੀ ਕੀ ਹੈ? ਘੱਟੋ ਘੱਟ ਭਾਵਨਾਵਹੀਣ ਮੁਨਕਰ ਆਦਮ ਮੈਂ ਤਾਂ ਨਹੀਂ ਹੋ ਸਕਦਾ। ਮੇਰੀ ਤੰਦ ਮੇਰੇ ਅਤੀਤ ਨਾਲ ਹੀ ਬੱਝੀ ਉਹ ਤੰਦ ਹੈ ਜੋ ਮੇਰੇ ਜਿਉਂਦੇ ਹੋਣ ਦੇ ਪੂਰਨੇ ਪਾਉਂਦੀ ਹੈ। ਸਾਡੇ ਦਾਦੇ ਨੇ ਜੋ ਕਦਰਾਂ ਕੀਮਤਾਂ ਸਿਖੀਆਂ ਅਤੇ ਜੋ ਸਾਡੇ ਤਕ ਪਹੁੰਚਾਈਆਂ, ਉਹ ਸਾਡੇ ਪ੍ਰਵਾਰ ਦੀਆਂ ਕਦਰਾਂ-ਕੀਮਤਾਂ ਦੀ ਵਿਰਾਸਤ ਦੇ ਹੇਰਵੇ 'ਚੋਂ ਹੀ ਸਿਖੀ ਗਈ ਹੈ।
ਅਜਿਹੇ 'ਚ ਹੁਣ ਜੇ ਮੈਂ ਫ਼ਿਲਮ 'ਓਸ਼ੀਅਨ ਆਫ਼ ਪਰਲ' ਦੇ ਡਾ. ਅੰਮ੍ਰਿਤ ਸਿੰਘ ਅਤੇ 'ਦੀ ਬਲੈਕ ਪ੍ਰਿੰਸ' ਦੇ ਮਹਾਰਾਜਾ ਦਲੀਪ ਸਿੰਘ ਦੀ ਤੜਪ ਮਹਿਸੂਸ ਕਰਾਂਗਾ ਤਾਂ ਹੀ ਸਮਝ ਸਕਾਂਗਾ ਕਿ ਮਹਾਰਾਜਾ ਦਲੀਪ ਸਿੰਘ ਦਾ ਦਰਦ ਕੀ ਹੈ? ਫ਼ਿਲਮ 'ਓਸ਼ੀਅਨ ਆਫ ਪਰਲ' ਦੀ ਸ਼ੁਰੂਆਤ ਬਹੁਤ ਹੀ ਦਾਰਸ਼ਨਿਕ ਹੈ। ਫ਼ਿਲਮ ਦਾ ਨਾਇਕ ਅਪਣੇ ਬਾਰੇ ਦਸਦਾ ਹੋਇਆ ਸਵਾਲ ਪਾਉਂਦਾ ਹੈ ਕਿ ਜ਼ਿੰਦਗੀ ਦੇ ਇਸ ਚੱਕਰ ਬਾਰੇ ਕੀ ਕਦੀ ਸੋਚਿਆ ਹੈ? ਅਸੀ ਅਪਣੇ ਮਾਂ-ਪਿਉ ਦੇ ਘਰ ਹੀ ਉਨ੍ਹਾਂ ਲਈ ਕਿਉਂ ਪੈਦਾ ਹੁੰਦੇ ਹਾਂ? ਇਸ ਸੰਸਾਰ 'ਚ ਏਨੀ ਧਰਤੀ ਹੈ ਪਰ ਅਸੀ ਅਪਣੇ ਦੇਸ਼ ਅਪਣੇ ਸ਼ਹਿਰ ਹੀ ਕਿਉਂ ਪੈਦਾ ਹੋਏ? ਇਥੇ ਨਾਇਕ ਕਹਿੰਦਾ ਹੈ ਕਿ ਕਿਉਂ ਕੋਈ ਨਵੀਂ ਦੁਨੀਆਂ 'ਚ ਆ ਕੇ ਪੁਰਾਣੇ ਨੂੰ ਜਿਊਂਦਾ ਰੱਖਣ ਲਈ ਸੰਘਰਸ਼ ਕਰਦਾ ਹੈ? ਬੇਸ਼ੱਕ ਸਿਆਣੇ ਕਹਿੰਦੇ ਹਨ ਕਿ ਅੱਜ ਦੀ ਗ਼ਲਤੀ ਕਲ੍ਹ ਦਾ ਸਭਿਆਚਾਰ ਅਤੇ ਪਰਸੋਂ ਦਾ ਕਾਨੂੰਨ, ਇਹ ਇੰਝ ਹੀ ਚਲਦਾ ਹੈ। ਇਸੇ 'ਚ ਪੁਰਾਣੇ ਤੋਂ ਨਵੇਂ ਦਾ ਸੰਘਰਸ਼ ਹੈ। ਪੀੜ੍ਹੀ ਪਾੜਾ ਹੈ, ਸਭਿਅਤਾਵਾਂ ਦਾ ਅੰਤਰ ਹੈ। ਇਹ ਹਰ ਉਹ ਸ਼ੈਅ 'ਚ ਹੈ ਜਿਥੇ ਪਰਵਾਸ ਹੈ। ਇਹ ਵਜੂਦ ਦਾ ਸੰਘਰਸ਼ ਹੈ। 'ਓਸ਼ੀਅਨ ਆਫ ਪਰਲਜ਼' ਦਾ ਨੁਕਤਾ ਹੈ ਕਿ:
