ਇਕ ਚਿੱਠੀ ਨੇ ਕਰਵਾਈ ਐਮ.ਏ. ਦੀ ਪੜ੍ਹਾਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਹਿੰਦੇ ਹਨ ਕਿ ਮਿਹਨਤ, ਸਿਦਕ, ਸਿਰੜ ਤੇ ਪਰਮਾਤਮਾ ਉਤੇ ਭਰੋਸਾ ਬੰਦੇ ਨੂੰ ਜ਼ਰੂਰ ਉਸ ਦੀ ਮੰਜ਼ਿਲ ਤਕ ਪਹੁੰਚਾ ਦਿੰਦੇ ਹਨ ਅਤੇ ਦ੍ਰਿੜ ਸੰਕਲਪ ਲੈ ਕੇ ਜੇਕਰ...

Man Reading

ਕਹਿੰਦੇ ਹਨ ਕਿ ਮਿਹਨਤ, ਸਿਦਕ, ਸਿਰੜ ਤੇ ਪਰਮਾਤਮਾ ਉਤੇ ਭਰੋਸਾ ਬੰਦੇ ਨੂੰ ਜ਼ਰੂਰ ਉਸ ਦੀ ਮੰਜ਼ਿਲ ਤਕ ਪਹੁੰਚਾ ਦਿੰਦੇ ਹਨ ਅਤੇ ਦ੍ਰਿੜ ਸੰਕਲਪ ਲੈ ਕੇ ਜੇਕਰ ਬੰਦਾ ਅਪਣੀ ਮੰਜ਼ਿਲ ਵਲ ਤੁਰ ਪਵੇ ਤਾਂ ਰਸਤੇ ਵਿਚ ਆਉਣ ਵਾਲੀਆਂ ਬੇਥਾਹ ਔਕੜਾਂ, ਮੁਸੀਬਤਾਂ ਤੇ ਕਸ਼ਟ ਵੀ ਪ੍ਰਮਾਤਮਾ ਦੀ ਕ੍ਰਿਪਾ ਤੇ ਸੁਵੱਲੀ ਨਜ਼ਰ ਨਾਲ ਬੰਦੇ ਦਾ ਰਾਹ ਨਹੀਂ ਰੋਕ ਸਕਦੀਆਂ ਤੇ ਵੱਡਾ ਜੇਰਾ ਲੈ ਕੇ ਮੰਜ਼ਿਲ ਵਲ ਤੁਰਨ ਨਾਲ ਹੀ ਰਾਹ ਦੀਆਂ ਰੁਕਾਵਟਾਂ ਦੂਰ ਹੋਣਗੀਆਂ। ਬਿਨਾਂ ਮਤਲਬ ਕਿਸਮਤ ਨੂੰ ਕੋਸਣਾ ਜਾਂ ਖ਼ੁਦਕੁਸ਼ੀਆਂ ਕਰ ਲੈਣਾ ਜਾਂ ਔਖੇ ਸਮੇਂ ਵਿਚ ਨਸ਼ਿਆਂ ਦਾ ਸੇਵਨ ਕਰਨ ਲੱਗ ਪੈਣਾ, ਵਿਅਕਤੀ ਦੇ ਦੁੱਖ ਦੂਰ ਨਹੀਂ ਕਰ ਸਕਦਾ। 

