ਯਾਤਰੀਆਂ ਲਈ ‘ਤਾਬੂਤ’ ਕਿਉਂ ਬਣ ਰਹੀਆਂ ਸਲੀਪਰ ਬੱਸਾਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਹਿਜ਼ ਇਕ ਹਫ਼ਤੇ ’ਚ 41 ਲੋਕ ਗਵਾ ਚੁੱਕੇ ਜਾਨ

Why are sleeper buses becoming 'coffins' for passengers?

ਚੰਡੀਗੜ੍ਹ (ਸ਼ਾਹ) : ਸਲੀਪਰ ਬੱਸਾਂ ਵਿਚ ਇਕ ਤੋਂ ਬਾਅਦ ਇਕ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਮਹਿਜ਼ ਇਕ ਹਫ਼ਤੇ ਦੇ ਅੰਦਰ ਹੀ 41 ਲੋਕਾਂ ਦੀ ਮੌਤ ਹੋ ਚੁੱਕੀ ਐ, ਇਸ ਨਾਲ ਹੁਣ ਆਵਾਜਾਈ ਦੇ ਇਸ ਪ੍ਰਮੁੱਖ ਸਾਧਨ ਦੀ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਨੇ। ਸਾਲ 2013 ਤੋਂ ਸਲੀਪਰ ਬੱਸਾਂ ਵਿਚ ਘੱਟੋ ਘੱਟ ਸੱਤ ਵੱਡੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ, ਜਿਨ੍ਹਾਂ ਵਿਚ 130 ਤੋਂ ਵੱਧ ਲੋਕ ਮਾਰੇ ਗਏ। ਵੱਡਾ ਸਵਾਲ ਇਹ ਐ ਕਿ ਆਖ਼ਰ ਕਿਉਂ ਵਾਪਰ ਰਹੇ ਨੇ ਇਹ ਭਿਆਨਕ ਹਾਦਸੇ? ਕਿਉਂ ਚਲਦਾ ਫਿਰਦਾ ‘ਤਾਬੂਤ’ ਬਣ ਰਹੀਆਂ ਨੇ ਸਲੀਪਰ ਬੱਸਾਂ? ਕੀ ਬੱਸ ਮਾਲਕਾਂ ਵੱਲੋਂ ਨਿਯਮਾਂ ਦੀ ਅਣਦੇਖੀ ਕੀਤੀ ਜਾਂਦੀ ਐ?

ਅਰਾਮਦਾਇਕ ਸਫ਼ਰ ਦਾ ਸਾਧਨ ਮੰਨੀਆਂ ਜਾਂਦੀਆਂ ਸਲੀਪਰ ਬੱਸਾਂ ਮੌਜੂਦਾ ਸਮੇਂ ਵਾਪਰੀਆਂ ਦੋ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕਿਉਂਕਿ ਮਹਿਜ਼ ਪਿਛਲੇ ਇਕ ਹਫ਼ਤੇ ਦੇ ਅੰਦਰ ਹੀ ਇਨ੍ਹਾਂ ਬੱਸਾਂ ਵਿਚ ਅੱਗ ਲੱਗਣ ਕਾਰਨ 41 ਲੋਕਾਂ ਦੀ ਮੌਤ ਹੋ ਚੁੱਕੀ ਐ। ਇਨ੍ਹਾਂ ਵਿਚੋਂ ਤਾਜ਼ਾ ਵੱਡੀ ਘਟਨਾ 24 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ਕੁਰਨੂਲ ’ਚ ਵਾਪਰੀ, ਜਿੱਥੇ 20 ਲੋਕਾਂ ਦੀ ਮੌਤ ਹੋਈ, ਜਦਕਿ ਇਸ ਤੋਂ ਕੁੱਝ ਦਿਨ ਪਹਿਲਾਂ 14 ਅਕਤੂਬਰ ਨੂੰ ਰਾਜਸਥਾਨ ਦੇ ਥਈਯਾਤ ਪਿੰਡ ਵਿਚ 26 ਲੋਕਾਂ ਦੀ ਜਾਨ ਗਈ। ਇਨ੍ਹਾਂ ਦੋ ਵੱਡੇ ਹਾਦਸਿਆਂ ਨੇ ਸਲੀਪਰ ਬੱਸਾਂ ਵਿਚ ਸਫ਼ਰ ਨੂੰ ਲੈ ਕੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਐ ਕਿਉਂਕਿ ਲੱਖਾਂ ਲੋਕ ਰੋਜ਼ਾਨਾ ਇਨ੍ਹਾਂ ਬੱਸਾਂ ਵਿਚ ਸਫ਼ਰ ਕਰਦੇ ਨੇ। 

