ਦੇਸ਼ ਦੀ ਆਜ਼ਾਦੀ ਲਈ ਲੜਨ ਵਾਲਿਆਂ ’ਚੋਂ ਜਿਨ੍ਹਾਂ ਨੂੰ ਭੁੱਲ ਗਏ ਹਾਂ, ਉਨ੍ਹਾਂ ਵਿਚ ਘੱਟ ਗਿਣਤੀਆਂ.....
ਗੱਲ ਸ਼ੁਰੂ ਹੋਈ ਕਿ ਕਾਂਗਰਸ ਨੇ ਬੋਸ ਨੂੰ ਭੁਲਾ ਦਿਤਾ ਤੇ ਸਿਰਫ਼ ਮਹਾਤਮਾ ਨੂੰ ਯਾਦ ਰਖਿਆ ਜਦਕਿ ਲੋੜ ਸੱਭ ਨੂੰ ਯਾਦ ਰੱਖਣ ਦੀ ਸੀ
72ਵੇਂ ਗਣਤੰਤਰ ਦਿਵਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਗੱਲੋਂ ਤਾਰੀਫ਼ ਕਰਨੀ ਬਣਦੀ ਹੈ ਕਿ ਉਨ੍ਹਾਂ ਨੇ ਸਾਨੂੰ ਮੁੜ ਅਪਣੀਆਂ ਜੜ੍ਹਾਂ ਵਲ ਝਾਕਣ ਦੀ ਲੋੜ ਮਹਿਸੂਸ ਕਰਵਾਈ ਹੈ। ਭਾਵੇਂ ਉਨ੍ਹਾਂ ਦੀ ਸੋਚ ਅਪਣੀ ਪਾਰਟੀ ਭਾਜਪਾ ਦੇ ਏਜੰਡੇ ਮੁਤਾਬਕ ਚਲਦੀ ਹੈ ਤੇ ਉਨ੍ਹਾਂ ਦੇ ਵਿਚਾਰ ਸਿਰਫ਼ ਭੁਲਾਏ ਜਾ ਚੁੱਕੇ ਸੁਤੰਰਤਾ ਸੰਗਰਾਮੀਆਂ ਨੂੰ ਯਾਦ ਕਰਨ ਵਾਲੇ ਹੀ ਨਹੀਂ ਬਲਕਿ ਕਾਂਗਰਸ ਨੂੰ ਨੀਵਾਂ ਕਰਨ ਵਾਲੇ ਜ਼ਿਆਦਾ ਹਨ।
ਗੱਲ ਸ਼ੁਰੂ ਹੋਈ ਕਿ ਕਾਂਗਰਸ ਨੇ ਬੋਸ ਨੂੰ ਭੁਲਾ ਦਿਤਾ ਤੇ ਸਿਰਫ਼ ਮਹਾਤਮਾ ਨੂੰ ਯਾਦ ਰਖਿਆ ਜਦਕਿ ਲੋੜ ਸੱਭ ਨੂੰ ਯਾਦ ਰੱਖਣ ਦੀ ਸੀ। ਪਰ ਕੀ ਅਸੀਂ ਗਾਂਧੀ ਨੂੰ ਯਾਦ ਰਖਿਆ ਹੈ? ਗਾਂਧੀ ਨੂੰ ਭਾਰਤ ਦੀ ਆਜ਼ਾਦੀ ਦਾ ਚਿਹਰਾ ਜ਼ਰੂਰ ਬਣਾਇਆ ਗਿਆ ਜਿਵੇਂ ਨੈਲਸਨ ਮੰਡੇਲਾ ਅਫ਼ਰੀਕਾ ਦੀ ਨਸਲਵਾਦ ਵਿਰੋਧੀ ਮੁਹਿੰਮ ਦਾ ਚਿਹਰਾ ਸਨ। ਕੀ ਨੈਲਸਨ ਮੰਡੇਲਾ ਇਕੱਲੇ ਹੀ ਅਫ਼ਰੀਕਾ ਵਿਚ ਗੋਰਿਆਂ ਦੇ ਰਾਜ ਦਾ ਵਿਰੋਧ ਕਰਨ ਵਾਲੇ ਸਨ?
