ਇੰਟਰਨੈੱਟ ਦੇ ਮੱਕੜ ਜਾਲ ਵਿਚ ਫਸਦੀ ਅੱਲ੍ਹੜ ਜਵਾਨੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬੱਚਿਆਂ ਦਾ ਹਰ ਸਮੇਂ ਇੰਟਰਨੈੱਟ ਉੱਤੇ ਰਹਿਣਾ ਅੱਜ ਦੇ ਮਾਪਿਆਂ ਦੀ ਪਹਿਲੀ ਫ਼ਿਕਰਮੰਦੀ ਹੈ.............

Cyber Crime

ਬੱਚਿਆਂ ਦਾ ਹਰ ਸਮੇਂ ਇੰਟਰਨੈੱਟ ਉੱਤੇ ਰਹਿਣਾ ਅੱਜ ਦੇ ਮਾਪਿਆਂ ਦੀ ਪਹਿਲੀ ਫ਼ਿਕਰਮੰਦੀ ਹੈ। ਪਰ ਇਹ ਵੀ ਸੱਚ ਹੈ ਕਿ ਬੱਚਾ ਜੋ ਵੀ ਕੁੱਝ ਇੰਟਰਨੈੱਟ ਉਤੇ ਵੇਖ ਰਿਹਾ ਹੈ ਜਾਂ ਜੋ ਕੁੱਝ ਕਰ ਰਿਹਾ ਹੈ, ਉਸ ਨੂੰ ਇਸ ਤੋਂ ਰੋਕਿਆ ਨਹੀਂ ਜਾ ਸਕਦਾ। ਇੰਟਰਨੈੱਟ ਦੇ ਖ਼ਤਰਿਆਂ ਤੋਂ ਬੱਚੇ ਨੂੰ ਬਚਾਉਣਾ ਹੈ ਤਾਂ ਉਸ ਦੇ ਦੋਸਤ ਬਣ ਜਾਉ। ਥੋੜੀ ਜਾਣਕਾਰੀ ਰੱਖੋ ਕਿ ਉਸ ਦੇ ਇੰਟਰਨੈੱਟ ਉਤੇ ਦੋਸਤ ਕਿਹੜੇ-ਕਿਹੜੇ ਹਨ, ਕਿਹੜੀ ਸੋਸ਼ਲ ਸਾਈਟ ਉਤੇ ਉਹ ਵੱਧ ਰਹਿੰਦਾ ਹੈ। ਇਸ ਖ਼ਤਰੇ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਇੰਟਰਨੈੱਟ ਤੇ ਸੋਸ਼ਲ ਮੀਡੀਆ ਵਿਚ ਬੱਚਾ ਗ਼ਲਤ ਹੱਥਾਂ ਵਿਚ ਪੈ ਸਕਦਾ ਹੈ, ਧੋਖਾ ਖਾ ਸਕਦਾ ਹੈ।

ਇਹ ਜ਼ਰੂਰ ਹੈ ਕਿ ਅਜਿਹੀ ਹਾਲਤ ਪੈਦਾ ਹੋਣ ਤੋਂ ਪਹਿਲਾਂ ਰੋਕਿਆ ਜਾਵੇ ਅਤੇ ਜੇਕਰ ਨਾ ਬਚਾ ਸਕੇ ਤਾਂ ਉਸ ਨੂੰ ਸਦਮੇ ਵਿਚੋਂ ਕੱਢਣ ਵਿਚ ਸਿਰਫ਼ ਮਾਤਾ-ਪਿਤਾ ਹੀ ਮਦਦਗਾਰ ਹੋ ਸਕਦੇ ਹਨ। ਪਿਛਲੇ ਦਿਨੀਂ ਇਕ ਮਸ਼ਹੂਰ ਅੰਗਰੇਜ਼ੀ ਰਸਾਲੇ ਵਿਚ ਪ੍ਰਕਾਸ਼ਤ 'ਇਜ਼ ਯੋਰ ਚਾਈਲਡ ਸੇਫ਼?' ਪੁਸਤਕ ਕਾਫ਼ੀ ਚਰਚਾ ਵਿਚ ਰਹੀ ਹੈ। ਇਸ ਦੇ ਲੇਖਕ ਸੰਜੇ ਕੁਮਾਰ ਗੁਰੂਦੀਨ ਨੇ ਇੰਟਰਨੈੱਟ ਦੀ ਦੁਨੀਆਂ ਵਿਚ ਜਾ ਰਹੇ ਬੱਚਿਆਂ ਦੇ ਮਾਤਾ-ਪਿਤਾ ਨੂੰ ਇਸ ਦੇ ਖ਼ਤਰਿਆਂ ਤੋਂ ਸੁਚੇਤ ਕੀਤਾ ਹੈ। ਸੰਜੇ ਕੁਮਾਰ ਕੇਰਲ ਕੈਡਰ ਦੇ ਆਈਪੀਐਸ ਅਫ਼ਸਰ ਹਨ ਅਤੇ ਇੰਟਰਨੈੱਟ ਉਤੇ ਅਪਰਾਧ ਦੇ ਸ਼ਿਕਾਰ ਹੋਣ ਵਾਲੇ ਅੱਲ੍ਹੜ ਉਮਰ ਦੇ ਬੱਚਿਆਂ ਨਾਲ ਰੂ-ਬ-ਰੂ ਹੁੰਦੇ ਰਹਿੰਦੇ ਹਨ।

