ਮਾਪਿਆਂ ਦੀ ਇੱਛਾ ਦਾ ਮਾਣ ਰਖਦੀਆਂ ਧੀਆਂ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਧੀਆਂ ਦੇ ਦਿਹਾੜੇ 'ਤੇ ਵਿਸ਼ੇਸ਼

Daughters Day

ਉਂਜ ਤਾਂ ਹਰ ਮਾਂ-ਬਾਪ ਅਪਣੀ ਔਲਾਦ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੈ ਤੇ ਉਸ ਦੇ ਚੰਗੇ ਭਵਿੱਖ ਲਈ ਹਰ ਹੀਲਾ ਕਰਦਾ ਹੈ। ਪਰ ਕਈ ਵਾਰ ਮਾਪਿਆਂ ਦੀ ਇੱਛਾ ਬੱਚੇ ਦੇ ਭਵਿੱਖ ਦੇ ਰਾਹ ਵਿਚ ਰੋੜਾ ਬਣ ਜਾਂਦੀ ਹੈ। ਅਜਿਹਾ ਜ਼ਿੰਦਗੀ ਦੇ ਹਰ ਖੇਤਰ ਵਿਚ ਹੁੰਦਾ ਹੈ। ਦਫ਼ਤਰ ਵਿਚ ਲੱਗਾ ਅਫ਼ਸਰ ਅਪਣੀ ਔਲਾਦ ਨੂੰ ਅਪਣੇ ਤੋਂ ਵੱਡੇ ਰੁਤਬੇ ਦਾ ਅਫ਼ਸਰ ਬਣਾਉਣ ਦੀ ਇੱਛਾ ਰਖਦਾ ਹੈ ਅਤੇ ਵਪਾਰੀ ਅਪਣੇ ਬੱਚੇ ਨੂੰ ਅਪਣੇ ਤੋਂ ਵੱਡਾ, ਵਪਾਰੀ ਬਣਿਆ ਵੇਖਣਾ ਲੋਚਦਾ ਹੈ। ਇਸ ਮਨ ਬਿਰਤੀ ਕਰ ਕੇ ਮਾਪੇ ਅਪਣੇ ਬੱਚੇ ਦੇ ਮਨ ਦੀ ਗੱਲ ਨਹੀਂ ਸੁਣਦੇ ਤੇ ਅਪਣੀ ਮਰਜ਼ੀ ਬੱਚੇ ਤੇ ਜ਼ਬਰਦਸਤੀ ਠੋਸ ਦਿੰਦੇ ਹਨ।

ਲੜਕੀਆਂ ਦੇ ਮਾਮਲੇ ਵਿਚ ਹਾਲਾਤ ਕੱੁਝ ਹੋਰ ਹੀ ਹੁੰਦੇ ਹਨ। ਕੁੱਝ ਸਮਾਂ ਪਹਿਲਾਂ ਅਖ਼ਬਾਰ ਵਿਚ ਕਿਸੇ  ਨੇ ਲਿਖਿਆ ਸੀ ਕਿ ਪੰਜਾਬ ਵਿਚ ਮਾਪਿਆਂ ਨੂੰ ਖ਼ਾਸ ਕਰ ਕੇ ਜ਼ਿਮੀਂਦਾਰ ਘਰਾਣਿਆਂ ਨੂੰ ਅਪਣੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਲਈ ਯੋਗ ਪੜ੍ਹੇ ਲਿਖੇ ਲੜਕੇ ਨਹੀਂ ਮਿਲਦੇ ਤੇ ਅਪਣੇ ਸਟੇਟਸ ਦੇ ਕਿਸੇ ਘਰਾਣੇ ਵਿਚ ਘੱਟ ਪੜ੍ਹੇ ਲਿਖੇ ਲੜਕੇ ਦੇ ਲੜ ਧੀ ਨੂੰ ਲਗਾ ਦਿਤਾ ਜਾਂਦਾ ਹੈ। ਇੰਜ ਲੜਕੀ ਸਾਰੀ ਉਮਰ ਤਣਾਅ ਵਿਚ ਜਿਊਂਦੀ ਹੈ। ਇਕ ਹੋਰ ਮਨਬਿਰਤੀ ਬੜੀ  ਪ੍ਰਚਲਤ ਹੈ, ਬਹੁਤੇ ਲੋਕੀਂ ਅਪਣੀ ਲੜਕੀ ਦਾ ਰਿਸ਼ਤਾ ਵਿਦੇਸ਼ ਰਹਿੰਦੇ ਲੜਕੇ ਨਾਲ ਕਰਨ ਦੇ ਚਾਹਵਾਨ ਹੁੰਦੇ ਹਨ। 

