ਵਿਅਕਤੀ ਪੂਜਾ ਦੇ ਸਹਾਰੇ ਭੁੱਖੇ ਦੇਸ਼ ਨੂੰ ਭਰਮਾਉਣ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਤੁਹਾਨੂੰ ਹੋਰ ਗ਼ਰੀਬ ਬਣਾਇਆ ਜਾ ਰਿਹਾ ਹੈ ਤੇ ਆਪ ਹੋਰ ਹੋ ਰਹੇ ਮਾਲਾਮਾਲ ।

FILE PHOTO

19 ਦਸੰਬਰ ਨੂੰ ਦਖਣੀ ਅਫ਼ਰੀਕਾ ਦੇ ਸੇਂਚੁਰੀਅਨ ਵਿਚ ਜਦ ਸਚਿਨ ਤੇਂਦੁਲਕਰ ਨੇ ਅਪਣੇ ਟੈਸਟ ਮੈਚਾਂ ਦਾ 50ਵਾਂ ਸੈਂਕੜਾ ਬਣਾ ਕੇ ਕ੍ਰਿਕੇਟ ਮੈਚ ਵਿਚ ਇਕ ਵਿਅਕਤੀ ਦੁਆਰਾ 50 ਸੈਂਕੜੇ ਲਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਤਾਂ ਭਾਰਤ ਦੇ ਕ੍ਰਿਕਟ ਪ੍ਰੇਮੀ ਪਾਗ਼ਲ ਜਿਹੇ ਹੋ ਗਏ ਸਨ। ਟੈਲੀਵਿਜ਼ਨ ਚੈਨਲਾਂ, ਅਖ਼ਬਾਰਾਂ, ਸ਼ੋਸਲ ਮੀਡੀਆ, ਮੋਬਾਇਲ ਫ਼ੋਨ ਅਤੇ ਬਲਾਗਜ਼ ਵਿਚ ਸਚਿਨ ਦੀ ਹੀ ਚਰਚਾ ਚਲ ਰਹੀ ਸੀ। 19 ਦਸੰਬਰ ਨੂੰ ਕਾਂਗਰਸ ਪਾਰਟੀ ਦੇ ਦਿੱਲੀ ਵਿਚ ਰਾਹੁਲ ਗਾਂਧੀ ਜਿਉਂ ਹੀ ਸਟੇਜ ਉਤੇ ਭਾਸ਼ਣ ਦੇਣ ਲਈ ਉਠੇ, ਸਾਹਮਣੇ ਬੈਠੇ ਲਗਭਗ 14 ਹਜ਼ਾਰ ਵਰਕਰ ਹੀ ਨਹੀਂ ਸਗੋਂ ਸਾਡੇ ਵੱਡੇ ਲੀਡਰ, ਮੰਤਰੀ, ਮੁੱਖ ਮੰਤਰੀ ਉਨ੍ਹਾਂ ਨੂੰ ਇਸ ਤਰ੍ਹਾਂ ਵੇਖਣ ਲੱਗੇ ਜਿਵੇਂ ਕੋਈ ਚਮਤਕਾਰ ਹੋਣ ਵਾਲਾ ਹੈ। ਰਾਹੁਲ ਗਾਂਧੀ ਨੂੰ ਸੁਣਨ ਲਈ ਉਥੇ ਮੌਜੂਦ ਸਾਰੇ ਲੀਡਰਾਂ ਦੀਆਂ ਧੜਕਣਾਂ ਰੁਕ ਗਈਆਂ। ਟੀ.ਵੀ. ਚੈਨਲਾਂ ਦੀਆਂ ਵੈਨਾਂ, ਰੀਪੋਰਟਰ, ਸਟੂਡਿਊ ਵਿਚ ਬੈਠੇ ਐਂਕਰ ਸਾਵਧਾਨ ਹੋ ਕੇ ਰਾਹੁਲ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਵਿਖਾਉਣ ਵਿਚ ਲੱਗੇ ਹੋਏ ਸਨ। ਸਮੁੱਚੀ ਦਿੱਲੀ ਵਿਚ ਰਾਹੁਲ ਗਾਂਧੀ ਦੇ ਬੈਨਰ ਤੇ ਪੋਸਟਰ ਲੱਗੇ ਹੋਏ ਸਨ।