ਅਪਣੀ ਇਸ ਕਿਤਾਬ ਵਿਚ ਉਨ੍ਹਾਂ ਨੇ ਇੰਟਰਨੈੱਟ ਸਾਵਧਾਨੀ ਨਾਲ ਵਰਤਣ ਉਤੇ ਜ਼ੋਰ ਦਿਤਾ ਹੈ। ਇਹ ਕਿਤਾਬ ਉਨ੍ਹਾਂ ਮਾਪਿਆਂ ਲਈ ਹੈ, ਜਿਹੜੇ ਦੂਜਿਆਂ ਨੂੰ ਇਹ ਦੱਸ ਕੇ ਬਹੁਤ ਮਾਣ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਤਕਨੀਕੀ ਮਾਹਰ ਹੈ। ਪ੍ਰੰਤੂ ਬੱਚਾ ਕਿਵੇਂ ਸਾਈਬਰ ਦੇ ਬੁਣੇ ਜਾਲ ਵਿਚ ਫਸ ਜਾਂਦਾ ਹੈ, ਇਹ ਮਾਤਾ-ਪਿਤਾ ਨਹੀਂ ਸਮਝ ਪਾਉਂਦੇ। ਉਹ ਬੱਚੇ ਉਤੇ ਨਜ਼ਰ ਨਹੀਂ ਰਖਦੇ। ਡਿਜੀਟਲ ਰਜ਼ਿਲੀਐਂਟ ਚਿਲਡਰਨ ਚੈਪਟਰ ਵਿਚ ਉਨ੍ਹਾਂ ਨੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਢੰਗ ਦਸੇ ਹਨ। ਇਹ ਤਾਂ ਸੰਭਵ ਨਹੀਂ ਹੈ ਕਿ ਜਦ ਤਕ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਸੁਰੱਖਿਅਤ ਨਾ ਹੋ ਜਾਵੇ,

ਬੱਚੇ ਨੂੰ ਇੰਟਰਨੈੱਟ ਦੇ ਕੋਲ ਫਟਕਣ ਹੀ ਨਾ ਦਿਤਾ ਜਾਵੇ।  ਲੋੜ ਹੈ ਉਨ੍ਹਾਂ ਵਿਚ ਇਸ ਨੂੰ ਲੈ ਕੇ ਠੀਕ-ਗ਼ਲਤ ਦੀ ਸਮਝ ਪੈਦਾ ਕਰਨਾ। ਜੇਕਰ ਉਹ ਅਜਿਹੇ ਕਿਸੇ ਜੰਜਾਲ ਵਿਚ ਪੈ ਜਾਵੇ ਤਾਂ ਉਹ ਏਨੇ ਸਮਰੱਥ ਹੋਣ ਕਿ ਇਸ ਤੋਂ ਬਾਹਰ ਆ ਜਾਣ। ਜਿਵੇਂ ਸ੍ਰੀਰ ਅਪਣੀ ਪ੍ਰਤੀਰੋਧਕ ਸਮਰੱਥਾ ਨਾਲ ਬਿਮਾਰੀਆਂ ਪੈਦਾ ਨਹੀਂ ਹੋਣ ਦੇਂਦਾ, ਉਸੇ ਤਰ੍ਹਾਂ ਪ੍ਰਤੀਰੋਧੀ ਸਮਰੱਥਾ ਬੱਚੇ ਦੇ ਦਿਮਾਗ਼ ਵਿਚ ਸ਼ਕਤੀ ਪੈਦਾ ਕਰਦੀ ਹੈ ਤਾਕਿ ਉਹ ਇੰਟਰਨੈੱਟ ਤੋਂ ਮਿਲੇ ਝਟਕੇ ਤੋਂ ਅਪਣੇ ਆਪ ਬਾਹਰ ਆ ਜਾਣ। ਬਸ ਬੱਚਿਆਂ ਦੀ ਡਿਜੀਟਲ ਸਮਰੱਥਾ ਦੇ ਗਿਆਨ ਪ੍ਰਤੀ ਸਕਾਰਾਤਮਕ ਰਵਈਆ ਰਖਦੇ ਹੋਏ ਟੈਕਨਾਲੋਜੀ ਸੇਫ਼ਟੀ ਦਾ ਖਿਆਲ ਰਖਣਾ ਹੈ।

ਪਹਿਲਾਂ ਉਸ ਦੇ ਨਕਾਰਾਤਮਕ ਪ੍ਰਭਾਵ ਬੱਚੇ ਨੂੰ ਦੱਸੋ ਅਤੇ ਫਿਰ ਉਸ ਨੂੰ ਇਕੱਲੇ ਹੀ ਇਸ ਨਾਲ ਨਿਪਟਣ ਦਿਉ। ਉਸ ਨਾਲ ਤਿੰਨ ਚੀਜ਼ਾਂ ਬਾਰੇ ਗੱਲ ਕਰੋ, ਪਹਿਲੀ ਉਹ ਆਨਲਾਈਨ ਕਿਹੜੇ ਲੋਕਾਂ ਦੇ ਸੰਪਰਕ ਵਿਚ ਹਨ, ਕਿਹੜੇ-ਕਿਹੜੇ ਏਰੀਏ ਵਿਚ ਜਾਂਦੇ ਹਨ ਅਤੇ ਤੀਜੀ ਉਹ ਆਨਲਾਈਕਲ ਗੱਲ ਕਰਦੇ ਕੀ ਹਨ? ਉਨ੍ਹਾਂ ਨੂੰ ਆਉਣ ਵਾਲੇ ਖ਼ਤਰਿਆਂ ਬਾਰੇ ਦਸਦੇ ਰਹੋ। ਬੱਚੇ ਲਈ ਨਿਯਮ ਬਣਾਉ, ਪਰ ਰੋਕੋ ਨਾ। ਬੱਚੇ ਨੂੰ ਸ਼ਰਤ ਰਹਿਤ ਪਿਆਰ ਅਤੇ ਮਦਦ ਦਿਉ। ਹਰ ਮਾਮਲੇ ਤੇ ਹਾਲਾਤ ਵਿਚ ਗੱਲਬਾਤ ਦਾ ਵਿਕਲਪ ਖੁੱਲ੍ਹਾ ਰੱਖੋ। ਜੇਕਰ ਮਾਪੇ ਅਪਣੇ ਸਮਾਰਟਫ਼ੋਨ ਉਤੇ ਹਰ ਸਮੇਂ ਪੋਸਟ ਚੈੱਕ ਕਰਦੇ ਰਹਿੰਦੇ ਹਨ, ਤਾਂ ਬੱਚਾ ਵੀ ਇਹੀ ਕਰੇਗਾ।