ਸਲੀਪਰ ਬੱਸਾਂ ਵਿਚ ਵਾਪਰੀਆਂ ਜ਼ਿਆਦਾਤਰ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਨਿਯਮਾਂ ਦੀ ਉਲੰਘਣਾ ਪਾਈ ਗਈ। ਸਲੀਪਰ ਬੱਸਾਂ ਦੇ ਅੰਦਰੂਨੀ ਭਾਗ ਜਲਣਸ਼ੀਲ ਪਦਾਰਥ ਦੀ ਮਾਤਰਾ ਜ਼ਿਆਦਾ ਹੋਣਾ, ਆਉਣ ਜਾਣ ਵਾਲਾ ਰਸਤਾ ਭੀੜਾ ਹੋਣਾ, ਨਾਂਹ ਦੇ ਬਰਾਬਰ ਵਰਤਿਆ ਜਾਣ ਵਾਲਾ ਐਮਰਜੈਂਸੀ ਦਰਵਾਜ਼ਾ, ਸੁਰੱਖਿਆ ਉਪਕਰਨਾਂ ਦੀ ਘਾਟ, ਯਾਤਰੀਆਂ ਦੇ ਕੋਲ ਪ੍ਰਤੀਕਿਰਿਆ ਦੇਣ ਲਈ ਸਮਾਂ ਘੱਟ ਹੋਣਾ ਅਤੇ ਘੱਟ ਟ੍ਰੇਂਡ ਕੀਤੇ ਕਰਮਚਾਰੀ ਹੋਣਾ ਅਜਿਹੀਆਂ ਘਟਨਾਵਾਂ ਦਾ ਪ੍ਰਮੁੱਖ ਕਾਰਨ ਮੰਨਿਆ ਜਾਂਦੈ। ਫਿਰ ਰਹਿੰਦੀ ਖੂੰਹਦੀ ਕਸਰ ਪ੍ਰਸ਼ਾਸਨ ਕੱਢ ਦਿੰਦਾ ਹੈ,, ਜੋ ਹਾਦਸੇ ਤੋਂ ਬਾਅਦ ਚੈਕਿੰਗ ਦੇ ਨਾਂਅ ’ਤੇ ਕੁੱਝ ਬੱਸਾਂ ’ਤੇ ਕਾਰਵਾਈ ਤਾਂ ਕਰ ਦਿੰਦਾ,,, ਪਰ ਇਹ ਕਾਰਵਾਈ ਬੱਸਾਂ ਦੀਆਂ ਅਸਲ ਖ਼ਾਮੀਆਂ ਤੱਕ ਨਹੀਂ ਪਹੁੰਚਦੀ। ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਹਾਦਸੇ ਦੀ ਜੜ੍ਹ ਬੱਸ ਬਾਡੀ ਨਿਰਮਾਣ ਦੀਆਂ ਗੜਬੜੀਆਂ ਵਿਚ ਐ, ਜਿਨ੍ਹਾਂ ’ਤੇ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।

