ਹੁਕਮਨਾਮਿਆਂ ਵਾਲੇ ਪੁਜਾਰੀ ਉਦੋਂ ਕਿਥੇ ਚਲੇ ਜਾਂਦੇ ਨੇ...? -2

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

26 ਅਕਤੂਬਰ 31 ਤੋਂ ਨਵੰਬਰ ਚਾਰ 2011 ਤਕ ਬਠਿੰਡੇ ਖੇਡਾਂ ਕਰਵਾਈਆਂ ਗਈਆਂ.........

Jathedar Gurbachan Singh And Others Jathedars

(ਕੱਲ ਤੋਂ ਅੱਗੇ)

26 ਅਕਤੂਬਰ 31 ਤੋਂ ਨਵੰਬਰ ਚਾਰ 2011 ਤਕ ਬਠਿੰਡੇ ਖੇਡਾਂ ਕਰਵਾਈਆਂ ਗਈਆਂ। 15 ਅਧਨੰਗੀਆਂ ਲੜਕੀਆਂ ਨਚਾਈਆਂ ਗਈਆਂ। 15 ਕੁ ਮਿੰਟ ਆਉਣ ਦਾ ਸ਼ਾਹਰੁਖ਼ ਖ਼ਾਨ ਨੂੰ 17 ਕਰੋੜ ਦਿਤਾ ਗਿਆ। ਇਨ੍ਹਾਂ ਹੀ ਦਿਨਾਂ ਵਿਚ (1984) ਦਿੱਲੀ ਵਿਖੇ ਸਿੱਖਾਂ ਦਾ ਸਮੂਹਕ ਕਤਲ ਹੋਇਆ ਸੀ। ਇਹ ਸੱਭ ਅਕਾਲੀ ਸਰਕਾਰ ਨੇ ਕੀਤਾ। ਜਥੇਦਾਰਾਂ ਦੀ ਜ਼ੁਬਾਨ ਨੂੰ ਤਾਲੇ ਕਿਉਂ ਲੱਗ ਗਏ? ਕਿਉਂ ਕਿਸੇ ਜਥੇਦਾਰ ਦੀ ਅੱਖ ਵਿਚੋਂ ਅਥਰੂ ਨਾ ਡਿਗਿਆ? ਕਿਉਂ ਕੋਈ ਹੁਕਮਨਾਮਾ ਜਾਰੀ ਨਾ ਹੋਇਆ?

27. ਬਹੁਤ ਸਾਰੇ ਅਖੌਤੀ ਸੰਤ ਗੁਰਬਾਣੀ ਦੀ ਤਰਤੀਬ ਤੋੜ ਕੇ ਮਨ ਘੜਤ ਕਵਿਤਾਵਾਂ ਜੋੜ ਕੇ ਕੀਰਤਨ ਆਖ ਕੇ ਦੀਵਾਨਾਂ ਵਿਚ ਸਟੇਜਾਂ 'ਤੇ ਸੁਣਾਉਂਦੇ ਹਨ। ਅਸੂਲਾਂ ਤੋਂ ਉਲਟ ਕਥਾ ਕਹਾਣੀਆਂ ਸੁਣਾਉਂਦੇ ਹਨ। ਗੁਰਬਾਣੀ ਦਾ ਅਪਮਾਨ ਕਰਨ ਵਾਲਿਆਂ ਵਿਰੁਧ ਹੁਕਮਨਾਮਾ ਕਿਉਂ ਜਾਰੀ ਨਾ ਕੀਤਾ ਗਿਆ? 

28. ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 29 ਮਾਰਚ 2000 ਨੂੰ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਨੂੰ ਹੁਕਮ ਦਿਤਾ ਸੀ, ''ਗੁਰਮਤਿ ਦੇ ਮਾਹਰ ਵਿਦਵਾਨਾਂ ਦੀ ਕਮੇਟੀ ਰਾਹੀਂ ਅਕਾਲ ਤਖ਼ਤ ਦੇ ਜਥੇਦਾਰ ਦੀ ਵਿਦਿਅਕ ਯੋਗਤਾ, ਅਧਿਕਾਰ ਖੇਤਰ, ਨਿਯੁਕਤੀ ਤੇ ਬਰਖ਼ਾਸਤਗੀ ਦੇ ਨਿਯਮ ਤਿਆਰ ਕੀਤੇ ਜਾਣ। ਹੁਕਮਨਾਮੇ ਜਾਰੀ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ, ਤਾਕਿ ਕੋਈ ਬੰਦਾ ਨਿਜੀ ਹਿਤਾਂ ਲਈ ਅਕਾਲ ਤਖ਼ਤ ਦੀ ਵਰਤੋਂ ਨਾ ਕਰ ਸਕੇ।

ਗੁਰਦਵਾਰਾ ਪ੍ਰਬੰਧ ਨੂੰ ਰਾਜਨੀਤੀ ਤੋਂ ਬਚਾਇਆ ਜਾਵੇ। ਗੁਰਦਵਾਰਾ ਐਕਟ ਬਹੁਤ ਪੁਰਾਣਾ ਬਣਿਆ ਹੋਇਆ ਹੈ, ਇਸ ਵਿਚ ਜ਼ਰੂਰੀ ਸੋਧਾਂ ਕੀਤੀਆਂ ਜਾਣ।'' 11 ਸਾਲ ਬੀਤ ਜਾਣ ਉਤੇ ਵੀ ਪ੍ਰਬੰਧਕਾਂ ਨੇ ਜਥੇਦਾਰ ਦਾ ਹੁਕਮ ਨਾ ਮੰਨਿਆ। ਕਿੱਥੇ ਗਈ ਜਥੇਦਾਰਾਂ ਦੀ ਸ਼ਕਤੀ? ਕਿਉਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਿਰੁਧ ਹੁਕਮਨਾਮਾ ਜਾਰੀ ਨਾ ਹੋਇਆ?

29. ਚੰਡੀਗੜ੍ਹ ਤੋਂ ਛਪਦੇ ਪੰਜਾਬੀ ਅਖ਼ਬਾਰ ਵਿਚ 22 ਸਤੰਬਰ 1999 ਦੀ ਖ਼ਬਰ ਮੁਤਾਬਕ ਜਥੇਦਾਰ ਮਨਜੀਤ ਸਿੰਘ ਨੂੰ ਨਵਾਂ ਸ਼ਹਿਰ ਦੇ ਸਿੱਖ ਭਾਗ ਸਿੰਘ ਨੇ ਕਈ ਏਕੜ ਜ਼ਮੀਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਤੇ ਸਕੂਲ ਬਣਾਉਣ ਲਈ 'ਦਾਨ' ਕਰ ਦਿਤੀ। ਭਾਗ ਸਿੰਘ ਖ਼ੁਦ ਇੰਗਲੈਂਡ ਵਿਚ ਰਹਿੰਦਾ ਸੀ। ਥੋੜੇ ਸਮੇਂ ਮਗਰੋਂ ਖ਼ੁਦ ਅਕਾਲ ਤਖ਼ਤ ਦੇ

ਜਥੇਦਾਰ ਭਾਈ ਮਨਜੀਤ ਸਿੰਘ ਨੇ ਉਹ ਜ਼ਮੀਨ 63 ਲੱਖ 25 ਹਜ਼ਾਰ ਰੁਪਏ ਵਿਚ ਵੇਚ ਦਿਤੀ। ਪੈਸੇ ਅਪਣੇ ਖ਼ਾਤੇ ਵਿਚ ਜਮ੍ਹਾਂ ਕਰਵਾ ਲਏ। ਸ. ਭਾਗ ਸਿੰਘ ਖ਼ਬਰ ਮਿਲਦਿਆਂ ਹੀ ਦਿਲ ਦਾ ਦੌਰਾ ਪੈ ਕੇ 'ਰਾਮ ਨਾਮ ਸੱਤ' ਹੋ ਗਿਆ। ਜਦੋਂ ਜਥੇਦਾਰ ਹੀ ਪਾਪ ਕਰੇ ਫਿਰ ਹੁਕਮਨਾਮਾ ਕੌਣ ਜਾਰੀ ਕਰੇ? ਬਾਕੀ ਜਥੇਦਾਰਾਂ ਨੇ ਕਿਉਂ ਅੱਖਾਂ ਮੀਟੀਆਂ?

30. ਗੁਰਬਿਲਾਸ ਕਿਤਾਬ ਵਰਗੀ ਪੁਸਤਕ ਨੂੰ ਅਕਾਲ ਤਖ਼ਤ ਦਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸੰਪਾਦਤ ਕਰੇ। ਸ਼੍ਰੋਮਣੀ ਕਮੇਟੀ ਉਸ ਨੂੰ ਛਪਾਵੇ, ਕਰੋੜਾਂ ਰੁਪਏ ਖ਼ਰਚ ਕਰ ਕੇ ਗੁਰੂ ਸਾਹਿਬ ਦਾ ਘੋਰ ਅਪਮਾਨ ਕਰੇ। ਉਨ੍ਹਾਂ ਵਿਰੁਧ ਹੁਕਮਨਾਮੇ ਕੌਣ ਜਾਰੀ ਕਰੇਗਾ? 

31. ਸਿੱਖ ਇਤਿਹਾਸ (ਹਿੰਦੀ) ਪੁਸਤਕ ਛਪਾਉਣ ਉਤੇ ਸ਼੍ਰੋਮਣੀ ਕਮੇਟੀ ਨੇ ਕਰੋੜਾਂ ਰੁਪਏ ਖ਼ਰਚੇ। ਸਾਰੇ ਹਿੰਦੁਸਤਾਨ ਵਿਚ ਕਿਤਾਬ ਵੰਡੀ ਗਈ। ਇਸ ਕਿਤਾਬ ਵਿਚ ਗੁਰੂ ਸਾਹਿਬ ਜੀ (ਸਤਿਗੁਰੂ ਜੀ ਮੈਨੂੰ ਖਿਮਾ ਕਰਨਾ) ਨੂੰ ਡਰਪੋਕ, ਲਾਲਚੀ, ਕਾਮੀ, ਕਰੋਧੀ ਤੇ ਵਿਭਚਾਰੀ ਲਿਖਿਆ ਹੋਇਆ ਹੈ। ਕਿਸੇ ਜਥੇਦਾਰ ਦੀ ਜ਼ਮੀਰ ਕਿਉਂ ਨਾ ਜਾਗੀ? ਕਿਉਂ ਜ਼ਿੰਮੇਵਾਰ ਦੋਸ਼ੀਆਂ ਵਿਰੁਧ ਹੁਕਮਨਾਮਾ ਜਾਰੀ ਨਾ ਹੋਇਆ?

32. ਭਾਈ ਗੁਰਦੇਵ ਸਿੰਘ ਕਾਉਂਕੇ ਤੇ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦੀ ਨਿਸ਼ਾਨਦੇਹੀ ਹੋ ਜਾਣ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਨੇ 10 ਸਾਲ ਤਕ ਪੰਜਾਬ ਦਾ ਮੁੱਖ ਮੰਤਰੀ ਬਣੇ ਰਹਿਣ ਦੇ ਬਾਵਜੂਦ ਪੜਤਾਲ ਜਨਤਕ ਨਾ ਕੀਤੀ ਜਿਸ ਸਦਕਾ ਕਿਸੇ ਕਾਤਲ ਨੂੰ ਸਜ਼ਾ ਨਹੀਂ ਹੋਈ। ਜਥੇਦਾਰਾਂ ਦੀਆਂ ਅੱਖਾਂ ਕਿਉਂ ਬੰਦ ਹੋ ਗਈਆਂ? ਕਿੱਥੇ ਗਏ ਇਨ੍ਹਾਂ ਦੇ ਹੁਕਮਨਾਮੇ? 

33. ਝੂਠੇ ਮੁਕਾਬਲਿਆਂ ਵਿਚ ਸਿੱਖ ਨੌਜੁਆਨਾਂ ਨੂੰ ਕਤਲ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਬਚਾਉਣ ਲਈ, ਪੰਜਾਬ ਦੀ ਬਾਦਲ ਸਰਕਾਰ ਨੇ ਕਾਨੂੰਨ ਵਿਚ ਸੋਧ ਕਰ ਕੇ ਲਿੱਖ ਦਿਤਾ ਕਿ ਉਹ ਕਤਲਾਮ ਪੁਲਿਸ ਦੀ 'ਸਰਕਾਰੀ ਡਿਊਟੀ' ਸੀ। 'ਡਿਊਟੀ' ਕਰਨ ਵਾਲਿਆਂ ਉਤੇ ਮੁਕੱਦਮੇ ਦਰਜ ਨਹੀਂ ਹੋ ਸਕਦੇ। ਅਜਿਹਾ ਕਾਨੂੰਨ ਬਣਾਉਣ ਵਾਲੀ 'ਅਕਾਲੀ ਸਰਕਾਰ' ਵਿਰੁਧ ਕੋਈ ਹੁਕਮਨਾਮਾ ਕਿਉਂ ਜਾਰੀ ਨਾ ਹੋਇਆ? ਕੀ ਜਥੇਦਾਰ ਇਸ ਕੁੰਭਕਰਨੀ ਨੀਂਦ ਵਿਚੋਂ ਕਦੇ ਜਾਗਣਗੇ? 

