ਫ਼ਰੀਦਕੋਟ ਸਿੱਖ ਰਿਆਸਤ ਅਮੀਰ ਵਿਰਾਸਤ ਦੇ ਇਤਿਹਾਸ 'ਤੇ ਇੱਕ ਝਾਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਰਤ ਸਰਕਾਰ ਨੇ 15 ਜੁਲਾਈ 1948 ਨੂੰ ਫ਼ਰੀਦਕੋਟ ਰਿਆਸਤ ਨੂੰ ਖ਼ਤਮ ਕਰ ਕੇ ਇਥੇ ਲੋਕਤੰਤਰ ਸਰਕਾਰ ਦਾ ਗਠਨ ਕਰ ਦਿਤਾ ਸੀ।

A look at the history of rich heritage

7 ਅਗੱਸਤ 1972 'ਚ ਫ਼ਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਜ਼ਿਲ੍ਹਾ ਬਣਾਇਆ ਗਿਆ। ਫਿਰ ਨਵੰਬਰ 1995 ਵਿਚ ਫ਼ਰੀਦਕੋਟ ਜ਼ਿਲੇ ਵਿਚੋਂ ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਅਲੱਗ ਨਵੇਂ ਜ਼ਿਲ੍ਹੇ ਬਣਾ ਦਿਤੇ ਗਏ, ਜਿਸ ਕਾਰਨ ਫ਼ਰੀਦਕੋਟ ਜ਼ਿਲ੍ਹੇ ਦਾ ਖੇਤਰ ਕਾਫ਼ੀ ਘਟ ਗਿਆ। ਇਸ ਦਾ ਕੁਲ ਖੇਤਰਫ਼ਲ 1475.70 ਵਰਗ ਕਿਲੋਮੀਟਰ ਹੈ। ਇਸ ਜ਼ਿਲੇ ਵਿਚ ਇਕ ਲੋਕ ਸਭਾ ਦੀ ਸੀਟ ਅਤੇ ਤਿੰਨ ਅਸੈਂਬਲੀ ਸੀਟਾਂ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਹਨ। ਫ਼ਰੀਦਕੋਟ ਜ਼ਿਲੇ ਦੇ 181 ਪਿੰਡ ਅਤੇ 3 ਨਗਰ ਕੌਂਸਲਾਂ ਹਨ। ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਵੀ ਬਣੀ ਹੋਈ ਹੈ, ਜਿਥੇ ਡਾਕਟਰੀ ਦੇ ਕੋਰਸ ਕਰਵਾਏ ਜਾਂਦੇ ਹਨ। ਸਿਖਿਆ ਦੇ ਖੇਤਰ ਪੱਖੋਂ ਫ਼ਰੀਦਕੋਟ ਹੁਣ ਕਾਫ਼ੀ ਤਰੱਕੀ ਕਰ ਚੁਕਾ ਹੈ। ਆਉ ਇਸ ਸਿੱਖ ਰਿਆਸਤ ਦੀ ਅਮੀਰ ਵਿਰਾਸਤ ਦੇ ਇਤਿਹਾਸ ਬਾਰੇ ਜਾਣਦੇ ਹਾਂ।

12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਦੇਸ਼ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠੀ ਫ਼ਰੀਦਕੋਟ ਦੀ ਸਿੱਖ ਰਿਆਸਤ ਦੁਨੀਆਂ ਦੇ ਇਤਿਹਾਸਕਾਰਾਂ ਦੀ ਨਜ਼ਰ ਵਿਚ ਹੈ। 