ਵੱਡੇ ਖ਼ਤਰਿਆਂ ਦੇ ਬਾਵਜੂਦ ਜ਼ਿਆਦਾਤਰ ਯਾਤਰੀ ਨਿੱਜੀ ਬੱਸਾਂ ਨੂੰ ਇਸ ਲਈ ਚੁਣਦੇ ਨੇ ਕਿਉਂਕਿ ਉਨ੍ਹਾਂ ਕੋਲ ਹੋਰ ਦੂਜਾ ਕੋਈ ਆਪਸ਼ਨ ਨਹੀਂ ਹੁੰਦਾ। ਸਰਕਾਰੀ ਇੰਟਰਸਿਟੀ ਬੱਸਾਂ ਦੀ ਗਿਣਤੀ ਸਾਲ 2022 ਵਿਚ 1 ਲੱਖ 1908 ਤੋਂ ਘਟ ਕੇ ਸਾਲ 2025 ਵਿਚ 97 ਹਜ਼ਾਰ 165 ਰਹਿ ਗਈ ਐ ਕਿਉਂਕਿ ਬਹੁਤ ਸਾਰੀਆਂ ਪੁਰਾਣੀਆਂ ਬੱਸਾਂ ਚਲਨ ਤੋਂ ਬਾਹਰ ਹੋ ਗਈਆਂ ਅਤੇ ਇਲੈਕਟ੍ਰਿਕ ਬੱਸਾਂ ਦੀ ਡਿਲੀਵਰੀ ਵਿਚ ਦੇਰੀ ਹੋਈ। ਸੇਵਾਵਾਂ ਵਿਚ ਇਹ ਫ਼ਰਕ ਕਾਫ਼ੀ ਹੱਦ ਤੱਕ ਨਿੱਜੀ ਬੱਸਾਂ ਵੱਲੋਂ ਪੂਰਾ ਕੀਤਾ ਗਿਆ,, ਜਿਨ੍ਹਾਂ ਵਿਚ ਸੇਫਟੀ ਮਾਪਦੰਡ ਦੂਰ ਦੂਰ ਤੱਕ ਦਿਖਾਈ ਨਹੀਂ ਦਿੰਦੇ। ਲਗਭਗ 78 ਫ਼ੀਸਦੀ ਬੱਸ ਅਪਰੇਟਰ ਅਜਿਹੇ ਨੇ, ਜਿਨ੍ਹਾਂ ਕੋਲ ਪੰਜ ਤੋਂ ਵੀ ਘੱਟ ਬੱਸਾਂ ਨੇ। ਇੰਨੀ ਸਖ਼ਤ ਮੁਕਾਬਲੇਬਾਜ਼ੀ ਵਿਚ ਲਾਭ ਸਿਰਫ਼ ਕਟੌਤੀ ਤੋਂ ਹੀ ਲਿਆ ਜਾਂਦੈ,,, ਯਾਨੀ ਕਿ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਐ ਅਤੇ ਉਨ੍ਹਾਂ ਕੋਲੋਂ ਕੰਮ ਜ਼ਿਆਦਾ ਲਿਆ ਜਾਂਦੈ। ਸੁਰੱਖਿਆ ਉਪਕਰਨਾਂ ’ਤੇ ਹੋਣ ਵਾਲੇ ਖ਼ਰਚੇ ਨੂੰ ਅਣਦੇਖਿਆ ਕੀਤਾ ਜਾਂਦੈ। 

ਸਲੀਪਰ ਬੱਸਾਂ ਵਿਚ ਸੇਫਟੀ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਬੱਸ ਮਾਲਕ ਇਨ੍ਹਾਂ ਦੀ ਪਾਲਣਾ ਕਰਨ ਵਿਚ ਭੋਰਾ ਵੀ ਦਿਲਚਸਪੀ ਨਹੀਂ ਦਿਖਾਉਂਦੇ। ਪੈਸੇ ਬਚਾਉਣ ਦੇ ਚੱਕਰ ਵਿਚ ਬਹੁਤ ਸਾਰੀਆਂ ਅਹਿਮ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ,, ਜੋ ਕਈ ਵਾਰ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੀਆਂ ਨੇ ਅਤੇ ਯਾਤਰੀਆਂ ਲਈ ਮੌਤ ਦਾ ਸਫ਼ਰ। ਇਸ ਲਈ ਬੱਸ ਵਿਚ ਇਨ੍ਹਾਂ ਸੇਫ਼ਟੀ ਨਿਯਮਾਂ ਦੀ ਪਾਲਣਾ ਹੋਣੀ ਬਹੁਤ ਜ਼ਰੂਰੀ ਹੁੰਦੀ ਐ : 

