ਸਾਰੀ ਜ਼ਿੰਦਗੀ ਧਨ ਬਾਰੇ ਹੀ ਸੋਚਣਾ ਫ਼ਜ਼ੂਲ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਫ਼ਰਵਰੀ 2007 ਵਿਚ ਸਰਕਾਰੀ ਨੌਕਰੀ ਤੋਂ ਸੇਵਾ-ਮੁਕਤ ਹੋਣ ਕਰ ਕੇ ਮੈਂ ਪਟਿਆਲੇ ਅਪਣੇ ਘਰ ਵਿਚ ਹੀ ਬਹੁਤਾ ਸਮਾਂ ਬਤੀਤ ਕਰਦਾ ਸੀ..................

Discussion

ਫ਼ਰਵਰੀ 2007 ਵਿਚ ਸਰਕਾਰੀ ਨੌਕਰੀ ਤੋਂ ਸੇਵਾ-ਮੁਕਤ ਹੋਣ ਕਰ ਕੇ ਮੈਂ ਪਟਿਆਲੇ ਅਪਣੇ ਘਰ ਵਿਚ ਹੀ ਬਹੁਤਾ ਸਮਾਂ ਬਤੀਤ ਕਰਦਾ ਸੀ। ਕਦੇ ਕਦਾਈਂ ਮੇਰੇ ਕੋਲ ਮੈਥੋਂ 4 ਕੁ ਸਾਲ ਦੀ ਵਡੀ ਉਮਰ ਵਾਲਾ ਰਿਟਾਇਰਡ ਲੈਕਚਰਾਰ ਘਰੇ ਆ ਜਾਂਦਾ ਸੀ। ਮੈਂ ਸਮਾਣੇ ਦੇ ਜਿਸ ਸਕੂਲ ਵਿਚ ਪ੍ਰਿੰਸੀਪਲ ਸੀ, ਮੇਰੇ ਤੋਂ ਕਾਫ਼ੀ ਸਾਲ ਪਹਿਲਾਂ ਉਸ ਨੇ ਉਥੇ ਦੋ ਸਾਲ ਨੌਕਰੀ ਕੀਤੀ ਸੀ। ਮੈਂ ਉਸ ਨੂੰ ਗੁਪਤਾ ਜੀ ਹੀ ਕਹਿੰਦਾ ਹੁੰਦਾ ਸੀ। ਘਰੇ ਅਸੀ ਇਕੱਠੇ ਚਾਹ ਪਾਣੀ ਪੀ ਲੈਂਦੇ ਸੀ। ਉਹ ਸਾਡੇ ਘਰ ਬੱਚਿਆਂ ਨਾਲ ਵੀ ਹਸਦੇ ਰਹਿੰਦੇ ਸਨ। ਉਸ ਦੀਆਂ ਗੱਲਾਂ ਆਮ ਤੌਰ ਉਤੇ ਅਧਿਆਪਕਾਂ ਦੀਆਂ ਤਨਖ਼ਾਹਾਂ, ਗ੍ਰੇਡ, ਸਕੂਲ ਸਰਵਿਸ ਦੇ ਨਿਯਮਾਂ ਆਦਿ ਬਾਰੇ ਹੁੰਦੀਆਂ ਸਨ।  

