ਇਸ ਸਾਲ ਬੱਚਿਆਂ ਨੂੰ ਮਿਲ ਜਾਵੇਗਾ ਆਨਲਾਈਨ ਪੜ੍ਹਾਈ ਤੋਂ ਛੁਟਕਾਰਾ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੇਸ਼ ਸਾਹਮਣੇ ਖੜੀਆਂ ਸਮੱਸਿਆਵਾਂ ਲਈ ਗੁਣਵੱਤਾਹੀਣ ਸਿਖਿਆ ਜ਼ਿੰਮੇਵਾਰ ਹੈ

Online Education

ਨਵੀ ਦਿੱਲੀ: ਅੱਜ ਕੋਰੋਨਾ ਤੋਂ ਥੋੜੀ ਜਹੀ ਰਾਹਤ ਮਿਲੀ ਹੈ ਤੇ ਭਾਰਤ ਨੇ ਇਸ ਦੀ ਦਵਾਈ ਵੀ ਬਣਾ ਲਈ ਹੈ ਜਿਸ ਤੋਂ ਬਾਅਦ ਸਰਕਾਰ ਨੇ ਤੀਜੀ ਜਮਾਤ ਤੋਂ ਲੈ ਕੇ ਵੱਡੀਆਂ ਜਮਾਤਾਂ ਤਕ ਦੇ ਸਕੂਲ ਖੋਲ੍ਹ ਦਿਤੇ ਹਨ ਪਰ ਸਕੂਲਾਂ ਵਿਚ ਵਿਦਿਆਰਥੀ ਬਹੁਤ ਘੱਟ-ਗਿਣਤੀ ਵਿਚ ਆ ਰਹੇ ਹਨ। ਜਿਹੜੇ ਬੱਚੇ ਸਕੂਲ ਨਹੀਂ ਆ ਰਹੇ, ਅਧਿਆਪਕ ਬੜੀ ਤਨਦੇਹੀ ਨਾਲ ਬੱਚਿਆਂ ਨਾਲ ਰਾਬਤਾ ਬਣਾ ਕੇ ਉਨ੍ਹਾਂ ਦਾ ਸਲੇਬਸ ਪੂਰਾ ਕਰਵਾ ਰਹੇ ਹਨ। ਪੜ੍ਹਾਈ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀ ਇਸ ਦਾ ਭਰਪੂਰ ਫ਼ਾਇਦਾ ਉਠਾ ਰਹੇ ਹਨ ਤੇ ਕੋਰੋਨਾ ਸੰਕਟ ਦੇ ਚਲਦਿਆਂ ਵੀ ਅਪਣੀ ਪੜ੍ਹਾਈ ਜਾਰੀ ਰਖਦੇ ਹੋਏ ਸਮੇਂ ਦਾ ਸਦ ਉਪਯੋਗ ਕਰ ਰਹੇ ਹਨ। ਬੱਚਿਆਂ ਦੀ ਸਿਖਿਆ ਨੂੰ ਲਗਾਤਾਰ ਜਾਰੀ ਰੱਖਣ ਦਾ ਸਰਕਾਰ ਦਾ ਇਹ ਨਵੇਕਲਾ ਕਦਮ ਬੱਚਿਆਂ ਨੂੰ ਸਿਖਿਆ ਪ੍ਰਤੀ ਉਤਸ਼ਾਹਤ ਕਰ ਰਿਹਾ ਹੈ। ਆਨਲਾਈਨ ਸਿਖਿਆ ਸਮੇਂ ਦੀ ਮੰਗ ਵੀ ਹੈ। ਭਾਵੇਂ ਆਨਲਾਈਨ ਸਿਖਿਆ ਨਾਲ ਉਸੇ ਤਰ੍ਹਾਂ ਨਹੀਂ ਪੜਿ੍ਹਆ ਜਾ ਸਕਦਾ ਜਿਸ ਤਰ੍ਹਾਂ ਸਕੂਲ ਵਿਚ ਪੜ੍ਹਾਈ ਕੀਤੀ ਜਾ ਸਕਦੀ ਹੈ। ਪਰ ਸਿਖਿਆ ਦੇ ਕੰਮ ਨੂੰ ਅਧੂਰਾ ਵੀ ਨਹੀਂ ਛਡਿਆ ਜਾ ਸਕਦਾ ਪਰ ਭਾਰਤ ਵਿਚ ਆਨਲਾਈਨ ਸਿਖਿਆ ਵਿਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵੀ ਸਾਹਮਣੇ ਆ ਰਹੀਆਂ ਹਨ। 