34. ਭਾਈ ਰਣਜੀਤ ਸਿੰਘ ਨੇ 'ਪੰਥਕ ਏਕਤਾ' ਵਾਸਤੇ 1999 ਵਿਚ ਹੁਕਮਨਾਮਾ ਜਾਰੀ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਹੁਕਮਨਾਮਾ ਤਾਂ ਕੀ ਮੰਨਣਾ ਸੀ, ਸਗੋਂ ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਹੀ ਲਾਂਭੇ ਕਰ ਦਿਤਾ। ਕਿੱਥੇ ਰਹੀ ਹੁਕਮਨਾਮੇ ਦੀ ਤਾਕਤ? ਫਿਰ ਬਾਦਲ ਵਿਰੁਧ ਕਿਉਂ ਹੁਕਮਨਾਮਾ ਜਾਰੀ ਨਾ ਹੋਇਆ?

35. ਸ਼੍ਰੋਮਣੀ ਕਮੇਟੀ ਦਾ ਅਰਬਾਂ ਰੁਪਿਆ ਰਾਜਸੀ ਕੰਮਾਂ ਲਈ ਖ਼ੁਰਦ-ਬੁਰਦ ਕੀਤਾ ਜਾ ਚੁੱਕਾ ਹੈ। ਇਸ ਪੈਸੇ ਦੀ ਲੁੱਟ ਨੂੰ ਰੋਕਣ ਲਈ ਹੁਕਮਨਾਮੇ ਕਿਉੁਂ ਜਾਰੀ ਨਹੀਂ ਕੀਤੇ ਜਾਂਦੇ?

36. ਗੁਰਦਵਾਰਿਆਂ ਦੀਆਂ ਅਰਬਾਂ-ਖਰਬਾਂ ਦੀਆਂ ਜ਼ਮੀਨਾਂ ਰਾਜਸੀ ਪਹੁੰਚ ਵਾਲੇ ਲੋਕਾਂ ਨੇ ਨੱਪ ਲਈਆਂ ਹਨ। ਇਕ-ਇਕ ਰੁਪਏ ਦੀ ਲੀਜ਼ ਉਤੇ 99 ਸਾਲਾਂ ਲਈ ਅਪਣੇ ਨਾਂ ਕਰਵਾ ਲਈਆਂ ਹਨ। ਕਿੱਥੇ ਗਏ ਜਥੇਦਾਰ? ਕਿੱਥੇ ਨੇ ਇਨ੍ਹਾਂ ਦੇ ਹੁਕਮਨਾਮੇ? 

37. 'ਕਾਰ ਸੇਵਾ' ਵਾਲੇ ਸਾਧਾਂ ਰਾਹੀਂ ਗੁਰੂ ਸਾਹਿਬਾਨ ਨਾਲ ਸਬੰਧਤ ਸਾਰੀਆਂ ਇਤਿਹਾਸਕ ਯਾਦਗਾਰਾਂ ਬਰਬਾਦ ਕਰ ਦਿਤੀਆਂ ਗਈਆਂ ਹਨ। ਕਿਥੇ ਸੁੱਤੇ ਰਹੇ ਜਥੇਦਾਰ? ਕਿਉਂ ਕਿਸੇ ਸਾਧ ਵਿਰੁਧ ਹੁਕਮਨਾਮਾ ਜਾਰੀ ਨਾ ਕੀਤਾ ਗਿਆ?

38. ਅਨੰਦਪੁਰ ਦਾ ਮਤਾ ਪ੍ਰਵਾਨ ਕਰਾਉਣ ਲਈ ਲੀਡਰਾਂ ਦੇ ਆਖੇ ਸਿੱਖਾਂ ਨੇ ਅਪਣੇ ਮੌਰ ਕੁਟਵਾਏ, ਜੇਲਾਂ ਕੱਟੀਆਂ। 10 ਸਾਲ ਰਾਜ ਕਰ ਕੇ ਅਕਾਲੀ ਦਲ ਬਾਦਲ ਨੇ ਮੰਗਾਂ ਬਾਰੇ ਕਦੇ ਜ਼ੁਬਾਨ ਤਕ ਨਾ ਖੋਲ੍ਹੀ। ਕਿੱਥੇ ਸੁੱਤੇ ਰਹੇ ਜਥੇਦਾਰ? ਕਿਉਂ ਕੋਈ ਹੁਕਮਨਾਮਾ ਜਾਰੀ ਨਾ ਹੋਇਆ?

39. ਅਪਣੇ ਦਰਿਆਵਾਂ ਦਾ ਪਾਣੀ ਪੰਜਾਬ ਤੋਂ ਖੋਹ ਕੇ ਦੂਜੇ ਸੂਬਿਆਂ ਨੂੰ ਦਿਤਾ ਜਾ ਰਿਹਾ ਹੈ। ਬਾਦਲ ਸਰਕਾਰ ਨੇ ਪਾਣੀ ਪ੍ਰਾਪਤੀ ਲਈ ਕੋਈ ਯਤਨ ਨਹੀਂ ਕੀਤਾ। ਜਥੇਦਾਰ ਚੁੱਪ ਕਿਉੁਂ ਹਨ? ਕਿਉਂ ਹੁਕਮਨਾਮਾ ਜਾਰੀ ਨਹੀਂ ਕੀਤਾ ਜਾਂਦਾ?

40. ਪੰਜਾਬ ਵਿਚ ਬਾਦਲ ਅਕਾਲੀ ਸਰਕਾਰ ਨੇ ਤਮਾਕੂ ਤੋਂ ਕਈ ਤਰ੍ਹਾਂ ਦਾ ਸਮਾਨ ਬਣਾਉਣ ਵਾਲੀਆਂ ਫ਼ੈਕਟਰੀਆਂ ਲਾਉਣ ਦੀ ਇਜਾਜ਼ਤ ਦਿਤੀ, ਜਦਕਿ ਸਿੱਖੀ ਵਿਚ ਤਮਾਕੂ ਦੀ ਸਖ਼ਤ ਮਨਾਹੀ ਹੈ। ਜਥੇਦਾਰਾਂ ਨੇ ਹੁਕਮਨਾਮਾ ਜਾਰੀ ਕਿਉਂ ਨਾ ਕੀਤਾ? 

41. ਖਾੜਕੂਵਾਦ ਦਾ ਬਹਾਨਾ ਲਗਾ ਕੇ ਫੜੇ ਸਿੱਖ ਲੰਮੇ ਅਰਸੇ ਤੋਂ ਜੇਲਾਂ ਵਿਚ ਸੜ ਰਹੇ ਹਨ। ਉਨ੍ਹਾਂ ਨੂੰ ਰਿਹਾਅ ਕਰਾਉਣ ਲਈ ਪੰਜਾਬ ਸਰਕਾਰ ਨੇ ਕਦੀ ਯਤਨ ਨਹੀਂ ਕੀਤਾ। ਜਥੇਦਾਰਾਂ ਨੇ ਇਸ ਪਾਸੇ ਕਦੇ ਕਿਉੁਂ ਨਾ ਸੋਚਿਆ? ਕਿਉਂ ਦੋਸ਼ੀਆਂ ਵਿਰੁਧ ਹੁਕਮਨਾਮਾ ਜਾਰੀ ਨਾ ਹੋਇਆ?