ਅਧਿਆਪਕਾਂ ਦੀਆਂ ਤਨਖ਼ਾਹਾਂ, ਬਕਾਏ ਆਦਿ ਦੇ ਬਿਲ ਬਣਾਉਣ ਬਾਰੇ ਉਸ ਨੂੰ ਜਾਣਕਾਰੀ ਸੀ। ਉਹ ਮੇਰੇ ਘਰ ਐਕਟਿਵਾ ਸਕੂਟਰੀ ਉਤੇ ਆਉਂਦਾ ਹੁੰਦਾ ਸੀ। ਉਸ ਕੋਲ ਮੋਬਾਈਲ ਨਹੀਂ ਸੀ ਹੁੰਦਾ। ਉਸ ਨੇ ਮੈਨੂੰ ਅਪਣੇ ਘਰ ਦਾ ਫ਼ੋਨ ਨੰਬਰ ਦੱਸ ਦਿਤਾ ਸੀ। ਉਸ ਦਾ ਘਰ ਮੇਰੇ ਘਰ ਤੋਂ 8-9 ਗਲੀਆਂ ਦੂਰ ਸੀ। ਮੈਨੂੰ ਉਸ ਦੇ ਘਰ ਜਾਣ ਦਾ ਕਦੇ  ਮੌਕਾ ਨਹੀਂ ਸੀ ਮਿਲਿਆ। ਇਕ ਦਿਨ ਗੱਲਾਂ ਕਰਦੇ ਸਮੇਂ ਗੁਪਤਾ ਜੀ ਨੇ ਮੈਨੂੰ ਦਸਿਆ, “ਸੋਹਣ ਲਾਲ, ਹਮ ਨੇ ਕੋਰਟ ਮੇਂ ਕੇਸ ਕੀਯਾ ਥਾ, ਕੋਰਟ ਨੇ ਹਮਾਰੇ ਹੱਕ ਮੇਂ ਫ਼ੈਸਲਾ ਦੇ ਦੀਯਾ। ਮੇਰਾ ਏਰੀਅਰ (ਬਕਾਇਆ) ਛੇ ਹਜ਼ਾਰ  ਰੁਪਏ ਬਣਤਾ ਥਾ।  ਮੇਰੇ ਕੋ ਨਾ ਤੋ ਸਕੂਲ ਵਾਲੇ, ਨਾ ਕੋਈ ਕਲਰਕ ਰਾਹ ਦੇ ਰਹਾ ਥਾ।

ਮੈਂ ਫਿਰ ਡੀ.ਈ.ਓ (ਜ਼ਿਲ੍ਹਾ ਸਿਖਿਆ ਅਫ਼ਸਰ) ਦਫ਼ਤਰ ਮੇਂ ਜਾ ਕੇ ਮੈਡਮ ਕੋ ਕਹਿ ਦੀਯਾ ਕਿ ਜੇ ਮੇਰਾ ਏਰੀਅਰ ਨਾ ਦੀਯਾ ਤੋ ਮੈਂ ਕੰਨਟੈਪਟ ਆਫ਼ ਕੋਰਟ (ਕੋਰਟ ਦੇ ਹੁਕਮਾਂ ਨੂੰ ਨਾ ਮੰਨਣ) ਕਾ ਕੇਸ ਪਾ ਦੂੰਗਾ। ਮੈਡਮ ਨੇ ਮੇਰੇ ਕੋ ਹਫ਼ਤੇ ਬਾਅਦ ਆਨੇ ਕੋ ਕਹਾ। ਹਫ਼ਤੇ ਬਾਅਦ ਮੇਰੇ ਕੋ ਚੈੱਕ ਮਿਲ ਗਿਆ।'' ਬਕਾਏ ਦਾ ਚੈੱਕ ਲੈਣ ਵਾਲੀ ਗੱਲ ਦੱਸਣ ਤੋਂ 10 ਕੁ ਦਿਨ ਬਾਅਦ ਗੁਪਤਾ ਜੀ ਮੇਰੇ ਕੋਲ ਮਿਲਣ ਆਏ। ਉਸ ਨੇ ਮੈਨੂੰ ਆਉਂਦੇ ਸਾਰ ਕਿਹਾ, “ਸੋਹਣ ਲਾਲ, ਮੈਨੇ ਦੇਖਾ ਹੈ  ਕਿ ਤੇਰਾ ਏਰੀਅਰ ਭੀ ਬਨਤਾ ਹੈ, ਵਕੀਲ ਕੋ ਕਹਿ ਕੇ ਤੇਰਾ ਕੇਸ ਵੀ ਪਵਾ ਦੇਂਗੇ। ਸਿਰਫ਼ ਏਕ ਹਜ਼ਾਰ ਰੁਪਏ ਲਗੇਂਗੇ।'' ਮੈਂ ਜਵਾਬ  ਦਿਤਾ, “ਗੁਪਤਾ ਜੀ, ਮੈਂ ਕੇਸ ਨਹੀਂ ਕਰਨਾ,