ਕਾਰਨ ਇਹ ਹੁੰਦਾ ਹੈ ਕਿ ਲੜਕੀ ਵਿਦੇਸ਼ ਜਾਵੇ ਤਾਂ ਉਹ ਅਪਣੇ ਭਰਾਵਾਂ ਜਾਂ ਮਾਪਿਆਂ ਨੂੰ ਵੀ ਉਥੇ ਸੱਦ ਲਵੇ। ਪਰ ਇਸ ਮਨਬਿਰਤੀ ਦਾ ਨਾਜਾਇਜ਼ ਲਾਭ ਸ਼ਾਤਰ ਦਿਮਾਗ਼ ਵਾਲੇ ਵਿਦੇਸ਼ੀ ਲਾੜੇ ਉਠਾ ਰਹੇ ਹਨ ਤੇ ਪਹਿਲਾਂ ਵਿਆਹੇ ਹੋਏ ਲੜਕੇ ਧੋਖੇ ਨਾਲ ਭਾਰਤ ਵਿਚ ਹੋਰ ਵਿਆਹ ਰਚਾ ਲੈਂਦੇ ਹਨ ਤੇ ਮਨ ਪ੍ਰਚਾਵਾ ਕਰ ਕੇ ਵਿਦੇਸ਼ ਚਲੇ ਜਾਂਦੇ ਹਨ। ਲਾੜੀ ਵੀਜ਼ੇ ਦੀ ਉਡੀਕ ਵਿਚ ਪੇਕੇ ਬਹਿ ਕੇ ਹਾਉਕੇ ਭਰਨ ਜੋਗੀ ਰਹਿ ਜਾਂਦੀ ਹੈ। ਪਰ ਪਹਿਲੇ ਦਿਨਾਂ ਵਿਚ ਮਾਂ-ਬਾਪ ਇੰਜ ਨਹੀਂ ਸਨ ਸੋਚਦੇ। ਉਹ ਅਪਣੀ ਧੀ ਨੂੰ ਉਸ ਦੇ ਲੜ ਲਗਾਉਂਦੇ ਸਨ ਜਿਸ ਬਾਰੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੋ ਜਾਂਦਾ ਸੀ ਕਿ ਉਸ ਵਿਅਕਤੀ ਨਾਲ ਉਨ੍ਹਾਂ ਦੀ ਧੀ ਸਾਰਾ ਜੀਵਨ ਸੁਖੀ ਰਹੇਗੀ। 

ਇਸੇ ਤਰ੍ਹਾਂ ਕੁੱਝ ਸਮਾਂ ਪਹਿਲਾਂ ਇਕ ਸਮਾਗਮ ਵਿਚ ਮਿਲੇ ਇਕ ਦੋਸਤ ਨੂੰ ਹਾਲ ਚਾਲ ਪੁਛਿਆ ਤਾਂ ਉਸ ਨੇ ਦਸਿਆ ਕਿ ਉਹ ਅਜਕਲ ਬਹੁਤ ਪ੍ਰੇਸ਼ਾਨ ਹੈ। ਪੁੱਛਣ ਤੇ ਉਸ ਨੇ ਦਸਿਆ ਕਿ ਉਸ ਦੀ ਜਵਾਨ ਧੀ ਦਾ ਰਿਸ਼ਤਾ ਸਿਰੇ ਨਹੀਂ ਚੜ੍ਹ ਰਿਹਾ। ਕਾਰਨ ਦਸਿਆ ਕਿ ਉਸ ਦੇ ਪ੍ਰਵਾਰ ਵਾਲੇ ਕਹਿੰਦੇ ਹਨ ਕਿ ਲੜਕਾ ਉਹ ਚਾਹੀਦਾ ਹੈ ਜੋ ਪੜਿ੍ਹਆ ਲਿਖਿਆ, ਰੁਜ਼ਗਾਰ ਤੇ ਲੱਗਾ ਵੀ ਹੋਵੇ ਤੇ ਖਾਂਦਾ ਪੀਂਦਾ ਵੀ ਨਾ ਹੋਵੇ। ਭਾਵੇਂ ਉਸ ਦੀ ਲੜਕੀ ਪੜ੍ਹੀ ਲਿਖੀ ਹੈ ਪਰ ਰੰਗ ਦੀ ਥੋੜੀ ਪੱਕੀ ਹੋਣ ਕਾਰਨ ਵੀ ਚੰਗਾ ਰਿਸ਼ਤਾ ਲੱਭਣ ਵਿਚ ਦਿੱਕਤ ਪੇਸ਼ ਆ ਰਹੀ ਹੈ। ਲੜਕੀ ਦੀ ਵਧਦੀ ਉਮਰ ਦੀ ਚਿੰਤਾ ਵੀ ਉਸ ਨੂੰ ਸਤਾ ਰਹੀ ਹੈ।

ਉਸ ਦੀ ਗੱਲ ਸੁਣ ਕੇ ਮੈਨੂੰ ਅਪਣੇ ਹੀ ਮੁਹੱਲੇ ਦੀ ਇਕ ਲੜਕੀ ਦੀ ਘਟਨਾ ਯਾਦ ਆ ਗਈ, ਜੋ ਮੈਂ ਉਸ ਨੂੰ ਸੁਣਾਈ। ਸਾਡੇ ਮੁਹੱਲੇ ਵਿਚ ਇਕ ਹਕੀਮ ਸਾਹਬ ਰਹਿੰਦੇ ਸਨ। (ਹੁਣ ਉਹ ਇਸ ਜਹਾਨ ਵਿਚ ਵੀ ਨਹੀਂ ਹਨ)। ਜਿਥੇ ਉਹ ਹਿਕਮਤ ਵਿਚ ਮਾਹਰ ਸਨ, ਉਥੇ ਸਮਾਜ ਕਲਿਆਣ ਦਾ ਚਾਅ ਹਰ ਵੇਲੇ ਉਨ੍ਹਾਂ ਦੇ ਮਨ ਵਿਚ ਉਮੜਿਆ ਰਹਿੰਦਾ ਸੀ। ਘਰ ਤੋਂ ਦੁਕਾਨ ਤਕ ਜਾਂਦਿਆਂ ਰਸਤੇ ਵਿਚ ਜੇਕਰ ਕੋਈ ਮਾੜਾ-ਮੋਟਾ ਟੋਇਆ ਹੋਣਾ ਤਾਂ ਉਨ੍ਹਾ ਨੇ ਉਸ ਨੂੰ ਪੂਰਨ ਦੀ ਕੋਸ਼ਿਸ਼ ਕਰਨੀ। ਜੇਕਰ ਕੋਈ ਰੋੜਾ ਆਦਿ ਦਿਸ ਪੈਂਣਾ ਤਾਂ ਉਨ੍ਹਾਂ ਨੇ ਉਸ ਨੂੰ ਰਾਹ ਵਿਚੋਂ ਲਾਂਭੇ ਕਰ ਦੇਣਾ। ਦੁਆਈ ਲੈਣ ਆਏ ਮਰੀਜ਼ ਨਾਲ ਵੀ ਉਹ ਬੜੇ ਪਿਆਰ ਨਾਲ ਪੇਸ਼ ਆਉਂਦੇ ਸਨ।

