ਰੱਬ ਨੇ ਬਣਾਈਆਂ ਜੋੜੀਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਹਿੰਦੇ ਨੇ ਕਿ ਰੱਬ ਜਨਮ ਤੋਂ ਪਹਿਲਾਂ ਹੀ ਪਤੀ-ਪਤਨੀ ਦਾ ਰਿਸ਼ਤਾ ਤਹਿ ਕਰ ਦਿੰਦਾ ਹੈ............

Anand Karaj

ਕਹਿੰਦੇ ਨੇ ਕਿ ਰੱਬ ਜਨਮ ਤੋਂ ਪਹਿਲਾਂ ਹੀ ਪਤੀ-ਪਤਨੀ ਦਾ ਰਿਸ਼ਤਾ ਤਹਿ ਕਰ ਦਿੰਦਾ ਹੈ। ਸਿਆਣਿਆਂ ਤੋਂ ਸੁਣਦੇ ਹਾਂ ਕਿ ਸੰਜੋਗ ਨਾਲ ਰਿਸ਼ਤੇ ਜੁੜਦੇ ਹਨ ਪਰ ਕਈ ਵਾਰ ਇਨਸਾਨ ਅਪਣੀ ਬੁਧੀ ਮੁਤਾਬਕ ਲੜਕੀ ਲੜਕੇ ਦਾ ਰਿਸ਼ਤਾ ਤਹਿ ਕਰ ਦਿੰਦਾ ਹੈ। ਭਾਵ ਲੜਕੀ ਗਰੈਜੂਏਟ ਹੁੰਦੀ ਹੈ, ਲੜਕਾ ਦਸਵੀਂ ਵੀ ਮਸਾਂ ਪਾਸ ਹੁੰਦਾ ਹੈ। ਜ਼ਮੀਨ ਜਾਇਦਾਦ ਵੇਖ ਕੇ ਰਿਸ਼ਤਾ ਕਰ ਦਿਤਾ ਜਾਂਦਾ ਹੈ। ਅਜਿਹੇ ਰਿਸ਼ਤਿਆਂ ਵਿਚ ਕਈ ਵਾਰ ਮੁੰਡਾ ਨਸ਼ਈ ਵੀ ਨਿਕਲ ਜਾਂਦਾ ਹੈ, ਜੋ ਬਾਦ ਵਿਚ ਤਲਾਕ ਤਕ ਦੀ ਨੌਬਤ ਆ ਜਾਂਦੀ ਹੈ ਪਰ ਕਈ ਲੜਕੀਆਂ ਮਾਪਿਆਂ ਦੀ ਇਜ਼ਤ ਖ਼ਾਤਰ ਜਾਂ ਘਰੋਂ ਮਿਲੀ ਸਿਖਿਆ ਕਿ ਰੱਬ ਜਨਮ ਤੋਂ ਪਹਿਲਾਂ ਹੀ ਸੰਜੋਗ ਮਿਲਾ ਦਿੰਦਾ ਹੈ,

ਇਸ ਲਈ ਉਹ ਰੱਬ ਦਾ ਭਾਣਾ ਮੰਨ ਲੈਂਦੀਆਂ ਹਨ। ਜਿਥੇ ਪਤੀ-ਪਤਨੀ ਦੀ ਸੋਚ, ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ£੩£ (ਅੰਗ 788) ਅਨੁਸਾਰ ਮਿਲ ਜਾਵੇ ਉਸ ਘਰ ਵਿਚ। ਗ਼ਰੀਬੀ ਹੁੰਦੇ ਹੋਏ ਵੀ ਸਵਰਗ ਹੁੰਦਾ ਹੈ। ਆਉ ਹੁਣ ਉਨ੍ਹਾਂ ਜੋੜੀਆਂ ਬਾਰੇ ਜਾਣੀਏ ਜਿਨ੍ਹਾਂ ਤੇ ਉਪਰੋਕਤ ਪੰਕਤੀਆਂ ਪੂਰੀਆਂ ਢੁਕਦੀਆਂ ਹਨ। ਇਕ ਦਿਨ ਬਾਜ਼ਾਰ ਵਿਚ ਮੈਨੂੰ ਸ. ਰਣਬੀਰ ਸਿੰਘ ਤੇ ਉਨ੍ਹਾਂ ਦੀ ਜੀਵਨ ਸਾਥਣ ਹਰਪ੍ਰੀਤ ਕੌਰ ਮਿਲ ਗਏ। ਮੈਂ ਉਨ੍ਹਾਂ ਨੂੰ ਅਪਣੇ ਘਰ ਲੈ ਆਇਆ। ਕਾਫ਼ੀ ਸਮਾਂ ਬੈਠੇ ਵਿਚਾਰਾਂ ਹੋਈਆਂ, ਬਹੁਤ ਆਨੰਦ ਆਇਆ। ਉਨ੍ਹਾਂ ਦੇ ਜਾਣ ਤੋਂ ਬਾਅਦ ਮੇਰੀ ਪਤਨੀ ਸੁਰਮੀਤ ਕੌਰ ਕਹਿਣ ਲੱਗੀ ਕਿ ਜੋੜੀ ਕਮਾਲ ਦੀ ਹੈ।