ਬੱਚੇ ਦੀ ਵਧਦੀ ਉਮਰ ਦੇ ਨਾਲ ਗੱਲਬਾਤ ਕਰਨੀ ਤੇ ਅਗਵਾਈ ਕਰਨ ਦਾ ਤਰੀਕਾ ਵੀ ਬਦਲੋ। ਬੱਚਿਆਂ ਨੂੰ ਸੋਸ਼ਲ ਨੈੱਟਵਰਕਿੰਗ ਤੋਂ ਰੱਖੋ ਸੁਰੱਖਿਅਤ : J ਬੱਚੇ ਨੂੰ ਸਾਵਧਾਨ ਕਰੋ ਕਿ ਉਹ ਅਪਣੀ ਨਿਜੀ ਜਾਣਕਾਰੀਆਂ ਬਸ ਏਨੀ ਕੁ ਹੀ ਦੇਵੇ ਕਿ ਵੇਖਣ ਵਾਲੇ ਨੂੰ ਬਸ ਬੇਸਿਕ ਜਾਣਕਾਰੀ ਮਿਲ ਸਕੇ। ਅਪਣੀ ਨਿਜੀ ਜਾਣਕਾਰੀ ਗੁਪਤ ਹੀ ਰੱਖੋ।
:- ਜਿਹੜੀਆਂ ਗੱਲਾਂ ਨਾਲ ਤੁਹਾਡੀ ਪਛਾਣ ਜੁੜੀ ਹੈ, ਬਿਲਕੁਲ ਨਾ ਦੱਸੋ। ਕਦੇ ਵੀ ਅਪਣੀ ਫ਼ੋਟੋ, ਈਮੇਲ ਅਕਾਊਂਟ ਉਤੇ ਅਣਪਛਾਤੇ ਵਿਅਕਤੀਆਂ ਨਾਲ ਸ਼ੇਅਰ ਨਾ ਕਰੋ।

:- ਜੇਕਰ ਕਿਸੇ ਦੀ ਪੋਸਟ ਤੋਂ ਪ੍ਰੇਸ਼ਾਨੀ ਮਹਿਸੂਸ ਕਰੋ ਕਿ ਉਸ ਬਾਰੇ ਵਿਚ ਗ਼ਲਤ ਗੱਲ ਕੀਤੀ ਜਾ ਰਹੀ ਹੈ ਤਾਂ ਅਪਣੇ ਦੋਸਤਾਂ ਨੂੰ ਇਸ ਬਾਰੇ ਜ਼ਰੂਰ ਦੱਸੋ।
:- ਅਪਣਾ ਪਾਸਵਰਡ ਅਜਿਹਾ ਰੱਖੋ ਕਿ ਕੋਈ ਅੰਦਾਜ਼ੇ ਨਾਲ ਵੀ ਉਸ ਨੂੰ ਨਾ ਜਾਣ ਸਕੇ। ਕਦੇ ਅਪਣਾ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ।
:- ਅਪਣੇ ਦੋਸਤਾਂ ਨੂੰ ਸਮਝੋ ਤੇ ਉਨ੍ਹਾਂ ਉਤੇ ਭਰੋਸਾ ਨਾ ਕਰੋ, ਬਸ ਉਨ੍ਹਾਂ ਬਾਰੇ ਜਾਣੋ। ਮਾਤਾ-ਪਿਤਾ ਉਤੇ ਵੀ ਬੱਚੇ ਨੂੰ ਏਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਤਾਕਿ ਉਹ   ਇੰਟਰਨੈੱਟ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਮੁੱਦੇ ਉਤੇ ਉਨ੍ਹਾਂ ਨਾਲ ਗੱਲ ਕਰ ਸਕਣ। 

