ਪੁਰਾਣੇ ਅਤੇ ਥੋਥੇ ਵਿਚਾਰਾਂ ਉਤੇ ਸੱਟ ਮਾਰਦਾ ਸਿਨੇਮਾ
ਦੇਸ਼ ਵਿਚ ਅੱਜ ਵੀ ਅਜਿਹੀਆਂ ਕਈ ਰੂੜੀਆਂ (ਰਵਾਇਤਾਂ, ਪ੍ਰਥਾਵਾਂ) ਹਨ ਜਿਨ੍ਹਾਂ ਉਤੇ ਸਮਾਜ ਵੱਧ ਬੋਲਣ ਤੋਂ ਝਿਜਕਦਾ ਹੈ।...
ਦੇਸ਼ ਵਿਚ ਅੱਜ ਵੀ ਅਜਿਹੀਆਂ ਕਈ ਰੂੜੀਆਂ (ਰਵਾਇਤਾਂ, ਪ੍ਰਥਾਵਾਂ) ਹਨ ਜਿਨ੍ਹਾਂ ਉਤੇ ਸਮਾਜ ਵੱਧ ਬੋਲਣ ਤੋਂ ਝਿਜਕਦਾ ਹੈ। ਇਨ੍ਹਾਂ ਵਿਚੋਂ ਇਕ ਹੈ ਮਾਂਹਵਾਰੀ, ਜਿਸ ਨੂੰ ਲੋਕ ਔਰਤਾਂ ਨਾਲ ਜੁੜਿਆ ਮੁੱਦਾ ਹੋਣ ਕਾਰਨ ਸ਼ਰਮ ਦੀ ਗੱਲ ਮੰਨਦੇ ਹਨ ਜਦਕਿ ਮਾਂਹਵਾਰੀ ਔਰਤਾਂ ਦੇ ਸਿਹਤਮੰਦ ਹੋਣ ਅਤੇ ਉਨ੍ਹਾਂ ਦੇ ਮਾਂ ਬਣਨ ਦੇ ਕਾਬਲ ਹੋਣ ਦੀ ਇਕ ਨਿਸ਼ਾਨੀ ਹੈ। ਇਸ ਦੇ ਬਾਵਜੂਦ ਔਰਤਾਂ ਨੂੰ ਮਾਂਹਵਾਰੀ ਦੌਰਾਨ ਗੰਦੇ ਕਪੜੇ ਵਰਤਣ ਨਾਲ ਅਤੇ ਸਾਫ਼-ਸਫ਼ਾਈ ਨਾ ਰੱਖਣ ਕਰ ਕੇ ਇਨਫ਼ੈਕਸ਼ਨ ਅਤੇ ਬੱਚੇਦਾਨੀ ਦੇ ਕੈਂਸਰ ਵਰਗੀਆਂ ਕਈ ਗੰਭੀਰ ਬਿਮਾਰੀਆਂ ਤਕ ਨਾਲ ਜੂਝਣਾ ਪੈਂਦਾ ਹੈ।
ਜਿਹੜੇ ਲੋਕ ਮਾਂਹਵਾਰੀ ਨੂੰ ਲੈ ਕੇ ਥੋੜ੍ਹੇ ਬਹੁਤ ਜਾਗਰੂਕ ਹਨ, ਉਹ ਅੱਜ ਵੀ ਦੁਕਾਨਾਂ ਤੋਂ ਸੈਨੇਟਰੀ ਪੈਡ ਖ਼ਰੀਦਣ ਵਿਚ ਝਿਜਕ ਮਹਿਸੂਸ ਕਰਦੇ ਹਨ ਅਤੇ ਖ਼ਰੀਦੇ ਗਏ ਸੈਨੇਟਰੀ ਪੈਡ ਨੂੰ ਕਾਲੇ ਲਿਫ਼ਾਫ਼ੇ ਜਾਂ ਅਖ਼ਬਾਰੀ ਕਾਗ਼ਜ਼ ਵਿਚ ਲਪੇਟ ਕੇ ਹੀ ਘਰ ਲੈ ਜਾਂਦੇ ਹਨ। ਲੋਕਾਂ ਵਿਚ ਮਾਂਹਵਾਰੀ ਅਤੇ ਸਾਫ਼-ਸਫ਼ਾਈ ਪ੍ਰਤੀ ਏਨੀ ਚੁੱਪੀ ਦੇ ਬਾਵਜੂਦ ਅਚਾਨਕ ਇਨ੍ਹਾਂ ਦਿਨਾਂ ਵਿਚ ਸੋਸ਼ਲ ਮੀਡੀਆ ਉਤੇ ਲੋਕਾਂ ਦੇ ਹੱਥਾਂ ਵਿਚ ਸੈਨੇਟਰੀ ਪੈਡ (ਸਫ਼ਾਈ ਲਈ ਅੰਦਰ ਰੱਖੀ ਗੱਦੀ) ਚੁੱਕ ਕੇ ਉਨ੍ਹਾਂ ਦੀ ਸੈਲਫ਼ੀ ਅਤੇ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ।