12ਵੀਂ ਸਦੀ ਤਕ ਫ਼ਰੀਦਕੋਟ ਨੂੰ ਮੋਕਲ ਨਗਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ, ਉਸ ਸਮੇਂ ਰਾਜਾ ਮੋਕਲਦੇਵ ਇਥੋਂ ਦਾ ਸ਼ਾਸਕ ਸੀ ਅਤੇ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੀ ਫੇਰੀ ਦੌਰਾਨ ਇਸ ਸ਼ਹਿਰ ਦਾ ਨਾਮ ਫ਼ਰੀਦਕੋਟ ਰਖਿਆ। ਫ਼ਰੀਦਕੋਟ 16ਵੀਂ ਸਦੀ ਤਕ ਅਨੇਕਾਂ ਲੋਕਾਂ ਦੇ ਹੱਥਾਂ ਵਿਚ ਰਿਹਾ। ਅੰਤ ਵਿਚ ਇਸ 'ਤੇ ਬਰਾੜ ਵੰਸ਼ ਦਾ ਕਬਜ਼ਾ ਹੋ ਗਿਆ। ਕਾਫ਼ੀ ਸਮਾਂ ਬਰਾੜ ਚੌਧਰੀਆਂ ਦਾ ਇਲਾਕੇ 'ਤੇ ਕਬਜ਼ਾ ਰਿਹਾ। ਦੁਨੀਆਂ ਭਰ ਵਿਚ ਅਪਣੀ ਵਿਲੱਖਣ ਪਹਿਚਾਣ ਵਾਲੀ ਫ਼ਰੀਦਕੋਟ ਰਿਆਸਤ ਸਤਲੁਜ ਦਰਿਆ ਦੇ ਦੱਖਣ ਵਾਲੇ ਕੰਢੇ 'ਤੇ ਸਥਾਪਤ ਕੀਤੀ ਗਈ ਸੀ ਅਤੇ ਇਹ ਲਾਹੌਰ ਤੋਂ 105 ਕਿਲੋਮੀਟਰ ਦੂਰ ਹੈ। ਮੁਗ਼ਲ ਰਾਜਭਾਗ ਦੀ ਸਮਾਪਤੀ ਤੋਂ ਬਾਅਦ ਇਸ ਉੱਪਰ ਬਰਾੜ ਵੰਸ਼ ਦੇ ਰਾਜਾ ਪਹਾੜਾ ਸਿੰਘ ਦਾ ਕਬਜ਼ਾ ਹੋ ਗਿਆ।

1849 ਵਿਚ ਪਹਾੜਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ 21 ਸਾਲਾ ਪੁੱਤਰ ਵਜ਼ੀਰ ਸਿੰਘ (1849-1874) ਇਸ ਰਿਆਸਤ ਦੇ ਰਾਜਾ ਰਹੇ। ਵਜੀਰ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਬਿਕਰਮ ਸਿੰਘ ਨੂੰ (1874-1898) ਨੂੰ ਫ਼ਰੀਦਕੋਟ ਸਿੱਖ ਰਿਆਸਤ 'ਤੇ ਰਾਜਭਾਗ ਕਰਨ ਦਾ ਮੌਕਾ ਮਿਲਿਆ। ਮਹਾਰਾਜਾ ਬਿਕਰਮ ਸਿੰਘ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਦੇ ਲੰਗਰ ਲਈ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਦਰਬਾਰ ਸਾਹਿਬ ਵਿਚ ਬਿਜਲੀ ਲਈ 25 ਹਜ਼ਾਰ ਰੁਪਏ ਖ਼ਰਚ ਕੀਤੇ। ਬਿਕਰਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਬਲਬੀਰ ਸਿੰਘ (1898-1906) ਫ਼ਰੀਦਕੋਟ ਦੇ ਸ਼ਕਤੀਸ਼ਾਲੀ ਸ਼ਾਸ਼ਕ ਵਜੋਂ ਉੱਭਰੇ। ਸੰਨ 1906 ਤੋਂ 1916 ਤਕ ਫ਼ਰੀਦਕੋਟ ਰਿਆਸਤ ਵਿਚ ਕੌਂਸਲ ਆਫ਼ ਰੀਜੈਂਸੀ ਦਾ ਕਬਜ਼ਾ ਰਿਹਾ। 