ਇਨ੍ਹਾਂ ਦੇ ਕਿੰਨੇ ਵਿਚਾਰ ਮਿਲਦੇ ਹਨ। ਸੋ ਮੈਂ ਪਾਠਕਾਂ ਨਾਲ ਵਿਚਾਰ ਸਾਂਝੇ ਕੀਤੇ ਬਿਨਾਂ ਰਹਿ ਨਾ ਸਕਿਆ। 'ਸਪੋਕਸਮੈਨ ਜ਼ਰੀਏ ਮੁਲਾਕਾਤ ਹੋਈ, ਬਾਪੂ ਕਰਤਾਰ ਸਿੰਘ ਜੀ ਨਾਲ, ਜੋ ਪਟਿਆਲਾ ਦੇ ਬਾਸ਼ਿੰਦੇ ਹਨ ਤੇ ਰੇਲਵੇ ਤੋਂ ਰੀਟਾਇਰ ਹਨ। ਇਕ ਦਿਨ ਉਨ੍ਹਾਂ ਦੇ ਘਰ ਜਾਣ ਦਾ ਸਬੱਬ ਬਣਿਆ। ਬਾਪੂ ਕਰਤਾਰ ਸਿੰਘ ਤੇ ਮਾਤਾ ਪ੍ਰੀਤਇੰਦਰ ਕੌਰ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਗੁਰਮਤਿ ਗਿਆਨ ਤੋਂ ਮੈਂ ਹੈਰਾਨ ਰਹਿ ਗਿਆ। ਮੈਂ ਅੱਜ ਤਕ ਬਜ਼ੁਰਗਾਂ ਨੂੰ ਧਰਮ ਦੇ ਨਾਂ ਤੇ ਕਰਮ ਕਾਂਡ ਕਰਦੇ ਵੇਖਿਆ ਪਰ ਇਨ੍ਹਾਂ ਨੂੰ ਮਿਲ ਕੇ ਸਾਰੇ ਭਰਮ ਦੂਰ ਹੋ ਗਏ।

'ਸਪੋਕਸਮੈਨ' ਰਾਹੀਂ ਹੀ ਸ. ਕਰਮਜੀਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਜਗਮੋਹਨ ਕੌਰ ਨਾਲ ਮਿਲਾਪ ਹੋਇਆ। ਬਾ-ਕਮਾਲ ਜੋੜੀ, ਕਰਮ ਕਾਂਡ, ਵਹਿਮ-ਭਰਮ ਵਿਖਾਵੇ ਤੋਂ ਦੂਰ ਰਹਿ ਕੇ ਲੋਕ ਸੇਵਾ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਸ. ਕਰਮਜੀਤ ਸਿੰਘ ਰਾਹੀਂ ਹੀ ਮੇਲ ਹੋਇਆ ਸ. ਦਵਿੰਦਰ ਸਿੰਘ ਆਰਟਿਸਟ ਤੇ ਉਨ੍ਹਾਂ ਦੀ ਜੀਵਨ ਸਾਥੀ ਬੀਬੀ ਜਸਮੀਤ ਕੌਰ ਨਾਲ। ਦੋਵੇਂ ਘਰ ਵਿਚ ਹੀ ਗੁਰਮਤਿ ਦੀ ਜਾਣਕਾਰੀ ਵੰਡਦੇ ਹਨ। ਰੀਟਾਇਰਡ ਪਰਸਨ ਹਨ। ਜੋ ਇਨ੍ਹਾਂ ਨਾਲ ਚਾਰ ਪੰਜ ਘੰਟੇ ਰਹਿ ਜਾਵੇ, ਉਸ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ। ਜਦੋਂ ਮੈਂ ਤੇ ਮੇਰੀ ਪਤਨੀ ਇਨ੍ਹਾਂ ਦੇ ਘਰ ਗਏ, ਗੁਰਮਤਿ ਬਾਰੇ ਜਾਣਕਾਰੀ ਲਈ।