ਮੈਂ ਇਸ ਝੰਜਟ ਵਿਚ ਹੁਣ ਨਹੀਂ ਪੈਣਾ।'' ਗੁਪਤਾ ਜੀ ਨੇ ਫਿਰ ਕਿਹਾ, “ਸੋਹਣ ਲਾਲ ਜੀ, ਯੇ ਤੋ ਹਮਾਰਾ ਹੱਕ ਹੈ, ਸਰਕਾਰ ਕੀ ਔਰ ਪੈਸੇ ਕਿਉਂ ਛੋੜੇ ਜਾਏਂ।'' ਅਸੀ ਦੋਵੇਂ ਬੈਠ ਕੇ ਚਾਹ ਪੀਣ ਲੱਗ ਪਏ। ਮੈਂ ਆਰਾਮ ਨਾਲ ਗੱਲਾਂ ਕਰਦਿਆਂ ਕਿਹਾ, “ਗੁਪਤਾ ਜੀ, ਮੈਂ 1972 ਵਿਚ ਬੀ.ਐਡ ਕੀਤੀ ਸੀ। ਮੇਰਾ ਨਤੀਜਾ ਆਉਣ ਸਾਰ ਮੈਨੂੰ ਘੱਗੇ ਸਰਕਾਰੀ ਹਾਈ ਸਕੂਲ ਵਿਚ ਨੌਕਰੀ ਮਿਲ ਗਈ ਸੀ। 5 ਫ਼ਰਵਰੀ 1976 ਨੂੰ ਮੇਰਾ ਵਿਆਹ ਹੋ ਗਿਆ। ਉਸ ਤੋਂ ਇਕ ਮਹੀਨੇ ਬਾਅਦ ਮੇਰੀ ਪਤਨੀ ਸਰਕਾਰੀ ਹਾਈ ਸਕੂਲ ਪਾਤੜਾਂ ਵਿਚ ਹਿਸਾਬ ਦੀ ਅਧਿਆਪਿਕਾ ਲੱਗ ਗਈ ਸੀ। 2005 ਵਿਚ ਮੇਰੀ ਪਤਨੀ ਨੂੰ ਬ੍ਰੇਨ ਕੈਂਸਰ ਹੋ ਗਿਆ।

ਇਲਾਜ   ਕਰਾਉਣ ਉਤੇ ਖਰਚ ਹੋਈ 7-8 ਲੱਖ ਰੁਪਏ ਦੀ ਰਕਮ ਮੈਨੂੰ ਸਰਕਾਰ ਪਾਸੋਂ ਮਿਲ ਗਈ। ਇਹ ਵਖਰੀ ਗੱਲ ਹੈ ਕਿ ਮੇਰੀ ਪਤਨੀ ਵਿਛੋੜਾ ਦੇ ਗਈ। ਮੇਰਾ ਪੁੱਤਰ ਯੋਗੇਸ਼ ਮਹਾਰਾਸ਼ਟਰ ਕੇਡਰ ਵਿਚ ਆਈ.ਪੀ.ਐਸ ਹੈ। ਮੇਰੀ ਨੁੰਹ ਫ਼ਿਜ਼ਿਕਸ ਦੀ ਲੈਕਚਰਾਰ ਹੈ। ਜ਼ੀਰਕਪੁਰ ਵਿਆਹੀ ਮੇਰੀ ਪੁਤਰੀ ਨਵਨੀਤ, ਫ਼ੂਡ ਸਪਲਾਈ ਇੰਸਪੈਕਟਰ ਲੱਗੀ ਹੋਈ ਹੈ। ਸਰਕਾਰ ਪਾਸੋਂ ਮੈਨੂੰ ਗੁਜ਼ਾਰੇ ਲਈ ਵਧੀਆ ਪੈਨਸ਼ਨ ਮਿਲ ਰਹੀ ਹੈ। ਮੈਨੂੰ ਦੱਸੋ, ਜੇ ਕੇਸ ਕਰ ਕੇ ਕੁੱਝ ਰਕਮ ਹੋਰ ਮਿਲ ਵੀ ਗ਼ਈ ਤਾਂ ਉਸ ਨਾਲ ਮੈਨੂੰ ਕਿੰਨਾ ਕੁ ਵੱਧ ਰੱਜ ਆ ਜਾਵੇਗਾ।'' ਗੁਪਤਾ ਜੀ  ਧਿਆਨ ਨਾਲ ਮੇਰੀ ਗੱਲ ਸੁਣ ਰਹੇ ਸਨ।