ਨਹੀਂ ਪਰ ਹਮੇਸ਼ਾ ਇਕ ਚਿਹਰਾ ਹੀ ਸਾਰੀ ਮੁਹਿੰਮ ਦੀ ਹਾਰ ਜਾਂ ਜਿੱਤ ਦਾ ਤਾਜ ਅਪਣੇ ਸਿਰ ਰਖਵਾ ਸਕਦਾ ਹੈ। ਹਿਟਲਰ ਵੀ ਇਕੱਲਾ ਨਹੀਂ ਸੀ ਪਰ ਉਸ ਦੇ ਸਾਥੀਆਂ ਵਿਚੋਂ ਕਿਸੇ ਹੋਰ ਦਾ ਨਾਮ ਤੁਸੀਂ ਯਾਦ ਨਹੀਂ ਕਰ ਸਕੋਗੇ। ਘੱਟ ਗਿਣਤੀਆਂ ਦੇ ਲੀਡਰਾਂ ਨੇ ਕਾਂਗਰਸ ਨਾਲ ਭਾਈਵਾਲੀ ਪਾ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਅੱਗੇ ਹੋ ਕੇ ਲੜੀ ਪਰ ਮੁਹੰਮਦ ਅਲੀ ਜਿਨਾਹ ਦਾ ਨਾਂ ਨਫ਼ਰਤ ਨਾਲ ਲਿਆ ਜਾਂਦਾ ਹੈ, ਸਿੱਖਾਂ ਦੇ ਲੀਡਰ ਮਾ. ਤਾਰਾ ਸਿੰਘ ਦਾ ਨਾਂ ਲਿਆ ਵੀ ਨਹੀਂ ਜਾਂਦਾ
ਹਾਲਾਂਕਿ ਅਪਣੀ ਕੌਮ ਲਈ ਲੜਦੇ ਹੋਏ, ਉਹ ਦੇਸ਼ ਦੀ ਲੜਾਈ ਵਿਚ ਕਿਸੇ ਤੋਂ ਪਿੱਛੇ ਨਹੀਂ ਸਨ। ਅੱਜ ਨਾਮਾਲੂਮ ਆਗੂਆਂ ਦੇ ਨਾਂ ਕੌਮੀ ਸੰਪਤੀ ਉਤੇ ਜੜੇ ਜਾ ਰਹੇ ਹਨ ਪਰ ਘੱਟ ਗਿਣਤੀ ਲੀਡਰਾਂ ਦਾ ਜ਼ਿਕਰ ਵੀ ਨਹੀਂ ਕੀਤਾ ਜਾਂਦਾ। ਭਗਤ ਸਿੰਘ ਦਾ ਜ਼ਿਕਰ ਵੀ ਕੇਵਲ ਇਸ ਲਈ ਕੀਤਾ ਜਾਂਦਾ ਹੈ ਕਿ ਉਨ੍ਹਾਂ ਦਾ ਪ੍ਰਵਾਰ ਅੱਧਾ ਸਿੱਖ ਤੇ ਅੱਧਾ ਆਰੀਆ ਸਮਾਜੀ ਸੀ। ਪਰ ਜਦ ਗਾਂਧੀ ਨੂੰ ਅੱਗੇ ਰਖਣ ਦੀ ਨਰਾਜ਼ਗੀ ਤੇ ਬੋਸ ਦੇ ਕਿਰਦਾਰ ਨੂੰ ਸਮਝਣ ਵਾਸਤੇ ਇਤਿਹਾਸ ਦੇ ਪੰਨੇ ਫਰੋਲੇ ਤਾਂ ਬੜੇ ਅਜੀਬ ਤੱਥ ਸਾਹਮਣੇ ਆਏ। ਮਹਾਤਮਾ ਨੂੰ ‘ਦੇਸ਼ ਦੇ ਪਿਤਾ’ ਦਾ ਖ਼ਿਤਾਬ ਪਹਿਲੀ ਵਾਰ ਦੇਣ ਵਾਲੇ ਸੁਭਾਸ਼ ਚੰਦਰ ਬੋਸ ਹੀ ਸਨ।