''ਮੈਂ ਮਰ ਜਾਵਾਂ ਇਹ ਸਵਾਲ ਨਹੀਂ,
ਮੇਰੀ ਆਤਮਾ ਮਰ ਜਾਵੇ ਅਸਲ ਮੌਤ ਹੈ''
ਇਸੇ ਵਜੂਦ ਨੂੰ 'ਅੰਨ੍ਹੇ ਘੋੜੇ ਦਾ ਦਾਨ' ਫ਼ਿਲਮ ਦਾ ਮਜ਼ਦੂਰ ਪਾਤਰ ਇੰਝ ਕਹਿੰਦਾ ਹੈ ਕਿ:
''ਕਹਿੰਦੇ ਨੇ ਆਤਮਾ ਮਰਦੀ ਨਹੀਂ
ਜੇ ਆਤਮਾ ਮਰਦੀ ਨਹੀਂ
ਤਾਂ ਫਿਰ ਮੌਤ ਕੀ ਹੋਈ?''
ਜੁੰਪਾ ਲਹਿਰੀ ਦੇ ਨਾਵਲ 'ਦੀ ਨੇਮਸੇਕ' ਵੀ ਇਹੋ ਤਲਾਸ਼ ਹੈ। ਇਸ ਨਾਵਲ ਦੇ ਕਿਰਦਾਰ ਅਸ਼ੋਕ ਅਤੇ ਆਸ਼ਿਮਾ ਗਾਂਗੁਲੀ ਦਾ ਅਪਣੇ ਮੁੰਡੇ ਨਿਖਿਲ ਗੋਗੁਲ ਗਾਂਗੁਲੀ ਨਾਲ ਅਮਰੀਕਾ 'ਚ ਬੰਗਾਲ ਨੂੰ ਲਭਣਾ ਉਸੇ ਤਰ੍ਹਾਂ ਦਾ ਸੰਵਾਦ ਹੈ ਜਿਸ ਨਾਲ ਪੀੜ੍ਹੀ ਦਰ ਪੀੜ੍ਹੀ ਅਸੀ ਅਪਣੇ ਪੁਰਖਿਆਂ ਨਾਲ ਗੱਲਾਂ ਕਰਦੇ ਹਾਂ। ਜੁੰਪਾ ਦੇ ਨਾਵਲ ਦਾ ਪਾਤਰ ਅਪਣੇ ਮੁੰਡੇ ਦਾ ਨਾਂ ਯੁਕਰੇਨ ਦੇ ਲੇਖਕ ਨਿਕੋਲਾਈ ਗੋਗੁਲ  ਦੇ ਨਾਂ ਤੇ ਰਖਦਾ ਹੈ। ਨਾਵਲ ਦਾ ਜਿਹੜਾ ਗਾਂਗੁਲੀ ਅਮਰੀਕਾ 'ਚ ਇਕੱਲਾ ਪਿਆ ਹੋਇਆ ਹੈ ਉਹੋ ਜਦੋਂ ਅਪਣੇ ਪਿਤਾ ਦੇ ਫੁੱਲ ਤਾਰਨ ਕੋਲਕਾਤਾ ਹੁਗਲੀ ਨਦੀ ਤੇ ਆਉਂਦਾ ਹੈ ਤਾਂ ਉਸ ਨੂੰ ਪਛਮੀ ਬੰਗਾਲ 'ਚ ਗਾਂਗੁਲੀ ਉਪਨਾਮ ਦੇ ਕਿੰਨੇ ਲੋਕ ਵਿਖਾਈ ਦਿੰਦੇ ਹਨ।