ਸਵਾਲ ਇਹ ਪੈਦਾ ਹੁੰਦਾ ਹੈ ਕਿ ਆਨਲਾਈਨ ਸਿਖਿਆ ਪ੍ਰਣਾਲੀ ਹਰ ਪ੍ਰਕਾਰ ਦੇ ਵਿਦਿਆਰਥੀਆਂ ਦੀ ਪਹੁੰਚ ਵਿਚ ਹੈ? ਕੀ ਸਾਡੇ ਅਧਿਆਪਕ ਇਸ ਵਿਧੀ ਦੁਆਰਾ ਅਧਿਆਪਨ ਕਾਰਜ ਕਰਨ ਦੇ ਸਮਰੱਥ ਹਨ? ਕੀ ਹਰ ਪ੍ਰਕਾਰ ਦੇ ਵਿਸ਼ੇ ਖ਼ਾਸ ਤੌਰ ਤੇ ਜਿਨ੍ਹਾਂ ਵਾਸਤੇ ਲੈਬਾਰਟਰੀ ਆਦਿ ਵਿਚ ਪ੍ਰੈਕਟੀਕਲ ਕਰਨੇ ਲਾਜ਼ਮੀ ਹਨ, ਵੀ ਪੜ੍ਹਾਏ ਜਾ ਸਕਦੇ ਹਨ? ਕੀ ਸਾਡੇ ਸਰਕਾਰੀ ਵਿਦਿਅਕ ਅਦਾਰਿਆਂ ਕੋਲ ਲੋੜੀਂਦਾ ਬੁਨਿਆਦੀ ਢਾਂਚਾ ਹੈ ਜਿਸ ਵਿਚ ਲਗਾਤਾਰ ਇੰਟਰਨੈੱਟ ਦੀ ਮੁਫ਼ਤ ਸਹੂਲਤ ਹੋਵੇ? ਕੀ ਘਰਾਂ ਵਿਚ ਆਨਲਾਈਨ ਪੜ੍ਹਾਈ ਦੇ ਮਾਹੌਲ ਵਾਸਤੇ ਵਖਰਾ ਕਮਰਾ, ਅਪਣਾ ਸਮਾਰਟ ਫ਼ੋਨ ਜਾਂ ਲੈਪਟਾਪ, ਵਾਈ ਫ਼ਾਈ ਆਦਿ ਦੀ ਸਹੂਲਤ ਆਦਿ ਹੈ? ਕੀ ਆਮਦਨ ਪੱਖੋਂ ਨਾ-ਬਰਾਬਰੀ ਵਾਲੇ ਸਾਡੇ ਸਮਾਜ ਵਿਚ ਸਾਰੇ ਵਿਦਿਆਰਥੀਆਂ ਕੋਲ ਇਹ ਜ਼ਰੂਰੀ ਮੁਢਲੀਆਂ ਸਹੂਲਤਾ ਹਨ? ਇਹ ਕੁੱਝ ਸਵਾਲ ਵਿਸ਼ੇਸ਼ ਧਿਆਨ ਮੰਗਦੇ ਹਨ।

ਆਈ.ਟੀ.ਆਈ. ਕਾਨਪੁਰ ਵਲੋਂ ਹਾਲ ਹੀ ਵਿਚ ਇਕ ਸਰਵੇਖਣ ਕੀਤਾ ਗਿਆ। ਇਸ ਸਰਵੇਖਣ ਅਨੁਸਾਰ ਯੂਨੀਵਰਸਟੀ ਪੱਧਰ ਤਕ 34 ਫ਼ੀ ਸਦੀ ਵਿਦਿਆਰਥੀਆਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਸੀ। 