1916 ਵਿਚ ਮਹਾਰਾਜਾ ਬ੍ਰਿਜਿੰਦਰ ਸਿੰਘ ਨੇ ਫ਼ਰੀਦਕੋਟ ਦਾ ਕਾਰਜ ਭਾਰ ਸੰਭਾਲਿਆ।

ਉਨ੍ਹਾਂ ਫ਼ਰੀਦਕੋਟ ਰਿਆਸਤ ਵਿਚ ਆਲੀਸ਼ਾਨ ਇਮਾਰਤਾਂ ਅਤੇ ਬਾਗ਼ਾਂ ਦਾ ਨਿਰਮਾਣ ਕਰਵਾਇਆ। ਇਸ ਮੌਕੇ ਪਹਿਲਾ ਵਿਸ਼ਵ ਯੁੱਧ ਛਿੜ ਚੁਕਾ ਸੀ ਅਤੇ ਮਹਾਰਾਜਾ ਬ੍ਰਿਜਿੰਦਰ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ 17 ਲੱਖ ਰੁਪਏ ਕਰਜ਼ੇ ਵਜੋਂ ਦਿਤੇ ਅਤੇ ਬ੍ਰਿਟਿਸ਼ ਸਰਕਾਰ ਨੂੰ ਹਥਿਆਰ, ਘੋੜੇ, ਊਠ ਅਤੇ 2800 ਦੇ ਕਰੀਬ ਫੌਜੀ ਜਵਾਨ ਵੀ ਭੇਜੇ ਜਿਸ ਤੋਂ ਉਨ੍ਹਾਂ ਦੇ ਬ੍ਰਿਟਿਸ਼ ਸਰਕਾਰ ਨਾਲ ਸਬੰਧ ਹੋਰ ਵੀ ਗੂੜ੍ਹੇ ਹੋ ਗਏ। ਮਹਾਰਾਜਾ ਬ੍ਰਿਜਿੰਦਰ ਸਿੰਘ ਦੀ ਇਸ ਸਹਾਇਤਾ ਤੋਂ ਖ਼ੁਸ਼ ਹੋ ਕੇ ਬ੍ਰਿਟਿਸ਼ ਸਰਕਾਰ ਨੇ ਸਨਮਾਨ ਵਜੋਂ ਉਸ ਨੂੰ ਮੇਜਰ ਰੈਂਕ ਦੀ ਉਪਾਧੀ ਦੇ ਦਿਤੀ ਪਰੰਤੂ ਉਹ ਬਹੁਤਾ ਸਮਾਂ ਰਾਜ ਭਾਗ ਨਾ ਕਰ ਸਕੇ ਅਤੇ 1918 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੰਨ 1918-1934 ਤਕ ਫ਼ਰੀਦਕੋਟ ਰਿਆਸਤ ਵਿਚ ਕੌਂਸਲ ਆਫ਼ ਐਡਮਨਿਸਟਰੇਸ਼ਨ ਦਾ ਕੰਮ ਚਲਾਊ ਪ੍ਰਬੰਧ ਰਿਹਾ। ਬਰਾੜ ਵੰਸ਼ ਦੇ ਆਖਰੀ ਰਾਜਾ ਹਰਿੰਦਰ ਸਿੰਘ ਨੇ 17 ਅਕਤੂਬਰ 1934 ਨੂੰ ਫ਼ਰੀਦਕੋਟ ਰਿਆਸਤ ਦੇ ਰਾਜੇ ਵਜੋਂ ਕਾਰਜ ਭਾਗ ਸੰਭਾਲਿਆ।

ਉਨ੍ਹਾਂ ਨੇ ਅਪਣੇ ਸਮੇਂ ਵਿਚ ਫ਼ਰੀਦਕੋਟ ਸਿੱਖ ਰਿਆਸਤ ਵਿਚ ਵਿਲੱਖਣ ਇਮਾਰਤਾਂ ਦਾ ਨਿਰਮਾਣ ਕਰਵਾਇਆ ਅਤੇ ਉੱਚਤਮ ਸਿਖਿਆ ਦੇ ਪ੍ਰਬੰਧ ਕੀਤੇ। ਕਮਰਸ ਦਾ ਕਾਲਜ ਪਿਸ਼ਾਵਰ ਅਤੇ ਦਿੱਲੀ ਤੋਂ ਬਾਅਦ ਇਕੱਲੇ ਫ਼ਰੀਦਕੋਟ ਵਿਚ ਹੀ ਮੌਜੂਦ ਸੀ। ਰਾਜਾ ਹਰਿੰਦਰ ਸਿੰਘ ਨੇ ਬ੍ਰਿਜਿੰਦਰਾ ਕਾਲਜ, ਯੂਨੀਅਰ ਬੇਸਿਕ ਟਰੇਨਿੰਗ ਸਕੂਲ ਬ੍ਰਿਕਰਮ ਕਾਲਜ ਆਫ਼ ਕਮਰਸ, ਖੇਤੀਬਾੜੀ ਕਾਲਜ, ਆਰਟ ਤੇ ਕਰਾਫ਼ਟ ਸਕੂਲ ਉਸ ਸਮੇਂ ਫ਼ਰੀਦਕੋਟ ਰਿਆਸਤ ਵਿਚ 8 ਹਾਈ ਸਕੂਲ ਅਤੇ ਹਰ ਪਿੰਡ ਵਿਚ ਇਕ ਪ੍ਰਾਇਮਰੀ ਸਕੂਲ ਸਮੇਤ ਸਿਹਤ ਕੇਂਦਰਾਂ ਦਾ ਨਿਰਮਾਣ ਕਰਵਾਇਆ। ਫ਼ਰੀਦਕੋਟ ਵਿਚ ਤਿੰਨ ਦਰਜਨ ਤੋਂ ਵਧ ਖ਼ੂਬਸੂਰਤ ਇਮਾਰਤਾਂ ਦੇ ਨਿਰਮਾਣ ਨੇ ਇਥੋਂ ਦੀ ਭਵਨ ਨਿਰਮਾਣ ਕਲਾ ਨੂੰ ਦੁਨੀਆਂ ਵਿਚ ਖ਼ੂਬ ਪ੍ਰਸਿੱਧੀ ਦਿਵਾਈ ਹਾਲਾਂਕਿ ਸਮਾਂ ਬੀਤਣ ਨਾਲ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਦਾ ਵਜ਼ੂਦ ਖ਼ਤਮ ਹੋ ਚੁਕਾ ਹੈ ਪਰੰਤੂ ਸਕੱਤਰੇਤ, ਵਿਕਟੋਰੀਆ ਟਾਵਰ, ਲਾਲ ਕੋਠੀ, ਅਰਾਮ ਘਰ, ਅਸਤਬਲ, ਰਾਜ ਮਹਿਲ, ਸ਼ੀਸ਼ ਮਹਿਲ, ਮੋਤੀ ਮਹਿਲ, ਸ਼ਾਹੀ ਕਿਲ੍ਹਾ, ਸ਼ਾਹੀ ਸਮਾਧਾਂ ਆਦਿ ਇਮਰਤਾਂ ਅੱਜ ਵੀ ਵੇਖੀਆਂ ਜਾ ਸਕਦੀਆਂ ਹਨ।

ਫ਼ਰੀਦਕੋਟ ਰਿਆਸਤ ਦੀਆਂ ਖ਼ੂਬਸੂਰਤ ਇਮਾਰਤਾਂ ਲਾਹੌਰ, ਸ਼ਿਮਲਾ ਅਤੇ ਦਿੱਲੀ ਵਿਚ ਵੀ ਹਨ। ਰਾਜਾ ਹਰਿੰਦਰ ਸਿੰਘ ਇਕ ਕੁਸ਼ਲ ਪ੍ਰਬੰਧਕ ਵਜੋਂ ਵੀ ਮਕਬੂਲ ਹੋਏ। ਉਨ੍ਹਾਂ ਨੇ ਅਪਣੀ ਰਿਆਸਤ ਵਿਚ ਭੀਖ ਮੰਗਣ 'ਤੇ ਮੁਕੰਮਲ ਪਾਬੰਦੀ ਲਾਈ ਹੋਈ ਸੀ ਅਤੇ ਦੇਸ਼ ਦੇ ਬਟਵਾਰੇ ਸਮੇਂ ਉਸ ਨੇ ਅਪਣੀ ਰਿਆਸਤ ਵਿਚ ਇਕ ਵੀ ਦੰਗਾ ਫ਼ਸਾਦ, ਲੁੱਟ-ਖੋਹ ਜਾਂ ਕਤਲ ਨਹੀਂ ਹੋਣ ਦਿਤਾ। ਪਾਕਿਸਤਾਨ ਜਾਣ ਵਾਲੇ ਪਰਵਾਰਾਂ ਨੂੰ ਪੂਰੀ ਹਿਫ਼ਾਜ਼ਤ ਨਾਲ ਭੇਜਿਆ ਗਿਆ। ਮਹਾਰਾਜਾ ਹਰਿੰਦਰ ਸਿੰਘ ਨੇ ਅਪਣੇ ਰਾਜਭਾਗ ਦੌਰਾਨ ਫ਼ਰੀਦਕੋਟ ਸਿੱਖ ਰਿਆਸਤ ਬਾਰੇ ਇੱਕ ਵਸੀਅਤ ਕੀਤੀ ਸੀ, ਜਿਸ ਵਿਚ ਉਸ ਨੇ ਫ਼ਰੀਦਕੋਟ ਰਿਆਸਤ ਦੀਆਂ ਵਿਰਾਸਤੀ ਇਮਾਰਤਾਂ, ਖ਼ਜ਼ਾਨਾ, ਜਾਇਦਾਦ ਆਦਿ ਸੰਭਾਲਣ ਲਈ ਮਹਾਂਰਾਵਲ ਖੇਵਾ ਜੀ ਟਰੱਸਟ ਦੀ ਸਥਾਪਨਾ ਕੀਤੀ। ਭਾਰਤ ਸਰਕਾਰ ਨੇ 15 ਜੁਲਾਈ 1948 ਨੂੰ ਫ਼ਰੀਦਕੋਟ ਰਿਆਸਤ ਨੂੰ ਖ਼ਤਮ ਕਰ ਕੇ ਇਥੇ ਲੋਕਤੰਤਰ ਸਰਕਾਰ ਦਾ ਗਠਨ ਕਰ ਦਿਤਾ ਸੀ।

