ਆਰ.ਐਸ.ਐਸ ਦਾ ਏਜੰਡਾ 2070 ਤਕ ਸਿੱਖ ਤੇ ਸਿੱਖੀ ਨੂੰ ਖ਼ਤਮ ਕਰਨਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਰਤ ਦੀ ਕੇਂਦਰ ਸਰਕਾਰ ਭਾਜਪਾ ਦੀ ਹੈ ਤੇ ਭਾਜਪਾ ਆਰ.ਐਸ.ਐਸ ਦਾ ਸਿਆਸੀ ਵਿੰਗ ਹੈ

File Photo

ਭਾਰਤ ਦੀ ਕੇਂਦਰ ਸਰਕਾਰ ਭਾਜਪਾ ਦੀ ਹੈ ਤੇ ਭਾਜਪਾ ਆਰ.ਐਸ.ਐਸ ਦਾ ਸਿਆਸੀ ਵਿੰਗ ਹੈ। ਅਗੱਸਤ 2015 ਵਿਚ ਨਾਗਪੁਰ ਤੋਂ ਛਪਦੇ ਇਨ੍ਹਾਂ ਦੇ ਇਕ ਰਸਾਲੇ ਵਿਚ ਸਪੱਸ਼ਟ ਲਿਖਿਆ ਹੈ ਕਿ ਸੰਘ ਦਾ ਨਿਸ਼ਾਨਾ ਜਾਂ ਏਜੰਡਾ ਹੈ 2070 ਤਕ ਸਿੱਖ ਤੇ ਸਿੱਖੀ ਨੂੰ ਖ਼ਤਮ ਕਰਨਾ। ਜੂਨ 1984 ਵਿਚ ਜਦ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਤਾਂ ਫ਼ੌਜ ਦੀ ਕਮਾਂਡ ਮੂਲ ਤੌਰ ਉਤੇ ਸਿੱਖ ਪ੍ਰਵਾਰ ਦੇ ਜੰਮਪਲ ਜਨਰਲ ਬਰਾੜ ਕੋਲ ਸੀ।

ਕਮਾਲ ਦੀ ਗੱਲ ਵੇਖੋ, ਸਫ਼ਲਤਾ ਵੇਖੋ ਇਨ੍ਹਾਂ ਦੀ, ਪੰਜਾਬ ਵਿਚ ਨੌਜੁਆਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰਵਾਏ ਗਏ. ਪੰਜਾਬ ਪੁਲਿਸ ਦਾ ਮੁਖੀ ਕੇ.ਪੀ.ਐਸ ਗਿੱਲ ਤੇ ਮੁੱਖ ਮੰਤਰੀ ਬੇਅੰਤ ਸਿੰਘ ਕੋਲੋਂ ਜੋ ਦੋਵੇਂ ਸਿੱਖ ਪ੍ਰਵਾਰਾਂ ਵਿਚੋਂ ਸਨ। ਹੁਣ ਜਨਰਲ ਬਰਾੜ ਨੇ ਅਪਣੀ ਦੂਜੀ ਕਿਤਾਬ ਲਿਖੀ ਹੈ ਜਿਸ ਵਿਚ ਉਸ ਨੇ ਸਾਫ਼ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਆਰ.ਐਸ.ਐਸ ਦੀ ਹੱਲਾਸ਼ੇਰੀ ਸਦਕਾ ਇੰਦਰਾ ਨੇ ਕੀਤਾ। ਸੰਤ ਜਰਨੈਲ ਸਿੰਘ ਜੀ ਦੇ ਕਹਿਣ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਪਿੰਡਾਂ ਵਿਚੋਂ ਸਿੱਖ ਚੱਲ ਪਏ ਸਨ ਸ੍ਰੀ ਦਰਬਾਰ ਸਾਹਿਬ ਵਲ ਹਮਲੇ ਸਮੇਂ।

ਜਨਰਲ ਬਰਾੜ ਸਾਫ਼ ਲਿਖਦਾ ਹੈ ਕਿ ਉਨ੍ਹਾਂ ਸਿੱਖਾਂ ਨੂੰ ਰੋਕਣ ਲਈ ਸੰਘ ਨੇ ਜਾਅਲੀ ਤਿਆਰ ਕੀਤੇ ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ਪਿੰਡਾਂ ਵਿਚ ਭੇਜੇ ਜਿਨ੍ਹਾਂ ਨੇ ਕੂੜੇ ਤੇ ਝੂਠੇ ਪ੍ਰਚਾਰ ਰਾਹੀਂ ਸਿੱਖਾਂ ਨੂੰ ਰੋਕਿਆ। ਪਹਿਲਾ ਨੁਕਤਾ ਰਾਸ਼ਟਰੀ ਸਿੱਖ ਸੰਗਤ ਦਾ ਟੀਚਾ ਕੀ ਹੈ? ਬਸ ਸਿੱਖਾਂ ਦੀ ਹਰ ਸੰਸਥਾ, ਹਰ ਪਾਰਟੀ ਵਿਚ ਅਪਣੀ ਘੁਸਪੈਠ ਕਰਨੀ। ਹੁਣ ਤਾਂ ਜਾਗਰੂਕ ਸਿੱਖ ਜਾਣਦੇ ਹਨ ਕਿ ਸ਼੍ਰੋਮਣੀ  ਕਮੇਟੀ ਉਤੇ ਵੀ ਸੰਘ ਦਾ ਹੀ ਕਬਜ਼ਾ ਹੈ। ਰੋਜ਼ਾਨਾ ਸਪੋਕਸਮੈਨ ਜਦੋਂ ਸ਼ੁਰੂ ਹੋਇਆ, ਉਸ ਤੋਂ ਇਕ ਸਾਲ ਦੇ ਅੰਦਰ-ਅੰਦਰ ਹੀ ਇਕ ਬਿਆਨ 'ਰੋਜ਼ਾਨਾ ਸਪੋਕਸਮੈਨ' ਵਿਚ ਛਪਿਆ ਪੜ੍ਹਿਆ ਜੋ ਨਾਗਪੁਰ ਤੋਂ ਸੰਘ ਦੇ ਜ਼ਿੰਮੇਵਾਰ ਆਗੂ ਦਾ ਸੀ, ਅਖੇ ਤਖ਼ਤਾਂ ਦੇ ਜਥੇਦਾਰ ਤਾਂ ਸਾਡੇ ਤਨਖ਼ਾਹੀਏ ਹਨ।

ਅੱਜ ਤਕ ਕਿਸੇ ਵੀ ਜਥੇਦਾਰ ਸਾਹਿਬ ਨੇ ਇਸ ਬਿਆਨ ਦੀ ਨਿਖੇਧੀ ਨਹੀਂ ਕੀਤੀ। 'ਰੋਜ਼ਾਨਾ ਸਪੋਕਸਮੈਨ' ਛਪਦਾ ਹੀ ਛਪਦਾ ਹੈ ਤੇ ਦਾਸ ਰੋਜ਼ਾਨਾ ਪੜ੍ਹਦਾ ਵੀ ਹੈ। ਜਦ ਅਸੀ ਆਮ ਸਿੱਖ ਇਥੇ ਤਕ ਜਾਣ ਚੁਕੇ ਹਾਂ ਤਾਂ ਫਿਰ ਰਾਸ਼ਟਰੀ ਸਿੱਖ ਸੰਗਤ ਵਿਚ ਸ਼ਾਮਲ ਸਿੱਖ ਕੌਣ ਹਨ? 1984 ਤੋਂ ਬਾਅਦ ਸਿੱਖਾਂ ਦੀ ਨੁਮਾਇੰਦਾ ਸਿਆਸੀ ਧਿਰ ਦਾ ਪੰਜਾਬ ਵਿਚ ਲਗਭਗ 18 ਸਾਲ ਰਾਜਭਾਗ ਰਿਹਾ ਹੈ ਪਰ ਕੀ ਕਿਸੇ ਵੀ ਸਿੱਖ ਲੀਡਰ ਨੇ ਇਸ ਪਾਸੇ ਧਿਆਨ ਦਿਤਾ ਹੈ? ਨਹੀਂ! ਕਿਉਂਕਿ ਰਾਜਸੀ ਸਿੱਖ ਆਗੂ ਤਾਂ ਏਨੇ ਗ਼ਰਕ ਚੁਕੇ ਹਨ ਕਿ ਕੁਰਸੀ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ।      
 -ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963