42. 'ਖ਼ਾਲਸਾ ਵਿਰਾਸਤ' (ਅਨੰਦਪੁਰ) ਦੇ ਉਦਘਾਟਨ ਸਮੇਂ ਆਸ਼ਾ ਭੌਸਲੇ ਤੋਂ ਸ਼ਬਦ ਕੀਰਤਨ ਕਰਵਾਇਆ ਗਿਆ। ਹਿੰਦੂ ਸਾਧ ਸ੍ਰੀ ਰਵੀ ਸ਼ੰਕਰ ਤੇ ਆਸਾ ਰਾਮ ਆਦਿ ਤੋਂ ਉਦਘਾਟਨੀ ਲੈਕਚਰ ਕਰਵਾਏ ਗਏ, ਜੋ ਸਿੱਖਾਂ ਨੂੰ ਹਿੰਦੂ ਸਿੱਧ ਕਰਦੇ ਰਹੇ। ਜਥੇਦਾਰਾਂ ਨੂੰ ਇਹ ਸੱਭ ਦਿਸਿਆ ਨਹੀਂ ਜਾਂ ਜਾਣਬੁਝ ਕੇ ਅੱਖਾਂ ਮੀਟ ਲਈਆਂ ਗਈਆਂ? ਉਦਘਾਟਨ ਕਰਾਉਣ ਵਾਲਿਆਂ ਦੇ ਨਾਲ-ਨਾਲ, ਇਸ ਸਮਾਗਮ 'ਚ ਸ਼ਾਮਲ ਹੋਣ ਵਾਲੇ ਜਥੇਦਾਰ ਵੀ ਓਨੇ ਹੀ ਦੋਸ਼ੀ ਹਨ, ਖ਼ੁਦ ਜਥੇਦਾਰਾਂ ਵਿਰੁਧ ਕੋਈ ਹੁਕਮਨਾਮਾ ਜਾਰੀ ਕਿਉਂ ਨਾ ਹੋਇਆ? 

43. ਸਿੱਖਾਂ ਦੇ ਕਾਤਲ ਇਜ਼ਹਾਰ ਆਲਮ ਖ਼ਾਨ (ਜੋ ਕਿ ਵੱਡਾ ਪੁਲਿਸ ਅਫ਼ਸਰ ਰਹਿ ਚੁੱਕਾ ਹੈ) ਨੂੰ ਬਾਦਲ ਅਕਾਲੀ ਦਲ ਵਲੋਂ ਮਲੇਰਕੋਟਲਾ ਤੋਂ ਵਿਧਾਨ ਸਭਾ ਲਈ ਅਪਣਾ ਉਮੀਦਵਾਰ ਬਣਾਇਆ ਗਿਆ। ਜਥੇਦਾਰਾਂ ਦੀ ਹਿੰਮਤ ਮੁੱਕ ਗਈ ਜਾਪਦੀ ਹੈ। ਕਿੱਥੇ ਨੇ ਹੁਕਮਨਾਮੇ? ਬਾਅਦ ਵਿਚ ਇਜ਼ਹਾਰ ਆਲਮ ਖ਼ਾਨ ਨੂੰ ਵਕਫ਼ ਬੋਰਡ ਦਾ ਮੁਖੀ ਥਾਪ ਦਿਤਾ ਤੇ ਉਸ ਦੀ ਪਤਨੀ ਨੂੰ ਵੋਟਾਂ ਵਿਚ ਜਿੱਤ ਦਿਵਾ ਕੇ ਪੰਜਾਬ ਵਿਧਾਨ ਸਭਾ ਵਿਚ ਕੁਰਸੀ ਦੇ ਦਿਤੀ। ਕੀ ਜਥੇਦਾਰਾਂ ਨੂੰ ਪਤਾ ਨਾ ਲੱਗਾ?

44. ਭਾਜਪਾ ਨਾਲ ਚੋਣ ਸਮਝੌਤਾ ਕਰ ਕੇ ਬਾਦਲ ਅਕਾਲੀ ਦਲ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਤਾਂ ਬਣਾ ਹੀ ਦਿਤਾ ਹੈ। ਹੁਣ ਹਿੰਦੂ ਪਾਰਟੀ ਬਣਾਉਣ ਹੀ ਵਾਲੇ ਹਨ। ਕੀ ਜਥੇਦਾਰ ਕੁੱਝ ਕਰ ਸਕਣਗੇ? ਕੀ ਕੋਈ ਹੁਕਮਨਾਮਾ ਜਾਰੀ ਹੋਵੇਗਾ?

