Punjab News: ਹੁਣ ਨਹੀਂ ਮਾਮਾ ਲੋੜੀਂਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Punjab News:ਹਰ ਵਿਆਹ ਵਿਚ ਨਾਨਕਿਆਂ ਦਾ ਰੋਲ ਅਹਿਮ ਹੁੰਦਾ ਸੀ

No longer needed mama punjab wedding News

No longer needed mama punjab wedding News: ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਜਾਂ ਖੇਤਰਾਂ ਵਿਚ, ਵਿਆਹ ਵੀ ਵੱਖ-ਵੱਖ ਕਿਸਮ ਨਾਲ ਹੀ ਹੁੰਦੇ ਹਨ। ਪਰ ਜੇ ਪੰਜਾਬ ਦੇ ਪਿੰਡਾਂ ਵਿਚ ਹੁੰਦੇ ਵਿਆਹਾਂ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਵਿਲੱਖਣ, ਮਸਤੀ ਭਰੇ, ਗੀਤ-ਸੰਗੀਤਾਂ ਨਾਲ ਸ਼ਿੰਗਾਰੇ, ਗਿੱਧਿਆਂ, ਭੰਗੜਿਆਂ ਦੀ ਧਮਾਲ ਅਤੇ ਸਮਾਜਕ ਭਾਈਵਾਲਤਾ ਦੀ ਤਸਵੀਰ ਪੇਸ਼ ਕਰਦੇ ਸਨ। ਕਿਸੇ ਪਿੰਡ ਵਿਚ ਹੋਣ ਵਾਲਾ ਵਿਆਹ ਸਾਰੇ ਪਿੰਡ ਦਾ ਸਾਂਝਾ ਕਾਰਜ ਬਣ ਜਾਂਦਾ ਸੀ। ਵਿਆਹ ਵਾਲੇ ਘਰ ਆਏ ਮਹਿਮਾਨ, ਸਾਰੇ ਘਰਾਂ ਵਿਚ ਹੀ ਵੰਡੇ ਜਾਂਦੇ ਸਨ। ਵਿਆਹ ਭਾਵੇਂ ਕਿਸੇ ਮੁੰਡੇ ਦਾ ਹੋਵੇ ਜਾਂ ਕਿਸੇ ਕੁੜੀ ਦਾ, ਪਿੰਡ ਵਿਚ ਤਾਂ ਖ਼ੁਸ਼ੀਆਂ ਭਰਿਆ ਮਾਹੌਲ ਤੇ ਰੰਗੀਨ ਨਜ਼ਾਰਾ ਬੰਨਿ੍ਹਆ ਜਾਂਦਾ ਸੀ। ਪੰਜਾਬ ਦੇ ਪਿੰਡਾਂ ਵਿਚ ਸਦੀਆਂ ਤੋਂ ਹੀ ਵਿਆਹ ਦੀ ਹਰ ਰਸਮ ਨੂੰ ਸ਼ਗਨਾਂ ਦਾ ਰੂਪ ਦਿਤਾ ਜਾਂਦਾ ਸੀ।