ਗੱਲ ਸੁਣਨ ਤੋਂ ਬਾਅਦ ਵੀ ਉਨ੍ਹਾਂ ਨੇ ਮੈਨੂੰ ਅਦਾਲਤ ਵਿਚ ਕੇਸ ਕਰਨ ਤੇ ਹਜ਼ਾਰ ਰੁਪਏ ਵਕੀਲ ਦੀ ਫ਼ੀਸ ਖ਼ਰਚ ਕਰਨ ਲਈ ਜ਼ੋਰ ਪਾਇਆ। ਮੈਂ ਉਨ੍ਹਾਂ ਨੂੰ ਜਵਾਬ ਦਿਤਾ, “ਗੁਪਤਾ ਜੀ, ਮਸਲਾ ਹਜ਼ਾਰ ਰੁਪਏ ਦਾ ਨਹੀਂ, ਮੈਂ ਕੇਸ ਹੀ ਨਹੀਂ ਕਰਨਾ ਚਾਹੁੰਦਾ।'' ਮੇਰੇ ਘਰ ਤੋਂ ਜਾਣ ਵੇਲੇ ਗੁਪਤਾ ਜੀ ਨੇ ਗਲੀ ਵਿਚ ਖੜੀ ਕੀਤੀ ਸਕੂਟਰੀ ਦਾ ਬਟਨ ਦਬਦੇ ਹੋਏ ਮੈਨੂੰ ਫਿਰ ਕਿਹਾ ਕਿ ''ਦੇਖ ਲਉ, ਬਤਾ ਦੇਨਾ ਅਗਰ ਕੇਸ ਕਰਨਾ ਹੈ ਤੋ।'' ਮੈਂ ਹੱਸ ਕੇ ਨਾਂਹ ਵਿਚ ਸਿਰ ਹਿਲਾਇਆ। ਮੈਂ ਦੋਵੇਂ ਹੱਥ ਜੋੜ ਕੇ ਉਨ੍ਹਾਂ ਦਾ ਧਨਵਾਦ ਵੀ ਕੀਤਾ। ਕੋਰਟ ਕੇਸ ਸਬੰਧੀ ਗੱਲਬਾਤ ਕਰਨ ਤੋਂ ਬਾਅਦ ਕਾਫ਼ੀ ਦਿਨ ਗੁਪਤਾ ਜੀ ਮੇਰੇ ਘਰ ਨਾ ਆਏ।