ਉਨ੍ਹਾਂ ਨੂੰ ਵੀ ਮੇਰੇ ਦੋਸਤ ਵਾਲੀ ਪ੍ਰੇਸ਼ਾਨੀ ਰਹਿੰਦੀ ਸੀ। ਉਹ ਵੀ ਚਾਹੁੰਦੇ ਸਨ ਕਿ ਉਨ੍ਹਾਂ ਦੀ ਲੜਕੀ ਲਈ ਅਜਿਹਾ ਵਰ ਘਰ ਮਿਲੇ ਜੋ ਉਨ੍ਹਾਂ ਵਾਂਗ ਸ਼ਾਕਾਹਾਰੀ ਤੇ ਨਸ਼ਾ ਰਹਿਤ ਹੋਵੇ ਹੋਵੇ। ਜੇਕਰ ਕੋਈ ਅਜਿਹਾ ਲੜਕਾ ਮਿਲਦਾ ਤਾਂ ਇਹ ਗੱਲ ਆੜੇ ਆ ਜਾਂਦੀ ਕਿ ਲੜਕੇ ਵਾਲਿਆਂ ਦਾ ਪੱਧਰ ਉਨ੍ਹਾਂ ਦੇ ਪੱਧਰ ਦੇ ਬਰਾਬਰ ਦਾ ਨਹੀਂ ਹੈ। ਕਈ ਮਿੱਤਰਾਂ ਨੇ ਸਲਾਹ ਦਿਤੀ ਕਿ ਜੇਕਰ ਗ਼ਰੀਬ ਪ੍ਰਵਾਰ ਮਿਲਦਾ ਹੈ ਤਾਂ ਰਿਸ਼ਤਾ ਕਰ ਲੈਣਾ ਚਾਹੀਦਾ ਹੈ। ਬਹੁਤੀ ਗੱਲ ਇਹ ਹੋ ਸਕਦੀ ਹੈ ਕਿ ਦਾਜ ਦੀ ਥਾਂ ਤੇ ਲੜਕੇ ਨੂੰ ਕੋਈ ਚੰਗਾ ਕਾਰੋਬਾਰ ਖੋਲ੍ਹ ਦਿਤਾ ਜਾਵੇ।

ਇੰਜ ਉਨ੍ਹਾ ਦੀ ਵੈਸ਼ਨੋ ਪ੍ਰਵਾਰ ਦੀ ਸ਼ਰਤ ਵੀ ਪੂਰੀ ਹੋ ਜਾਵੇਗੀ ਤੇ ਜਵਾਈ ਵੀ ਉਨ੍ਹਾਂ ਦੇ ਪੱਧਰ ਦਾ ਹੋ ਜਾਵੇਗਾ। ਹਕੀਮ ਜੀ ਦੀ ਲੜਕੀ ਦਾ ਰੰਗ ਵੀ ਸਾਫ਼ ਸੀ ਤੇ ਨੈਣ ਨਕਸ਼ ਵੀ ਚੰਗੇ ਸਨ। ਉਸ ਦਾ ਵਿਆਹ ਕਿਤੇ ਵੀ ਅਸਾਨੀ ਨਾਲ ਹੋ ਸਕਦਾ ਸੀ ਪਰ ਉਸ ਦੇ ਪਿਤਾ ਦੀ ਪਸੰਦ ਦਾ ਵਰ ਨਾ ਮਿਲਣ ਕਾਰਨ ਉਸ ਨੇ ਪਿਤਾ ਦਾ ਮਾਣ ਰਖਿਆ ਜਿਸ ਦੇ ਫ਼ਲਸਰੂਪ ਉਹ ਅੱਜ ਤਕ ਕੁਆਰੀ ਬੈਠੀ ਹੈ ਤੇ ਉਸ ਦੀ ਉਮਰ ਲਗਭਗ 70 ਸਾਲ ਤੋਂ ਟੱਪ ਗਈ ਹੈ। ਉਸ ਦੇ ਭਰਾਵਾਂ ਦੇ ਬੱਚੇ ਵੀ ਵਿਆਹੇ ਗਏ ਤੇ ਉਹ ਧੀਆਂ ਪੁੱਤਰਾਂ ਵਾਲੇ ਹੋ ਗਏ ਹਨ ਪਰ ਉਹ ਨਿਮਾਣੀ ਪਿਤਾ ਦੀ ਇੱਛਾ ਦਾ ਮਾਣ ਰਖਦੀ ਬਿਰਧ ਹੋ ਗਈ।