ਵਿਆਹ ਵਿਚ ਕੱੁਝ ਵੀ ਕਰਨ ਤੋਂ ਪਹਿਲਾਂ ਚੰਗੇ ਸ਼ਗਨ ਮਨਾਏ ਜਾਂਦੇ ਸਨ ਅਤੇ ਪੈਰ-ਪੈਰ ’ਤੇ ਇਸ ਗੱਲ ਦਾ ਧਿਆਨ ਰਖਿਆ ਜਾਂਦਾ ਸੀ ਕਿ ਵਿਆਹ ਵਿਚ ਕੋਈ ਬਦ-ਸ਼ਗਨ ਨਾ ਹੋ ਜਾਵੇ। ਵਿਆਹ ਦੀ ਚਿੱਠੀ ਦੇ ਦਿਨ ਤੋਂ ਲੈ ਕੇ, ਵਿਆਹ ਦੀ ਸੰਪੂਰਨਤਾ ਤਕ, ਤਰ੍ਹਾਂ-ਤਰ੍ਹਾਂ ਦੇ ਸ਼ਗਨ ਮਨਾਏ ਜਾਂਦੇ ਸਨ, ਜਿਵੇਂ ਕਿ ਵਿਆਹ ਦੀ ਚਿੱਠੀ ਨੂੰ ਵੀ ਤੋਰਨਾ ਪੰਚਾਇਤ ਵਿਚ ਅਤੇ ਉਹ ਵੀ ਥਾਲ ਵਿਚ ਮਿੱਠਾ, ਖੰਮਣੀ, ਹਲਦੀ, ਸਿੱਕਾ ਰੱਖ ਕੇ ਸ਼ਗਨ ਮਨਾਇਆ ਜਾਂਦਾ। ਵਿਆਹ ਤੋਂ ਕਿੰਨੇ ਦਿਨ ਪਹਿਲਾਂ ਵਿਆਹ ਵਾਲੇ ਘਰ ਸ਼ਾਮ ਨੂੰ ਔਰਤਾਂ ਇਕੱਠੀਆਂ ਹੋ ਕੇ ਸ਼ਗਨਾਂ ਦੇ ਗੀਤ ਗਾਉਂਦੀਆਂ। ਜਿਵੇਂ ਅਸੀਂ ਵੇਖਦੇ ਆਏ ਹਾਂ ਕਿ ਸਦੀਆਂ ਤੋਂ ਚਲਦੀ ਰੀਤ ਅਨੁਸਾਰ ਵਿਆਹ ਵਿਚ ਮਹਿੰਦੀ ਲਗਾਉਣਾ, ਬੰਨ ਲਗਾਉਣਾ ਜਾਂ ਨਾਈ-ਧੋਬੀ ਦੀ ਰਸਮ ਖ਼ਾਸ ਹੁੰਦੀਆਂ ਹਨ ਭਾਵੇਂ ਹੋਰ ਵੀ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਹਨ ਪਰ ਇਨ੍ਹਾਂ ਤਿੰਨਾਂ ਨੂੰ ਤਾਂ ਔਰਤਾਂ ਖ਼ੂਬ ਗੀਤ ਗਾ ਕੇ ਅਨੰਦਮਈ ਬਣਾ ਦੇਂਦੀਆਂ ਸਨ। 

ਹਰ ਵਿਆਹ ਵਿਚ ਨਾਨਕਿਆਂ ਦਾ ਰੋਲ ਅਹਿਮ ਹੁੰਦਾ ਸੀ। ਇਹੀ ਕਾਰਨ ਹੁੰਦਾ ਸੀ ਕਿ ਵਿਆਹ ਵਿਚ ਮਾਮਾ ਪੂਰਾ ਪ੍ਰਧਾਨ ਹੁੰਦਾ ਸੀ। ਉਂਜ ਹੀ ਨਹੀਂ ਉਸ ਨੇ ਨਾਨਕਿਆਂ ਵਲੋਂ ਮੰਡ੍ਹੇ ਦੇ ਰੂਪ ਵਿਚ ਸ਼ਗਨ ਕਰ ਕੇ ਕਪੜਿਆਂ ਅਤੇ ਗਹਿਣਿਆਂ ਗੱਟਿਆਂ ’ਤੇ ਚੰਗਾ ਖ਼ਰਚ ਵੀ ਕੀਤਾ ਹੁੰਦਾ ਸੀ ਜਿਸ ਨਾਲ ਗ਼ਰੀਬ ਵਿਆਹ ਵਾਲਿਆਂ ਨੂੰ ਕਾਫ਼ੀ ਸਹਾਰਾ ਮਿਲ ਜਾਂਦਾ ਸੀ। ਤਾਂ ਹੀ ਤਾਂ ਵਿਆਹ ਵਿਚ ਨਾਨਕਿਆਂ ਵਲੋਂ ਆਈਆਂ ਔਰਤਾਂ ਮੰਡ੍ਹੇ ’ਤੇ ਗੀਤ ਗਾਉਂਦੀਆਂ ਕਹਿੰਦੀਆਂ :