ਇਕ ਗੱਲ ਨੋਟ ਕੀਤੀ ਕਿ ਚਾਹੇ ਇਕ ਦਿਨ ਵਿਚ ਪੰਦਰਾਂ ਮੈਂਬਰ ਆ ਜਾਣ, ਮਾਤਾ ਜਸਮੀਤ ਕੌਰ ਲੰਗਰ ਖ਼ੁਦ ਤਿਆਰ ਕਰਦੇ ਹਨ। ਦਵਿੰਦਰ ਸਿੰਘ ਜੀ ਸਬੂਤਾਂ ਨਾਲ ਦਸਮ ਗ੍ਰੰਥ ਦੇ ਪਰਖ਼ਚੇ ਉਡਾ ਦਿੰਦੇ ਹਨ ਕਿ ਇਹ ਦਸ ਪਾਤਸ਼ਾਹ ਦੀ ਰਚਨਾ ਹੋ ਹੀ ਨਹੀਂ ਸਕਦੀ। ਇਨ੍ਹਾਂ ਨੂੰ ਮਿਲ ਕੇ ਵਿਸ਼ਵਾਸ ਹੋ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੋਈ ਵੀ ਕਵਿਤਾ ਗੁਰਬਾਣੀ ਦਾ ਦਰਜਾ ਨਹੀਂ ਲੈ ਸਕਦੀ। ਸਬੂਤਾਂ ਸਮੇਤ ਸਵਾਲਾਂ ਦੇ ਜਵਾਬ ਦਿੰਦੇ ਹਨ। 'ਸਪੋਕਸਮੈਨ' ਰਾਹੀਂ ਸਾਂਝ ਪਈ ਸ. ਇੰਦਰ ਸਿੰਘ ਘੱਗਾ ਜੀ ਨਾਲ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ।

ਉਨ੍ਹਾਂ ਜ਼ਿਕਰ ਕੀਤਾ ਕਿ ਜੇਕਰ ਮੇਰੀ ਜੀਵਨ ਸਾਥੀ ਰਾਜਵੰਤ ਕੌਰ ਦਾ ਸਾਥ ਨਾ ਮਿਲਦਾ ਤਾਂ ਸ਼ਾਇਦ ਮੇਰਾ ਮਕਸਦ ਅਧੂਰਾ ਰਹਿ ਜਾਂਦਾ। 'ਰੋਜ਼ਾਨਾ ਸਪੋਕਸਮੈਨ' ਦੇ ਬਾਨੀ ਸੰਪਾਦਕ ਤੇ ਉੱਚਾ ਦਰ ਬਾਬੇ ਨਾਨਕ ਦਾ' ਦੇ ਸੰਸਥਾਪਕ ਸਰਦਾਰ ਜੋਗਿੰਦਰ ਸਿੰਘ ਜੀ ਤੇ ਬੀਬੀ ਜਗਜੀਤ ਕੌਰ ਜੀ ਬਾਰੇ ਰੱਬ ਵਰਗੇ ਪਾਠਕ ਪੜ੍ਹਦੇ ਹੀ ਰਹਿੰਦੇ ਹਨ। ਇਨ੍ਹਾਂ ਦੀ ਜੋੜੀ ਰੱਬ ਨੇ ਬਾ-ਕਮਾਲ ਬਣਾਈ ਹੈ।

ਮੇਰੀ ਔਕਾਤ ਨਹੀਂ ਇਨ੍ਹਾਂ ਲਈ ਕੁੱਝ ਵੀ ਸ਼ਬਦ ਲਿਖਣ ਦੀ। ਮੈਂ ਅਪਣੇ ਬਾਰੇ ਪਾਠਕਾਂ ਨਾਲ ਸਾਂਝ ਪਾਵਾਂ, ਮੇਰੇ (ਤੇਜਿੰਦਰ ਸਿੰਘ) ਤੇ ਮੇਰੀ ਪਤਨੀ ਸੁਰਮੀਤ ਕੌਰ ਦੇ ਵਿਚਾਰ 100 ਫ਼ੀ ਸਦੀ ਮਿਲਦੇ ਹਨ। ਸ਼ੁਕਰ ਹੈ ਦਾਤੇ ਦਾ ਜਿਸ ਨੇ ਮੇਰੇ ਲਈ ਕੋਈ ਤੋਟ ਨਹੀਂ ਰੱਖੀ, ਬਸ ਇਕ ਆਰਥਕ ਕਮੀ ਹੈ। ਆਉਂਦੇ ਕੁੱਝ ਸਮੇਂ ਵਿਚ ਉਹ ਵੀ ਪੂਰੀ ਹੋ ਜਾਵੇਗੀ। ਖ਼ੈਰ ਰੱਬ ਸਾਰਿਆਂ ਨੂੰ ਚੜ੍ਹਦੀਕਲਾ ਬਖ਼ਸ਼ੇ।   ਸੰਪਰਕ : 99889-41198