9.3 ਫ਼ੀ ਸਦੀ ਵਿਦਿਆਰਥੀ ਅਧਿਆਪਕ ਦੁਆਰਾ ਦਿਤਾ ਮੈਟਰ ਡਾਊਨਲੋਡ ਹੀ ਨਾ ਕਰ ਸਕੇ। ਹੈਦਰਾਬਾਦ ਦੀ ਸੈਂਟਰਲ ਯੂਨੀਵਰਸਟੀ ਦੇ ਯੂ.ਓ.ਐੱਚ. ਹੈਰਾਲਡ 2020 ਦੇ ਸਰਵੇਖਣ ਅਨੁਸਾਰ ਕੇਵਲ 50 ਫ਼ੀ ਸਦੀ ਵਿਦਿਆਰਥੀਆਂ ਕੋਲ ਲੈਪਟਾਪ ਹਨ ਤੇ 85 ਫ਼ੀ ਸਦੀ ਵਿਦਿਆਰਥੀ ਹੀ ਇੰਟਰਨੈੱਟ ਵਰਤਦੇ ਹਨ। 18 ਫ਼ੀ ਸਦੀ ਵਿਦਿਆਰਥੀਆਂ ਕੋਲ ਅਪਣਾ ਲੈਪਟਾਪ ਵੀ ਕੋਈ ਨਹੀਂ। ਜੇਕਰ ਸੈਂਟਰਲ ਯੂਨੀਵਰਸਟੀਆਂ ਤੇ ਵੱਡੇ ਸ਼ਹਿਰਾਂ ਦੇ ਇਹ ਹਾਲਾਤ ਹਨ ਤਾਂ ਛੋਟੇ ਸ਼ਹਿਰਾਂ ਤੇ ਪਿੰਡਾਂ ਵਿਚ ਦੂਰ ਦੁਰਾਡੇ ਸਥਾਨਾਂ ਤੇ ਬੈਠੇ ਵਿਦਿਆਰਥੀਆਂ ਦੀ ਹਾਲਤ ਦਾ ਭਲੀ ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਗੱਸਤ 2020 ਵਿਚ ਹੋਏ ਇਕ ਸਰਵੇਖਣ ਮੁਤਾਬਕ ਉੱਤਰ ਪ੍ਰਦੇਸ਼ ਦੇ ਸਰਕਾਰੀ ਪ੍ਰਾਇਮਰੀ ਮਿਡਲ, ਹਾਈ ਤੇ ਸੀਨੀਅਰ ਸਕੂਲਾਂ ਵਿਚ 1.9 ਕਰੋੜ ਬੱਚਿਆਂ ਵਿਚੋਂ ਸਿਰਫ਼ 50 ਫ਼ੀ ਸਦੀ ਦੀ ਪਹੁੰਚ ਹੀ ਆਨਲਾਈਨ ਸਿਖਿਆ ਤਕ ਹੋ ਸਕੀ ਹੈ।

ਕੋਰੋਨਾ ਵਾਇਰਸ ਦੌਰਾਨ ਬੱਚਿਆਂ ਦਾ ਸਿਖਣ ਦਾ ਪੱਧਰ ਨੀਵਾਂ ਹੋ ਰਿਹਾ ਹੈ। ਸਤੰਬਰ 2020 ਵਿਚ ਏ.ਐਸ.ਆਰ. ਨੇ  5 ਤੋਂ 16 ਸਾਲ ਦੀ ਉਮਰ ਸਮੂਹ ਵਿਚ ਪੜ੍ਹਨ ਤੇ ਹਿਸਾਬ ਦੇ ਹੁਨਰ ਦੇ ਅਧਾਰ ਤੇ ਪੇਂਡੂ ਸਿਖਿਆ ਤੇ ਸਿਖਣ ਦੇ ਨਤੀਜਿਆਂ ਦਾ ਫ਼ੋਨ ਕਾਲਾਂ ਰਾਹੀਂ ਇਸ ਸਾਲ ਵਿਆਪਕ ਸਰਵੇਖਣ ਕਰਵਾਇਆ ਇਸ ਸਰਵੇਖਣ ਵਿਚ 5 ਤੋਂ 16 ਸਾਲ ਦੀ ਉਮਰ ਦੇ 52227 ਬੱਚਿਆਂ ਦੇ ਪੇਂਡੂ ਘਰਾਂ ਵਿਚ ਪਹੁੰਚ ਕੀਤੀ ਗਈ। ਇਸ ਸਰਵੇਖਣ ਵਿਚ 26 ਰਾਜਾਂ ਅਤੇ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਏ.ਐਸ.ਆਰ. ਸਲਾਨਾ ਰਾਜ ਸਿਖਿਆ ਰੀਪੋਰਟ ਦੇ ਸਰਵੇ ਅਨੁਸਾਰ 6 ਤੋਂ 10 ਸਾਲ ਦੀ ਉਮਰ ਦੇ ਪੇਂਡੂ ਬੱਚਿਆਂ ਵਿਚੋਂ 5.3 ਫ਼ੀ ਸਦੀ ਬੱਚੇ ਇਸ ਸਾਲ ਅਜੇ ਸਕੂਲ ਵਿਚ ਦਾਖ਼ਲ  ਹੀ ਨਹੀਂ ਹੋਏ। 6 ਤੋਂ 14 ਸਾਲ ਦੀ ਉਮਰ ਦੇ 55 ਫ਼ੀ ਸਦੀ ਬੱਚੇ ਇਸ ਸਾਲ ਸਰਕਾਰੀ ਸਕੂਲਾਂ ਵਿਚ ਦਾਖ਼ਲ ਹਨ ਜਦ ਕਿ ਸਾਲ 2018 ਵਿਚ ਇਸ ਉਮਰ ਵਰਗ ਦੇ 66.42 ਫ਼ੀ ਸਦੀ ਤੋਂ ਵੱਧ ਬੱਚੇ ਸਕੂਲਾਂ ਵਿਚ ਦਾਖ਼ਲ ਸਨ।

ਸਰਵੇਖਣ ਅਨੁਸਾਰ 88.04 ਫ਼ੀ ਸਦੀ ਵਿਦਿਆਰਥੀਆਂ ਦੀ ਸਮਾਰਟ ਫ਼ੋਨ ਤਕ ਪਹੁੰਚ ਹੈ। ਸਰਕਾਰੀ ਸਕੂਲਾਂ ਦੇ 83.04 ਫ਼ੀ ਸਦੀ ਤੇ ਨਿਜੀ ਸਕੂਲਾਂ ਦੇ 93.07 ਫ਼ੀ ਸਦੀ ਵਿਦਿਆਰਥੀਆਂ ਦੀ ਸਮਾਰਟ ਫ਼ੋਨ ਤਕ ਪਹੁੰਚ ਹੈ। ਜਦਕਿ ਸਾਲ 2019 ਵਿਚ ਸਰਕਾਰੀ ਸਕੂਲਾਂ ਦੇ 47.03 ਫ਼ੀ ਸਦੀ ਤੇ ਨਿਜੀ ਸਕੂਲਾਂ ਦੇ 79.08 ਫ਼ੀ ਸਦੀ ਵਿਦਿਆਰਥੀ ਸਮਾਰਟ ਫ਼ੋਨ ਤਕ ਪਹੁੰਚ ਰਖਦੇ ਹਨ। ਸਰਵੇਖਣ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ 6 ਤੋਂ 14 ਸਾਲ ਦੀ ਉਮਰ ਦੇ ਇਸ ਸਾਲ 1.50 ਫ਼ੀ ਸਦੀ ਅਤੇ 7 ਤੋਂ 16 ਸਾਲ ਦੀ ਉਮਰ ਦੇ 9.01 ਫ਼ੀ ਸਦੀ ਬੱਚੇ ਹਾਲੇ ਵੀ ਕਿਸੇ ਸਕੂਲ ਵਿਚ ਨਹੀਂ ਜਾ ਰਹੇ। ਵੇਖਣ ਨੂੰ ਸਕੂਲੀ ਬੱਚਿਆਂ ਦੀ ਸਮਾਰਟ ਫ਼ੋਨ ਤਕ ਪਹੁੰਚ ਵਿਸਤ੍ਰਿਤ ਹੈ। ਪਰ 12 ਫ਼ੀ ਸਦੀ ਬੱਚਿਆ ਦੀ ਸਮਾਰਟ ਫ਼ੋਨ ਤਕ ਪਹੁੰਚ ਨਾ ਹੋਣਾ ਇਕ ਵੱਡੀ ਖ਼ਾਮੀ ਹੈ। ਹਰ 8ਵੇਂ ਬੱਚੇ ਦੀ ਸਮਰਾਟ ਫ਼ੋਨ ਤਕ ਪਹੁੰਚ ਹੀ ਨਹੀਂ ਹੈ। ਸਰਕਾਰੀ ਸਕੂਲਾਂ ਵਿਚ 6 ਫ਼ੀ ਸਦੀ ਵਿਦਿਆਰਥੀ ਬਿਨਾਂ ਸਮਾਰਟ ਫ਼ੋਨ ਦੇ ਪਹੁੰਚਦੇ ਹਨ।

ਸਰਵੇਖਣ ਅਨੁਸਾਰ 24.3 ਫ਼ੀ ਸਦੀ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੇ ਹਫ਼ਤੇ ਵਿਚ ਸਕੂਲ ਤੋਂ ਕੋਈ ਸਿਖਣ ਸਮੱਗਰੀ ਪ੍ਰਾਪਤ ਨਹੀਂ ਕੀਤੀ ਸੀ ਕਿਉਂਕਿ ਉਨ੍ਹਾਂ ਕੋਲ ਕੋਈ ਸਮਾਰਟ ਫ਼ੋਨ ਨਹੀਂ ਸੀ। 17 ਫ਼ੀ ਸਦੀ ਉੱਚ ਸਿਖਿਆ ਵਾਲੇ ਪ੍ਰਵਾਰਾਂ ਦੇ ਮੁਕਾਬਲੇ ਘੱਟ ਪੜ੍ਹਾਈ ਵਾਲੇ ਘਰਾਂ ਵਿਚ ਤਕਰੀਬਨ 90 ਫ਼ੀ ਸਦੀ ਲੋਕਾਂ ਕੋਲ ਕੋਈ ਸਮੱਗਰੀ ਨਹੀਂ ਮਿਲੀ ਤੇ ਨਾ ਕੋਈ ਸਿਖਲਾਈ ਮਿਲੀ। ਸਰਵੇਖਣ ਦੇ ਹਫ਼ਤੇ ਵਿਚ ਤਿੰਨਾਂ ਵਿਚੋਂ ਇਕ ਪੇਂਡੂ ਬੱਚੇ ਨੇ ਸਿਖਲਾਈ ਦੀਆਂ ਕੋਈ ਗਤੀਵਿਧੀਆਂ ਬਿਲਕੁਲ ਨਹੀਂ ਕੀਤੀਆਂ। ਲਗਭਗ ਤਿੰਨਾਂ ਵਿਚੋਂ 2 ਬੱਚਿਆਂ ਕੋਲ ਉਸ ਹਫਤੇ ਅਪਣੇ ਸਕੂਲ ਦੁਆਰਾ ਕੋਈ ਸਿਖਲਾਈ ਜਾਂ ਗਤੀਵਿਧੀ ਨਹੀਂ ਦਿਤੀ ਗਈ ਸੀ ਅਤੇ ਸਿਰਫ਼ 10 ਵਿਚੋਂ 1 ਬੱਚੇ ਦੀ ਲਾਈਵ ਆਨਲਾਈਨ ਕਲਾਸਾਂ ਦੀ ਪਹੁੰਚ ਸੀ। ਸਮਾਰਟ ਫ਼ੋਨ ਪਹੁੰਚ ਵਾਲੇ ਬੱਚਿਆਂ ਦਾ ਇਕ ਤਿਹਾਈ ਅਜੇ ਵੀ ਸਿਖਣ ਦੀ ਸਮੱਗਰੀ ਪ੍ਰਾਪਤ ਨਹੀਂ ਕਰਦਾ। ਪ੍ਰਵਾਰਾਂ ਦੀ ਘੱਟ ਸਿਖਿਆ ਵੀ ਅਪਣੇ ਬੱਚਿਆਂ ਦੀ ਸਿਖਿਆ ਨੂੰ ਪ੍ਰਭਾਵਤ ਕਰਦੀ ਹੈ। ਵਿਰਾਸਤੀ ਘਾਟੇ ਵੀ ਸਿਖਣ ਦੀ ਗੁਣਵੱਤਾ ਨੂੰ ਪ੍ਰਭਾਵਤ ਕਰਦੇ ਰਹਿੰਦੇ ਹਨ।