ਦੇਖੋ ਭਾਈ ਦੇਖੋ, ਨਾਨਕ ਛੱਕ,
ਮਾਮੇ ਨੇ ਵਾਰ ਦਿਤੀ ਨੋਟਾਂ ਦੀ ਲੱਪ।

ਵਿਆਂਦੜ ਦੀ ਮਾਂ ਨੂੰ ਅਪਣੇ ਭਰਾਵਾਂ ਉੱਤੇ ਮਾਣ ਹੁੰਦਾ ਅਤੇ ਮੁੰਡੇ ਜਾਂ ਕੁੜੀ ਦੇ ਮਾਂ-ਬਾਪ ਵਿਆਹ ਵਿਚ ਹਰ ਸਲਾਹ ਮਾਮੇ ਨਾਲ ਜ਼ਰੂਰ ਕਰਦੇ। ਵੈਸੇ ਵੀ ਬੱਚਿਆਂ ਦਾ ਮਾਮੇ ਨਾਲ ਪਿਆਰ ਹੁੰਦਾ ਹੈ ਕਿਉਂਕਿ ਮਾਮਾ ਕਹਿਣ ਵਿਚ ਦੋ ਵਾਰ ਮਾਂ ਸ਼ਬਦ ਨੂੰ ਦੁਹਰਾਉਣਾ ਪੈਂਦਾ ਹੈ। 
ਉਧਰ ਵਿਆਹ ਵਿਚ ਮਾਮੇ ਅਤੇ ਉਸ ਦੇ ਘਰਵਾਲੀ ਮਾਮੀ ਨੂੰ ਅਪਣੇ ਭਾਣਜੇ ਜਾਂ ਭਾਣਜੀ ਦੇ ਵਿਆਹ ਦਾ ਪੂਰਾ-ਪੂਰਾ ਚਾਅ ਹੁੰਦਾ ਹੈ। ਪੁਰਾਣੇ ਸਮਿਆਂ ਵਿਚ ਨਾਨਕਾ ਮੇਲ ਕਈ-ਕਈ ਦਿਨ ਵਿਆਹਾਂ ਵਿਚ ਲਗਾ ਰਹਿੰਦਾ ਸੀ ਅਤੇ ਨਾਨਕੀਆਂ ਤਾਂ ਵਾਰ-ਵਾਰ ਗਿੱਧਿਆਂ ਦੇ ਪਿੜ ਬੰਨ੍ਹਦੀਆਂ। ਉਧਰ ਮਾਮਾ ਵੀ ਅਪਣੀ ਮਸਤੀ ਵਿਚ ਝੂੰਮਦਾ ਰਹਿੰਦਾ ਤੇ ਵਾਰ-ਵਾਰ ਅਪਣੀ ਘਰਵਾਲੀ ਨੂੰ ਨੱਚ-ਨੱਚ ਧੂੜਾਂ ਪੁੱਟਣ ਨੂੰ ਕਹਿੰਦਾ-    
ਨੀ ਨੱਚ ਲੈ ਮੋਰਨੀਏ,
ਨਿੱਤ ਨਿੱਤ ਨੀ ਭਾਣਜੇ ਵਿਆਉਣੇ।
ਉਧਰ ਮਾਮੀ ਵੀ ਇਸ ਮੌਕੇ ਦਾ ਪੂਰਾ-ਪੂਰਾ ਲਾਹਾ ਲੈਂਦੀ ਅਤੇ ਖ਼ੂਬ ਬਣ ਠਣ ਕੇ ਪੂਰੀ ਟੋਹਰ ਖਿੱਚ ਕੇ ਗਿੱਧੇ ਵਿਚ ਗੇੜਾ ਦੇਂਦੀ ਤੇ ਇੰਨੇ ਨਖ਼ਰੇ ਨਾਲ ਗਿੱਧੇ ਵਿਚ ਨਚਦੀ ਕਿ ਪਿੰਡ ਦੀਆਂ ਔਰਤਾਂ ਇਹ ਕਹਿਣ ਤੋਂ ਨਾ ਰੁਕਦੀਆਂ :