ਇਹ ਗੱਲ 2002 ਦੀ ਹੈ ਜਦੋਂ ਮੈਂ ਪਿੰਡ ਨੌਰਾ (ਨਵਾਂਸ਼ਹਿਰ) ਤੋਂ ਔਖੇ-ਸੌਖੇ ਢੰਗ ਨਾਲ ਦੋ ਸਾਲਾ ਅਧਿਆਪਕ ਕੋਰਸ ਪੂਰਾ ਕੀਤਾ ਹੀ ਸੀ। ਘਰ ਦੀ ਆਰਥਕ ਸਥਿਤੀ ਡਾਵਾਂਡੋਲ ਹੋ ਕੇ ਬਦ ਤੋਂ ਬਦਤਰ ਬਣੀ ਹੋਈ ਸੀ। ਮੈਂ ਉਚੇਰੀ ਪੜ੍ਹਾਈ (ਐਮ.ਏ.) ਕਰਨੀ ਚਾਹੁੰਦਾ ਸੀ, ਪਰ ਕਿਤਾਬਾਂ ਤੇ ਦਾਖ਼ਲਾ ਫ਼ੀਸ ਆਦਿ ਲਈ ਮੇਰੇ ਕੋਲ ਧੇਲਾ ਵੀ ਨਹੀਂ ਸੀ, ਸਗੋਂ ਉਲਟਾ ਰੋਟੀ-ਦਾਲ ਦੇ ਵੀ ਲਾਲੇ ਪਏ ਹੋਏ ਸਨ ਜਿਸ ਲਈ ਮੈਂ ਕੋਈ ਕੰਮ-ਧੰਦਾ ਕਰਨ ਦੀ ਠਾਣ ਲਈ, ਕਿਉਂਕਿ ਵਿਹਲੇ ਹੱਥ ਤੇ ਹੱਥ ਧਰ ਕੇ ਬੈਠਣਾ ਮੇਰੀ ਫ਼ਿਤਰਤ ਨਹੀਂ।

ਮੈਂ ਮਜ਼ਦੂਰੀ ਆਦਿ ਕਰਨੀ ਸ਼ੁਰੂ ਕਰ ਦਿਤੀ, ਪਰ ਐਮ.ਏ. ਕਰਨ ਦੀ ਟੀਸ ਮਨੋ ਮਨੀ ਦੁਖੀ ਕਰ ਰਹੀ ਸੀ। ਪਰ ਘਰ ਦੀ ਗ਼ਰੀਬੀ ਅੱਗੇ ਮੈਂ ਮਜਬੂਰ ਤੇ ਲਾਚਾਰ ਹੋ ਚੁੱਕਾ ਸੀ। ਕਿਸੇ ਪਾਸਿਉਂ ਕਿਸੇ ਸੱਜਣ ਜਾਂ ਰਿਸ਼ਤੇਦਾਰ ਆਦਿ ਵਲੋਂ ਕੋਈ ਵੀ ਮਦਦ ਨਹੀਂ ਸੀ ਮਿਲ ਰਹੀ। ਇਕ ਦਿਨ ਮੈਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਾਲਿਆਂ ਦਾ ਅਚਾਨਕ ਹੀ ਇਕ ਧਾਰਮਕ ਰਸਾਲਾ ਪੜ੍ਹ ਰਿਹਾ ਸੀ ਤੇ ਫਿਰ ਮੈਂ ਉਨ੍ਹਾਂ ਦੇ ਦਿਤੇ ਪਤੇ ਤੇ ਇਕ ਚਿੱਠੀ ਲਿਖ ਕੇ ਦੋ ਬੇਨਤੀਆਂ ਕੀਤੀਆਂ ਕਿ ਇਕ ਤਾਂ ਮੈਨੂੰ ਦੋ ਸਾਲਾ ਧਾਰਮਕ ਕੋਰਸ ਮੁਫ਼ਤ ਕਰਵਾ ਦਿਉ ਤੇ ਦੂਜਾ ਕਿ ਮੈਨੂੰ ਐਮ.ਏ. ਦੀ ਦੋ ਸਾਲਾ ਪੜ੍ਹਾਈ ਕਰਨ ਵਿਚ ਵਿੱਤੀ ਮਦਦ ਕਰ ਦਿਉ।