ਬੱਸ ਵਿਚ ਫਾਇਰ ਸੇਫਟੀ ਦੇ ਨਿਯਮ
1. ਬੱਸ ਵਿਚ ਫਾਇਰ ਡਿਟੈਕਸ਼ਨ ਸਿਸਟਮ ਹੋਣਾ ਜ਼ਰੂਰੀ ਹੈ
2. ਹਰ ਸਲੀਪਰ ਕੋਚ ਵਿਚ ਫਾਇਰ ਡਿਟੈਕਸ਼ਨ ਅਤੇ ਸਪ੍ਰੇਸ਼ਨ ਸਿਸਟਮ ਲਗਾਉਣਾ ਜ਼ਰੂਰੀ
3. ਇਹ ਸਿਸਟਮ ਏਆਈਐਸ-135:2016 ਮਾਪਦੰਡਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਏਆਈਐਸ-153 ਲਾਗੂ ਹੋਣਾ ਜ਼ਰੂਰੀ ਹੈ।
4. ਫਾਇਰ ਡਿਟੈਕਸ਼ਨ ਸਿਸਟਮ ਬੱਸ ਵਿਚ ਅੱਗ ਲੱਗਣ ਦੀ ਸ਼ੁਰੂਆਤੀ ਸਥਿਤੀ ਵਿਚ ਹੀ ਅਲਾਰਮ ਵਜਾਉਂਦਾ ਹੈ ਅਤੇ ਖ਼ੁਦ ਅੱਗ ਨੂੰ ਕੰਟਰੋਲ ਕਰਦਾ ਹੈ।

ਇਸ ਤੋਂ ਇਲਾਵਾ ਬੱਸ ਬਾਡੀ ਕੋਡ ਦੀ ਪਾਲਣਾ ਕਰਨੀ ਵੀ ਬਹੁਤ ਜ਼ਰੂਰੀ ਹੁੰਦੀ ਐ, ਜਿਸ ਦੇ ਵੱਲ ਨਾ ਤਾਂ ਬੱਸ ਮਾਲਕ ਵੱਲੋਂ ਧਿਆਨ ਦਿੱਤਾ ਜਾਂਦੈ  ਅਤੇ ਨਾ ਹੀ ਪ੍ਰਸ਼ਾਸਨ ਵੱਲੋਂ,,, ਕਿਉਂਕਿ ਕਈ ਵਾਰ ਬੱਸ ਦੀ ਬਣਾਵਟ ਤੈਅ ਮਾਪਦੰਡਾਂ ਦੇ ਅਨੁਸਾਰ ਨਹੀਂ ਬਣੀ ਹੁੰਦੀ, ਬੱਸ ਮਾਲਕ ਪੈਸੇ ਬਚਾਉਣ ਦੇ ਚੱਕਰ ਵਿਚ ਕਈ ਵਾਰ ਇਸ ਅਹਿਮ ਨਿਯਮ ਦੀਆਂ ਧੱਜੀਆਂ ਉਡਾਉਂਦੇ ਨੇ, ਜਦਕਿ ਬੱਸ ਬਾਡੀ ਕੋਡ ਤਹਿਤ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੁੰਦੈ।

ਆਓ ਜਾਣਦੇ ਆਂ, ਕੀ ਨੇ ਬੱਸ ਬਾਡੀ ਕੋਡ ਦੇ ਨਿਯਮ?
1. ਏਆਈਐਸ-119 ਅਤੇ ਏਆਈਐਸ-052 ਵਰਗੇ ਬੱਸ ਬਾਡੀ ਕੋਡ ਨਾ ਸਿਰਫ਼ ਬੱਸ ਦੇ ਡਿਜ਼ਾਇਨ ਤੈਅ ਕਰਦੇ ਨੇ, ਬਲਕਿ ਯਾਤਰੀਆਂ ਦੀ ਜਾਨ ਦੀ ਸੁਰੱਖਿਆ ਲਈ ਬਣਾਏ ਗਏ ਨੇ।
2. ਇਨ੍ਹਾਂ ਨਿਯਮਾਂ ਦਾ ਪਾਲਣ ਨਾ ਕਰਨਾ ਸਿੱਧੇ ਤੌਰ ’ਤੇ ਯਾਤਰੀਆਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਹੁੰਦਾ ਹੈ।
3. ਫਾਇਰ ਸੇਫਟੀ ਅਤੇ ਐਮਰਜੈਂਸੀ ਐਗਜ਼ਿਟ ਵਰਗੀਆਂ ਸਹੂਲਤਾਂ ਬੱਸ ਅਪਰੇਟਰਾਂ ਦੀ ਜ਼ਿੰਮੇਵਾਰੀ ਹੁੰਦੀ ਐ ਪਰ ਟਰਾਂਸਪੋਰਟ ਵਿਭਾਗ ਦੀ ਢਿੱਲ ਕਰਕੇ ਇਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ।
4. ਸਲੀਪਰ ਕੋਚ ਬੱਸਾਂ ਜੇਕਰ ਏਆਈਐਸ-119 ਮਾਪਦੰਡਾਂ ਦੇ ਅਨੁਰੂਪ ਬਣਾਈਆਂ ਜਾਣ ਤਾਂ ਹਾਦਸੇ ਦੀ ਸਥਿਤੀ ਵਿਚ ਯਾਤਰੀਆਂ ਦੀ ਜਾ ਬਚਾਈ ਜਾ ਸਕਦੀ ਹੈ।
5. ਮੌਜੂਦਾ ਸਮੇਂ ਜ਼ਿਆਦਾਤਰ ਬੱਸਾਂ ਮਾਪਦੰਡਾਂ ਤੋਂ ਕੋਹਾਂ ਦੂਰ ਨੇ। ਟਰਾਂਸਪੋਰਟ ਵਿਭਾਗ ਦੀ ਲਗਾਤਾਰ ਜਾਂਚ ਅਤੇ ਸਖ਼ਤ ਕਾਰਵਾਈ ਤੋਂ ਬਿਨਾਂ ਇਹ ਬੱਸਾਂ ਚਲਦਾ ਫਿਰਦਾ ‘ਤਾਬੂਤ’ ਬਣੀਆਂ ਰਹਿਣਗੀਆਂ।