ਗ਼ਲਤ ਆਦਮੀ ਨੂੰ ਪਛਾਣੋ :- J ਮਾਪੇ ਅਪਣੇ ਬੱਚਿਆਂ ਨੂੰ ਇਹ ਦੱਸਣ ਕਿ ਉਹ ਜਿਹੜੇ ਅਣਜਾਣ ਦੋਸਤ ਦੇ ਸੰਪਰਕ ਵਿਚ ਹਨ, ਉਸ ਦੇ ਵਰਤਾਉ ਉਤੇ ਗੌਰ ਕਰੋ। ਜੇਕਰ ਕੋਈ ਪ੍ਰਸ਼ੰਸਾ ਦੇ ਪੁਲ ਬੰਨ੍ਹ ਰਿਹਾ ਹੈ ਅਤੇ ਤੁਹਾਡੀ ਫ਼ੋਟੋ ਨੂੰ ਬਹੁਤ ਸੁੰਦਰ ਦਸ ਰਿਹਾ ਹੈ ਤਾਂ ਤੁਸੀ ਥੋੜਾ ਸਾਵਧਾਨ ਹੋ ਜਾਉ। 
:- ਮਾਪਿਆਂ ਲਈ ਅਪਣੇ ਬੱਚਿਆਂ ਨੂੰ ਇਹ ਦਸਣਾ ਜ਼ਰੂਰੀ ਹੈ ਕਿ ਕੋਈ ਅਸ਼ਲੀਲ ਗੱਲਾਂ ਕਰੇ ਜਾਂ ਕਿਸੇ ਦੀ ਅਸ਼ਲੀਲ ਫ਼ੋਟੋ ਭੇਜੇ ਤੇ ਤੁਹਾਨੂੰ ਅਪਣੀ ਅਜਿਹੀ ਫ਼ੋਟੋ ਭੇਜਣ ਲਈ ਆਖੇ ਤਾਂ ਸਾਵਧਾਨ ਹੋ ਜਾਉ ਕਿਉਂਕਿ ਉਹ ਤੁਹਾਡੀ ਭੇਜੀ ਫ਼ੋਟੋ ਦਾ ਗ਼ਲਤ ਇਸਤੇਮਾਲ ਕਰ ਸਕਦਾ ਹੈ ਤੇ ਇੱਛਾ ਪੂਰੀ ਨਾ ਹੋਣ ਉਤੇ ਤੁਹਾਡੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਤੁਹਾਡੀ ਫ਼ੋਟੋ ਸਾਂਝੀ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰ ਸਕਦਾ ਹੈ। ਅਜਿਹੇ ਹਾਲਾਤ ਵਿਚ ਅਪਣੇ ਮਾਪਿਆਂ ਨਾਲ ਇਸ ਸਬੰਧੀ ਗੱਲ ਕਰੋ।
 

ਧਮਕਾਉਣ ਉਤੇ ਕੀ ਕਰੀਏ : ਮਾਪਿਆਂ ਲਈ ਅਪਣੇ ਬੱਚਿਆਂ ਨੂੰ ਇਹ ਦਸਣਾ ਜ਼ਰੂਰੀ ਹੈ ਕਿ ਇੰਟਰਨੈੱਟ ਉਤੇ ਜ਼ਿਆਦਾਤਰ ਬੰਦੇ ਝੂਠ ਬੋਲਣ ਵਾਲੇ ਅਤੇ ਦਬਾਅ ਬਣਾ ਕੇ ਧਮਕਾਉਣ ਵਾਲੇ ਹੁੰਦੇ ਹਨ। ਜੇਕਰ ਕੋਈ ਧਮਕੀ ਦੇਵੇ ਤਾਂ ਬੱਚਾ ਇਹ ਗੱਲ ਮਾਪਿਆਂ ਨੂੰ ਦੱਸੇ ਤੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕਰੇ। ਜੇਕਰ ਧਮਕਾਉਣ ਵਾਲਾ ਆਖੇ ਕਿ ਉਸ ਨੂੰ ਪੁਲਿਸ ਇੰਟਰਨੈੱਟ ਉਤੇ ਕਦੇ ਨਹੀਂ ਲੱਭ ਸਕਦੀ, ਤਾਂ ਅਜਿਹਾ ਬਿਲਕੁਲ ਨਹੀਂ ਹੈ।

ਪੁਲਿਸ ਉਸ ਨੂੰ ਇੰਟਰਨੈੱਟ ਦੇ ਡਿਜੀਟਲ ਫ਼ੁਟਪ੍ਰਿੰਟ ਨਾਲ ਲੱਭ ਸਕਦੀ ਹੈ, ਭਾਵੇਂ ਉਹ ਵਿਦੇਸ਼ ਵਿਚ ਹੀ ਕਿਉਂ ਨਾ ਬੈਠਿਆ ਹੋਵੇ। ਜੇਕਰ ਕੁੱਝ ਗੁਪਤ ਗੱਲ ਸਾਂਝੀ ਕਰ ਵੀ ਦਿਤੀ ਹੈ, ਤਾਂ ਦਬਾਅ ਹੇਠ ਆ ਕੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣ ਦੀ ਬਜਾਏ ਕਿਸੇ ਸਮਝਦਾਰ ਸਾਥੀ ਨਾਲ ਗੱਲ ਸਾਂਝੀ ਕਰੋ। ਉਹ ਤੁਹਾਡਾ ਸ਼ੋਸ਼ਣ ਹੋਣ ਤੋਂ ਪਹਿਲਾਂ ਰੋਕ ਸਕਦਾ ਹੈ। 
 

:- ਜੇਕਰ ਕੋਈ ਅਪਣੀ ਅਜਿਹੀ ਫ਼ੋਟੋ ਭੇਜ ਵੀ ਦੇਵੇ ਅਤੇ ਉਹ ਉਸ ਨੂੰ ਸਾਂਝੀ ਕਰ ਰਿਹਾ ਹੈ ਤਾਂ ਇਹ ਉਸ ਦੀ ਸ਼ਰਾਰਤ ਹੈ, ਜੋ ਅਪਰਾਧ ਦੇ ਘੇਰੇ ਵਿਚ ਆਉਂਦੀ ਹੈ। ਬੱਚਿਆਂ ਨੂੰ ਦੱਸੋ ਕਿ ਉਨ੍ਹਾਂ ਦੀ ਸਹਾਇਤਾ ਲਈ ਘਰ ਦੇ ਵੱਡੇ ਹਨ, ਪੁਲਿਸ ਹੈ, ਐਨਜੀਉ ਹੈ। ਉਹ ਠੀਕ ਸਲਾਹ ਅਤੇ ਮਦਦ ਵੀ ਦੇਣਗੇ। ਮਾਪਿਆਂ ਨੂੰ ਬੱਚੇ ਨਾਲ ਜ਼ੋਰ-ਜ਼ਬਰਦਸਤੀ ਨਾਲ ਨਹੀਂ, ਪਿਆਰ ਨਾਲ ਸਮਝਾ ਕੇ ਗੱਲ ਕਰਨੀ ਚਾਹੀਦੀ ਹੈ।

ਜ਼ਿਆਦਾ ਗੱਲਾਂ ਸਾਂਝੀਆਂ ਕਰਨ ਨਾਲ ਹੈਕਰ ਬੱਚੇ ਦੀ ਪਛਾਣ ਚੋਰੀ ਕਰ ਕੇ ਦੂਜੇ ਕਰਾਈਮ ਨੂੰ ਅੰਜਾਮ ਦੇ ਸਕਦਾ ਹੈ। ਸੋਸ਼ਲ ਨੈੱਟਵਰਕਿੰਗ ਸਾਈਟਾਂ ਪਛਾਣ ਸੁਰੱਖਿਅਤ ਰੱਖਣ ਦੇ ਤਰੀਕੇ ਵੀ ਉਪਲੱਬਧ ਕਰਵਾਉਂਦੀਆਂ ਹਨ, ਉਨ੍ਹਾਂ ਦਾ ਲਾਭ ਉਠਾਉ।

ਬੱਚਿਆਂ ਦੇ ਦੋਸਤ ਬਣੋ : ਦਿੱਲੀ ਵਿਚ ਸਵਸਥੀ ਕਲੀਨਿਕ ਅਤੇ ਬੀਐਲ ਕਪੂਰ ਹਸਪਤਾਲ ਵਿਚ ਕਲੀਨਿਕਲ ਸਾਇਕਾਲੋਜਿਸਟ ਡਾਕਟਰ ਰਿਪਨ ਸਿੱਪੀ ਜੀ ਦੀ ਰਾਏ ਵਿਚ ਜੇਕਰ ਬੱਚਾ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਉਤੇ ਇਕ ਡੇਢ ਘੰਟੇ ਤੋਂ ਵੱਧ ਰੁਝਿਆ ਰਹਿੰਦਾ ਹੈ ਤੇ ਮੋਬਾਈਲ ਦਾ ਨੈਟਵਰਕ ਟੁੱਟਣ ਜਾਂ ਮੋਬਾਈਲ ਦੀ ਬੈਟਰੀ ਖ਼ਤਮ ਹੋਣ ਉਤੇ ਇਕਦਮ ਘਬਰਾ ਜਾਵੇ, ਜਿਵੇਂ ਉਸ ਦੀ ਲਾਈਫ਼ ਲਾਈਨ ਖੋਹੀ ਗਈ ਹੋਵੇ, ਤਾਂ ਇਹ ਹੱਦੋਂ ਬਾਹਰ ਜਾਣ ਦੀ ਚੇਤਾਵਨੀ ਵਾਲੇ ਚਿੰਨ੍ਹ ਹਨ। ਇਸ ਉਮਰ ਵਿਚ ਬੱਚਿਆਂ ਦੀ ਖਿੱਚ ਵਿਰੋਧੀ ਵਲ ਜ਼ਿਆਦਾ ਹੁੰਦੀ ਹੈ। ਉਸ ਵਿਚ ਫ਼ੇਕ ਪ੍ਰੋਫ਼ਾਈਲਾਂ ਵੀ ਹੁੰਦੀਆਂ ਹਨ। 