ਮਹਿੰਦਰ ਸਿੰਘ ਧੋਨੀ ਦੇ, ਸ਼ਰਾਬ ਕਿੰਗ ਆਖੇ ਜਾਣ ਵਾਲੇ ਵਿਜੇ ਮਾਲਿਆ ਦੀ ਸ਼ਰਾਬ ਕੰਪਨੀ ਯੂਬੀ ਗਰੁੱਪ ਨਾਲ 26 ਕਰੋੜ ਰੁਪਏ ਦੇ ਕਰਾਰ ਦੀਆਂ ਖ਼ਬਰਾਂ ਦੇਸੀ-ਵਿਦੇਸ਼ੀ ਮੀਡੀਆ ਦੀਆਂ ਸੁਰਖੀਆਂ ਵਿਚ ਛਾਈਆਂ ਰਹੀਆਂ ਸਨ। ਧੋਨੀ ਨੂੰ ਸੰਸਾਰ ਦਾ ਸੱਭ ਤੋਂ ਮਹਿੰਗਾ ਕ੍ਰਿਕਟ ਬਰਾਂਡ ਕਿਹਾ ਗਿਆ। ਦੂਜੇ ਪਾਸੇ ਜਿਥੇ ਦੇਸ਼ ਵਿਚ ਧੋਨੀ, ਸਚਿਨ, ਰਾਹੁਲ ਗਾਂਧੀ ਦੀ ਜੈ ਜੈ ਕਾਰ ਹੋ ਰਹੀ ਸੀ, ਮਹਾਂਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਕਾਠਡੋਡਾ ਪਿੰਡ ਦੀ ਗ਼ਰੀਬ ਕਲਾਵਤੀ ਦੀ ਪੁਤਰੀ ਸੰਗੀਤਾ ਕਰਜ਼ੇ ਵਿਚ ਡੁੱਬੇ ਅਪਣੇ ਪਤੀ ਦੀ ਆਤਮ ਹਤਿਆ 'ਤੇ ਮਾਤਮ ਮਨਾ ਰਹੀ ਸੀ। ਇਹ ਉਹੀ ਕਲਾਵਤੀ ਹੈ ਜਿਸ ਦੀ ਗ਼ਰੀਬੀ ਦੀ ਬਹੁਤ ਚਰਚਾ ਵੀ ਹੋ ਚੁੱਕੀ ਹੈ। ਰਾਹੁਲ ਗਾਂਧੀ ਨੇ 2008 ਵਿਚ ਗਰੀਬ ਖੇਤਰ ਦੇ ਦੌਰੇ ਬਾਅਦ ਉਥੇ ਦੀ ਗ਼ਰੀਬੀ, ਬਦਹਾਲੀ ਦਾ ਜ਼ਿਕਰ ਸੰਸਦ ਵਿਚ ਅਪਣੇ ਭਾਸ਼ਣ ਵਿਚ ਕਲਾਵਤੀ ਦੇ ਨਾਂ ਨਾਲ ਕੀਤਾ ਸੀ।

16 ਦਸੰਬਰ ਨੂੰ ਕਲਾਵਤੀ ਦੇ ਜਵਾਈ ਅਤੇ ਉਸ ਦੀ ਛੋਟੀ ਪੁਤਰੀ ਸੰਗੀਤਾ ਦੇ ਪਤੀ ਸੰਜੇ ਨੇ ਜ਼ਹਿਰ ਖਾ ਕੇ ਆਤਮ ਹਤਿਆ ਕਰ ਲਈ ਸੀ। ਸੰਜੇ ਦੀ 4.5 ਏਕੜ ਖੇਤ ਵਿਚ ਖੜੀ ਫ਼ਸਲ ਬੇਮੌਸਮੀ ਮੀਂਹ ਕਾਰਨ ਖ਼ਤਮ ਹੋ ਗਈ ਸੀ ਅਤੇ ਉਹ ਸਮੇਂ ਸਿਰ ਕਰਜ਼ੇ ਦੀ ਕਿਸ਼ਤ ਅਦਾ ਨਹੀਂ ਸੀ ਕਰ ਸਕਿਆ। ਇਸ ਖੇਤਰ ਦੇ ਹਜ਼ਾਰਾਂ ਕਿਸਾਨ ਭੁੱਖਮਰੀ, ਗ਼ਰੀਬੀ ਅਤੇ ਕਰਜ਼ੇ ਕਾਰਨ ਮੌਤ ਨੂੰ ਗਲੇ ਲਗਾ ਚੁੱਕੇ ਹਨ। ਠੀਕ ਸਚਿਨ, ਰਾਹੁਲ ਦੀ ਪ੍ਰਸ਼ੰਸਾ ਦੇ ਗੀਤ ਗਾਏ ਜਾਣ ਸਮੇਂ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਦੇ ਖਰੱਪਾ ਪਿੰਡ ਦੀ 70 ਸਾਲਾਂ ਦੀ ਦੇਵੀਮਮਾ ਭੁੱਖ ਨਾਲ ਦਮ ਤੋੜ ਰਹੀ ਸੀ। ਇਹੀ ਨਹੀਂ, ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਰਕਾਰੀ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਵਿਚ ਉਸ ਸਮੇਂ ਪੈਸੇ ਦੀ ਘਾਟ ਕਾਰਨ ਬਿਹਾਰ ਤੋਂ ਆਏ ਸਰੋਜ ਕੁਮਾਰ ਦੀ ਮੌਤ ਹੋ ਗਈ। ਉਸ ਦੇ ਪਰਵਾਰ ਕੋਲ ਖਾਣ ਲਈ ਪੈਸੇ ਨਹੀਂ ਸਨ। ਹੋਰ ਤਾਂ ਹੋਰ ਹਸਪਤਾਲ ਵਿਚ ਮਰੇ ਇਸ ਵਿਅਕਤੀ ਦੀ ਲਾਸ਼ ਲੈਣ ਲਈ ਰਿਸ਼ਤੇਦਾਰਾਂ ਨੂੰ ਰਿਸ਼ਵਤ ਦੇਣੀ ਪਈ। ਯਾਨੀ ਇਸ ਦੇਸ਼ ਵਿਚ ਆਦਮੀ ਭਾਵੇਂ ਹੀ ਭੁੱਖ ਨਾਲ ਮਰ ਜਾਵੇ, ਬਾਬੂਆਂ ਨੂੰ ਰਿਸ਼ਵਤ ਦੇਣੀ ਹੀ ਪੈਂਦੀ ਹੈ।

ਇਸੇ ਤਰ੍ਹਾਂ ਪਿਛਲੇ ਸਾਲਾਂ ਵਿਚ ਦੇਹਰਾਦੂਨ ਵਿਚ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਸਿੰਘ ਦਾ ਵਿਆਹ ਹੋ ਰਿਹਾ ਸੀ ਤਾਂ ਅਖ਼ਬਾਰਾਂ ਦੇ ਪੰਨੇ ਰੰਗੇ ਹੋਏ ਸਨ। ਸਾਰੇ ਦੇਸ਼ ਨੂੰ ਵੱਖ ਵੱਖ ਚੈਨਲਾਂ ਦੇ ਜ਼ਰੀਏ ਧੋਨੀ ਦਾ ਵਿਆਹ ਵਿਖਾਇਆ ਜਾ ਰਿਹਾ ਸੀ। ਹਾਲਾਂਕਿ ਇਹ ਗੱਲ ਹੋਰ ਸੀ ਕਿ ਮੀਡੀਆ ਨੂੰ ਇਸ ਵਿਆਹ ਵਿਚ ਬੁਲਾਇਆ ਹੀ ਨਹੀਂ ਸੀ ਗਿਆ। ਸ਼ਹਿਰਾਂ ਦੇ ਹੀ ਨਹੀਂ, ਪਿੰਡਾਂ ਵਿਚ ਵੀ ਟੈਲੀਵਿਜ਼ਨ ਚੈਨਲਾਂ ਦੇ ਜ਼ਰੀਏ ਦੇਸ਼ ਦੇ ਭੁੱਖੇ ਨੰਗੇ ਲੋਕ ਧੋਨੀ ਅਤੇ ਸਾਕਸ਼ੀ ਸਿੰਘ ਦਾ ਵਿਆਹ ਵੇਖਣ ਨੂੰ ਕਾਹਲੇ ਨਾਜ਼ਰ ਆ ਰਹੇ ਸਨ। ਫ਼ਿਲਮ ਇੰਡਸਟਰੀ ਵਿਚ ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ ਵੀ ਦੇਸ਼ ਦੀ ਜਨਤਾ ਲਈ ਕਿਸੇ ਅਵਤਾਰ ਤੋਂ ਘੱਟ ਨਹੀਂ ਹਨ। ਬ੍ਰਿਟੇਨ ਦੇ ਤੁਸਾਦ ਮਿਊਜ਼ੀਅਮ ਵਿਚ ਇਨ੍ਹਾਂ ਦੀ ਮੋਮ ਦੀ ਮੂਰਤੀ ਬਣਾਉਣ ਦਾ ਮਾਮਲਾ ਹੋਵੇ ਜਾਂ ਫ਼ਿਲਮੀ ਯੋਗਦਾਨ ਦੀ ਚਰਚਾ ਜਾਂ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਵਿਚ ਅਮਿਤਾਭ ਬੱਚਨ ਦੁਆਰਾ ਐਸ਼ਵਰਿਆ ਰਾਏ ਦਾ ਮੰਗਲੀਕ ਦੋਸ਼ ਨਿਵਾਰਨ ਉਪਾਅ, ਸਾਰੇ ਭਾਰਤ ਵਿਚ ਉਸ ਦਾ ਪ੍ਰਚਾਰ ਹੋਣ ਲਗਦਾ ਹੈ।