ਸੋ ਪੂਰੀ ਦੁਨੀਆਂ ਦੇ ਜਿਊਂਦੇ ਜਾਗਦੇ ਲੋਕ ਤਾਂ ਅਪਣੀ ਸਾਂਝ ਇਸੇ ਹੇਰਵੇ 'ਚੋਂ ਤਲਾਸ਼ਦੇ ਹਨ। ਪਤਾ ਨਹੀਂ ਫ਼ਿਲਮ 'ਦੀ ਬਲੈਕ ਪ੍ਰਿੰਸ' ਨੂੰ ਲੈ ਕੇ ਸਾਡੇ ਵਰਗਿਆਂ ਦੀ ਗੱਲ ਨੂੰ ਮਹਿਜ਼ ਹੇਰਵੇ ਦਾ ਸ਼ੁਦਾਅ ਕਿਉਂ ਕਿਹਾ ਜਾ ਰਿਹਾ ਹੈ? ਸਾਡੀ ਇਸੇ ਤੰਦ 'ਚੋਂ ਅਸੀ ਬੰਗਾਲ ਦੇ ਬੁਟਕੇਸ਼ਵਰ ਦੱਤ ਦੀ ਹਾਲ ਹੀ 'ਚ ਛਪੀ ਕਹਾਣੀ ਨੂੰ ਪੜ੍ਹਦੇ ਹਾਂ। ਅਸੀ ਇਸ ਖ਼ਬਰ ਨੂੰ ਪੜ੍ਹ ਕੇ ਤੜਪਦੇ ਹਾਂ ਕਿ ਬੁਟਕੇਸ਼ਵਰ ਦੱਤ ਨਾਲ ਆਖ਼ਰੀ ਵੇਲੇ ਕੀ ਹੋਇਆ? ਬੁਟਕੇਸ਼ਵਰ ਦੱਤ ਮੇਰਾ ਕੀ ਲਗਦਾ ਹੈ? ਉਸ ਨਾਲ ਮੇਰੀ ਅਜਿਹੀ ਸਾਂਝ ਕਿਉਂ ਹੈ? ਇਸ ਨੂੰ ਸਮਝਣਾ ਤਾਂ ਪੈਣਾ ਹੈ।
ਇਸੇ ਤੰਦ 'ਚੋਂ ਸਾਨੂੰ ਰਸੂਲ ਹਮਜ਼ਾਤੋਵ ਅਪਣਾ ਪੰਜਾਬੀ ਭਰਾ ਲਗਦਾ ਹੈ। ਸਾਨੂੰ ਕੀ ਲੋੜ ਸੀ ਕਿ ਅਸੀ ਬੇਗਾਨੀ ਧਰਤੀ ਦੇ ਬੇਗਾਨੇ ਬੰਦੇ ਨੂੰ ਏਨਾ ਪਿਆਰ ਕੀਤਾ? ਕਿਉਂਕਿ ਉਹ ਮਿੱਟੀ ਦੀ ਗੱਲ ਕਰਦਾ ਹੈ। ਸਿਰਫ਼ ਇਸੇ ਲਈ 'ਦੀ ਬਲੈਕ ਪ੍ਰਿੰਸ' ਦੀ ਹਜ਼ਾਰਾਂ ਬੇਬੁਨਿਆਦ ਬਹਿਸਾਂ 'ਚ ਇਕ ਬਹਿਸ ਸੀ ਕਿ ਅਜਿਹੀਆਂ ਫ਼ਿਲਮਾਂ ਮਾਹੌਲ ਖ਼ਰਾਬ ਕਰਦੀਆਂ ਹਨ। ਕਿੰਨੀ ਬਚਕਾਨਾ ਗੱਲ ਹੈ। ਤਿੱਬਤ ਵਾਲਿਆਂ ਦੇ ਦਿਲ 'ਚ ਉਹ ਤਿੱਬਤ ਦੇਸ਼ ਹੈ ਜਿਸ ਦਾ ਹੁਣ ਕਿਸੇ ਵੀ ਤਰ੍ਹਾਂ ਦਾ ਅਜ਼ਾਦ ਦੇਸ਼ ਵਜੋਂ ਵਜੂਦ ਨਹੀਂ ਹੈ। ਫਿਰ ਕੀ ਅਸੀ ਤਿੱਬਤ ਵਾਲਿਆਂ ਦੇ ਦਰਦ ਨੂੰ ਮੂਰਖਾਂ ਦਾ ਦਰਦ ਮੰਨ ਲਈਏ? ਇਹ ਹੱਕ ਸਾਨੂੰ ਨਹੀਂ। ਇਸੇ ਦਰਦ ਦੇ ਵਿਲਕਦੇ ਸਾਡੇ ਬਾਬੇ ਦੇਸ਼ ਪੰਜਾਬ ਦੀਆਂ ਗੱਲਾਂ ਕਰਦੇ ਮਰ ਗਏ। ਉਨ੍ਹਾਂ ਦੀ ਨਜ਼ਰ 'ਚ ਲਾਹੌਰ, ਮੁਲਤਾਨ ਦੀਆਂ ਗੱਲਾਂ ਬੇਬੁਨਿਆਦ ਕਿਵੇਂ ਹੋ ਸਕਦੀਆਂ ਹਨ ਜਦਕਿ ਸੱਚ ਹੈ ਕਿ ਭੂਗੋਲਿਕ ਪੱਧਰ ਤੇ ਹੁਣ ਵਜੂਦ ਭਾਰਤ ਅਤੇ ਪਾਕਿਸਤਾਨ ਦਾ ਹੈ। ਪਰ ਚੇਤਨਾ ਦੀ ਗਵਾਹੀ ਵੀ ਮਾਇਨੇ ਰਖਦੀ ਹੈ। ਜੋ ਸਾਡੇ ਬਾਬਿਆਂ ਨੇ ਗਵਾਇਆ ਅਸੀ ਉਸ ਨੂੰ ਸਿਰਫ਼ ਇਸ ਕਰ ਕੇ ਨਾ ਸਮਝੀਏ ਕਿ ਅਸੀ ਉਹ ਵੇਲਾ ਵੇਖਿਆ ਹੀ ਨਹੀਂ। ਇਹ ਉਨ੍ਹਾਂ ਦੇ ਜਜ਼ਬਾਤ ਦਾ ਘਾਣ ਹੈ।
ਅਸੀ ਹੁਣ ਦੇ ਹਿਸਾਬ ਨਾਲ ਵਰਤਾਰਾ ਕਰ ਜਾਂਦੇ ਹਾਂ ਪਰ ਕਲ੍ਹ ਕੀ ਹੈ, ਕੌਣ ਕਹੇਗਾ ਜਾਂ ਕੌਣ ਦੱਸ ਸਕਦਾ ਹੈ? 'ਵੋਲਗਾ ਤੋਂ ਗੰਗਾ' 'ਚ ਰਾਹੁਲ ਸਾਂਕਰਤਿਆਇਨ ਇਕ ਗੱਲ ਬਹੁਤ ਕਮਾਲ ਕਰਦਾ ਹੈ। ਇਸ ਕਿਤਾਬ ਵਿਚਲੀ ਉਸ ਦੀ ਆਖ਼ਰੀ ਕਹਾਣੀ 'ਸੁਮੇਰ' 1942 ਈਸਵੀ 'ਚ ਹੈ।
“ਭਾਰਤ ਦਾ ਖੰਡਤ ਜਾਂ ਅਖੰਡਤ ਰਹਿਣਾ ਉਸ ਦੇ ਵਾਸੀਆਂ ਉਤੇ ਨਿਰਭਰ ਹੈ। ਮੌਰੀਆ ਦੇ ਸਮੇਂ ਹਿੰਦੂਕੁਸ਼ ਤੋਂ ਅਗਾਂਹ ਆਮੂ ਦਰਿਆ ਭਾਰਤ ਦੀ ਹੱਦ ਸੀ ਤੇ ਭਾਸ਼ਾ, ਰੀਤੀ, ਰਿਵਾਜ ਇਤਿਹਾਸ ਦੇ ਨਜ਼ਰੀਏ ਤੋਂ ਅਫ਼ਗਾਨ ਜਾਤੀ (ਪਠਾਣ) ਭਾਰਤ ਦੇ ਅੰਦਰ ਹੈ। ਦਸਵੀਂ ਸਦੀ ਤਕ ਕਾਬੁਲ ਹਿੰਦੂ ਰਾਜ ਰਿਹਾ, ਇਸ ਤਰ੍ਹਾਂ ਹਿੰਦੁਸਤਾਨ ਦੀ ਹੱਦ ਹਿੰਦੂਕੁਸ਼ ਹੈ। ਭਲਾ ਅਖੰਡ ਹਿੰਦੁਸਤਾਨ ਵਾਲੇ ਹਿੰਦੂਕੁਸ਼ ਤਕ ਦਾਅਵਾ ਕਰਨ ਲਈ ਤਿਆਰ ਨੇ? ਜੇ ਅਫ਼ਗਾਨ ਦੀ ਇੱਛਾ ਦੇ ਵਿਰੁਧ ਨਾ ਕਹੋ, ਤਾਂ ਸਿੰਧੂ ਦੇ ਪੱਛਮ ਵਲ ਵੱਸਣ ਵਾਲੇ ਸਰਹੱਦੀ ਅਫ਼ਗਾਨਾਂ ਨੂੰ ਵੀ ਉਨ੍ਹਾਂ ਦੀ ਇੱਛਾ ਦੇ ਵਿਰੁਧ ਅਖੰਡ ਹਿੰਦੁਸਤਾਨ ਵਿਚ ਨਹੀਂ ਰਖਿਆ ਜਾ ਸਕਦਾ। ਫਿਰ ਉਹੀ ਗੱਲ ਸਿੰਧੂ, ਪੰਜਾਬ, ਕਸ਼ਮੀਰ, ਪੂਰਬੀ ਬੰਗਾਲ ਵਿਚ ਕਿਉਂ ਨਹੀਂ ਹੋਣੀ ਚਾਹੀਦੀ?”