ਇਹ ਸੱਭ ਕਰਨਾ ਏਨਾ ਆਸਾਨ ਨਹੀਂ ਸੀ। ਜਿਹੜਾ ਕੰਮ ਸਾਲਾਂ ਤੋਂ ਸਰਕਾਰ ਦੀ ਮੁਹਿੰਮ ਨਾ ਕਰ ਸਕੀ ਉਹ ਮਾਂਹਵਾਰੀ ਨਾਲ ਜੁੜੀ ਇਕ ਫ਼ਿਲਮ ਨੇ ਕਰ ਵਿਖਾਇਆ। ਇਹ ਫ਼ਿਲਮ ਦੱਖਣ ਭਾਰਤ ਦੇ ਇਕ ਬੰਦੇ ਅਰੂਣਾਚਲਮ ਗੁਰੂਗਨੰਥਮ ਦੀ ਜ਼ਿੰਦਗੀ ਤੇ ਬਣੀ ਹੈ। ਇਸ ਫ਼ਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੋਕਾਂ ਦੀ ਪੁਰਾਣੀ ਸੋਚ ਨੂੰ ਬਦਲਣ ਵਿਚ ਕਾਮਯਾਬੀ ਪ੍ਰਾਪਤ ਕਰ ਲਈ ਸੀ। ਇਸ ਫ਼ਿਲਮ ਦਾ ਨਾਂ ਹੈ 'ਪੈਡਮੈਨ' ਜਿਸ ਦਾ ਹੀਰੋ ਅਕਸ਼ੈ ਕੁਮਾਰ ਹੈ। ਉਨ੍ਹਾਂ ਨੇ ਮਾਂਹਵਾਰੀ ਦੇ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਉਠਾਇਆ ਹੈ।
ਇਸ ਫ਼ਿਲਮ ਰਾਹੀਂ ਲੋਕਾਂ ਦੀ ਮਹਾਂਵਾਰੀ ਨੂੰ ਲੈ ਕੇ ਸ਼ਰਮ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਔਰਤ ਲਈ ਸ਼ਰਮ ਤੋਂ ਵੱਧ ਕੇ ਕੋਈ ਬਿਮਾਰੀ ਹੀ ਨਹੀਂ।ਇਸ ਫ਼ਿਲਮ ਵਿਚ ਇਕ ਥਾਂ ਅਕਸ਼ੈ ਕੁਮਾਰ ਅਪਣੀਆਂ ਭੈਣਾਂ ਨੂੰ ਸੈਨੇਟਰੀ ਪੈਡ ਦੇਂਦੇ ਹਨ ਤਾਂ ਉਨ੍ਹਾਂ ਨੂੰ ਸੁਣਨ ਨੂੰ ਮਿਲਦਾ ਹੈ ਕਿ 'ਕੀ ਕੋਈ ਭੈਣ ਨੂੰ ਕੋਈ ਅਜਿਹੀ ਚੀਜ਼ ਵੀ ਦੇਂਦਾ ਹੈ?' ਅਕਸ਼ੈ ਕੁਮਾਰ ਜਵਾਬ ਦੇਂਦੇ ਹਨ, ''ਨਹਂੀ ਦੇਂਦਾ, ਪਰ ਦੇਣਾ ਚਾਹੀਦਾ ਹੈ। ਰੱਖੜੀ ਬੰਨ੍ਹੀ ਸੀ ਨਾ ਤਾਂ ਰਾਖੀ ਦਾ ਵਚਨ ਨਿਭਾ ਰਿਹਾ ਸੀ।'' ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮਾਂਹਵਾਰੀ ਨੂੰ ਲੈ ਕੇ ਸਾਡੇ ਸਮਾਜ ਦੀ ਕੀ ਸੋਚ ਹੈ।
ਫ਼ਿਲਮ 'ਪੈਡਮੈਨ' ਨੇ ਇਸ ਸੋਚ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਅੱਜ ਇਸੇ ਦਾ ਨਤੀਜਾ ਹੈ ਕਿ ਜਿਸ ਸੈਨੇਟਰੀ ਪੈਡ ਨੂੰ ਲੋਕ ਦੁਕਾਨਾਂ ਤੋਂ ਖ਼ਰੀਦਣ ਸਮੇਂ ਸੌ ਵਾਰੀ ਸੋਚਦੇ ਹਨ ਉਹੀ ਲੋਕ ਅੱਜ ਸੈਨੇਟਰੀ ਪੈਡ ਨੂੰ ਹੱਥਾਂ ਵਿਚ ਲੈ ਕੇ ਤਸਵੀਰਾਂ ਖਿੱਚ ਰਹੇ ਹਨ ਅਤੇ ਇਸ ਦੇ ਫ਼ਾਇਦੇ ਗਿਣਾ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਅਕਸ਼ੈ ਕੁਮਾਰ ਦੀ ਹੀ ਇਕ ਹੋਰ ਫ਼ਿਲਮ 'ਟਾਇਲਟ : ਏਕ ਪ੍ਰੇਮ ਕਥਾ' ਆਈ ਸੀ। ਇਸ ਫ਼ਿਲਮ ਵਿਚ ਖੁੱਲ੍ਹੀ ਥਾਂ ਤੇ ਮਲ ਤਿਆਗਣ ਦੀ ਸਮੱਸਿਆ ਨੂੰ ਚੁਕਿਆ ਗਿਆ ਸੀ। ਪਖੰਡ ਅਤੇ ਮਨੂੰਵਾਦੀ ਸੋਚ ਉਤੇ ਵੀ ਕਰਾਰੀ ਸੱਟ ਮਾਰੀ ਗਈ ਸੀ।
ਇਸ ਫ਼ਿਲਮ ਦਾ ਇਕ ਡਾਈਲਾਗ 'ਹਾਂ ਭਾਬੀ ਚਲੋ, ਸਵਾ 4 ਹੋ ਗਏ। ਸਾਰੇ ਉਡੀਕ ਰਹੇ ਨੇ। ਲੋਟਾ ਪਾਰਟੀ ਵਿਚ ਤੁਹਾਡਾ ਸਵਾਗਤ ਹੈ।'' ਸਾਬਤ ਕਰਦਾ ਹੈ ਕਿ ਜ਼ਿਆਦਾਤਰ ਰੂੜੀਆਂ ਦਾ ਮੁਕਾਬਲਾ ਔਰਤਾਂ ਨੂੰ ਹੀ ਕਰਨਾ ਪੈਂਦਾ ਹੈ। ਇਸ ਫ਼ਿਲਮ ਵਿਚ ਪਖੰਡ ਨੂੰ ਲੈ ਕੇ ਬੋਲੇ ਗਏ ਡਾਇਲਾਗ 'ਜਿਹੜਾ ਵਿਹੜੇ ਵਿਚ ਤੁਲਸੀ ਲਾਉਂਦੇ ਹੋ ਉਥੇ ਮਲ ਕਰਨਾ ਸ਼ੁਰੂ ਕਰ ਦਈਏ?' ਤੋਂ ਇਹ ਜ਼ਾਹਰ ਹੁੰਦਾ ਹੈ ਕਿ ਅੱਖਾਂ ਉਤੇ ਚੜ੍ਹੀ ਅੰਧਵਿਸ਼ਵਾਸ ਦੀ ਪੱਟੀ ਵਧੀਆ ਸਿਹਤ ਦੇ ਰਸਤੇ ਵਿਚ ਇਕ ਵੱਡਾ ਰੋੜਾ ਹੈ।
ਇਸ ਫ਼ਿਲਮ ਦੀ ਹੀਰੋਇਨ ਭੂਮੀ ਪੇਡਨੇਕਰ ਇਕ ਥਾਂ ਕਹਿੰਦੀ ਹੈ, ''ਮਰਦ ਤਾਂ ਘਰ ਦੇ ਪਿੱਛੇ ਬੈਠ ਜਾਂਦੇ ਹਨ, ਪਰ ਅਸੀ ਤਾਂ ਔਰਤਾਂ ਹਾਂ। ਸਾਨੂੰ ਤਾਂ ਹਰ ਚੀਜ਼ ਲਈ ਵੱਧ ਮਿਹਨਤ ਕਰਨੀ ਪਵੇਗੀ।'' ਅਕਸ਼ੈ ਕੁਮਾਰ ਜੀ ਕਹਿੰਦੇ ਨਜ਼ਰ ਆਉਂਦੇ ਹਨ, ''ਜੇਕਰ ਬੀਵੀ ਕੋਲ ਚਾਹੀਦੀ ਹੈ ਤਾਂ ਪਖ਼ਾਨਾ ਚਾਹੀਦੈ।'' ਇਨ੍ਹਾਂ ਸੰਵਾਦਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਅੱਜ ਵੀ ਲੋਕ ਲੱਖਾਂ ਰੁਪਏ ਲਾ ਕੇ ਆਲੀਸ਼ਾਨ ਮਕਾਨ ਬਣਵਾ ਲੈਂਦੇ ਹਨ ਪਰ ਕੁੱਝ ਹਜ਼ਾਰ ਰੁਪਏ ਲਾ ਕੇ ਪਖਾਨਾ ਸਥਾਨ ਬਣਵਾਉਣ ਵਿਚ ਫ਼ੇਲ੍ਹ ਹੋ ਜਾਂਦੇ ਹਨ।
ਇਸ ਸਿਲਸਿਲੇ ਵਿਚ ਹੀਰੋ ਜ਼ਫ਼ਰ ਖ਼ਾਨ ਦਾ ਕਹਿਣਾ ਹੈ ਕਿ ਸਮਾਜਕ ਮੁੱਦਿਆਂ ਉਤੇ ਕਹਾਣੀ ਲਿਖਣ ਵਾਲਿਆਂ ਦੀ ਕਮੀ ਅਤੇ ਫ਼ਿਲਮ ਵਿਚ ਲਾਏ ਪੈਸੇ ਡੁੱਬਣ ਦੇ ਡਰ ਤੋਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਹੁਤ ਘੱਟ ਬਣ ਪਾਉਂਦੀਆਂ ਹਨ। ਪਰ ਜਦੋਂ ਵੀ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਣਦੀਆਂ ਹਨ ਤਾਂ ਦਰਸ਼ਕ ਉਸ ਫ਼ਿਲਮ ਵਿਚ ਵਿਖਾਈ ਗਈ ਸਮਸਿਆ ਨੂੰ ਅਪਣੇ ਆਪ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦੇਂਦੇ ਹਨ। ਇਹੀ ਕਾਰਨ ਹੈ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਘੱਟ ਬਜਟ ਦੀਆਂ ਹੋਣ ਦੇ ਬਾਵਜੂਦ ਚੰਗੀ ਕਮਾਈ ਕਰਦੀਆਂ ਹਨ।
ਧਰਮ ਅਤੇ ਪਖੰਡ ਦੀ ਪੋਲ ਖੋਲ੍ਹਦੀ ਇਕ ਫ਼ਿਲਮ 'ਪੀ ਕੇ' ਆਈ ਸੀ ਜਿਸ ਵਿਚ ਆਮਿਰ ਖ਼ਾਨ ਨੇ ਦਮਦਾਰ ਅਦਾਕਾਰੀ ਕੀਤੀ ਸੀ। ਇਸ ਫ਼ਿਲਮ ਦੇ ਜ਼ਰੀਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਚਮਤਕਾਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਫ਼ਿਲਮ ਵਿਚ ਉਨ੍ਹਾਂ ਅਖੌਤੀ ਸਾਧੂ-ਸੰਤਾਂ ਨੂੰ ਕਟਹਿਰੇ ਵਿਚ ਖੜਾ ਕੀਤਾ ਗਿਆ ਸੀ, ਜਿਹੜੇ ਚਮਤਕਾਰ ਵਿਖਾ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਫ਼ਿਲਮ 'ਪੀ ਕੇ' ਨੇ ਤਰਕ ਦੇ ਸਹਾਰੇ ਧਰਮ ਅਤੇ ਪਖੰਡ ਦੇ ਨਾਂ ਤੇ ਦੁਕਾਨਾਂ ਚਲਾਉਣ ਵਾਲਿਆਂ ਦੀ ਬੋਲਤੀ ਬੰਦ ਕਰ ਦਿਤੀ ਸੀ।
