ਚਿੱਠੀਆਂ : ਪ੍ਰਵਾਸੀ ਮਜ਼ਦੂਰਾਂ ਨਾਲ ਵਿਤਕਰਾ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੇਸ਼ ਵਿਚ ਕੋਰੋਨਾ ਕਾਰਨ ਤਾਲਾਬੰਦੀ ਦਾ ਦੂਜਾ ਦੌਰ ਚੱਲ ਰਿਹਾ ਹੈ

File Photo

ਦੇਸ਼ ਵਿਚ ਕੋਰੋਨਾ ਕਾਰਨ ਤਾਲਾਬੰਦੀ ਦਾ ਦੂਜਾ ਦੌਰ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਾਲਾਬੰਦੀ ਸਬੰਧੀ ਦੇਸ਼ ਦੇ ਨਾਂ ਸੰਦੇਸ਼ ਵਿਚ ਅਪਣੇ ਰਾਜਾਂ ਨੂੰ ਛੱਡ ਕੇ ਬਾਹਰਲੇ ਰਾਜਾਂ ਵਿਚ ਕੰਮ ਕਰਨ ਵਾਲੇ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਕਿਹਾ ਗਿਆ ਕਿ ਉਹ ਜਿਥੇ ਹਨ ਉੱਥੇ ਹੀ ਰਹਿਣ। ਸੂਬਾ ਸਰਕਾਰਾਂ ਵਲੋਂ ਇਨ੍ਹਾਂ ਪ੍ਰਵਾਸੀ ਕਾਮਿਆਂ ਦਾ ਪੂਰਾ ਖ਼ਿਆਲ ਰਖਿਆ ਜਾਵੇਗਾ। ਬਸਾਂ-ਗੱਡੀਆਂ ਬੰਦ ਹੋਣ ਕਾਰਨ ਇਨ੍ਹਾਂ ਪ੍ਰਵਾਸੀ ਕਿਰਤੀਆਂ ਕੋਲ, ਅਪਣੀਆਂ ਜਗ੍ਹਾ ਉਤੇ ਹੀ ਰਹਿਣ ਤੋਂ ਸਿਵਾਏ ਕੋਈ ਚਾਰਾ ਵੀ ਨਹੀਂ ਬਚਿਆ ਸੀ।

ਇਸੇ ਦੌਰਾਨ ਕੁੱਝ ਦਿਲ ਹਿਲਾ ਦੇਣ ਵਾਲੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਕੁੱਝ ਮਜ਼ਦੂਰਾਂ ਨੇ ਹਜ਼ਾਰਾਂ ਮੀਲ ਦੂਰ ਅਪਣੇ ਘਰਾਂ ਦਾ ਸਫ਼ਰ ਪੈਦਲ ਤੈਅ ਕਰਨਾ ਸ਼ੁਰੂ ਕਰ ਦਿਤਾ ਤੇ ਕਈਆਂ ਦੀ ਰਸਤੇ ਵਿਚ ਮੌਤ ਵੀ ਹੋ ਗਈ। ਇਸੇ ਤਰ੍ਹਾਂ ਰਾਜਸਥਾਨ ਤੋਂ ਅਪਣੇ ਘਰ ਨੂੰ ਚੱਲੇ ਇਕ ਪ੍ਰਵਾਸੀ ਪ੍ਰਵਾਰ (ਜਿਸ ਵਿਚ ਪਤੀ-ਪਤਨੀ ਅਪਣੀ ਛੋਟੀ ਬੱਚੀ ਨਾਲ ਜਾ ਰਹੇ ਸਨ) ਨੂੰ ਬੀਕਾਨੇਰ ਪ੍ਰਸ਼ਾਸਨ ਨੇ, ਨਾ ਤਾਂ ਜਾਣ ਦੀ ਆਗਿਆ ਦਿਤੀ ਤੇ ਨਾ ਹੀ ਉਨ੍ਹਾਂ ਦੇ ਰਾਸ਼ਨ ਦਾ ਪ੍ਰਬੰਧ ਕੀਤਾ। ਇਸ ਪ੍ਰਵਾਰ ਦੀ ਔਰਤ ਨੇ ਰੋਂਦਿਆਂ ਅਪਣੀ ਹੱਡਬੀਤੀ ਬਿਆਨ ਕਰਦਿਆਂ ਦਸਿਆ ਕਿ ਅਸੀ ਮਿਹਨਤ ਮਜ਼ਦੂਰੀ ਵਾਲੇ ਲੋਕ ਹਾਂ। ਭੁੱਖੇ ਰਹਿ ਲਈਦਾ ਸੀ ਪਰ ਅੱਜ ਤਕ ਕਿਸੇ ਤੋਂ ਮੰਗਿਆ ਨਹੀਂ... ਪਰ ਹੁਣ ਛੋਟੀ ਬੱਚੀ ਲਈ ਮੰਗਣਾ ਵੀ ਪੈ ਗਿਐ।