45. ਭਾਜਪਾ ਵਾਲਿਆਂ ਨੇ ਪੰਜਾਬ ਦੇ ਪਾਣੀ, ਰਾਜਧਾਨੀ, ਪੰਜਾਬੀ ਬੋਲੀ, ਵੱਧ ਅਧਿਕਾਰ ਆਦਿ ਦੀ ਕਦੇ ਹਮਾਇਤ ਨਹੀਂ ਕੀਤੀ, ਸਗੋਂ ਇਨ੍ਹਾਂ ਦੇ ਐਮ.ਐਲ.ਏ. ਵਿਧਾਨ ਸਭਾ ਵਿਚ ਹਿੰਦੀ ਬੋਲਦੇ ਹਨ। ਜਥੇਦਾਰ ਕਿਉਂ ਸੁੱਤੇ ਹੋਏ ਹਨ? ਬਾਦਲ ਵਿਰੁਧ ਕਾਰਵਾਈ ਕਿਉੁਂ ਨਹੀਂ ਕਰਦੇ? ਕਿਉਂ ਬਾਦਲ ਵਿਰੁਧ ਹੁਕਮਨਾਮਾ ਜਾਰੀ ਨਹੀਂ ਕੀਤਾ ਜਾਂਦਾ?

46. ਮਹਿਤੇ ਚੌਕ ਵਾਲੀ ਟਕਸਾਲ ਦਾ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਮਲੇਰਕੋਟਲੇ ਇਜ਼ਹਾਰ ਆਲਮ ਖ਼ਾਨ ਲਈ ਵੋਟਾਂ ਮੰਗਣ ਗਿਆ। ਉਸ ਦੇ ਬਰਾਬਰ ਬੈਠ ਕੇ, ਫ਼ੋਟੋਆਂ ਖਿਚਵਾਈਆਂ। ਕੀ ਜਥੇਦਾਰਾਂ ਦੇ ਹੁਕਮਨਾਮੇ ਇਨ੍ਹਾਂ ਲੋਕਾਂ ਲਈ ਨਹੀਂ ਬਣੇ? ਮਹਿਤੇ ਚੌਕ ਟਕਸਾਲ ਦੇ ਮੁਖੀ ਵਿਰੁਧ ਹੁਕਮਨਾਮਾ ਕਿਉਂ ਜਾਰੀ ਨਾ ਕੀਤਾ ਗਿਆ?

47. ਅਕਾਲ ਦੇ ਤਖ਼ਤ ਉਤੇ ਬੈਠੇ ਅਖੌਤੀ ਜਥੇਦਾਰਾਂ ਨੇ ਦੁਨੀਆਂ ਵਿਚ ਫੈਲੇ ਹੋਏ ਸਿੱਖਾਂ ਦੀ ਕਦੇ ਕੋਈ ਮੁਸ਼ਕਲ ਦੂਰ ਕੀਤੀ ਹੈ? ਜੇ ਨਹੀਂ ਤਾਂ ਕਾਹਦੀ ਜਥੇਦਾਰੀ ਹੈ?

48. ਧਰਮ ਪ੍ਰਚਾਰ ਦੇ ਖੇਤਰ ਵਿਚ ਕੀ ਇਨ੍ਹਾਂ ਜਥੇਦਾਰਾਂ ਦੀ ਪੰਥ ਨੂੰ ਕੋਈ ਦੇਣ ਹੈ? ਸੰਸਾਰ ਪੱਧਰੀ ਕਾਨਫ਼ਰੰਸਾਂ ਵਿਚ ਬੋਲਣ ਜੋਗੇ ਹਨ? ਪੰਜਾਬੀ ਤੋਂ ਇਲਾਵਾ ਕੋਈ ਹੋਰ ਬੋਲੀ ਪੜ੍ਹਨੀ ਜਾਂ ਬੋਲਣੀ ਜਾਣਦੇ ਹਨ? ਜੇ ਨਹੀਂ, ਤਾਂ ਫਿਰ ਕਾਹਦੇ ਜਥੇਦਾਰ ਹਨ?

