ਸਿਖਿਆ ਸਕੱਤਰ ਨੇ ਨਕਲਾਂ ਦੇ ਠੇਕੇਦਾਰਾਂ ਤੇ ਕਸਿਆ ਸ਼ਿਕੰਜਾ
ਪੂਰੀ ਸਿਖਿਆ ਵਿਵਸਥਾ ਵਿਚ ਪ੍ਰੀਖਿਆ ਦੀ ਇਕ ਮਹੱਤਵਪੂਰਨ ਵਿਵਸਥਾ ਹੈ।
ਕਿਸੇ ਵੀ ਆਜ਼ਾਦ ਦੇਸ਼ ਦਾ ਵਿਦਿਅਕ ਢਾਂਚਾ ਉਸ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਭਾਰਤੀ ਦੀ ਆਜ਼ਾਦੀ ਨੇ 70 ਵਰ੍ਹਿਆਂ ਦਾ ਪੈਂਡਾ ਤੁਰ ਲਿਆ ਹੈ। ਇਸ ਸਮੇਂ ਸਾਡੇ ਮਨ ਵਿਚ ਵਿਦਿਅਕ ਖੇਤਰ ਨਾਲ ਜੁੜੇ ਕਈ ਸਵਾਲ ਖੜੇ ਹੋਏ ਹਨ, ਜਿਨ੍ਹਾਂ ਵਿਚੋਂ ਪ੍ਰੀਖਿਆ ਵਿਵਸਥਾ ਵਿਚ ਨਕਲਾਂ ਦੇ ਠੇਕੇਦਾਰਾਂ ਦੀ ਬੇਕਾਬੂ ਟੋਲੀ ਵੀ ਸ਼ਾਮਲ ਹੈ। ਪੂਰੀ ਸਿਖਿਆ ਵਿਵਸਥਾ ਵਿਚ ਪ੍ਰੀਖਿਆ ਦੀ ਇਕ ਮਹੱਤਵਪੂਰਨ ਵਿਵਸਥਾ ਹੈ। ਪ੍ਰੀਖਿਆਰਥੀਆਂ ਨੇ ਅਪਣੀ ਸਿਖਿਆ ਦੇ ਤੈਅ ਕੀਤੇ ਸਮੇਂ ਵਿਚ ਕੀ ਸਿਖਿਆ ਅਤੇ ਕਿੰਨਾ ਸਿਖਿਆ ਦਾ ਜਵਾਬ ਦੇਣਾ ਹੁੰਦਾ ਹੈ, ਇਸ ਦਾ ਇਕ ਮਾਤਰ ਨਤੀਜਾ ਉਸ ਦੇ ਪ੍ਰੀਖਿਆ 'ਚ ਲਏ ਅੰਕਾਂ ਤੋਂ ਹੀ ਮਿਥਿਆ ਜਾਂਦਾ ਹੈ। ਪ੍ਰੀਖਿਆ ਦੇ ਨਿਯਮਾਂ ਨੂੰ ਲੈ ਕੇ ਸਿਖਿਆ ਦੇ ਖੇਤਰ ਵਿਚ ਕਈ ਸੋਧਾਂ ਹੋਈਆਂ ਹਨ ਅਤੇ ਹੁਣ ਵੀ ਹੋ ਰਹੀਆਂ ਹਨ ਪਰ ਅੱਜ ਵੀ ਇਸ ਬਾਰੇ ਆਲੋਚਨਾ ਵਿਚ ਕਮੀਨ ਹੀ ਆਈ।
ਸਾਡੇ ਦੇਸ਼ ਵਿਚ ਪ੍ਰੀਖਿਆ ਪ੍ਰਣਾਲੀ 'ਚ ਸੁਧਾਰ ਬਾਰੇ ਸਲਾਹ-ਮਸ਼ਵਰੇ ਅਤੇ ਵਿਚਾਰ-ਵਟਾਂਦਰੇ ਅਜੇ ਵੀ ਚੱਲ ਰਹੇ ਹਨ। ਸਿਖਿਆ ਦੀ ਕਿਸੇ ਇਕ ਪੌੜੀ ਨੂੰ ਪਾਰ ਕਰ ਕੇ ਅੰਤਮ ਪਲਾਂ, ਪ੍ਰੀਖਿਆ ਦੇ ਕੁੱਝ ਘੰਟਿਆਂ ਵਿਚ ਵਿਦਿਆਰਥੀ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। ਥੋੜੇ ਜਹੇ ਕੁੱਝ ਪ੍ਰਸ਼ਨਾਂ ਦੇ ਜਵਾਬ ਦੇ ਕੇ ਗਿਆਨ ਦਾ ਸਬੂਤ ਦੇਣਾ ਪੈਂਦਾ ਹੈ। ਜੇਕਰ ਉਨ੍ਹਾਂ ਸਵਾਲਾਂ ਦਾ ਕਿਸੇ ਕਾਰਨ ਜਵਾਬ ਨਹੀਂ ਦਿਤਾ ਜਾਂਦਾ ਤਾਂ ਉਸ ਵਿਦਿਆਰਥੀ ਨੂੰ ਨਾਲਾਇਕਾਂ ਦੀ ਸੂਚੀ ਵਿਚ ਪਰੋ ਦਿਤਾ ਜਾਂਦਾ ਹੈ ਅਤੇ ਅਸਫ਼ਲ ਕਰਾਰ ਦਿਤਾ ਜਾਂਦਾ ਹੈ। ਏਨੇ ਵਿਚ ਹੀ ਉਸ ਦਾ ਪੂਰਨ ਮੁਲਾਂਕਣ ਕਰ ਦਿਤਾ ਜਾਂਦਾ ਹੈ ਪਰ ਇਕ ਸਵਾਲ ਇਹ ਵੀ ਹੈ ਕਿ ਨਕਲ ਦਾ ਕੋਹੜ ਅਪਣਾ ਫ਼ਨ ਫੈਲਾਅ ਹੀ ਲੈਂਦਾ ਹੈ। ਅਤਿਵਾਦ ਸਮੇਂ ਨਕਲਾਂ ਨੂੰ ਰੋਕਣ 'ਚ ਬਹੁਤ ਵੱਡੀ ਮੁਸ਼ਕਲ ਆ ਗਈ ਸੀ।
ਬੋਰਡ ਨੇ ਨਕਲਾਂ ਰੋਕਣ ਲਈ ਪੰਜ ਤਰ੍ਹਾਂ ਦੇ ਪ੍ਰਸ਼ਨ ਪੱਤਰ ਤਿਆਰ ਕੀਤੇ ਪਰ ਨਕਲਾਂ ਫਿਰ ਵੀ ਨਾ ਰੁਕੀਆਂ ਸਗੋਂ ਇਸ ਦੀਆਂ ਜੜ੍ਹਾਂ ਸਿਖਿਆ ਵਿਭਾਗ ਵਿਚ ਪੂਰੀ ਤਰ੍ਹਾਂ ਧੱਸ ਗਈਆਂ ਸਨ। ਪ੍ਰੀਖਿਆ ਕੇਂਦਰਾਂ ਵਿਚ ਕੈਮਰੇ ਲਾਏ ਗਏ ਪਰ ਨਕਲ ਰਹਿਤ ਪ੍ਰੀਖਿਆ ਕਦੇ ਵੀ ਪ੍ਰਾਪਤ ਨਾ ਹੋਈ। 1971 ਤੋਂ ਸਿਖਿਆ ਬੋਰਡ ਨੂੰ ਵਾਰ ਵਾਰ ਬਦਨਾਮੀ ਦੀ ਕਾਲਖ ਨੇ ਕਲੰਕਤ ਕੀਤਾ ਹੈ। ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰੀਖਿਆ ਸੰਚਾਲਣ ਅਧਿਕਾਰੀਆਂ ਉਤੇ ਜਾਂਦੀ ਹੈ। ਪ੍ਰੀਖਿਆ ਦੀ ਇਸ ਲੰਮੀ ਗੁਪਤ ਲੜੀ ਦੀ ਕਿਸੇ ਵੀ ਕੜੀ ਵਿਚ ਲਾਪ੍ਰਵਾਹੀ, ਵਿਸ਼ਵਾਸਘਾਤ ਜਾਂ ਫ਼ਰਜ਼ ਤੋਂ ਕੁਤਾਹੀ ਪੂਰੀ ਪ੍ਰੀਖਿਆ ਵਿਵਸਥਾ ਨੂੰ ਅਰਥਹੀਣ ਜਾਂ ਬੇਈਮਾਨ ਬਣਾ ਦਿੰਦੀ ਹੈ। ਨਿਰਦੋਸ਼ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੇ ਪੱਖ ਵਿਚ ਇਹ ਬਹੁਤ ਹੀ ਅਨਿਆਂਪੂਰਨ ਕੰਮ ਸਾਬਤ ਹੁੰਦਾ ਹੈ, ਲਾਪ੍ਰਵਾਹੀ ਭਾਵੇਂ ਸੁਪਰਡੈਂਟ ਦੀ ਹੋਵੇ, ਨਿਗਰਾਨ ਦੀ ਹੋਵੇ, ਕੰਟਰੋਲਰ ਦੀ ਹੋਵੇ, ਉੱਚ ਅਧਿਕਾਰੀਆਂ ਦੀ ਹੋਵੇ ਜਾਂ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਹੋਵੇ। ਕਈ ਵਾਰੀ ਤਾਂ ਨਕਲਚੀਆਂ ਅਤੇ ਬੇਈਮਾਨ ਅਮਲੇ ਤੋਂ ਤੰਗ ਆ ਕੇ ਵਿਦਿਆਰਥੀ ਖ਼ੁਦਕੁਸ਼ੀ ਵੀ ਕਰ ਲੈਂਦੇ ਹਨ ਅਤੇ ਮਾਪੇ ਅਪਣੇ ਬੱਚੇ ਤੋਂ ਹੱਥ ਧੋ ਬੈਠਦੇ ਹਨ।
ਮਿਤੀ 2.3.18 ਨੂੰ ਸ਼ਾਮ ਦੀਆਂ ਖ਼ਬਰਾਂ ਵਿਚ ਦਸਿਆ ਗਿਆ ਕਿ ਤਰਨ ਤਾਰਨ ਜ਼ਿਲ੍ਹੇ ਵਿਚ 10ਵੀਂ ਅਤੇ 12ਵੀਂ ਜਮਾਤ ਦੇ ਪ੍ਰੀਖਿਆ ਕੇਂਦਰ ਅਤੇ ਬੋਰਡ ਦੇ ਸਖ਼ਤ ਪ੍ਰਬੰਧਾਂ ਦੇ ਬਾਵਜੂਦ ਵੀ ਨਕਲਚੀਆਂ ਵਿਚੋਂ ਪੰਜਾਬ ਭਰ ਦੇ ਤਰਨਤਾਰਨ ਜ਼ਿਲ੍ਹੇ ਨੂੰ ਸੱਭ ਤੋਂ ਮੂਹਰਲੀ ਕਤਾਰ ਵਿਚ ਖੜਾ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਥੇ ਹਰ ਸਾਲ ਨਕਲਾਂ ਕਰਵਾਉਣ ਵਾਲੇ ਠੇਕੇਦਾਰਾਂ ਦੀ ਟੋਲੀ ਬਹੁਤ ਮਸ਼ਹੂਰ ਰਹੀ ਹੈ। ਦੂਰ ਦੂਰ ਤਕ ਇਸ ਦੀਆਂ ਧੁੰਮਾਂ ਪਈਆਂ ਹਨ ਪਰ ਸਿਖਿਆ ਬੋਰਡ ਚੁੱਪ ਰਿਹਾ ਅਤੇ ਬੋਰਡ ਦੀ ਬੋਲੀ ਅਨੁਸਾਰ ਹਰ ਸਾਲ ਇਕ-ਦੋ ਘਟਨਾਵਾਂ ਤੋਂ ਸਿਵਾ ਨਕਲਾਂ ਰਹਿਤ ਪ੍ਰੀਖਿਆਵਾਂ ਨੇਪਰੇ ਚੜ੍ਹ ਜਾਂਦੀਆਂ ਰਹੀਆਂ ਹਨ। ਨਲਕਾਂ ਦੇ ਠੇਕੇਦਾਰਾਂ ਨੇ ਤਾਂ ਨਕਲਾਂ ਕਰਵਾਉਣ ਦੀ ਗਰੰਟੀ ਲਈ ਹੋਈ ਸੀ। ਖ਼ਬਰਾਂ ਵਿਚ ਦਸਿਆ ਗਿਆ ਕਿ ਤਰਨਤਾਰਨ ਜ਼ਿਲ੍ਹੇ ਦੇ 10 ਪ੍ਰੀਖਿਆ ਕੇਂਦਰ ਤਬਦੀਲ ਕਰ ਦਿਤੇ ਗਏ ਹਨ। ਇਹ ਖ਼ਬਰ ਪੰਜਾਬ ਭਰ ਵਿਚ ਫੈਲਾਅ ਦਿਤੀ ਗਈ ਹੈ ਅਤੇ ਠੇਕੇਦਾਰ ਵੀ ਚੌਕੰਨੇ ਹੋਏ ਹਨ। ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਕਲਾਂ ਦੇ ਠੇਕੇਦਾਰਾਂ ਉਤੇ ਪੂਰਨ ਰੂਪ ਵਿਚ ਸ਼ਿਕੰਜਾ ਕੱਸ ਦਿਤਾ ਹੈ। ਪੰਜਾਬ ਸਕੂਲ ਸਿਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ 12ਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਅੱਜ ਜਨਰਲ ਪੰਜਾਬੀ ਅਤੇ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਵਿਸ਼ੇ ਦੀ ਪ੍ਰੀਖਿਆ ਸਮੁੱਚੇ ਪੰਜਾਬ ਵਿਚ ਸੁਚਾਰੂ ਪ੍ਰਬੰਧਾਂ ਅਧੀਨ ਨੇਪਰੇ ਚੜ੍ਹੀ ਹੈ। ਉਨ੍ਹਾਂ ਦਸਿਆ ਕਿ 1937 ਪ੍ਰੀਖਿਆ ਕੇਂਦਰਾਂ ਵਿਚ ਜਨਰਲ ਪੰਜਾਬੀ ਦੇ 2,97,870 ਰੈਗੂਲਰ ਪ੍ਰੀਖਿਆਰਥੀ ਅਤੇ 28,448 ਓਪਨ ਸਕੂਲ ਦੇ ਅਤੇ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਵਿਸ਼ੇ ਦੇ 559 ਰੈਗੂਲਰ ਅਤੇ 282 ਓਪਨ ਸਕੂਲ ਦੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਦੇਣ ਦੇ ਬੋਰਡ ਵਲੋਂ ਸਖ਼ਤ ਇਤਜ਼ਾਮ ਕੀਤੇ ਗਏ ਸਨ। ਅੱਜ ਦੀ ਪ੍ਰੀਖਿਆ ਦੌਰਾਨ 10 ਜ਼ਿਲ੍ਹਿਆਂ ਦੇ ਵੱਖ ਵੱਖ ਕੇਂਦਰਾਂ ਵਿਚ 15 ਨਕਲ ਦੇ ਕੇਸ ਸਾਹਮਣੇ ਆਏ ਹਨ ਅਤੇ ਇਹ ਵੀ ਦਸਿਆ ਗਿਆ ਹੈ ਕਿ ਝਬਾਲ ਕੇਂਦਰ ਵਿਚੋਂ ਇਕ ਬੱਚਾ ਉੱਤਰ-ਪੱਤਰੀ ਲੈ ਕੇ ਫ਼ਰਾਰ ਹੋ ਗਿਆ ਅਤੇ ਹਫੜਾ-ਦਫੜੀ ਮਚੀ ਹੋਈ ਹੈ। ਨਕਲਾਂ ਦੇ ਠੇਕੇਦਾਰਾਂ ਵਲੋਂ ਇਹੋ ਜਹੀ ਸਿਖਲਾਈ ਦਿਤੀ ਗਈ ਜਾਪਦੀ ਹੈ। ਉਹ ਇਸ ਲਈ ਕਿ ਸਿਖਿਆ ਸਕੱਤਰ ਦਾ ਧਿਆਨ ਠੇਕੇਦਾਰਾਂ ਵਲ ਨਾ ਜਾਵੇ ਅਤੇ ਉਹ ਇਥੇ ਹੀ ਉਲਝੇ ਰਹਿਣ।
ਨਕਲਾਂ ਦੇ ਠੇਕੇਦਾਰਾਂ ਨੇ ਇਕ ਸੋਚੀ-ਸਮਝੀ ਸਾਜ਼ਸ਼ ਤਹਿਤ ਇਹ ਕਰਤੂਤ ਕੀਤੀ ਹੈ। ਇਕ ਮਸ਼ਹੂਰ ਅਖ਼ਬਾਰ ਅਨੁਸਾਰ ਇਸ ਕਾਰਵਾਈ ਦਾ ਕਾਰਨ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਚਲ ਰਹੀਆਂ 12ਵੀਂ ਦੀਆਂ ਪ੍ਰੀਖਿਆਵਾਂ ਦੌਰਾਨ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਪ੍ਰੀਖਿਆ ਨੂੰ ਨਕਲਰਹਿਤ ਕਰਵਾਉਣ ਲਈ ਖ਼ੁਦ ਪ੍ਰੀਖਿਆ ਪ੍ਰਬੰਧਾਂ ਦੀ ਕਮਾਨ ਸੰਭਾਲਣਾ ਅਤੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ 7 ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕਰਨਾ ਅਤੇ ਇਨ੍ਹਾਂ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਹੈ। ਚੇਅਰਪਰਸਨ ਬੋਰਡ ਹਰਗੁਣਜੀਤ ਕੌਰ ਨੇ ਸਕੂਲਾਂ ਦਾ ਰੀਕਾਰਡ ਸੀਲ ਕਰ ਕੇ ਇਨ੍ਹਾਂ ਸਕੂਲਾਂ ਵਿਰੁਧ ਸਖ਼ਤ ਕਾਰਵਾਈ ਸ਼ੁਰੂ ਕਰ ਦਿਤੀ। ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਖ਼ਤਾਈ ਕਾਰਨ ਪੰਜਾਬ ਭਰ ਦੇ ਸਿਖਿਆ ਕੇਂਦਰਾਂ ਦੇ ਸੁਪਰਡੈਂਟ ਅਤੇ ਨਿਗਰਾਨ ਅਮਲਾ ਸ਼ਾਖਾ ਵਿਚ ਬਹੁਤ ਵੱਡੀ ਹਫ਼ੜਾ-ਦਫ਼ੜੀ ਮੱਚ ਗਈ ਹੈ ਅਤੇ ਜਾਪਦਾ ਹੈ ਕਿ ਸੱਭ ਅਪਣਾ ਬਚਾਅ ਪੱਖ ਮੂਹਰੇ ਰੱਖ ਕੇ ਠੇਕੇਦਾਰਾਂ ਨੂੰ ਮੂੰਹ ਲਾਉਣ ਤੋਂ ਪਿਛੇ ਹੱਟ ਗਏ ਹਨ।
1985 ਤੋਂ 1995 ਤਕ ਅਤਿਵਾਦ ਦਾ ਸਮਾਂ ਬੜਾ ਭਿਆਨਕ ਸੀ ਜਦੋਂ ਕੋਈ ਪ੍ਰੀਖਿਆ ਕੇਂਦਰਾਂ ਵਿਚ ਡਿਊਟੀ ਨਿਭਾਉਣ ਨੂੰ ਵੀ ਤਿਆਰ ਨਹੀਂ ਹੁੰਦਾ ਸੀ ਅਤੇ ਪ੍ਰੀਖਿਆ ਕੇਂਦਰਾਂ ਵਿਚ ਨਕਲਾਂ ਦੇ ਠੇਕੇਦਾਰਾਂ ਦੀ ਬੜੀ ਚੜ੍ਹ ਮਚੀ ਹੋਈ ਸੀ। ਬੇਰੋਕ ਅਤੇ ਬੇਝਿਜਕ ਨਕਲਾਂ ਚਲ ਰਹੀਆਂ ਹੁੰਦੀਆਂ ਸਨ। ਉਸ ਸਮੇਂ ਇਹ ਗੱਲ ਵੇਖਣ ਨੂੰ ਮਿਲੀ ਕਿ ਪ੍ਰੀਖਿਆਰਥੀ ਕੇਂਦਰ ਵਿਚ ਦਾਖ਼ਲ ਹੋਏ ਨਹੀਂ ਅਤੇ ਪ੍ਰਸ਼ਨ ਪੱਤਰ ਬਾਹਰ ਆਇਆ ਨਹੀਂ। ਵਿਸ਼ਾ ਮਾਹਰ ਬਾਹਰ ਖੜੇ ਹੁੰਦੇ ਸਨ, ਜੋ ਪ੍ਰਸ਼ਨ ਪੱਤਰ ਅੱਧੇ ਘੰਟੇ ਵਿਚ ਕਰ ਦਿੰਦੇ ਸਨ ਅਤੇ ਹੱਲ ਕੀਤਾ ਹੋਇਆ ਪੇਪਰ ਪ੍ਰੀਖਿਆ ਕੇਂਦਰਾਂ ਵਿਚ ਚਲਾ ਜਾਂਦਾ ਸੀ। ਕਈ ਕੇਂਦਰਾਂ ਵਿਚ ਤਾਂ ਨਕਲਾਂ ਦੇ ਠੇਕੇਦਾਰਾਂ ਨੇ ਮੋਟੀਆਂ ਰਕਮਾਂ ਵੀ ਵਸੂਲ ਕੀਤੀਆਂ। ਇਸ ਤੋਂ ਬਾਅਦ 5 ਤਰ੍ਹਾਂ ਦੇ ਪ੍ਰਸ਼ਨ ਪੱਤਰ ਛਾਪੇ ਜਾਂਦੇ ਰਹੇ ਜੋ ਕਿ ਠੇਕੇਦਾਰਾਂ ਦੀ ਪਹੁੰਚ ਵਿਚ ਹੁੰਦੇ ਸਨ। ਬੇਸ਼ੱਕ ਕੁੱਝ ਨਕਲਾਂ ਤੋਂ ਰਾਹਤ ਮਿਲੀ ਪਰ ਨਕਲਾਂ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕੀਆਂ।
ਨਕਲਾਂ ਦੇ ਠੇਕੇਦਾਰਾਂ ਨੇ ਤਾਂ ਪੰਜ ਤਰ੍ਹਾਂ ਦੇ ਪ੍ਰਸ਼ਨ ਪੱਤਰਾਂ ਦਾ ਹੱਲ ਵੀ ਲੱਭ ਲਿਆ ਸੀ ਅਤੇ ਨਾਲਾਇਕ ਬੱਚਿਆਂ ਤੋਂ ਮੋਟੀਆਂ ਰਕਮਾਂ ਵਸੂਲ ਕੇ ਨਕਲ ਕਰਵਾਉਣ ਦੇ ਠੇਕੇ ਲੈਣੇ ਸ਼ੁਰੂ ਕੀਤੇ ਹੋਏ ਸਨ। ਪ੍ਰੀਖਿਆ ਕੇਂਦਰ ਫਿਰ ਵੀ ਨਕਲਰਹਿਤ ਨਾ ਹੋਏ। ਨਕਲਾਂ ਦੇ ਠੇਕੇਦਾਰਾਂ ਨੂੰ ਨਕਲਾਂ ਦੇ ਠੇਕੇ ਲੈਂਦਿਆਂ ਮੈਂ ਅੱਖੀਂ ਵੇਖਿਆ ਸੀ। ਗੰਢਤੁਪ ਅਕਸਰ ਹੀ ਹਰ ਸਾਲ ਚਲਦੀ ਰਹੀ। ਹੋਟਲਾਂ ਵਿਚ ਸ਼ਰਾਬਾਂ ਦੇ ਦੌਰ ਚਲਦੇ ਰਹੇ। ਮੋਟੀਆਂ ਰਕਮਾਂ ਚਲਦੀਆਂ ਰਹੀਆਂ। ਜੇਕਰ ਨਕਲ ਨਹੀਂ ਕਰਵਾਈ ਜਾਂਦੀ ਸੀ ਤਾਂ ਉਹ ਗ਼ਰੀਬ-ਗੁਰਬਿਆਂ ਦੇ ਬੱਚਿਆਂ ਨੂੰ ਸੀ, ਜੋ ਨਿਗਰਾਨ ਦੇ ਥੋੜੇ ਜਿਹੇ ਰੋਹਬ ਨਾਲ ਜਾਂ ਗਹਿਰੀਆਂ ਅੱਖਾਂ ਕਰਦਿਆਂ ਸਾਰ ਹੀ ਸ਼ਾਂਤ ਹੋ ਜਾਂਦੇ ਸਨ। ਠੇਕੇਦਾਰਾਂ ਦੀ ਗੰਢਤੁਪ ਇਲਾਕੇ ਤਰਨ ਤਾਰਨ ਜ਼ਿਲ੍ਹੇ ਵਿਚ ਨਹੀਂ ਹੁੰਦੀ ਸਗੋਂ ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਗੰਢਤੁਪ ਹੋ ਜਾਂਦੀ ਰਹੀ ਹੈ ਅਤੇ ਹੁਣ ਵੀ ਚਲ ਰਹੀ ਹੈ।
ਪ੍ਰੀਖਿਆਰਥੀਆਂ ਕੋਲੋਂ ਮੋਟੀਆਂ ਰਕਮਾਂ ਉਦੋਂ ਵੀ ਵਸੂਲ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਅੱਜ ਵੀ ਚਲ ਰਹੀਆਂ ਹਨ। ਗ਼ਰੀਬ-ਗ਼ੁਰਬਿਆਂ ਦੇ ਬੱਚਿਆਂ ਤੋਂ ਜੇ ਗ਼ਲਤੀ ਹੋ ਜਾਂਦੀ ਸੀ ਤਾਂ ਨਕਲਾਂ ਦੇ ਕੇਸ ਉਦੋਂ ਵੀ ਬਣਾਏ ਜਾਂਦੇ ਸਨ ਅਤੇ ਅੱਜ ਵੀ ਕਿਉਂਕਿ ਉਹ ਨਾ ਤਾਂ ਮੋਟੀਆਂ ਰਕਮਾਂ ਦੇ ਸਕਦੇ ਸਨ ਨਾ ਹੀ ਉਨ੍ਹਾਂ ਦੀ ਕੋਈ ਸਿਫ਼ਾਰਸ਼ ਕਰਦਾ ਸੀ ਅਤੇ ਉੱਚ ਅਫ਼ਸਰ 'ਨਕਲਾਂ ਦੇ ਏਨੇ ਕੇਸ ਬਣਾਏ' ਕਹਿੰਦੇ ਥਕਦੇ ਨਹੀਂ ਸਨ। ਅਪਣੇ ਤੇ ਕਹਿਰ ਵਾਪਰਦਾ ਹੈ ਤਾਂ ਸਿਖਿਆ ਬੋਰਡ ਵਲੋਂ ਕੁੱਝ ਘਟਨਾਵਾਂ ਤੋਂ ਸਿਵਾ ਨਕਲ ਰਹਿਤ ਪ੍ਰੀਖਿਆਵਾਂ ਦੇ ਗੁਣ ਗਾਏ ਜਾਂਦੇ ਸਨ। ਇਨ੍ਹਾਂ ਬੱਚਿਆਂ ਦੇ ਨੁਕਸਾਨ ਉਦੋਂ ਵੀ ਹੁੰਦੇ ਸਨ ਅਤੇ ਅੱਜ ਵੀ ਹੁੰਦੇ ਹਨ। ਦੂਜੇ ਪਾਸੇ ਬੋਰਡ ਦੀ ਸਖ਼ਤੀ ਦੇ ਬਾਵਜੂਦ ਨਕਲਚੀਆਂ ਦੀ ਚਾਂਦੀ ਉਦੋਂ ਵੀ ਹੋਇਆ ਕਰਦੀ ਸੀ ਅਤੇ ਅੱਜ ਵੀ ਹੈ। ਜੇਕਰ ਇਹ ਗੱਲ ਨਾ ਹੁੰਦੀ ਤਾਂ ਸਿਖਿਆ ਸਕੱਤਰ ਨੂੰ ਤਰਨਤਾਰਨ ਦੇ 10 ਪ੍ਰੀਖਿਆ ਕੇਂਦਰ ਤਬਦੀਲ ਨਾ ਕਰਨੇ ਪੈਂਦੇ ਅਤੇ ਮਾਨਤਾ ਪ੍ਰਾਪਤ 8 ਸਕੂਲਾਂ ਦੀ ਮਾਨਤਾ ਰੱਦ ਨਾ ਹੁੰਦੀ।
ਇਕ ਸਕੂਲ ਵਿਚ ਉਡਣ ਦਸਤਿਆਂ ਵਿਚੋਂ ਨਕਲਾਂ ਰੋਕਣ ਵਿਚ ਮਸ਼ਹੂਰ ਇਕ ਅਫ਼ਸਰ ਇਕ ਪ੍ਰੀਖਿਆ ਕੇਂਦਰ ਵਿਚ ਗਿਆ ਜਿਸ ਦੇ ਸੂਪਰਡੈਂਟ ਨੂੰ ਕਿਸੇ ਸਿਰਫਿਰੇ ਨੇ ਸਿਰ ਵਿਚ ਡਾਂਗ ਮਾਰ ਕੇ ਬੇਹੋਸ਼ ਕਰ ਦਿਤਾ ਸੀ। ਇਸ ਦੀ ਨਾ ਕੋਈ ਪੁਲਿਸ ਕਾਰਵਾਈ ਹੋਈ, ਨਾ ਹੀ ਬੋਰਡ ਦੇ ਅਫ਼ਸਰ ਵਲੋਂ ਕੋਈ ਕਾਰਵਾਈ ਕੀਤੀ ਗਈ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਵਿਚ ਬਤੌਰ ਸੁਪਰਡੈਂਟ ਅਤੇ ਅਬਜ਼ਰਵਰ ਦੀ ਡਿਊਟੀ ਨਿਭਾਉਣ ਦਾ ਮੌਕਾ ਮਿਲਿਆ। ਪ੍ਰੀਖਿਆ ਕੇਂਦਰ ਦੇ ਠੇਕੇਦਾਰ ਮੇਰੇ ਦੁਆਲੇ ਘੁੰਮਦੇ ਰਹੇ ਅਤੇ ਦਫ਼ਤਰ ਵਿਚ ਕਈ ਤਰ੍ਹਾਂ ਦੇ ਪਕਵਾਨ ਅਤੇ ਸ਼ਰਾਬ ਪੇਸ਼ ਕੀਤੀ ਜਿਸ ਨੂੰ ਲੈਣ ਤੋਂ ਮੈਂ ਇਨਕਾਰ ਕਰ ਦਿਤਾ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿਚ ਇਕ ਸੁਪਰਡੈਂਟ ਨੇ ਤਾਂ ਸਾਫ਼ ਹੀ ਕਹਿ ਦਿਤਾ, ''ਓ ਯਾਰ ਬਾਹਰ ਆ ਬੱਚਿਆਂ ਨੂੰ ਨਕਲ ਕਰ ਲੈਣ ਦਿਉ।'' ਦੂਜੇ ਪਾਸੇ ਜੇਕਰ ਮੈਂ ਇਸ ਮੌਕੇ ਨਾਲ ਸਮਝੌਤਾ ਨਾ ਕਰਦਾ ਤਾਂ ਮੇਰੇ ਸਿਰ ਵਿਚ ਡਾਂਗ ਪੈ ਜਾਣੀ ਸੀ। ਧਮਕੀਆਂ ਤਾਂ ਮੈਨੂੰ ਨਾਲੋ ਨਾਲ ਮਿਲ ਹੀ ਰਹੀਆਂ ਸਨ। ਬੋਰਡ ਦੀ ਡਿਊਟੀ ਵੀ ਇਨ੍ਹਾਂ ਠੇਕੇਦਾਰਾਂ ਨੂੰ ਨੱਥ ਪਾਉਣ ਤੋਂ ਅਸਮਰੱਥ ਰਹੀ ਅਤੇ ਡੰਗ ਟਪਾਊ ਹੀ ਰਹੀ ਹੈ ਜਾਂ ਫਿਰ ਬੋਰਡ ਵੀ ਘੇਸਲ ਵੱਟ ਜਾਂਦਾ ਰਿਹਾ। ਸੱਭ ਦੀ ਜ਼ਮੀਰ ਮਰੀ ਹੋਈ ਹੈ।
ਦੂਜੇ ਪਾਸੇ ਨਿਗਰਾਨ, ਅਬਜ਼ਰਵਰ ਅਤੇ ਉਡਣ ਦਸਤੇ ਤੇ ਸੁਪਰਡੈਂਟ ਵਿਚੋਂ 5 ਫ਼ੀ ਸਦੀ ਹੀ ਨੇਕਨੀਤ ਅਤੇ ਈਮਾਨਦਾਰੀ ਨਾਲ ਅਪਣੀ ਡਿਊਟੀ ਨਿਭਾਉਂਦੇ ਹਨ। 95 ਫ਼ੀ ਸਦੀ ਅਧਿਕਾਰੀ ਤਾਂ ਡੰਗ ਟਪਾਉ ਹੀ ਡਿਊਟੀ ਦੇਂਦੇ ਹਨ ਅਤੇ ਜੇ ਕਿਤੇ ਨਕਲ ਚਲ ਵੀ ਰਹੀ ਹੈ ਤਾਂ ਉਹ ਘੇਸਲ ਹੀ ਮਾਰ ਜਾਂਦੇ ਹਨ। ਜੇਕਰ ਕੋਈ ਸਖ਼ਤ ਕਾਰਵਾਈ ਕਰ ਵੀ ਦੇਵੇ ਤਾਂ ਬੇਇੱਜ਼ਤੀ ਅਤੇ ਕਿਸੇ ਆਨੇ-ਬਹਾਨੇ ਛਿੱਤਰ ਪਰੇਡ ਤਾਂ ਲਾਜ਼ਮੀ ਹੋਣ ਦਾ ਡਰ ਰਹਿੰਦਾ ਹੈ ਕਿਉਂਕਿ ਉਨ੍ਹਾਂ ਦੀ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾਂਦਾ। ਇਸ ਕਰ ਕੇ ਹਰ ਸਾਲ ਬੇਰੋਕ ਅਤੇ ਸੱਭ ਦੀ ਮਿਲੀਭੁਗਤ ਨਾਲ ਨਕਲਾਂ ਚਲ ਰਹੀਆਂ ਹੁੰਦੀਆਂ ਹਨ। 5 ਫ਼ੀ ਸਦੀ ਸੁਰੱਖਿਆ ਦਾ ਜੇ ਪ੍ਰਬੰਧ ਵੀ ਨੇਕਨੀਤ ਨਾਲ ਨਹੀਂ ਕਰਨਾ ਤਾਂ ਨਕਲਾਂ ਰੋਕੇਗਾ ਕੌਣ? ਬੋਰਡ ਦੀ ਬੋਲੀ ਵੀ ਹਰ ਸਾਲ ਇਹੋ ਰਾਗ ਅਲਾਪਦੀ ਰਹੀ ਹੈ ਕਿ ਪ੍ਰੀਖਿਆਵਾਂ ਨਕਲਰਹਿਤ ਨੇਪਰੇ ਚੜ੍ਹ ਜਾਂਦੀਆਂ ਹਨ। ਇਹ ਸਿਲਸਿਲਾ ਕਦੋਂ ਤਕ ਚਲਦਾ ਰਹੇਗਾ? ਕਦੋਂ ਤਕ ਨਕਲਾਂ ਦੇ ਠੇਕੇਦਾਰਾਂ ਉਤੇ ਸਖ਼ਤੀ ਨਾਲ ਸ਼ਿਕੰਜਾ ਕਸਿਆ ਜਾ ਸਕੇਗਾ?