ਪ੍ਰਮਾਤਮਾ ਦੀ ਕ੍ਰਿਪਾ ਹੋਈ ਤੇ ਮੇਰੇ ਦੁਖੀ ਹਿਰਦੇ ਨਾਲ ਲਿਖੀ ਚਿੱਠੀ ਤੇ ਅਮਲ ਕਰਦਿਆਂ ਉਨ੍ਹਾਂ ਨੇ ਤੁਰੰਤ ਮੈਨੂੰ ਦੋ ਸਾਲਾ ਧਾਰਮਕ ਕੋਰਸ ਕਰਨ ਦੀ ਮੰਨਜ਼ੂਰੀ ਦੇ ਦਿਤੀ ਤੇ ਐਮ.ਏ. ਦੀ ਪੜ੍ਹਾਈ ਸਬੰਧੀ ਮੇਰਾ ਕੇਸ ਸ਼੍ਰੀ ਅਨੰਦਪੁਰ ਸਾਹਿਬ ਦੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਕੋਲ ਭੇਜ ਦਿਤਾ। ਉਹ ਅਪਣੇ ਕੁੱਝ ਸਾਥੀਆਂ ਨਾਲ ਤੁਰੰਤ ਹਰਕਤ ਵਿਚ ਆਏ ਤੇ ਮੇਰੇ ਘਰ ਆ ਕੇ ਮੇਰੀ ਗ਼ਰੀਬੀ ਦੀ ਹਾਲਤ ਤੋਂ ਜਾਣੂ ਹੋਏ ਤੇ ਉਨ੍ਹਾਂ ਨੇ ਉਸੇ ਸਮੇਂ ਮੈਨੂੰ ਐਮ.ਏ. ਦੀ ਪੜ੍ਹਾਈ ਕਰਵਾਉਣ ਦਾ ਫ਼ੈਸਲਾ ਲੈ ਲਿਆ।

ਉਨ੍ਹਾਂ ਨੇ ਮੈਨੂੰ ਬੇਫਿਕਰ ਹੋ ਕੇ ਮਿਹਨਤ ਮਜ਼ਦੂਰੀ ਕਰਨ ਦੇ ਨਾਲ-ਨਾਲ ਐਮ.ਏ. ਪੰਜਾਬੀ ਦੀ ਪੜ੍ਹਾਈ (ਪ੍ਰਾਈਵੇਟ ਤੌਰ ਉਤੇ, ਗਿਆਨੀ ਦੇ ਬੇਸ ਤੇ) ਪੂਰੀ ਕਰਨ ਲਈ ਪ੍ਰੇਰਿਤ ਹੀ ਨਹੀਂ ਕੀਤਾ, ਸਗੋਂ ਪੜ੍ਹਾਈ ਦੀ ਦਾਖ਼ਲਾ ਫ਼ੀਸ, ਕਿਤਾਬਾਂ ਆਦਿ ਦਾ ਪ੍ਰਬੰਧ ਵੀ ਕਰ ਕੇ ਮੇਰੀ ਪੜ੍ਹਾਈ ਦਾ ਸੁਪਨਾ ਪੂਰਾ ਕੀਤਾ। ਉਨ੍ਹਾਂ ਪਵਿੱਤਰ ਰੱਬੀ ਰੂਹਾਂ ਤੇ ਮਹਾਂਪੁਰਸ਼ਾਂ ਦੀ ਮਹਾਨ ਕ੍ਰਿਪਾ ਤੇ ਹੌਂਸਲੇ ਨਾਲ ਮੈਂ ਅਪਣੀ ਐਮ.ਏ. ਪੰਜਾਬੀ ਦੀ ਦੋ ਸਾਲਾ ਪੜ੍ਹਾਈ ਚੰਗੇ ਅੰਕ ਲੈ ਕੇ ਪੂਰੀ ਕਰ ਲਈ।

ਕੇਵਲ ਤੇ ਕੇਵਲ ਇਕ ਚਿੱਠੀ ਨੂੰ ਆਧਾਰ ਬਣਾ ਕੇ ਉਨ੍ਹਾਂ ਮਹਾਂਪੁਰਸ਼ਾਂ ਨੇ ਮੇਰੀ ਏਨੀ ਮਦਦ ਕੀਤੀ, ਮੈਂ ਖ਼ੁਦ ਇਸ ਸਬੰਧੀ ਹੈਰਾਨ ਹਾਂ। ਸਚਮੁੱਚ ਮੈਂ ਉਨ੍ਹਾਂ ਵਿਦਵਾਨਾਂ, ਗੁਰੂ ਸਾਹਿਬਾਨ ਜੀ ਤੇ ਸਿੱਖ ਧਰਮ ਨੂੰ ਸੱਚੇ ਦਿਲੋਂ ਨਿਮਰਤਾ ਸਹਿਤ ਦੋਵੇਂ ਹੱਥ ਜੋੜ ਕੇ ਪ੍ਰਣਾਮ ਕਰਦਾ ਹਾਂ। ਸੰਪਰਕ : 94785-61356