2006 ਵਿਚ ਸਚਿਨ ਤੇਂਦੁਲਕਰ ਨੇ ਅਪਣੇ ਪਰਵਾਰ ਨਾਲ ਦੱਖਣ ਭਾਰਤ ਦੇ ਮੰਗਲੌਰ ਦੇ ਕੁੱਕੇ ਸੁਬਰਾਮਣਯਮ ਮੰਦਰ ਵਿਚ ਜਾ ਕੇ ਕਾਲਸਰਪ ਦੋਸ਼ ਨਿਵਾਰਨ ਲਈ ਪੂਜਾ ਪਾਠ ਕਰਵਾਇਆ ਸੀ। ਤਦ ਵੀ ਇਸ ਦੇਸ਼ ਦੀ ਜਨਤਾ ਪ੍ਰਚਾਰ ਸਾਧਨਾਂ ਦੇ ਜ਼ਰੀਏ ਕ੍ਰਿਕਟ ਦੇ ਇਸ ਖਿਡਾਰੀ ਨੂੰ ਦੇਵਤੇ ਵਾਂਗ ਵੇਖ ਰਹੀ ਸੀ। ਸਚਿਨ ਦਾ ਸਰਪਦੋਸ਼ ਪੂਜਾ ਪਾਠ ਹੋਵੇ ਜਾਂ ਐਸ਼ਵਰਿਆ ਰਾਏ ਦਾ ਮੰਗਲੀਕ ਦੋਸ਼ ਨਿਵਾਰਨ, ਇਸ ਪ੍ਰਚਾਰ ਦੇ ਬਾਅਦ ਸਾਰੇ ਦੇਸ਼ ਵਿਚ ਪੰਡਤਾਂ, ਜੋਤਸ਼ੀਆਂ ਕੋਲ ਇਸ ਦੋਸ਼ ਦਾ ਕਾਰਨ ਅਤੇ ਨਿਵਾਰਨ ਜਾਣਨ ਵਾਲੇ ਨੌਜਵਾਨਾਂ ਦਾ ਤਾਂਤਾ ਲੱਗ ਗਿਆ ਸੀ। ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਉਤੇ ਵੀ ਪੰਡਤ ਉਪਾਅ ਦਸ ਰਹੇ ਸਨ।
ਸਚਿਨ, ਧੋਨੀ, ਸਾਨੀਆ ਮਿਰਜ਼ਾ, ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ, ਰਾਹੁਲ ਗਾਂਧੀ ਵਰਗੇ ਲੋਕਾਂ ਦੀਆਂ ਤਸਵੀਰਾਂ ਘਰ ਘਰ ਟੰਗੀਆਂ ਹੋਈਆਂ ਹਨ। ਨੌਜਵਾਨ ਹੀ ਨਹੀਂ, ਬਾਲਗ਼ ਤਕ ਇਨ੍ਹਾਂ ਸ਼ਖ਼ਸੀਅਤਾਂ ਦੇ ਗੁਣਾਂ ਦੀ ਮਾਲਾ ਜਪਦੇ ਵੇਖੇ ਜਾ ਸਕਦੇ ਹਨ। ਨੌਜਵਾਨ ਤਾਂ ਇਨ੍ਹਾਂ ਨੂੰ ਅਪਣਾ ਆਦਰਸ਼ ਮੰਨ ਕੇ ਚਲਦੇ ਹਨ।
ਸੱਚ ਤਾਂ ਇਹ ਹੈ ਕਿ ਦੇਸ਼ ਦੇ ਕੁੱਝ ਪ੍ਰਸਿੱਧ ਲੋਕਾਂ ਦੇ ਉਠਣ ਬੈਠਣ, ਖਾਣ ਪੀਣ, ਸੌਣ ਜਾਗਣ ਤੋਂ ਲੈ ਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਇਸ ਤਰ੍ਹਾਂ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ ਜਿਵੇਂ ਦੇਸ਼ ਵਿਚ ਕੋਈ ਸਮੱਸਿਆ ਹੈ ਹੀ ਨਹੀਂ। ਲੋਕ ਅਪਣੀ ਅਸਲੀ ਸਮਸਿਆ ਨੂੰ ਭੁੱਲ ਕੇ ਦੇਸ਼ ਦੇ ਨਾਇਕਾਂ ਵਲ ਵੇਖਣ ਲੱਗ ਜਾਂਦੇ ਹਨ ਜਿਵੇਂ ਕਿ ਉਹ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਕਰ ਦੇਣਗੇ।

ਅੱਜ ਦੇਸ਼ ਵਿਚ ਮਹਿੰਗਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਕੀਮਤ ਅਸਮਾਨ ਛੂਹ ਰਹੀ ਹੈ। ਪਟਰੌਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਤਾਂ ਰੋਜ਼ਾਨਾ ਵਧ ਹੀ ਰਹੀਆਂ ਹਨ। ਦੇਸ਼ ਭਰ ਵਿਚ ਹਾਲੇ ਬੁਨਿਆਦੀ ਸਮਸਿਆਵਾਂ ਏਨੀਆਂ ਹਨ ਕਿ ਉਹ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਦੇਸ਼ ਵਿਚ 50 ਕਰੋੜ ਲੋਕ ਗ਼ਰੀਬੀ ਨਾਲ ਜੂਝ ਰਹੇ ਹਨ। ਇਨ੍ਹਾਂ ਨੂੰ ਦੋ ਵਕਤ ਦੀ ਰੋਟੀ ਲਈ ਤਰਸਣਾ ਪੈ Îਰਹਾ ਹੈ। 2010 ਵਿਚ ਸੰਸਾਰ ਬੈਂਕ ਦੀ ਰੀਪੋਰਟ ਅਨੁਸਾਰ ਭਾਰਤ ਵਿਚ 41.6 ਫ਼ੀ ਸਦੀ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਹਨ। 85 ਫ਼ੀ ਸਦੀ ਪਰਵਾਰਾਂ ਕੋਲ ਜ਼ਮੀਨ ਨਹੀਂ ਹੈ। ਦੇਸ਼ ਦੇ 60 ਫ਼ੀ ਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ। ਇਸ ਦਾ ਸਬੰਧ ਸਿਧੇ ਤੌਰ 'ਤੇ ਗ਼ਰੀਬੀ ਤੇ ਭੁੱਖ ਨਾਲ ਹੈ। ਪਿਛਲੇ ਇਕ ਦਹਾਕੇ ਵਿਚ ਦੇਸ਼ ਦੇ ਭਿੰਨ ਭਿੰਨ ਹਿੱਸਿਆਂ ਵਿਚ ਕਰਜ਼ੇ ਅਤੇ ਗ਼ਰੀਬੀ ਕਾਰਨ 20 ਲੱਖ ਕਿਸਾਨ ਆਤਮ ਹਤਿਆ ਕਰ ਚੁੱਕੇ ਹਨ। ਵਿਸ਼ਵ ਬੈਂਕ ਦੀ ਰੀਪੋਰਟ ਅਨੁਸਾਰ 10 ਸਾਲ ਤਕ ਦੇ ਅੱਧੇ ਬੱਚੇ ਹੀ ਮੁਢਲੇ ਪੱਧਰ ਦੀ ਪੜ੍ਹਾਈ ਕਰ ਰਹੇ ਹਨ ਅਤੇ 14 ਸਾਲ ਤਕ ਦੇ ਕਰੀਬ ਅੱਧੇ ਬੱਚੇ ਪੜ੍ਹਾਈ ਵਿਚਾਲੇ ਛੱਡ ਦਿੰਦੇ ਹਨ। ਰੀਪੋਰਟ ਅਨੁਸਾਰ ਭਾਰਤ ਵਿਚ ਗ਼ਰੀਬਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਵਿਚ ਦਸਿਆ ਗਿਆ ਹੈ ਕਿ ਉੱਤਰ ਭਾਰਤ ਦੇ 12 ਸੂਬਿਆਂ ਦੀ ਹਾਲਤ 26 ਦੱਖਣ ਅਫ਼ਰੀਕੀ ਦੇਸ਼ਾਂ ਤੋਂ ਵੀ ਬਦਤਰ ਹੈ। ਦੱਖਣ ਅਫ਼ਰੀਕੀ ਦੇਸ਼ ਘੋਰ ਗ਼ਰੀਬੀ, ਭੁੱਖਮਰੀ ਦੇ ਮਾਮਲੇ ਵਿਚ ਦੁਨੀਆਂ ਵਿਚ ਚਰਚਿਤ ਰਹੇ ਹਨ। ਉਥੇ ਭੁੱਖ, ਕੁਪੋਸ਼ਣ ਨਾਲ ਸੱਭ ਤੋਂ ਵੱਧ ਮੌਤਾਂ ਹੁੰਦੀਆਂ ਹਨ।

ਗ਼ਰੀਬੀ, ਭੁੱਖਮਰੀ ਕਾਰਨ ਲੁੱਟਮਾਰ, ਚੋਰੀ, ਡਕੈਤੀ, ਕਤਲ, ਆਤਮ ਹਤਿਆ, ਪਰਵਾਰਕ ਝਗੜੇ ਆਦਿ ਵਧਦੇ ਹੀ ਜਾ ਰਹੇ ਹਨ। ਅਖ਼ਬਾਰਾਂ ਵਿਚ ਰੋਜ਼ ਲੁੱਟ, ਡਕੈਤੀ, ਗ਼ਰੀਬੀ ਦੇ ਕਾਰਨ ਆਤਮ ਹਤਿਆ ਦੀਆਂ ਔਸਤ 10 ਖ਼ਬਰਾਂ ਛਪਦੀਆਂ ਹਨ। ਅਮੀਰ ਗ਼ਰੀਬ ਦਾ ਫ਼ਾਸਲਾ ਲਗਾਤਾਰ ਚੌੜਾ ਹੁੰਦਾ ਜਾ ਰਿਹਾ ਹੈ। ਜਾਤੀਵਾਦ, ਅੰਧਵਿਸ਼ਵਾਸ, ਨਾਬਰਾਬਰੀ ਵਧਦੀ ਜਾ ਰਹੀ ਹੈ। ਕੀ ਰਾਹੁਲ ਗਾਂਧੀ ਦੇ ਦਲਿਤਾਂ ਦੇ ਘਰਾਂ ਵਿਚ ਜਾਣ ਨਾਲ ਦੇਸ਼ ਦੇ ਦਲਿਤਾਂ ਦੀਆਂ ਸਮੱਸਿਆਵਾਂ ਖ਼ਤਮ ਹੋ ਗਈਆਂ ਹਨ? ਕੀ ਧੋਨੀ, ਸਚਿਨ ਨੇ ਖੇਡਾਂ ਵਿਚ ਭ੍ਰਿਸ਼ਟਾਚਾਰ ਖ਼ਤਮ ਕਰ ਦਿਤਾ ਹੈ, ਜੋ ਕਿ ਆਮ ਲੋਕਾਂ ਨਾਲ ਜੁੜਿਆ ਹੋਇਆ ਹੈ? ਅਸਲ ਵਿਚ ਸਾਡੇ ਦੇਸ਼ ਵਿਚ ਸਦੀਆਂ ਤੋਂ ਵਿਅਕਤੀ ਪੂਜਾ/ਸ਼ਖ਼ਸੀ ਪੂਜਾ ਦੀ ਪਰੰਪਰਾ ਚਲੀ ਆ ਰਹੀ ਹੈ। ਹਮੇਸ਼ਾ ਤੋਂ ਦੇਸ਼ ਦੀ ਭੁੱਖੀ ਨੰਗੀ, ਗ਼ਰੀਬ ਜਨਤਾ ਦੇ ਸਾਹਮਣੇ ਅਜਿਹੇ ਕਿਸੇ 'ਅਵਤਾਰ' ਜਾਂ 'ਚਮਤਕਾਰੀ' ਬੰਦੇ ਨੂੰ ਸਾਹਮਣੇ ਰੱਖ ਦਿਤਾ ਜਾਂਦਾ ਹੈ, ਜਿਸ ਦੇ ਚਮਤਕਾਰਾਂ ਦੀਆਂ ਘੜੀਆਂ ਹੋਈਆਂ ਕੋਰੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਸੱਚ ਇਹ ਹੈ ਕਿ ਕਿਸੇ ਤਰ੍ਹਾਂ ਦਾ ਅਵਤਾਰ ਹੁੰਦਾ ਹੀ ਨਹੀਂ। ਹਮੇਸ਼ਾ ਤੋਂ ਕਿਸੇ ਨਾ ਕਿਸੇ ਨਾਂ ਨੂੰ ਭੁੱਖੀ ਜਨਤਾ ਲਈ ਅਵਤਾਰ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਉਹ ਸੱਭ ਦਾ ਭਲਾ ਕਰ ਦੇਵੇਗਾ ਅਤੇ ਸਮੱਸਿਆਵਾਂ ਨਾਲ ਗ੍ਰਸਤ ਜਨਤਾ ਅਪਣਾ ਦੁੱਖ ਦਰਦ ਭੁੱਲ ਕੇ ਦਿਨ ਰਾਤ ਬਸ ਉਸ ਅਵਤਾਰ ਨੂੰ ਮਨਾਉਣ, ਖ਼ੁਸ਼ ਰੱਖਣ, ਉਸ ਨੂੰ ਪੂਜਣ ਵਿਚ ਹੀ ਲੱਗੀ ਰਹੇ।

ਸੱਚ ਇਹ ਹੈ ਕਿ ਇਥੇ ਸਾਰਾ ਪ੍ਰਬੰਧ ਖੇਡ, ਸ਼ਾਸਨ, ਪ੍ਰਸ਼ਾਸਨ, ਫ਼ਿਲਮ ਭ੍ਰਿਸ਼ਟਾਚਾਰ ਦੇ ਖੰਭਿਆਂ ਉਤੇ ਟਿਕਿਆ ਹੋਇਆ ਹੈ। ਆਈ.ਪੀ.ਐਲ. ਦੀਆਂ ਗੜਬੜੀਆਂ ਸਾਹਮਣੇ ਹਨ। ਗੜਬੜੀ ਲਈ ਲਲਿਤ ਮੋਦੀ, ਸ਼ਸ਼ੀ ਥਰੂਰ, ਸੁਨੰਦਾ ਪੁਸ਼ਕਰ, ਸ਼ਿਲਪਾ ਸ਼ੈਟੀ, ਪ੍ਰਿਟੀ ਜਿੰਟਾ ਵਰਗੇ ਰੋਲ ਮਾਡਲਾਂ ਦੀ ਖਾਸੀ ਕਿਰਕਿਰੀ ਹੋਈ ਸੀ। ਕਰੋੜਾਂ ਦਾ ਖੇਲ ਹੋਇਆ ਪਰੰਤੂ ਕ੍ਰਿਕੇਟ ਅਤੇ ਕ੍ਰਿਕੇਟਰਾਂ ਦੇ ਦੀਵਾਨੇ ਹਨ ਕਿ ਕੰਮ ਧੰਦਾ ਛੱਡ ਕੇ ਸਟੇਡੀਅਮ, ਟੀ.ਵੀ. ਦੇ ਸਾਹਮਣੇ ਤਾੜੀਆਂ ਵਜਾ ਰਹੇ ਹਨ।
ਹੀਰੋ ਉਹ ਹੁੰਦਾ ਹੈ ਜਿਸ ਨੇ ਸਮਾਜ ਲਈ ਕੁੱਝ ਕੀਤਾ ਹੋਵੇ, ਲੋਕ ਉਸ ਵਲ ਵੇਖਦੇ ਹਨ, ਪ੍ਰੇਰਨਾ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਮੈਂ ਵੀ ਉਸ ਵਾਂਗ ਕੁੱਝ ਕਰਾਂ ਅਤੇ ਸਮਾਜ ਲਈ ਸੁਧਾਰ, ਜਾਗਰਤੀ ਦੇ ਕੰਮ ਕਰਾਂ। ਇਸ ਦੇਸ਼ ਦੀ ਗ਼ਰੀਬ, ਪ੍ਰੇਸ਼ਾਨੀਆਂ ਮਾਰੀ ਜਨਤਾ ਫ਼ਿਲਮ, ਖੇਡ, ਰਾਜਨੀਤੀ ਦੇ ਹੀਰੋ ਦੇ ਤਮਾਸ਼ਿਆਂ ਨਾਲ ਮਨੋਰੰਜਨ ਕਰਦੀ ਹੈ, ਆਨੰਦਤ ਹੋ ਕੇ ਤਾੜੀਆਂ ਵਜਾਉਂਦੀ ਹੈ ਅਤੇ ਇਸ ਨਾਲ ਇਕ ਵਾਰ ਤਾਂ ਉਹ ਅਪਣੀ ਭੁੱਖ ਨੂੰ ਭੁਲ ਜਾਂਦੀ ਹੈ। ਜਨਤਾ ਸੋਚਦੀ ਹੈ ਕਿ ਸਾਡੀਆਂ ਮੁਸ਼ਕਲਾਂ ਅਜਿਹਾ ਹੀ ਕੋਈ ਅਵਤਾਰ ਆ ਕੇ ਖ਼ਤਮ ਕਰ ਦੇਵੇਗਾ ਜਾਂ ਕੋਈ ਚਮਤਕਾਰ ਹੋਵੇਗਾ ਜਿਸ ਨਾਲ ਅਸੀ ਸੁਦਾਮਾ ਵਾਂਗ ਖ਼ੁਸ਼ਹਾਲ ਹੋ ਜਾਵਾਂਗੇ। ਝੌਂਪੜੀ ਦੀ ਥਾਂ ਮਹਿਲ ਬਣ ਜਾਵੇਗਾ, ਇਸ ਸਾਨੂੰ ਸਿਖਾਇਆ ਗਿਆ ਹੈ।