ਇਕ ਮੀਡੀਆ ਰਿਪੋਰਟ ਮੁਤਾਬਕ ਉਦੈਪੁਰ ਵਿਚ ਬੱਸਾਂ ਨੂੰ ਬਾਡੀਆਂ ਲਗਾਉਣ ਵਾਲੇ ਕਈ ਕਾਰਖ਼ਾਨੇ ਮੌਜੂਦ ਨੇ,,,ਜਿਨ੍ਹਾਂ ਵਿਚੋਂ ਬਹੁਤਿਆਂ ਕੋਲ ਕੇਂਦਰ ਜਾਂ ਰਾਜ ਸਰਕਾਰ ਤੋਂ ਦਾ ਬੱਸ ਬਾਡੀ ਨਿਰਮਾਣ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਮੌਜੂਦ ਨਹੀਂ। ਮੋਟਰ ਵਾਹਨ ਕਾਨੂੰਨ 1988 ਦੀ ਧਾਰਾ 1989, ਏਆਈਐਸ-052 ਅਤੇ ਏਆਈਐਸ-119 ਦੇ ਨਿਯਮਾਂ ਦਾ ਸ਼ਰ੍ਹੇਆਮ ਉਲੰਘਣ ਕਰਦਿਆਂ ਇਹ ਫਰਮਾਂ ਸਲੀਪਰ ਬੱਸਾਂ ਦਾ ਨਿਰਮਾਣ ਕਰ ਰਹੀਆਂ ਨੇ। ਉਂਝ ਦੇਖਿਆ ਜਾਵੇ ਤਾਂ ਇਸ ਵਿਚ ਸਲੀਪਰ ਬੱਸ ਅਪਰੇਟਰਾਂ ਦੀ ਕੋਈ ਗ਼ਲਤੀ ਨਹੀਂ,,,ਕਿਉਂਕਿ ਉਨ੍ਹਾਂ ਨੂੰ ਬੱਸ ਦੇ ਮਾਪਦੰਡਾਂ ਬਾਰੇ ਪਤਾ ਹੀ ਨਹੀਂ,,, ਇਹ ਤਾਂ ਟਰਾਂਸਪੋਰਟ ਵਿਭਾਗ ਅਤੇ ਬੱਸ ਬਾਡੀ ਬਿਲਡਰਾਂ ਨੂੰ ਪਤਾ ਹੋਣੇ ਚਾਹੀਦੇ ਨੇ। ਇਹ ਵੀ ਕਿਹਾ ਜਾ ਰਿਹਾ ਏ ਕਿ ਅਸਲ ਮਾਪਦੰਡਾਂ ਮੁਤਾਬਕ ਬਣੀ ਬੱਸ ਇਕ ਕਰੋੜ ਤੋਂ ਲੈ ਕੇ ਸਵਾ ਕਰੋੜ ਤੱਕ ਬਣਦੀ ਐ,, ਪਰ ਬਹੁਤ ਸਾਰੇ ਬੱਸ ਮਾਲਕ ਪੈਸੇ ਬਚਾਉਣ ਦੇ ਚੱਕਰ ਵਿਚ 60 ਤੋਂ 70 ਲੱਖ ਖ਼ਰਚ ਕੇ ਬੱਸਾਂ ਵਿਚ ਆਪਣੇ ਮੁਤਾਬਕ ਜੁਗਾੜੂ ਕੰਮ ਕਰਵਾ ਰਹੇ ਨੇ। 