ਬਾਅਦ ਵਿਚ ਪੰਜਾਬ ਸਰਕਾਰ ਨੇ ਫ਼ਰੀਦਕੋਟ ਰਿਆਸਤ ਦਾ ਵੱਡਾ ਹਿੱਸਾ ਜਾਇਦਾਦ ਅਤੇ ਇਮਾਰਤਾਂ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਮਹਾਰਾਜਾ ਹਰਿੰਦਰ ਸਿੰਘ ਫ਼ਰੀਦਕੋਟ ਰਿਆਸਤ ਦੇ ਆਖਰੀ ਰਾਜਾ ਸਨ ਅਤੇ ਉਨ੍ਹਾਂ ਦਾ 16 ਅਕਤੂਬਰ 1989 ਨੂੰ ਦੇਹਾਂਤ ਹੋ ਗਿਆ ਸੀ। ਉਹਨਾਂ ਦੀਆਂ ਤਿੰਨ ਬੇਟੀਆਂ ਅਤੇ ਇਕ ਬੇਟਾ ਸੀ। ਇਨ੍ਹਾਂ ਦੇ ਪੁੱਤਰ ਪ੍ਰਿੰਸ ਹਰਮੋਹਿੰਦਰ ਸਿੰਘ ਦਾ ਦੇਹਾਂਤ 1981 ਵਿਚ ਹੀ ਹੋ ਗਿਆ ਸੀ।  ਫ਼ਰੀਦਕੋਟ ਰਿਆਸਤ ਦਾ ਰਾਜ ਮਹਿਲ ਅਤੇ ਸ਼ਾਹੀ ਕਿਲ੍ਹਾ ਅੱਜ ਵੀ ਅਪਣੀ ਸਦੀ ਪੁਰਾਣੀ ਦਿੱਖ ਨੂੰ ਸੁਰੱਖਿਅਤ ਸਾਂਭੀ ਬੈਠਾ ਹੈ। ਇਸ ਅੰਦਰ ਆਮ ਲੋਕਾਂ ਨੂੰ ਜਾਣ ਦੀ ਮਨਾਹੀ ਹੈ। ਰਾਜ ਮਹਿਲ ਅਪਣੇ ਆਪ ਵਿਚ ਦੁਨੀਆਂ ਦੇ ਖ਼ੂਬਸੂਰਤ ਮਹਿਲਾਂ ਵਿਚੋਂ ਇਕ ਹੈ। ਸ਼ਾਹੀ ਕਿਲ੍ਹੇ ਦੇ ਤੋਸ਼ੇਖਾਨੇ ਵਿਚ ਰਿਆਸਤ ਦੇ ਹਥਿਆਰਾਂ ਸਮੇਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖੜਗ ਅਤੇ ਢਾਲ ਅੱਜ ਵੀ ਪਈ ਹੈ, ਜੋ ਉਨ੍ਹਾਂ ਨੇ ਚੌਧਰੀ ਕਪੂਰਾ ਸਿੰਘ ਨੂੰ ਬਖ਼ਸ਼ੀ ਸੀ। ਵਿਸ਼ਵ ਪ੍ਰਸਿੱਧ ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਨੇ “ਰਿਆਸਤ ਫ਼ਰੀਦਕੋਟ” ਇਤਿਹਾਸ ਅਤੇ ਇਤਿਹਾਸਕ ਇਮਾਰਤਾਂ ਬਾਰੇ ਕਿਤਾਬ ਲਿਖੀ ਹੈ ਜੋ ਕਿ ਸਾਲ 2018 ਵਿਚ ਪੀਪਲਜ਼ ਫੋਰਮ ਬਰਗਾੜੀ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ।