ਸੁਣ ਨੀ ਮਾਮੀਏ ਨੱਚਣ ਵਾਲੀਏ
ਆਈ ਐ ਗਿੱਧੇ ’ਚ ਬਣ ਠਣ ਕੇ
ਕੰਨੀ ਤੇਰੇ ਹਰੀਆਂ ਬੋਤਲਾਂ, 
ਬਾਹੀਂ ਚੂੜਾ ਛਣਕੇ
ਤੀਲੀ ਤੇਰੀ ਨੇ ਮੁਲਕ ਮੋਹ ਲਿਆ,
ਗਲ ਵਿਚ ਮੂੰਗੇ ਮਣਕੇ
ਨੀ ਫੇਰ ਕਦ ਨੱਚੇਗੀ, ਨੱਚ ਲੈ ਪਟੋਲਾ ਬਣ ਕੇ।

ਵਿਆਹ ਦੇ ਬਹੁਤ ਸਾਰੇ ਸ਼ਗਨਾਂ ਵਿਚ ਭਾਵੇਂ ਮਾਮੇ ਦੀ ਲੋੜ ਪੈਂਦੀ ਸੀ ਪਰ ਵਿਆਹ ਵਾਲੇ ਦਿਨ ਜਿਸ ਦਿਨ ਮੁੰਡੇ ਕੁੜੀ ਦੇ ਅਨੰਦ ਕਾਰਜ ਜਾਂ ਫੇਰੇ ਹੋਣੇ ਹੁੰਦੇ ਸਨ ਤਾਂ ਇਕ ਬਹੁਤ ਹੀ ਮਹੱਤਵਪੂਰਨ ਰਸਮ ਹੁੰਦੀ ਸੀ ਨਾਈ-ਧੋਬੀ ਦੀ। ਵਿਆਂਦੜ ਨੂੰ ਚੌਕੀ ਉਤੇ ਬਿਠਾ ਕੇ, ਬਟਨਾ ਮਲਿਆ ਜਾਂਦਾ ਅਤੇ ਫਿਰ ਨੁਹਾਇਆ ਜਾਂਦਾ। ਇਸ ਮੌਕੇ ’ਤੇ ਔਰਤਾਂ ਵਲੋਂ ਵੀ ਸ਼ਗਨਾਂ ਦੇ ਗੀਤ ਜਾਰੀ ਰਹਿੰਦੇ। ਨਾਈ-ਧੋਬੀ ਦੀ ਰਸਮ ਸਮੇਂ ਮਾਮੇ ਨੂੰ ਜ਼ਰੂਰ ਹਾਜ਼ਰ ਹੋਣਾ ਪੈਂਦਾ ਸੀ ਕਿਉਂਕਿ ਵਿਆਂਦੜ ਦੇ ਨਹਾਉਣ ਤੋਂ ਬਾਅਦ ਉਸ ਨੂੰ ਚੌਂਕੀ ਤੋਂ ਮਾਮਾ ਹੀ ਉਤਾਰਦਾ ਸੀ ਅਤੇ ਇਸ ਨੂੰ ਇਕ ਬੜਾ ਸ਼ਗਨ ਮੰਨਿਆ ਜਾਂਦਾ ਸੀ। ਵਿਆਹ ਭਾਵੇਂ ਮੁੰਡੇ ਦਾ ਹੋਵੇ ਜਾਂ ਕੁੜੀ ਦਾ ਪਰ ਨਾਈ-ਧੋਬੀ ਸਮੇਂ ਉਨ੍ਹਾਂ ਨੂੰ ਚੌਕੀ ਤੋਂ ਮਾਮਾ ਹੀ ਉਤਾਰਦਾ ਸੀ। ਕਈ ਵਾਰ ਤਾਂ ਔਰਤਾਂ ਵਲੋਂ ਗਾਇਆ ਜਾਂਦਾ -

ਸੱਦੋ ਨੀ ਸੱਦੋ ਕੁੜੀਉ, ਲਾੜੀ ਦੇ ਮਾਮੇ ਨੂੰ,
ਕੁੜੀ ਨੂੰ ਚੌਕੀਉਂ ਉਤਾਰੇ।