ਸਰਵੇਖਣ ਅਨੁਸਾਰ ਸਰਕਾਰੀ ਸਕੂਲਾਂ ਵਿਚ ਦਾਖ਼ਲ ਹੋਏ ਬੱਚਿਆਂ ਦੀ ਗਿਣਤੀ ਦਾ ਅਨੁਪਾਤ ਇਸ ਸਾਲ ਵੱਧ ਕੇ ¬ਕ੍ਰਮਵਾਰ 66.4 ਫ਼ੀ ਸਦੀ ਤੇ 73 ਫ਼ੀ ਸਦੀ ਹੋ ਗਿਆ ਹੈ। ਜਦਕਿ ਸਾਲ 2018 ਵਿਚ ਸਰਕਾਰੀ ਸਕੂਲਾਂ ਅੰਦਰ ਦਾਖ਼ਲ ਮੁੰਡਿਆਂ ਦਾ ਅਨੁਪਾਤ 62.8 ਫ਼ੀ ਸਦੀ ਤੇ ਲੜਕੀਆਂ ਦਾ ਅਨੁਪਾਤ 70 ਫ਼ੀ ਸਦੀ ਸੀ ਜਿਨ੍ਹਾਂ ਵਿਦਿਆਰਥੀਆਂ ਕੋਲ ਸਾਧਨ ਹਨ। ਉਹ ਆਨਲਾਈਨ ਸਿਖਿਆ ਪ੍ਰਾਪਤ ਕਰ ਰਹੇ ਹਨ। ਜ਼ਿਆਦਾਤਰ ਬੱਚੇ ਪੜ੍ਹਾਈ ਦੌਰਾਨ ਮਾਤਾ-ਪਿਤਾ ਦੇ ਸੰਪਰਕ ਵਿਚ ਨਾ ਰਹਿ ਕੇ ਇਕ ਬੰਦ ਕਮਰੇ ਵਿਚ ਹੈੱਡਫ਼ੋਨ ਲਗਾ ਕੇ ਸਕੂਲਾਂ ਦੀ ਹਾਜ਼ਰੀ ਭਰਦੇ ਹਨ। ਜਦੋਂ ਅਧਿਆਪਕ ਪੜ੍ਹਾ ਰਿਹਾ ਹੁੰਦਾ ਹੈ ਤਾਂ ਉਹ ਅਪਣੇ ਸਾਥੀ ਵਿਦਿਆਰਥੀਆਂ ਨਾਲ ਦੂਜੇ ਗਰੁੱਪਾਂ ਵਿਚ ਲਿਖਤੀ ਸੁਨੇਹੇ ਪਾ ਕੇ ਜਾਂ ਆਪਸੀ ਗੱਲਬਾਤ ਰਾਹੀਂ ਮਨ ਪ੍ਰਚਾਵਾ ਕਰ ਰਹੇ ਹਨ। ਬੱਚੇ ਪੜ੍ਹਾਈ ਨੂੰ ਘੱਟ ਸਮਾਂ ਦੇ ਕੇ ਫ਼ੋਨ ਉਪਰ ਤਰ੍ਹਾਂ-ਤਰ੍ਹਾਂ ਦੀਆਂ ਖ਼ਤਰਨਾਕ ਗ਼ੇਮਾਂ ਖੇਡ ਰਹੇ ਹਨ ਤੇ ਪੜ੍ਹਾਈ ਦੀ ਜ਼ਿੰਮੇਵਾਰੀ ਤੋਂ ਭਜਦੇ ਹੋਏ ਅਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ। ਅਜਿਹੇ ਬੱਚਿਆਂ ਦਾ ਸਿਖਿਆ ਮਿਆਰ ਦਿਨੋ ਦਿਨ ਘਟਦਾ ਜਾ ਰਿਹਾ ਹੈ ਤੇ ਉਹ ਅਪਣੇ ਨਵੇਂ ਸਲੇਬਸ ਨੂੰ ਪੂਰਾ ਕਰਨ ਤੋਂ ਅਸਮਰੱਥ ਹੋ ਰਹੇ ਹਨ ਜਿਸ ਤਰ੍ਹਾਂ ਬੱਚਿਆਂ ਦੀ ਫ਼ੋਨ ਪ੍ਰਤੀ ਰੁੱਚੀ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਉਹ ਅਵੇਸਲੇ ਹੋ ਰਹੇ ਹਨ। ਇਸ ਤੋਂ ਲਗਦਾ ਹੈ ਕਿ ਪੜ੍ਹਾਈ ਨੂੰ ਲੈ ਕੇ ਆਉਣ ਵਾਲਾ ਸਮਾਂ ਹੋਰ ਵੀ ਚਿੰਤਾਜਨਕ ਹੋ ਸਕਦਾ ਹੈ। ਜੇਕਰ ਆਨਲਾਈਨ ਸਿਖਿਆ ਦਾ ਸਿਲਸਿਲਾ ਇਸੇ ਤਰ੍ਹਾਂ ਲੰਮਾ ਸਮਾਂ ਚਲਦਾ ਰਿਹਾ ਤਾਂ ਪੜ੍ਹਾਈ ਦਾ ਗਰਾਫ਼ ਹੋਰ ਹੇਠਲੇ ਪੱਧਰ ਤੇ ਆ ਜਾਵੇਗਾ।

ਦੇਸ਼ ਸਾਹਮਣੇ ਖੜੀਆਂ ਸਮੱਸਿਆਵਾਂ ਲਈ ਗੁਣਵੱਤਾਹੀਣ ਸਿਖਿਆ ਜ਼ਿੰਮੇਵਾਰ ਹੈ। ਅੱਜ ਦੇਸ਼ ਭਰ ਵਿਚ 15 ਲੱਖ ਸਰਕਾਰੀ ਸਕੂਲ ਹਨ ਜਿਨ੍ਹਾਂ ਵਿਚ 26 ਕਰੋੜ ਬੱਚੇ ਪੜ੍ਹਦੇ ਹਨ। ਸੁਣਨ ਵਿਚ ਇਹ ਗਿਣਤੀ ਪ੍ਰਭਾਵੀ ਲਗਦੀ ਹੈ ਪਰ ਜ਼ਮੀਨੀ ਸੱਚਾਈ ਇਸ ਦੇ ਉਲਟ ਹੈ। ਦੇਸ਼ ਦੇ 60 ਫ਼ੀ ਸਦੀ ਸਕੂਲਾਂ ਕੋਲ ਬਿਜਲੀ ਦੇ ਕੁਨੈਕਸ਼ਨ ਨਹੀਂ ਹਨ। ਦੇਸ਼ ਦੇ 28 ਫ਼ੀ ਸਦੀ ਸਕੂਲਾਂ ਕੋਲ ਕੰਪਿਊਟਰ ਹਨ। ਸਿਰਫ਼ 18 ਫ਼ੀ ਸਦੀ ਸਰਕਾਰੀ ਸਕੂਲਾਂ ਕੋਲ ਕੰਪਿਊਟਰ ਹਨ। ਦੇਸ਼ ਦੇ ਸਿਰਫ਼ 9 ਫ਼ੀ ਸਦੀ ਸਕੂਲਾਂ ਕੋਲ ਇੰਟਰਨੈੱਟ ਹੈ। ਰਾਸ਼ਟਰੀ ਸਿਖਿਆ ਖੋਜ ਤੇ ਟ੍ਰੇਨਿੰਗ ਪ੍ਰੀਸ਼ਦ ਵਲੋਂ ਹਾਲ ਹੀ ਵਿਚ ਕਰਵਾਏ ਗਏ ਸਰਵੇਖਣ ਅਨੁਸਾਰ ਆਨਲਾਈਨ ਪੜ੍ਹਾਈ ਲਈ 27 ਫ਼ੀ ਸਦੀ ਵਿਦਿਆਰਥੀਆਂ ਕੋਲ ਸਮਾਰਟ ਫ਼ੋਨ ਜਾ ਲੈਪਟਾਪ ਨਹੀਂ ਹਨ। 28 ਫ਼ੀ ਸਦੀ ਵਿਦਿਆਰਥੀ ਤੇ ਮਾਪੇ ਬਿਜਲੀ ਵਿਚ ਰੁਕਾਵਟ ਜਾਂ ਕਮੀ ਨੂੰ ਪੜ੍ਹਾਈ ਦਾ ਮੁੱਖ ਕਾਰਨ ਮੰਨਦੇ ਹਨ। ਸਰਵੇਖਣ ਅਨੁਸਾਰ ਅਧਿਆਪਕਾਂ ਨੂੰ ਵੀ ਆਨਲਾਈਨ ਸਿਖਿਆ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਵੀ ਪੜ੍ਹਾਈ ਵਿਚ ਰੁਕਾਵਟ ਪੈ ਰਹੀ ਹੈ। ਬਹੁਤੇ ਅਧਿਆਪਕ ਵੀ ਇਸ ਪ੍ਰਕਿਰਿਆ ਤੋਂ ਦੁਖੀ ਹਨ।