ਮਹੀਨੇ ਕੁ ਬਾਅਦ, ਮੈਂ ਇਕ ਦਿਨ ਉਨ੍ਹਾਂ ਦੇ ਘਰ ਦੀ ਗਲੀ ਦੇ ਸਾਹਮਣੇ ਬਜ਼ਾਰ ਵਿਚੋਂ ਲੰੰਘ ਰਿਹਾ ਸੀ। ਮੇਰੇ ਕੋਲ ਵਿਹਲਾ ਸਮਾਂ ਹੋਣ ਕਰ ਕੇ, ਮੈਂ ਸੋਚਿਆ ਕਿ ਅੱਜ ਗੁਪਤਾ ਜੀ ਦੇ ਘਰ ਹੀ ਜਾ ਆਵਾਂ। ਮੈਂ ਮੋਬਾਈਲ ਤੋਂ ਉਨ੍ਹਾਂ ਦੇ ਘਰ ਦਾ ਫ਼ੋਨ ਮਿਲਾਇਆ। ਮੈਂ ਕਿਹਾ, “ਮੈਂ ਗੁਪਤਾ ਜੀ ਦਾ ਦੋਸਤ ਬੋਲ ਰਿਹਾ ਹਾਂ। ਉਨ੍ਹਾਂ ਨੂੰ ਮਿਲਣਾ ਸੀ।'' ਫ਼ੋਨ ਤੇ ਗੁਪਤਾ ਜੀ ਦਾ ਬੇਟਾ ਬੋਲ ਰਿਹਾ ਸੀ। ਉਸ ਨੇ ਕਿਹਾ, “ਅੰਕਲ, ਮੇਰੇ ਡੈਡੀ ਜੀ ਦੀ ਤਾਂ 15 ਦਿਨ ਪਹਿਲਾਂ ਡੈੱਥ ਹੋ ਗਈ ਸੀ, ਪਿਛਲੇ ਐਤਵਾਰ ਭੋਗ ਸੀ।'' ਮੈਨੂੰ ਇਹ ਗੱਲ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਅਪਣੇ ਘਰ ਵੱਲ ਨੂੰ ਚੱਲ ਪਿਆ।

ਘਰ ਪਹੁੰਚਦਿਆਂ ਹੀ  ਮੇਰੇ ਮਨ ਵਿਚ ਵਿਚਾਰ ਆਇਆ ਕਿ ਬੰਦਾ ਸਾਰੀ ਜ਼ਿੰਦਗ਼ੀ ਪੈਸਿਆਂ ਸਬੰਧੀ ਐਵੇਂ ਹੀ ਸੰਘਰਸ਼, ਚਿੰਤਾ ਕਰਦਾ ਰਹਿੰਦਾ ਹੈ ਜਦਕਿ ਉਹ ਪੈਸੇ ਅਪਣੇ ਹੱਥੀਂ  ਖਰਚ ਕਰਨ ਦਾ ਸਮਾਂ ਬੰਦੇ ਪਾਸੋਂ ਮੌਤ ਖੋਹ ਲੈਂਦੀ ਹੈ। ਮੌਤ ਦਾ ਕੋਈ ਸਮਾਂ ਨਹੀਂ ਹੁੰਦਾ, ਇਹ ਬਿਨਾਂ ਦੱਸੇ ਆ ਜਾਂਦੀ ਹੈ। ਜ਼ਿੰਦਗੀ ਅਤੇ ਮੌਤ  ਦੋਹਾਂ ਵਿਚ ਸਲੀਕੇ, ਤਹਿਜ਼ੀਬ ਦੇ ਫ਼ਰਕ ਨੂੰ ਕਿਸੇ ਸ਼ਾਇਰ ਨੇ ਬਹੁਤ ਸੁੰਦਰ ਲਫ਼ਜ਼ਾਂ ਵਿਚ ਬਿਆਨ ਕੀਤਾ ਹੈ।  “ਜ਼ਿੰਦਗੀ ਕਿਤਨੀ ਬਾਅਦਬ ਹੈ, ਮੌਤ ਹੈ ਕਿ ਆਦਾਬ ਹੀ ਨਹੀਂ। ਜ਼ਿੰਦਗੀ ਨੌ ਮਹੀਨੇ ਪਹਿਲੇ ਬਤਾ ਦੇਤੀ ਹੈ, ਬੇਅਦਬ ਮੌਤ ਕਾ ਤੋ ਕੁੱਛ ਭੀ ਪਤਾ ਨਹੀਂ।''  ਸੰਪਰਕ : 98144-84161