ਪੀਪਲਜ਼ ਫ਼ੋਰਮ ਤੋਂ ਇਹ ਕਿਤਾਬ ਵੀ.ਪੀ.ਪੀ ਰਾਹੀਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਕਿਤਾਬ ਦੇ ਛਪਣ ਨਾਲ ਫ਼ਰੀਦਕੋਟ ਵਿਚ ਪਏ ਸਿੱਖ ਰਿਆਸਤ ਦੇ ਅਮੀਰ ਵਿਰਸੇ ਨੂੰ ਜਾਣਨ ਦਾ ਦੁਨੀਆਂ ਨੂੰ ਮੌਕਾ ਮਿਲਿਆ ਹੈ। ਫ਼ਰੀਦਕੋਟ ਰਿਆਸਤ ਵਿਚ ਬਣਾਏ ਸਵਾਗਤੀ ਦਰਵਾਜ਼ੇ ਦੁਨੀਆਂ ਦੇ ਸੱਭ ਤੋਂ ਉੱਤਮ ਭਵਨ ਨਮੂਨਿਆਂ ਦੀ ਮਿਸਾਲ ਪੇਸ਼ ਕਰਦੇ ਹਨ। ਇਸ ਸ਼ਹਿਰ ਵਿਚ ਬਾਬਾ ਫ਼ਰੀਦ ਜੀ ਦੀ ਫੇਰੀ ਨੇ ਇਸ ਦੀ ਵਿਰਾਸਤ ਨੂੰ ਦੁਨੀਆਂ ਭਰ ਵਿਚ ਮਕਬੂਲ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਬਾਬਾ ਫ਼ਰੀਦ ਦੀ ਯਾਦ ਵਿਚ ਬਣੇ ਟਿੱਲਾ ਬਾਬਾ ਫ਼ਰੀਦ ਵਿਖੇ ਦੁਨੀਆਂ ਭਰ ਤੋਂ ਬਾਬਾ ਫ਼ਰੀਦ ਜੀ ਦੇ ਸ਼ਰਧਾਲੂ ਇਥੇ ਆਉਂਦੇ ਹਨ ਅਤੇ ਉਨ੍ਹਾਂ ਦੀ ਯਾਦ ਵਿਚ ਹਰ ਸਾਲ 19 ਤੋਂ 23 ਸਤੰਬਰ ਤਕ ਪੰਜ ਰੋਜ਼ਾ ਆਗਮਨ ਪੁਰਬ ਮਨਾਇਆ ਜਾਂਦਾ ਹੈ। ਇਸ ਉਤਸਵ ਨੇ ਵੀ ਫ਼ਰੀਦਕੋਟ ਦੀ ਅਮੀਰ ਵਿਰਾਸਤ ਨੂੰ ਦੁਨੀਆਂ ਦੇ ਰੂ-ਬ-ਰੂ ਕੀਤਾ ਹੈ। ਪੰਜਾਬ ਸਰਕਾਰ ਨੇ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਵਿਰਾਸਤੀ ਮੇਲੇ ਦਾ ਦਰਜਾ ਦੇ ਦਿਤਾ ਹੈ।

ਵਿਰਾਸਤੀ ਰੁੱਖਾਂ ਦੀ ਬਲੀ:-ਚਸ਼ਮਦੀਦ ਦਸਦੇ ਹਨ ਕਿ ਫ਼ਰੀਦਕੋਟ ਰਿਆਸਤ ਦੀ ਹੱਦ ਉਸ ਦੇ ਰੁੱਖਾਂ ਤੋਂ ਪਛਾਣੀ ਜਾਂਦੀ ਸੀ। ਜਿਥੋਂ ਤਕ ਵੀ ਫ਼ਰੀਦਕੋਟ ਰਿਆਸਤ ਦਾ ਰਾਜ ਭਾਗ ਸੀ, ਉਥੇ ਤਕ ਫ਼ਰੀਦਕੋਟ ਦੇ ਰਾਜੇ ਵਲੋਂ ਟਾਹਲੀਆਂ, ਅੰਬ ਅਤੇ ਜਾਮਣ ਦੇ ਬਾਗ਼ ਲਗਵਾਏ ਗਏ ਸਨ। ਫ਼ਰੀਦਕੋਟ ਰਿਆਸਤ ਵਿਚ ਘੁਗਿਆਣਾ ਅਤੇ ਸਿੱਖਾਂ ਵਾਲੇ ਦਾ ਬੀੜ ਵੀ ਸ਼ਾਮਲ ਸੀ, ਜਿਥੇ ਹੁਣ ਕੋਈ ਰੁੱਖ ਨਹੀਂ ਬਚਿਆ ਅਤੇ ਰਿਆਸਤ ਦੇ ਸਾਰੇ ਜੰਗਲ ਵਿਚ ਪਹਾੜੀ ਕਿੱਕਰਾਂ ਹੀ ਬਾਕੀ ਰਹਿ ਗਈਆਂ ਹਨ।  