:- ਉਸ ਨੂੰ ਦੱਸੋ ਕਿ ਸੋਸ਼ਲ ਨੈੱਟਵਰਕ ਦੀ ਆਨਲਾਈਨ ਵਰਚੁਅਲ (ਕਲਪਿਤ) ਦੁਨੀਆਂ ਵਿਚ ਜਿਹੜਾ ਪ੍ਰੋਜੈਕਟ ਕੀਤਾ ਜਾਂਦਾ ਹੈ, ਉਹ ਪੂਰੀ ਤਰ੍ਹਾਂ ਸੱਚ ਨਹੀਂ ਹੁੰਦਾ। ਬੱਚੇ ਦੀ ਇੰਟਰਨੈੱਟ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਅਲਾਰਮ ਸਿਸਟਮ ਅਪਣਾਉ, ਯਾਨੀ ਕਿ ਇਕ ਸਮੇਂ ਅੰਦਰ ਹੀ ਇੰਟਰਨੈੱਟ ਦੀ ਵਰਤੋਂ ਕਰੋ। ਘੰਟੀ ਵਜਦੇ ਹੀ ਬੱਚੇ ਨੂੰ ਇੰਟਰਨੈੱਟ ਦਾ ਥੋੜਾ ਫ਼ਾਲਤੂ ਸਮਾਂ ਦੇ ਦਿਉ ਤਾਕਿ ਉਹ ਅਪਣੀ ਪ੍ਰੋਫ਼ਾਈਲ ਜਾਂ ਸੋਸ਼ਲ ਮੀਡੀਆ ਉਤੇ ਅਕਾਊਂਟ ਨੂੰ ਬੰਦ ਕਰ ਸਕੇ। ਹੌਲੀ-ਹੌਲੀ ਸਮਾਂ ਖ਼ਤਮ ਹੋਣ ਦਾ ਅਲਾਰਮ ਵਜਦੇ ਸਾਰ ਹੀ ਬੱਚਾ ਅਪਣੇ ਆਪ ਉਸ ਨੂੰ ਛੱਡ ਦੇਵੇਗਾ।

ਕੁੱਝ ਐਂਟੀਵਾਇਰਸ ਸਾਫ਼ਟਵੇਅਰ ਵੀ ਆਉਂਦੇ ਹਨ, ਜਿਨ੍ਹਾਂ ਵਿਚ ਚਾਈਲਡ ਪਾਸਵਰਡ ਵਰਗੀਆਂ ਸਹੂਲਤਾਂ ਹੁੰਦੀਆਂ ਹਨ। ਇਨ੍ਹਾਂ ਸਾਫ਼ਟਵੇਅਰਾਂ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਮਾਪੇ ਅਪਣੇ ਆਪ ਨੂੰ ਚੰਗਾ ਰੋਲ ਮਾਡਲ ਬਣਾਉਣ। ਬੱਚੇ ਤਾਂ ਉਦੋਂ ਹੀ ਖ਼ੁਦ ਨੂੰ ਰੋਕ ਸਕਦੇ ਹਨ ਜਦੋਂ ਤੁਸੀ ਅਪਣੇ ਆਪ ਨੂੰ ਇੰਟਰਨੈੱਟ ਦੀ ਵਰਤੋਂ ਤੋਂ ਰੋਕ ਸਕੋ। 