49. ਇਨ੍ਹਾਂ ਜਥੇਦਾਰਾਂ ਨੇ ਤਾਂ ਵਿਧੀ ਪੂਰਵਕ ਪੰਜਾਬ ਵਿਚ ਵੀ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ। ਸਾਰਾ ਪੰਜਾਬ ਨਸ਼ਿਆਂ ਵਿਚ ਡੁੱਬ ਗਿਆ ਹੈ। ਸਿੱਖ ਨੌਜੁਆਨਾਂ ਨੇ ਦਾੜ੍ਹੀ-ਕੇਸ ਕਟਵਾ ਕੇ, ਪੱਗਾਂ ਉਤਾਰ ਦਿਤੀਆਂ ਹਨ। ਜਥੇਦਾਰਾਂ ਨੇ ਅਖੌਤੀ ਪ੍ਰਚਾਰਕਾਂ ਵਿਰੁਧ ਕਿਉਂ ਕੋਈ ਹੁਕਮਨਾਮਾ ਨਾ ਛੱਡਿਆ?

50. ਜਾਤਾਂ, ਬਰਾਦਰੀਆਂ ਵਾਲੇ ਵੱਖ-ਵੱਖ ਗੁਰਦਵਾਰੇ ਬਣ ਗਏ। ਅਣਗਿਣਤ ਸਾਧ-ਸੰਤ ਡੇਰੇ ਉਸਾਰ ਕੇ ਬੈਠ ਗਏ। ਸਾਰਿਆਂ ਦੀ ਆਪੋ-ਅਪਣੀ ਮਰਿਆਦਾ ਹੈ। ਅਕਾਲ ਤਖ਼ਤ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮਰਿਆਦਾ ਹੀ ਵੱਖ ਹੈ। ਮਾਰਿਆਦਾ ਦੀ ਇਕਸਾਰਤਾ ਵਾਲਾ ਪਹਿਲਾਂ ਵਾਲਾ ਹੁਕਮਨਾਮਾ (ਸਿੱਖ ਰਹਿਤ ਮਰਿਆਦਾ) ਘੱਟੇ ਰੁਲ ਗਿਆ। ਮਰਿਆਦਾ ਦੀ ਇਕਸਾਰਤਾ ਵਾਸਤੇ ਕੀ ਜਥੇਦਾਰ ਕੋਈ ਨਵਾਂ ਹੁਕਮਨਾਮਾ ਜਾਰੀ ਕਰਨਗੇ?

51. 27 ਜਨਵਰੀ 2012 ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਸੌਦਾ ਸਾਧ ਵਿਰੁਧ ਚੱਲ ਰਹੇ ਕੇਸ ਨੂੰ ਖ਼ਾਰਜ ਕਰਨ ਲਈ ਸੈਸ਼ਨ ਕੋਰਟ ਵਿਚ ਹਲਫ਼ਨਾਮਾ ਦੇ ਦਿਤਾ ਜਿਸ ਕਾਰਨ ਸਿੱਖ ਮਾਨਸਕ ਤੌਰ ਉਤੇ ਝੰਜੋੜੇ ਗਏ। ਸਿਰਫ਼ ਵੋਟਾਂ ਲੈਣ ਖ਼ਾਤਰ ਬਾਦਲ ਸਰਕਾਰ ਨੇ ਇਹ ਸੱਭ ਕੁੱਝ ਕੀਤਾ। ਜਥੇਦਾਰ ਜੀ! ਦੱਸੋਗੇ ਕਿ ਇਸ ਸੱਭ ਦੇ ਬਾਵਜੂਦ ਤੁਹਾਡੀ ਜ਼ੁਬਾਨ ਨੂੰ ਤਾਲੇ ਕਿਉਂ ਲੱਗ ਗਏ? ਕਿਉਂ ਬਾਦਲ ਵਿਰੁਧ ਹੁਕਮਨਾਮਾ ਜਾਰੀ ਨਾ ਹੋਇਆ?

ਇਸ ਦੇ ਉਲਟ ਸਿੱਖ ਵਿਦਵਾਨ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ ਆਦਿ ਵਿਰੁਧ ਹੁਕਮਨਾਮਾ ਜਾਰੀ ਕਰਨ ਲੱਗਿਆਂ ਤੁਹਾਡੀ ਕਲਮ ਬਹੁਤ ਛੇਤੀ ਉਠ ਪੈਂਦੀ ਹੈ? ਜਥੇਦਾਰ ਜੀ, ਕੀ ਤੁਸੀ ਉਕਤ ਸਵਾਲਾਂ ਦੇ ਜਵਾਬ ਦੇ ਸਕੋਗੇ?
ਪ੍ਰੋ. ਇੰਦਰ ਸਿੰਘ ਘੱਗਾ
ਸੰਪਰਕ : 98551-51699