ਚਸ਼ਮਦੀਦਾਂ ਦੀ ਜੁਬਾਨੀ: ਬ੍ਰਿਟਿਸ਼ ਸਰਕਾਰ ਆਜ਼ਾਦ ਭਾਰਤ ਅਤੇ ਰਿਆਸਤ ਦਾ ਰਾਜਭਾਗ ਅਪਣੇ ਅੱਖੀਂ ਵੇਖਣ ਵਾਲੇ ਬਜ਼ੁਰਗਾਂ ਨੇ ਦਸਿਆ ਕਿ ਫ਼ਰੀਦਕੋਟ ਰਿਆਸਤ ਸਮੇਂ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਸੀ ਅਤੇ ਲੋਕਾਂ ਨੂੰ ਪਹਿਲ ਦੇ ਅਧਾਰ 'ਤੇ ਇਨਸਾਫ਼ ਦਿਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਰਿਆਸਤ ਦੇ ਕਿਸਾਨਾਂ, ਮਜ਼ਦੂਰਾਂ ਅਤੇ ਕਾਮਿਆਂ ਨੂੰ ਵਿਸ਼ੇਸ਼ ਸਤਿਕਾਰ ਪ੍ਰਾਪਤ ਸੀ। ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਵਰਗੀ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦੇ ਰਾਜੇ ਦਿਆਲੂ, ਪੜ੍ਹੇ-ਲਿਖੇ ਅਤੇ ਅਗਾਂਹ ਵਧੂ ਸ਼ਾਸਕ ਸਨ। 

ਸ਼ਾਹੀ ਸਮਾਧਾਂ: ਫ਼ਰੀਦਕੋਟ ਰਿਆਸਤ ਦੇ ਪਹਿਲੇ ਰਾਜਾ ਪਹਾੜਾ ਸਿੰਘ ਤੋਂ ਲੈ ਕੇ ਆਖਰੀ ਰਾਜਾ ਹਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਇਥੇ ਹੀ ਕੀਤਾ ਗਿਆ ਸੀ। ਸ਼ਾਹੀ ਪ੍ਰਵਾਰ ਦੇ ਕਬਰਸਤਾਨ ਨੂੰ ਸ਼ਾਹੀ ਸਮਾਧਾਂ ਦਾ ਨਾਮ ਦਿਤਾ ਗਿਆ ਹੈ। ਸ਼ਾਹੀ ਪਰਵਾਰ ਦੀਆਂ ਸਮਾਧਾਂ ਵਾਲੀ ਵਿਸ਼ਾਲ ਇਮਾਰਤ ਦੀ ਦਿੱਖ ਵੀ ਰਿਆਸਤ ਦੀ ਸ਼ਾਹੀ ਠਾਠ ਬਿਆਨ ਕਰਦੀ ਹੈ। ਮੇਰੀ ਦਿਲੋਂ ਪ੍ਰਮਾਤਮਾ ਅੱਗੇ ਇਹੀ ਦੁਆ ਹੈ ਕਿ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਅਤੇ ਸਮੁੱਚਾ ਜ਼ਿਲ੍ਹਾ ਹੋਰ ਤਰੱਕੀ ਕਰੇ ਅਤੇ ਇਥੋਂ ਦੇ ਲੋਕਾਂ ਵਿਚ ਪਿਆਰ, ਨਿਮਰਤਾ, ਮਿਲਵਰਤਨ, ਭਾਈਚਾਰਾ, ਸਹਿਣਸ਼ੀਲਤਾ ਆਦਿ ਗੁਣ ਘਰ ਕਰ ਜਾਣ।

                                                         ਲੇਖਕ : ਪ੍ਰਮੋਦ ਧੀਰ ਜੈਤੋ,- ਮੋਬਾਈਲ : 98550-31081