ਸਲੀਪਰ ਬੱਸਾਂ ਵਿਚ ਅੱਗ ਲੱਗਣ ਦੇ ਹੋਰ ਵੀ ਕਈ ਕਾਰਨ ਨੇ,ਜਿਵੇਂ ਕਿ ਗ਼ੈਰਕਾਨੂੰਨੀ ਬਿਜਲੀ ਪਰਿਵਰਤਨ। ਇਸ ਬਾਰੇ ਅਖਿਲ ਭਾਰਤੀ ਆਟੋਮੋਬਾਇਲ ਵਰਕਸ਼ਾਪ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਾਂਤ ਮੋਹਨ ਦਾ ਕਹਿਣਾ ਏ ਕਿ ਬੱਸਾਂ ਵਿਚ ਫੈਕਟਰੀ ਵਾਈਰਿੰਗ ਇਕ ਸਟੀਕ ਭਾਰ ਸਮਰੱਥਾ ਦੇ ਨਾਲ ਡਿਜ਼ਾਇਨ ਕੀਤੀ ਜਾਂਦੀ ਐ, ਜਿਸ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ,, ਪਰ ਕਈ ਡਰਾਇਵਰ ਬੱਸਾਂ ਵਿਚ ਸਜਾਵਟੀ ਲਾਈਟਾਂ, ਚਾਰਜਿੰਗ ਪੁਆਇੰਟ ਅਤੇ ਇਨਵਰਟਰ ਲਗਵਾ ਲੈਂਦੇ ਨੇ, ਜੋ ਕਈ ਵਾਰ ਅੱਗ ਲੱਗਣ ਦਾ ਕਾਰਨ ਬਣਦੇ ਨੇ।

ਇਸ ਤੋਂ ਇਲਾਵਾ ਸਲੀਪਰ ਬੱਸਾਂ ਦੇ ਅੰਦਰਲੀ ਸਮੱਗਰੀ ਅਤੇ ਲੇ-ਆਊਟ ਮਾਪਦੰਡਾਂ ਦੇ ਮੁਤਾਬਕ ਨਹੀਂ ਹੁੰਦੀ। ਕਈ ਵਾਰ ਤਾਂ ਲੋੜ ਪੈਣ ’ਤੇ ਐਮਰਜੈਂਸੀ ਦਰਵਾਜ਼ਾ ਵੀ ਨਹੀਂ ਖੁੱਲ੍ਹਦਾ, ਜਦਕਿ ਸਮੇਂ ਸਮੇਂ ਉਸ ਦੀ ਚੈਕਿੰਗ ਕਰਨੀ ਚਾਹੀਦੀ ਐ। ਹਰ ਸ਼ੀਸ਼ੇ ਦੇ ਕੋਲ ਸ਼ੀਸ਼ਾ ਤੋੜਨ ਲਈ ਹਥੌੜਾ ਜ਼ਰੂਰ ਹੋਣਾ ਚਾਹੀਦੈ। ਕਈ ਵਾਰ ਬੱਸ ਦੀ ਹੱਦ ਤੋਂ ਵੱਧ ਤੇਜ਼ ਰਫ਼ਤਾਰ ਅਤੇ ਡਰਾਇਵਰ ਦਾ ਉਨੀਂਦਰਾ ਹੋਣਾ ਵੀ ਹਾਦਸੇ ਦਾ ਕਾਰਨ ਬਣਦਾ ਏ, ਜਿਸ ਕਾਰਨ ਟੱਕਰ ਹੋਣ ਤੋਂ ਬਾਅਦ ਬੱਸ ਵਿਚ ਅੱਗ ਲੱਗ ਜਾਂਦੀ ਐ। ਜੇਕਰ ਟਰਾਂਸਪੋਰਟ ਵਿਭਾਗ ਸਲੀਪਰ ਬੱਸਾਂ ’ਤੇ ਸਖ਼ਤੀ ਨਾਲ ਨਿਯਮ ਲਾਗੂ ਕਰਵਾਏ ਤਾਂ ਭਵਿੱਖ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਨੇ। 
ਸੋ ਇਸ ਮਾਮਲੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