ਪੰਜਾਬੀ ਦੇ ਸ਼ਾਇਰ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦੀ ਇਕ ਰਚਨਾ ਹੈ:
ਪੰਜਾਬ ਨਾ ਸੀਮਾ ਨਾ ਅਸੀਮ
ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ
ਇਸ ਨੁਕਤੇ ਨੂੰ ਮੈਂ ਸਮਝ ਸਕਦਾ ਹਾਂ ਕਿਉਂਕਿ ਮੇਰੇ ਵਡੇਰੇ ਲਾਇਲਪੁਰੋਂ ਇਧਰ ਆਏ। ਮੇਰੇ ਬੁਜ਼ਰਗਾਂ ਦੀਆਂ ਗੱਲਾਂ 'ਚ ਨਾ ਮੁੱਕਣ ਵਾਲਾ ਰੁਦਨ ਰਿਹਾ ਹੈ। ਸਾਰੀ ਉਮਰ ਉਨ੍ਹਾਂ ਕਹਿਣਾ ਸਾਡੇ ਲਾਹੌਰ 'ਚ ਆਹ ਗੱਲ, ਸਾਡੇ ਬਾਰ ਦੇ ਇਲਾਕੇ 'ਚ ਫ਼ਲਾਣੀ ਗੱਲ ਆਦਿ ਆਦਿ। ਕਹਿੰਦੇ ਨੇ ਜਿਹੜੀ ਥਾਂ ਨਾਲ ਤੁਹਾਡੀਆਂ ਜੜ੍ਹਾਂ ਦਾ ਨਾਤਾ ਹੁੰਦਾ ਹੈ ਉਹ ਥਾਂ ਤੁਹਾਡੇ ਅੰਦਰ ਵੱਸ ਜਾਂਦੀ ਹੈ। ਉਨ੍ਹਾਂ ਨੂੰ ਅਸੀ ਕਿਵੇਂ ਕਢੀਏ? ਬੇਸ਼ੱਕ ਦੇਸ਼ ਪੰਜਾਬ ਦਾ ਭੂਗੋਲਿਕ ਵਜੂਦ ਕੋਈ ਨਾ ਹੋਵੇ ਅਤੇ ਇਸ ਦੌਰ ਦੇ ਸਮੀਕਰਣਾਂ 'ਚ ਇਹ ਲਾਹੇਵੰਦ ਵੀ ਨਾ ਹੋਵੇ ਪਰ ਲੋਕਾਂ ਦਾ ਅਪਣੀ ਜਨਮ ਭੋਇੰ ਤੋਂ ਉਜੜਨਾ? ਕੀ ਇਸ ਤੋਂ ਵੱਡਾ ਘਾਣ ਹੁੰਦਾ ਹੈ ਕੋਈ? ਸਾਡੀ ਅਰਦਾਸ 'ਚ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਚਾਹ ਹੈ। ਇਹ ਉਮੀਦ ਸਾਡੇ ਦਰਦ 'ਚੋਂ ਨਿਕਲੀ ਹੈ। ਇਸ ਨੂੰ ਕੋਈ ਰਾਸ਼ਟਰਵਾਦ ਦੇ ਦਾਇਰੇ 'ਚ ਰੱਖ ਸਾਨੂੰ ਕੋਈ 'ਐਂਟੀ ਨੈਸ਼ਨਲ' ਕਹਿ ਦੇਵੇ ਤਾਂ ਇਹ ਉਸ ਦੀ ਅਪਣੀ ਅਕਲ ਹੈ। ਪਰ ਨਨਕਾਣਾ ਸਾਹਿਬ ਨੂੰ ਲੈ ਕੇ ਸਾਡਾ ਅਪਣੀ ਜ਼ਮੀਨ ਤੋਂ ਵਿਛੜਨ ਦਾ ਰੁਦਨ ਹੀ ਤਾਂ ਹੈ। ਅਜਿਹੇ ਰੁਦਨ ਨਾਲ ਕੌਮਾਂ ਜਿੱਥੇ ਜਿੱਥੇ ਵੀ ਅਪਣੀ ਉਮੀਦ ਦੇ ਗੀਤ ਗਾਉਂਦੀਆਂ ਹਨ, ਸਾਂਝ ਉਨ੍ਹਾਂ ਨਾਲ ਸਦਾ ਰਹੇਗੀ। ਜਿਹੜੇ ਕਸ਼ਮੀਰੀ ਪੰਡਿਤ ਅਪਣੀ ਧਰਤੀ ਤੋਂ ਵਿਛੜ ਗਏ, ਕੀ ਅਸੀ ਉਨ੍ਹਾਂ ਦੇ ਦਰਦ ਨੂੰ ਅੱਖੋ ਪਰੋਖੇ ਕਰ ਸਕਦੇ ਹਾਂ? ਇਹ ਦੌਰ ਬਰਲਿਨ ਦੀਆਂ ਟੁਟਦੀਆਂ ਕੰਧਾਂ ਦੇ ਹਵਾਲੇ ਵੇਖਣ ਦਾ ਹੈ। ਉਮੀਦ ਹੈ ਤਾਂ ਪੰਛੀ ਘਰਾਂ ਨੂੰ ਪਰਤਦੇ ਜ਼ਰੂਰ ਹਨ।
ਅੰਤ ਵਿਚ ਮੈਂ ਇਹੋ ਕਹਿਣਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਦਾਸਤਾਨ ਜੋ ਪਰਦਾਪੇਸ਼ ਹੁੰਦੀ ਹੈ, ਉਸ ਨਾਲ ਮੁੜ ਅਸੀ ਜੁੜਦੇ ਹਾਂ ਕਿਉਂਕਿ ਉਸ ਦਾ ਬਿਆਨ ਇਹੋ ਹੈ ਕਿ ਇਤਿਹਾਸ ਦੀ ਇਕ ਵੱਡੀ ਤਾਕਤ ਨੇ ਉਸ ਬੱਚੇ ਨਾਲ ਜੋ ਕੀਤਾ ਉਸ 'ਚ ਉਸ ਦੀ ਮਿੱਟੀ ਉਸ ਨੂੰ ਨਸੀਬ ਨਾ ਹੋਈ। ਉਸ ਦਾ ਧਰਮ, ਉਸ ਦੇ ਰਿਸ਼ਤੇ ਉਸ ਤੋਂ ਵੱਖ ਕਰ ਦਿਤੇ ਗਏ। ਬੰਦੇ ਦਾ ਜਿਊਣਾ ਸਿਰਫ਼ ਖਾਣਾ, ਪੀਣਾ, ਸੌਣਾ ਤਾਂ ਨਹੀਂ ਹੁੰਦਾ। ਬੰਦੇ ਦਾ ਇਕ ਵਜੂਦ ਹੈ ਅਤੇ ਉਸ ਵਜੂਦ ਦਾ ਦਰਦ ਇਤਿਹਾਸ ਦੀ ਤਾਰੀਖ਼ ਦਾ ਵੱਡਾ ਮੋੜ ਹੈ। ਇਤਿਹਾਸ ਦੀ ਇਕ ਪਰਿਭਾਸ਼ਾ ਹੈ:- ''5very 8istory  is an 1utobiography'' ਸੋ ਜੇ ਇਸ ਤੋਂ ਵੀ ਮੁਨਕਰ ਹੋਣਾ ਹੈ ਤਾਂ ਤੁਹਾਡੀ ਕਹਾਣੀ ਵੀ ਕਦੀ ਨਹੀਂ ਕਹੀ ਜਾਵੇਗੀ। ਸੰਪਰਕ : 97798-88335