ਕੁੱਝ ਦਿਨ ਪਹਿਲਾਂ ਤਕ ਬਹੁਤ ਸਾਰੇ ਮਜ਼ਦੂਰ ਅਪਣੇ ਘਰਾਂ ਨੂੰ ਜਾਣ ਲਈ, ਦਿੱਲੀ ਯੂ.ਪੀ. ਸੀਮਾ ਉਤੇ ਕਈ ਦਿਨ ਸਾਧਨ ਉਡੀਕਦੇ ਰਹੇ। ਇਸੇ ਤਰ੍ਹਾਂ ਪਿਛਲੇ ਹਫ਼ਤੇ ਹੀ ਅਪਣੇ ਘਰਾਂ ਨੂੰ ਜਾਣ ਨੂੰ ਤਰਸਦੇ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ਉਤੇ ਪੁਲਿਸ ਦੀ ਖਿੱਚ-ਧੂਹ ਦਾ ਸ਼ਿਕਾਰ ਹੋਏ ਹਨ।

ਪਰ ਇਨ੍ਹਾਂ ਮਜ਼ਦੂਰਾਂ ਦੀ ਕੋਈ ਸੁਣਵਾਈ ਨਹੀਂ ਹੋਈ, ਸਗੋਂ ਸੱਭ ਨੇ ਕੋਰੋਨਾ ਦਾ ਡਰ ਵਿਖਾ ਕੇ ਜਿਥੇ ਹੋ, ਜਿਵੇਂ ਹੋ ਸਮਾਂ ਕੱਟਣ ਦੀ ਸਲਾਹ ਹੀ ਦਿਤੀ।
ਪਰ ਇਸੇ ਦਰਮਿਆਨ ਕੁੱਝ ਦਿਨ ਪਹਿਲਾਂ ਹੀ ਵੱਖ-ਵੱਖ ਰਾਜਾਂ ਤੋਂ ਰਾਜਸਥਾਨ ਦੇ ਕੋਟਾ ਸ਼ਹਿਰ ਵਿਖੇ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਰਹੇ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਵਲੋਂ ਉਨ੍ਹਾਂ ਨੂੰ ਕੋਟਾ ਸ਼ਹਿਰ ਵਿਚੋਂ ਕੱਢਣ ਦੀ ਖ਼ਬਰ ਸਾਹਮਣੇ ਆਈ। ਇਸ ਦੇ ਬਾਵਜੂਦ ਕਿ ਕੋਟਾ ਸ਼ਹਿਰ ਵਿਚ ਕੋਚਿੰਗ ਲੈ ਰਹੇ 92 ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ, ਖ਼ਬਰ ਇਹ ਆ ਰਹੀ ਹੈ ਕਿ ਯੂ.ਪੀ. ਦੀ ਯੋਗੀ ਸਰਕਾਰ ਵਲੋਂ ਸੂਬੇ ਦੇ 8 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਲੈ ਕੇ ਆਉਣ ਲਈ 252 ਬਸਾਂ ਭੇਜੀਆਂ ਜਾ ਰਹੀਆਂ ਹਨ।

ਇਥੇ ਸਵਾਲ ਵਿਦਿਆਰਥੀਆਂ ਨੂੰ ਵਾਪਸ ਬੁਲਾਉਣ ਲਈ ਵਿਖਾਈ ਫ਼ੁਰਤੀ ਦਾ ਨਹੀਂ ਤੇ ਨਾ ਹੀ ਇਹ ਹੈ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ, ਸਗੋਂ ਪ੍ਰਸ਼ਨ ਇਹ ਹੈ ਕਿ ਜੇਕਰ ਕੋਟਾ ਵਿਚ ਕੋਚਿੰਗ ਲੈ ਰਹੇ ਵਿਦਿਆਰਥੀਆਂ ਨੂੰ ਅਪਣੇ ਘਰਾਂ ਤਕ ਪਹੁੰਚਾਉਣ ਲਈ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਪਿਛਲੇ 25 ਦਿਨਾਂ ਤੋਂ ਵੱਖ-ਵੱਖ ਸੂਬਿਆਂ ਵਿਚ ਰੁੱਲ ਰਹੇ ਤੇ ਅਪਣੇ ਘਰਾਂ ਨੂੰ ਜਾਣ ਦੀ ਗੁਹਾਰ ਲਗਾ ਰਹੇ ਪ੍ਰਵਾਸੀ ਮਜ਼ਦੂਰਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜੋਕੀ ਸੰਕਟ ਦੀ ਘੜੀ ਵਿਚ ਅਮੀਰ-ਗ਼ਰੀਬ ਦੇ ਭੇਦ-ਭਾਵ ਨੂੰ ਛੱਡ ਕੇ ਸਾਰੇ ਭਾਰਤ ਵਾਸੀਆਂ ਨਾਲ ਇਕੋ ਜਿਹਾ ਵਰਤਾਉ ਕਰਨਾ ਚਾਹੀਦਾ ਹੈ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਦੇ ਇੰਤਜਾਮ ਕਰਨੇ ਚਾਹੀਦੇ ਹਨ।
-ਡਾ. ਪ੍ਰਦੀਪ ਕੌੜਾ,
ਮੋਬਾਈਲ : 9501115200