ਸਾਡੇ ਨਾਇਕ ਖਿਡਾਰੀ ਦੇਸ਼ ਦੇ ਨਾਂ ਤੇ ਖੇਡਦੇ ਹਨ। ਖੇਡਣ ਲਈ ਖੇਡ ਸੰਘਾਂ, ਸਰਕਾਰਾਂ ਤੋਂ ਪੈਸਾ ਲੈਂਦੇ ਹਨ, ਕੰਪਨੀਆਂ ਤੋਂ ਮਾਡਲਿੰਗ, ਵਿਗਿਆਪਨਾਂ ਦੇ ਬਦਲੇ ਵਿਚ ਮੋਟਾ ਪੈਸਾ ਲੈਂਦੇ ਹਨ। ਇਹ ਪੈਸਾ ਜਨਤਾ ਦੀਆਂ ਜੇਬਾਂ 'ਚੋਂ ਹੀ ਨਿਕਲਦਾ ਹੈ। ਸਾਡੇ ਕਿੰਨੇ ਹੀਰੋ, ਖਿਡਾਰੀ, ਲੀਡਰ ਹਨ ਜੋ ਜਨਤਾ ਨੂੰ ਸੁਨੇਹਾ ਦਿੰਦੇ ਹਨ ਕਿ ਤੁਸੀ ਗ਼ਰੀਬ, ਭੁੱਖੇ ਇਸ ਲਈ ਹੋ ਕਿ ਤੁਹਾਡੀ ਮਿਹਨਤ ਦੀ ਕਮਾਈ ਦਾ ਪੈਸਾ ਕੋਈ ਹੋਰ ਚਲਾਕੀ ਨਾਲ ਤੁਹਾਡੀ ਜੇਬ ਤੋਂ ਕਢਵਾ ਰਿਹਾ ਹੈ। ਤੁਹਾਨੂੰ ਹੋਰ ਗ਼ਰੀਬ ਬਣਾਇਆ ਜਾ ਰਿਹਾ ਹੈ ਤੇ ਆਪ ਹੋਰ ਮਾਲਾਮਾਲ ਹੋ ਰਹੇ ਹਨ। ਇਸ ਵਿਚ ਮੀਡੀਆ ਉਸ ਪੰਡਤ ਦਾ ਰੋਲ ਨਿਭਾਅ ਰਿਹਾ ਹੈ ਜਿਸ ਨੂੰ ਵਿਆਹ ਵਿਚ ਸਿਰਫ਼ ਦਛਣਾ ਤੋਂ ਮਤਲਬ ਹੁੰਦਾ ਹੈ, ਭਾਵੇਂ ਅਗਲੇ ਹੀ ਦਿਨ ਤਲਾਕ ਹੋ ਜਾਵੇ। ਇਹ ਭੁੱਖਾ ਦੇਸ਼ ਆਖ਼ਰ ਕਦ ਤਕ ਵਿਅਕਤੀ ਪੂਜਾ ਕਰਦਾ ਰਹੇਗਾ? ਚਮਤਕਾਰ ਦੀ ਆਸ ਵਿਚ ਭਰਮਾਇਆ ਜਾਂਦਾ ਰਹੇਗਾ?  ਸਦੀਆਂ ਤੋਂ ਅਕਲ ਉਤੇ ਜੜਿਆ ਤਾਲਾ ਜਦ ਤਕ ਗ਼ਰੀਬ ਜਨਤਾ ਤੋੜ ਨਹੀਂ ਦੇਂਦੀ, ਉਸ ਨੂੰ ਇਵੇਂ ਹੀ ਲਾਲਚੀ ਲੋਕ ਵਰਗ਼ਲਾਂਦੇ ਰਹਿਣਗੇ।
                                                             (ਧੰਨਵਾਦ ਸਹਿਤ ਮੈਗ਼ਜ਼ੀਨ 'ਸਰਿਤਾ' ਜਨਵਰੀ (ਦੂਜਾ), 2011 ਵਿਚੋਂ)

                                           ਮੂਲ ਲੇਖਕ : ਜਗਦੀਸ਼ ਪੰਵਾਰ, ਅਨੁਵਾਦਕ : ਪਵਨ ਕੁਮਾਰ ਰੱਤੋਂ