ਅਧਿਆਪਕ ਅਪਣੀ ਨੌਕਰੀ ਦੇ ਡਰੋਂ ਇਸ ਬਾਰੇ ਖੁਲ੍ਹ ਕੇ ਨਹੀਂ ਬੋਲਦੇ। ਦੇਸ਼ ਵਿਚ 4 ਲੱਖ ਤੋਂ ਵੱਧ ਅਜਿਹੇ ਸਕੂਲ ਹਨ ਜਿਥੇ ਕੁਲ ਵਿਦਿਆਰਥੀ ਜਾਂ ਤਾਂ 50 ਹਨ ਜਾਂ ਫਿਰ ਅਧਿਆਪਕ ਵੀ ਸਿਰਫ਼ 2 ਹਨ। ਦਿਹਾਤੀ ਇਲਾਕੇ ਦੇ ਵਧੇਰੇ ਸਕੂਲਾਂ ਵਿਚ ਢੁਕਵੀਂ ਇਮਾਰਤ, ਫ਼ਰਨੀਚਰ, ਹੋਰ ਜ਼ਰੂਰੀ ਸਹੂਲਤਾਂ ਅਤੇ ਯੋਗ ਅਧਿਆਪਕਾਂ ਦੀ ਭਾਰੀ ਘਾਟ ਹੈ। ਨਤੀਜੇ ਵਜੋਂ ਸਕੂਲਾਂ ਵਿਚ ਪੜ੍ਹ ਕੇ ਨਿਕਲਣ ਵਾਲੇ ਹਰ ਸਾਲ ਲਗਭਗ 1.25 ਕਰੋੜ ਵਿਦਿਆਰਥੀਆਂ ਵਿਚੋਂ ਇਕ ਵੱਡਾ ਹਿੱਸਾ ਬੇਰੁਜ਼ਗਾਰਾਂ ਦੀ ਫ਼ੌਜ ਵਿਚ ਸ਼ਾਮਲ ਹੋ ਜਾਂਦਾ ਹੈ ਤੇ ਮੁਕਾਬਲੇਬਾਜ਼ੀ ਤਕਨੀਕ ਦੇ ਦੌਰ ਵਿਚ ਕੋਈ ਹੁਨਰ ਰੁਜ਼ਗਾਰ ਦੇ ਲਾਇਕ ਵੀ ਨਹੀਂ ਰਹਿੰਦਾ। ਆਨਲਾਈਨ ਸਿਖਿਆ ਦਾ ਬੱਚਿਆਂ ਦੀ ਸਿਹਤ ਤੇ ਵੀ ਬੁਰਾ ਅਸਰ ਪਿਆ ਹੈ। ਵਿਦਿਅਕ ਅਦਾਰਿਆਂ ਵਿਚ ਜਾ ਕੇ ਵਿਦਿਆਰਥੀ ਕੇਵਲ ਪੜ੍ਹਾਈ ਹੀ ਨਹੀਂ ਕਰਦੇ ਸਗੋਂ ਹੋਰ ਵੀ ਬਹੁਤ ਕੁਝ ਸਿਖਦੇ ਹਨ ਜੋ ਵਿਦਿਆਰਥੀਆਂ ਨੂੰ ਭਵਿੱਖ ਦੀ ਜ਼ਿੰਦਗੀ ਵਿਚ ਸੁਚੱਜੇ ਢੰਗ ਨਾਲ ਵਿਚਰਨ ਲਈ ਤਿਆਰ ਕਰਦਾ ਹੈ। ਆਸ ਕਰਦੇ ਹਾਂ ਇਹ ਸਾਲ ਬਚਿਆਂ ਲਈ ਚੰਗਾ ਸੁਨੇਹਾ ਲੈ ਕੇ ਆਵੇਗਾ। 
                                                                       ਨਰਿੰਦਰ ਸਿੰਘ ਜ਼ੀਰਾ,ਸੰਪਰਕ : 98146-62260