ਇਹ ਘਟਨਾ ਸੁਣ ਕੇ ਮੇਰਾ ਉਕਤ ਮਿੱਤਰ ਝੱਟ ਬੋਲ ਉਠਿਆ ਕਿ ਉਸ ਲੜਕੀ ਦਾ ਰਿਸ਼ਤਾ ਉਸ ਨੂੰ ਹੁੰਦਾ ਸੀ। ਭਾਵੇਂ ਕਿ ਉਹ ਸਰਕਾਰੀ ਨੌਕਰੀ ਕਰਦਾ ਸੀ ਪਰ ਖਾਣ-ਪੀਣ ਦੀ ਆਦਤ ਉਸ ਦੇ ਰਾਹ ਦਾ ਰੋੜਾ ਬਣ ਗਈ। ਉਸ ਨੂੰ ਸ਼ਾਇਦ ਪਛਤਾਵਾ ਹੋ ਰਿਹਾ ਸੀ ਕਿ ਹੁਣ ਵੀ ਤਾਂ ਉਸ ਦਾ ਪ੍ਰਵਾਰ ਮੁਕੰਮਲ ਸ਼ਾਕਾਹਾਰੀ ਹੈ ਤੇ ਉਸ ਨੇ ਵੀ ਖਾਣਾ ਪੀਣਾ ਛਡਿਆ ਹੋਇਆ ਹੈ। ਇਹੀ ਗੱਲ ਜੇਕਰ ਉਹ ਉਦੋਂ ਕਰ ਲੈਂਦਾ ਤਾਂ ਨਾ ਉਹ ਲੜਕੀ ਕੁਆਰੀ ਰਹਿੰਦੀ ਤੇ ਨਾ ਹੀ ਉਸ ਦੀ ਪ੍ਰਵਾਰਕ ਸਥਿਤੀ ਅੱਜ ਵਰਗੀ ਹੁੰਦੀ।

ਮੇਰੇ ਮਿੱਤਰ ਨੇ ਉਕਤ ਲੜਕੀ ਦੀ ਕਹਾਣੀ ਸੁਣ ਕੇ ਮਨ ਬਣਾ ਲਿਆ ਕਿ ਉਹ ਹਾਲਾਤ ਨਾਲ ਸਮਝੌਤਾ ਕਰ ਕੇ ਅਪਣੀ ਲੜਕੀ ਦਾ ਰਿਸ਼ਤਾ ਕਿਤੇ ਨਾ ਕਿਤੇ ਕਰ ਦੇਵੇਗਾ। ਪਰ ਕੁਦਰਤ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ, ਬਾਅਦ ਵਿਚ ਪਤਾ ਲੱਗਾ ਕਿ ਮਿੱਤਰ ਦੀ ਧੀ ਇਸ ਦੁਨੀਆਂ ਉਤੇ ਨਹੀਂ ਰਹੀ। ਜੇਕਰ  ਮਾਪੇ ਸਮੇਂ ਸਿਰ ਹਾਲਾਤ ਨਾਲ ਸਮਝੌਤਾ ਕਰ ਲੈਂਦੇ ਤਾਂ ਅੱਜ ਉਕਤ ਦੋਹਾਂ ਧੀਆਂ ਦੀ ਹਾਲਤ ਇੰਜ ਨਾ ਹੁੰਦੀ।
ਸੰਪਰਕ : 94173-76895