ਧਾਰਮਕ ਮੂਰਤੀਆਂ ਦੀ ਇਕ ਦੁਕਾਨ ਉਤੇ ਆਮਿਰ ਖ਼ਾਨ ਕਹਿੰਦੇ ਹਨ ਕਿ 'ਕੀ ਮੂਰਤੀ ਵਿਚ ਟਰਾਂਸਮੀਟਰ ਲੱਗਾ ਹੋਇਆ ਹੈ ਜੋ ਭਗਵਾਨ ਤਕ ਉਸ ਦੀ ਆਵਾਜ਼ ਪਹੁੰਚੇਗੀ? ਜਦੋਂ ਰੱਬ ਤਕ ਆਵਾਜ਼ ਨਹੀਂ ਪਹੁੰਚਦੀ ਤਾਂ ਮੂਰਤੀ ਦੀ ਕੀ ਜ਼ਰੂਰਤ?' ਇਸ ਨੂੰ ਸਾਬਤ ਕਰਨ ਲਈ ਉਹ ਕਾਲਜ 'ਚ ਇਕ ਦਰੱਖ਼ਤ ਦੇ ਹੇਠਾਂ ਪਏ ਇਕ ਪੱਥਰ ਉਤੇ ਲਾਲ ਰੰਗ ਫੇਰ ਦੇਂਦੇ ਹਨ ਜਿਸ ਤੇ ਵਿਦਿਆਰਥੀ ਅਪਣੇ ਕੋਲ ਹੋਣ ਦੀਆਂ ਮੰਨਤਾਂ ਮੰਗਦੇ ਨਜ਼ਰ ਆਉਂਦੇ ਹਨ।
ਫ਼ਿਲਮ 'ਓ ਮਾਈ ਗੋਡ' ਵਿਚ ਧਰਮ ਦੇ ਉਨ੍ਹਾਂ ਠੇਕੇਦਾਰਾਂ ਉਤੇ ਨਿਸ਼ਾਨਾ ਲਾਇਆ ਗਿਆ ਸੀ ਜੋ ਧਰਮ ਦੀ ਅਪਣੀ ਦੁਕਾਨ ਨੂੰ ਬਚਾਈ ਰੱਖਣ ਲਈ ਕੀ ਕੁੱਝ ਨਹੀਂ ਕਰਦੇ। ਇਸ ਫ਼ਿਲਮ ਵਿਚ ਪਰੇਸ਼ ਰਾਵਲ ਨੇ ਸਾਰੇ ਵਰਗਾਂ ਨੂੰ ਕਟਹਿਰੇ ਵਿਖ ਖੜਾ ਕੀਤਾ ਸੀ। ਫ਼ਿਲਮ ਇਹ ਸੁਨੇਹਾ ਦੇਣ ਵਿਚ ਕਾਮਯਾਬ ਰਹੀ ਸੀ ਕਿ ਧਰਮ ਦਾ ਡਰ ਬੰਦਾ ਆਪ ਅਪਣੇ ਮਾਤਾ-ਪਿਤਾ ਤੋਂ ਸਿਖਦਾ ਹੈ ਅਤੇ ਅੱਗੇ ਚਲ ਕੇ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿਖਾਉਂਦਾ ਹੈ।
ਇਸ ਦੇਸ਼ ਵਿਚ ਧਰਮ ਦਾ ਡਰ ਵਿਖਾ ਕੇ ਸੌਦੇ ਤੈਅ ਕੀਤੇ ਜਾਂਦੇ ਹਨ। ਧਾਗੇ, ਤਵੀਤ ਪਵਾ ਕੇ ਅਮੀਰ ਬਣਨ ਦੇ ਸੁਪਨੇ ਵਿਖਾਏ ਜਾਂਦੇ ਹਨ। ਧਰਮ ਅਤੇ ਸ਼ਰਧਾ ਦੇ ਨਾਂ ਤੇ ਲੋਕ ਵੀ ਲੁੱਟੇ ਜਾਣ ਨੂੰ ਤਿਆਰ ਰਹਿੰਦੇ ਹਨ। ਔਰਤਾਂ ਦੀ ਇੱਜ਼ਤ ਤਕ ਲੁੱਟੀ ਜਾਂਦੀ ਹੈ। ਪਰ ਲੋਕ ਧਰਮ ਦੇ ਡਰ ਤੋਂ ਮੂੰਹ ਖੋਲ੍ਹਣ ਤੋਂ ਕਤਰਾਉਂਦੇ ਹਨ। ਇਸ ਮਸਲੇ ਤੇ ਹੀਰੋ ਰਵੀਸ਼ੰਕਰ ਮਿਸ਼ਰਾ ਜੀ ਦਾ ਕਹਿਣਾ ਹੈ ਕਿ ਫ਼ਿਲਮਾਂ ਵਿਚ ਦਿਤੇ ਗਏ ਸੁਨੇਹਿਆਂ ਦਾ ਅਸਰ ਦਰਸ਼ਕਾਂ ਦੇ ਦਿਮਾਗ਼ ਉਤੇ ਉਦੋਂ ਆਸਾਨੀ ਨਾਲ ਹੁੰਦਾ ਹੈ ਜਦੋਂ ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਸਮੱਸਿਆਵਾਂ ਨਾਲ ਜੁੜੀ ਕਹਾਣੀ ਹੋਵੇ। ਅਨੁਵਾਦਕ : ਪਵਨ ਕੁਮਾਰ ਰੱਤੋਂ
ਸੰਪਰਕ : 94173-71455