:- ਘਰ ਵਿਚ ਨੋ ਸਮੋਕਿੰਗ ਜ਼ੋਨ ਵਾਂਗ ਹੀ ਨੋ ਗੈਜੇਟ ਜ਼ੋਨ ਬਣਾਉ ਯਾਨੀ ਕਿ ਘਰ ਦੇ ਸਾਰੇ ਮੈਂਬਰ 2-4 ਘੰਟੇ ਲਈ ਅਪਣੇ-ਅਪਣੇ ਮੋਬਾਈਲ ਇਕ ਟੋਕਰੀ ਵਿਚ ਰੱਖ ਦੇਣ ਤੇ ਆਪਸ ਵਿਚ ਬੈਠ ਕੇ ਗੱਲਾਂ ਸ਼ੇਅਰ ਕਰਨ। ਟੋਕਰੀ ਵਿਚ ਸੱਭ ਤੋਂ ਪਹਿਲਾਂ ਮੋਬਾਈਲ ਮਾਤਾ-ਪਿਤਾ ਦਾ ਹੀ ਜਾਣਾ ਚਾਹੀਦਾ ਹੈ।
:- ਜਦ ਕਦੇ ਬੱਚਾ ਸੋਸ਼ਲ ਨੈੱਟਵਰਕਿੰਗ ਦਾ ਸ਼ਿਕਾਰ ਹੁੰਦਾ ਹੈ, ਤਾਂ ਉਸ ਨੂੰ ਡੂੰਘਾ ਧੱਕਾ ਪਹੁੰਚਦਾ ਹੈ। ਜਦ ਉਸ ਦੀਆਂ ਨਿਰਦੋਸ਼ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਉਹ ਡਿਪਰੈਸ਼ਨ ਵਿਚ ਚਲਾ ਜਾਂਦਾ ਹੈ, ਪੜ੍ਹਾਈ ਵਿਚ ਪਿਛੇ ਰਹਿ ਜਾਂਦਾ ਹੈ ਤੇ ਖਾਣਾ-ਪੀਣਾ ਛੱਡ ਦਿੰਦਾ ਹੈ।

ਮਾਤਾ-ਪਿਤਾ ਨੂੰ ਉਸ ਦੇ ਇਕ ਦੋਸਤ ਵਾਂਗ ਉਸ ਦੇ ਸਾਥ ਰਹਿਣਾ ਚਾਹੀਦਾ ਹੈ। ਜੇਕਰ ਉਹ ਕੋਈ ਧੋਖਾ ਖਾ ਵੀ ਬੈਠੇ ਤੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ/ਰਹੀ ਹੈ, ਤਾਂ ਸ਼ਾਂਤੀ ਨਾਲ ਉਸ ਦੀ ਪੂਰੀ ਗੱਲ ਸੁਣੋ। ਜੇ ਉਸ ਦੀ ਫ਼ੋਟੋ ਦੀ ਦੁਰਵਰਤੋਂ ਹੋਈ ਹੈ, ਤਾਂ ਪੁਲਿਸ ਕੋਲ ਸ਼ਿਕਾਇਤ ਕਰਾਉ। ਪੁਲਿਸ ਇਸ ਨੂੰ ਗੁਪਤ ਰੱਖੇਗੀ। ਇਹ ਡਰ ਦਿਲੋਂ ਕੱਢ ਦੇਉ ਕਿ ਲੜਕੀ ਵਲੋਂ ਸ਼ਿਕਾਇਤ ਹੈ, ਇਸ ਲਈ ਬਦਨਾਮੀ ਹੋਵੇਗੀ।

ਇੰਟਰਨੈੱਟ ਦੀ ਵਰਤੋਂ ਨੂੰ ਲੈ ਕੇ ਬੱਚਿਆਂ ਦਾ ਜਿਹੜਾ ਬੇਖ਼ੌਫ਼ ਰਵੱਈਆ ਹੈ, ਉਸ ਵਿਚ ਸਚਾਈ ਦਾ ਡਰ ਪਾਉ। ਉਨ੍ਹਾਂ ਨੂੰ ਦੱਸੋ ਕਿ ਇੰਟਰਨੈੱਟ ਤੁਹਾਡੀ ਲਾਈਫ਼ ਦਾ ਹਿੱਸਾ ਹੈ, ਸੱਭ ਕੁੱਝ ਨਹੀਂ। ਇਸ ਦੇ ਹਾਂ-ਪੱਖੀ ਤੇ ਨਾਹ-ਪੱਖੀ ਪੱਖਾਂ ਤੋਂ ਬੱਚਿਆਂ ਨੂੰ ਬੇਖ਼ਬਰ ਰੱਖੋ।
ਅਨੁਵਾਦਕ : ਪਵਨ ਕੁਮਾਰ ਰੱਤੋਂ, 
ਸੰਪਰਕ : 94173-71455