ਚੌਕੀ ਤੋਂ ਵਿਆਂਦੜ ਨੂੰ ਉਤਾਰਨ ਦੀ ਰਸਮ ਵੀ ਬੜੀ ਹੀ ਮਹੱਤਵਪੂਰਨ ਹੁੰਦੀ ਸੀ ਅਤੇ ਇਸ ਕਰ ਕੇ ਇਸ ਸਮੇਂ ਮਾਮੇ ਦੀ ਖ਼ੂਬ ਪੁੱਛ ਪੈਂਦੀ। ਔਰਤਾਂ ਵੀ ਮਿਲ ਕੇ ਗਾਣਾ ਸ਼ੁਰੂ ਕਰ ਦੇਂਦੀਆਂ -
ਇਸ ਵੇਲੇ ਜ਼ਰੂਰ ਮਾਮਾ ਲੋੜੀਂਦਾ।
ਲੋੜੀਂਦਾ ਜ਼ਰੂਰ, ਮਾਮਾ ਲੋੜੀਂਦਾ।

ਪਰ ਵਿਹੜੇ ਵਿਚ ਚੌਕੀ ਉਤੇ ਮੁੰਡੇ-ਕੁੜੀ ਨੂੰ ਨਹਾਉਂਦੇ ਸਮੇਂ ਵਿਹੜੇ ਵਿਚ ਚਿੱਕੜ ਹੋ ਜਾਂਦਾ। ਪਰ ਇਹ ਵੀ ਸ਼ਗਨਾਂ ਦਾ ਰੂਪ ਹੀ ਲੈ ਲੈਂਦਾ ਅਤੇ ਔਰਤਾਂ ਇਸ ਦਾ ਬੁਰਾ ਨਾ ਮਨਾਉਂਦੀਆਂ ਹੋਈਆਂ ਇਸ ਨੂੰ ਸ਼ਗਨਾਂ ਭਰੇ ਗੀਤ ਨਾਲ ਅਨੰਦਤ ਕਰ ਦੇਂਦੀਆਂ ਤੇ ਮਿਲ ਕੇ ਗਾਣਾ ਸ਼ੁਰੂ ਕਰ ਦੇਂਦੀਆਂ -
ਆਂਗਨ ਚਿੱਕੜ ਕੀਨੇ ਕੀਤਾ, 
ਕੀਹਨੇ ਡੋਲ੍ਹਿਆ ਪਾਣੀ,
ਮਾਮੇ ਦਾ ਭਾਣਜਾ ਨਾਵੇਂ ਧੋਵੇ, 
ਜਿਹਨੇ ਡੋਲ੍ਹਿਆ ਪਾਣੀ।
ਪਰ ਚੌਂਕੀ ਤੋਂ ਵਿਆਂਦੜ ਨੂੰ ਉਤਾਰਨਾ ਬਹੁਤ ਹੀ ਭਾਵੁਕ ਦਿ੍ਰਸ਼ ਪੇਸ਼ ਕਰਦਾ ਸੀ ਕਿਉਂਕਿ ਜਿੱਥੇ ਇਹ ਮਾਮੇ ਭਾਣਜੇ ਦੇ ਪਿਆਰ ਦਾ ਪ੍ਰਤੀਕ ਸੀ ਉੱਥੇ ਹੀ, ਰਿਸ਼ਤੇਦਾਰੀ ਦੀ ਇਸ ਪਿਆਰ ਲੜੀ ਨੂੰ ਬਹੁਤ ਹੀ ਸਲੀਕੇ ਦਾ ਦਰਜਾ ਮਿਲਦਾ ਸੀ। ਤਾਂ ਹੀ ਤਾਂ ਉਸ ਸਮੇਂ ਔਰਤਾਂ ਮਿਲ ਕੇ ਫਿਰ ਗਾਉਂਦੀਆਂ ਸਨ :
ਸੱਦੋ ਨੀ ਸੱਦੋ ਇਹਦੇ ਮਾਮੇ ਨੂੰ, ਲੱਖ ਧਰਮੀ ਨੂੰ
ਲਾਡਲੇ ਨੂੰ ਚੌਕੀਉਂ ਉਤਾਰੇ।
ਇਸ ਤਰ੍ਹਾਂ ਮਾਮੇ ਵਲੋਂ ਵਿਆਂਦੜ ਨੂੰ ਚੌਂਕੀ ਤੋਂ ਉਤਾਰ ਕੇ ਨਾਈ-ਧੋਈ ਦੀ ਰਸਮ ਨੂੰ ਸੰਪੂਰਨ ਕੀਤਾ ਜਾਂਦਾ ਅਤੇ ਵਿਆਹ ਦੀ ਖ਼ੁਸ਼ੀ ਭਰੀ ਲੜੀ ਨੂੰ ਅੱਗੇ ਤੋਰਿਆ ਜਾਂਦਾ।

ਪਰ ਅੱਜਕਲ ਜੋ ਵੇਖਣ ਵਿਚ ਆਉਂਦਾ ਹੈ ਕਿ ਸਾਡੇ ਵਿਆਹਾਂ ਦੇ ਰੀਤੀ ਰਿਵਾਜ਼ਾਂ ਵਿਚ ਬਹੁਤ ਤਬਦੀਲੀ ਆ ਗਈ ਹੈ। ਬਰਾਤ ਜਿਹੜੀ ਕਈ ਕਈ ਦਿਨ ਠਹਿਰਾਅ ਕਰਦੀ ਸੀ ਹੁਣ ਉਹ ਇਕ ਦਿਨ ਵਿਚ ਹੀ ਵਾਪਸ ਚਲੀ ਜਾਂਦੀ ਹੈ। ਵਿਆਹ ਵੀ ਘਰਾਂ ਜਾਂ ਗਲੀ ਮੁਹੱਲਿਆਂ ਵਿਚ ਹੋਣ ਦੀ ਥਾਂ ਮੈਰਿਜ ਪੈਲੇਸਾਂ ਵਿਚ ਹੋਣ ਲੱਗ ਪਏ ਹਨ। ਇਸ ਤਰ੍ਹਾਂ ਹਰ ਤਰ੍ਹਾਂ ਦੇ ਰਸਮ ਅਤੇ ਸ਼ਗਨ ਸੀਮਤ ਹੋ ਕੇ ਸਮਾਪਤੀ ’ਤੇ ਆ ਗਏ ਹਨ। ਵਿਆਹ ਵਾਲੇ ਮੁੰਡੇ ਕੁੜੀ ਅੱਜਕਲ ਪੜ੍ਹੇ ਲਿਖੇ ਹੋਣ ਕਾਰਨ ਜਾਂ ਕਹਿ ਲਵੋ ਜ਼ਿਆਦਾ ਹੀ ਪੜ੍ਹ ਗਏ ਹਨ, ਰਸਮਾਂ ਜਾਂ ਸਮੇਂ ਅਨੁਸਰ ਸ਼ਗਨਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਹਰ ਰੀਤੀ ਵਿਚ ਅਪਣੀ ਮਰਜ਼ੀ ਕਰਦੇ ਹਨ। ਨਾਈ-ਧੋਈ ਦੀ ਗੱਲ ਲੈ ਲਵੋ, ਉਹ ਆਪ ਹੀ ਬਾਥਰੂਮਾਂ ਵਿਚ ਨਹਾ ਕੇ ਆਪੇ ਕਪੜੇ ਪਾ ਕੇ ਤਿਆਰ ਹੋ ਜਾਂਦੇ ਹਨ। ਚੌਕੀ ਉੱਤੇ ਬੈਠ ਬਟਨਾ ਲਗਵਾਉਣਾ ਜਾਂ ਚੌਕੀ ’ਤੇ ਬੈਠ ਸ਼ਗਨਾਂ ਨਾਲ ਨਾਈ-ਧੋਈ ਕਰਨਾ ਉਨ੍ਹਾਂ ਨੂੰ ਪਸੰਦ ਨਹੀਂ, ਤਾਂ ਕੋਈ ਲੋੜ ਨਹੀਂ ਪੈਂਦੀ ਮਾਮੇ ਦੀ, ਹੁਣ ਔਰਤਾਂ ਕਿਵੇਂ ਗਾਉਣਗੀਆਂ ਕਿ ‘‘ਬੁਲਾਉ ਧਰਮੀ ਮਾਮੇ ਨੂੰ’’, ਤਾਕਿ ਕੁੜੀ ਜਾਂ ਮੁੰਡੇ ਨੂੰ ਚੌਕੀ ਤੋਂ ਉਤਾਰਿਆ ਜਾਵੇ।

ਸਾਰਾ ਵਿਰਸਾ ਹੀ ਬਦਲ ਚੁਕਿਆ ਹੈ। ਮਾਮਾ ਵੀ ਵਿਆਹ ਵਿਚ ਅਪਣੀ ਬੁੱਕਤ ਘਟੀ ਵੇਖ, ਮੌਕੇ ਦੇ ਮੌਕੇ ਹੀ ਵਿਆਹ ਵਿਚ ਆਉਂਦਾ ਹੈ। ਕਈ ਵਾਰ ਤਾਂ ਮਾਮਾ ਕਹਿ ਦੇਂਦਾ ਹੈ, ‘‘ਤੁਸੀ ਬਰਾਤ ਲੈ ਜਾਣਾ, ਮੈਂ ਸਿੱਧਾ ਮੈਰਿਜ ਪੈਲਸ ਵਿਚ ਪਹੁੰਚ ਜਾਵਾਂਗਾ।’’ ਸੱਭ ਕੁੱਝ ਰੈਡੀਮੇਟ ਮਿਲਦਾ ਹੈ। ਖਾਣਾ, ਬਣਿਆ ਬਣਾਇਆ ਪਰ ਪਲੇਟ ਦੇ ਹਿਸਾਬ ਵਰਤਾਇਆ ਜਾਂਦਾ ਹੈ, ਤਾਂ ਫਿਰ ਮਾਮੇ ਨਾਲ ਸਲਾਹ ਵੀ ਕਿਸ ਗੱਲ ਦੀ ਕਰਨੀ ਹੈ? ਜਲਦੀ-ਜਲਦੀ ਵਿਚ ਹੁੰਦੇ ਵਿਆਹਾਂ ਵਿਚ ਮਾਮੀ ਨੂੰ ਨੱਚਣ ਦਾ ਮੌਕਾ ਨਹੀਂ ਮਿਲਦਾ। ਉਹ ਵੀ ਕਹਿ ਦੇਂਦੀ ਹੈ, ‘‘ਜਦੋਂ ਵਿਆਹ ਵਿਚ ਗਿੱਧੇ ਦਾ ਪਿੜ ਹੀ ਨਹੀਂ ਬੱਝਿਆ ਤਾਂ ਫਿਰ ਉਹ ਕਿਹੜੇ ਵਿਹੜੇ ਨੱਚੇ? 

ਜਿਹੜਾ ਮਾਮਾ ਪੁਰਾਣੇ ਵਿਆਹਾਂ ਵਿਚ ਪੂਰੇ ਨਾਨਕਾ ਮੇਲ ਵਿਚ ਠਾਠ ਨਾਲ ਆਉਂਦਾ ਸੀ ਤੇ ਬਰਾਤ ਚੜ੍ਹਨ ਸਮੇਂ ਊਠ ਉੱਤੇ ਸਵਾਰ ਹੋ ਕੇ ਵਿਆਂਦੜ ਦੇ ਨਾਲ-ਨਾਲ ਰਹਿੰਦਾ ਸੀ, ਹੁਣ ਅਪਣੇ ਛੋਟੇ ਜਹੇ ਪ੍ਰਵਾਰ ਨੂੰ ਗੱਡੀ ਵਿਚ ਬਿਠਾ, ਇਕੱਲਾ ਹੀ ਮੈਰਿਜ ਪੈਲੇਸ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਵਿਆਹਾਂ ਦੇ ਰਸਮਾਂ ਰਿਵਾਜ਼ਾਂ ਵਿਚ ਆਈ ਤਬਦੀਲੀ ਕਾਰਣ, ਮਾਮਾ ਵੀ ਇਕੱਲਾ ਪੈ ਗਿਆ ਅਤੇ ਵਿਆਹ ਵਿਚ ਉਸ ਦੀ ਲੋੜ ਹੀ ਘੱਟ ਗਈ ਹੈ। ਉਹ ਵੀ ਦੂਜੇ ਰਿਸ਼ਤੇਦਾਰਾਂ ਜਾਂ ਯਾਰਾਂ-ਮਿੱਤਰਾਂ ਦੇ ਨਾਲ, ਉਨ੍ਹਾਂ ਜਿਹਾ ਹੀ ਮਹਿਮਾਨ ਬਣ ਕੇ ਰਹਿ ਜਾਂਦਾ ਹੈ।