ਬੋਸ ਭਾਵੇਂ ਗਾਂਧੀ ਦੇ ਅਹਿਸੰਕ ਤਰੀਕੇ ਨਾਲ ਸਹਿਮਤ ਨਹੀਂ ਸਨ ਪਰ ਉਹ ਅਪਣੇ ਅੰਦਰ ਆਜ਼ਾਦੀ ਦੀ ਅੱਗ ਬਲਣ ਦਾ ਮਾਣ ਗਾਂਧੀ ਨੂੰ ਹੀ ਦਿੰਦੇ ਸਨ ਤੇ ਅਪਣੀ ਫ਼ੌਜ ਦੀ ਇਕ ਟੁਕੜੀ ਦਾ ਨਾਮ ਗਾਂਧੀ ਰਖਿਆ ਸੀ। ਦੋਹਾਂ ਵਿਚ ਪਿਆਰ ਦਾ ਡੂੰਘਾ ਰਿਸ਼ਤਾ ਸੀ ਤੇ ਇਕ ਦੂਜੇ ਦੇ ਸੁੱਖ ਦੁੱਖ ਵਿਚ ਸ਼ਾਮਲ ਹੁੰਦੇ ਸਨ। ਆਜ਼ਾਦੀ ਤੋਂ ਬਾਅਦ ਨਹਿਰੂ ਨੇ ਜ਼ਬਰਦਸਤੀ ਬਾਬਾ ਸਾਹਿਬ ਨੂੰ ਸੰਵਿਧਾਨ ਬਣਾਉੁਣ ਦੀ ਜ਼ਿੰਮੇਦਾਰੀ ਦਿਤੀ। ਇਹੋ ਜਿਹੇ ਅਨੇਕਾਂ ਦੀਆਂ ਕਹਾਣੀਆਂ ਹਨ ਜੋ ਸਾਰੇ ਆਗੂਆਂ ਵਿਚਕਾਰ ਦੇ ਰਿਸ਼ਤਿਆਂ ਨੂੰ ਦਰਸਾਉਂਦੀਆਂ ਹਨ ਤੇ ਦਸਦੀਆਂ ਹਨ ਕਿ ਉਹ ਦੇਸ਼ ਨੂੰ ਅੱਗੇ ਵਧਾਉਣ ਦੀ ਖ਼ਾਤਰ ਅਪਣੇ ਵਖਰੇ ਤਰੀਕਿਆਂ ਨੂੰ ਅਪਣੇ ਵਿਚਕਾਰ ਕੰਧ ਨਹੀਂ ਬਣਨ ਦਿੰਦੇ ਸਨ। ਉਨ੍ਹਾਂ ਸਾਹਮਣੇ ਇਕੋ ਮਕਸਦ ਸੀ, ਭਾਰਤ ਦੀ ਆਜ਼ਾਦੀ ਤੇ ਫਿਰ ਇਸ ਦੀ ਸਫ਼ਲਤਾ।
ਅੱਜ ਉਹ ਸੋਚ ਮਰ ਰਹੀ ਹੈ। ਅੱਜ ਸੱਭ ਨੂੰ ਜਾਪਦਾ ਹੈ ਕਿ ਮੈਂ ਹੀ ਦੇਸ਼ ਵਾਸਤੇ ਠੀਕ ਹਾਂ ਤੇ ਮੇਰਾ ਹੀ ਸੱਤਾ ਵਿਚ ਰਹਿਣਾ ਜ਼ਰੂਰੀ ਹੈ ਜਿਸ ਵਾਸਤੇ ਮੈਂ ਅਪਣੀ ਸੋਚ ਸਮੇਂ ਸਮੇਂ ਤੇ ਬਦਲ ਵੀ ਸਕਦਾ ਹਾਂ। ਕਦੇ ਕੋਈ ਸਿਆਸਤਦਾਨ ਕਾਂਗਰਸ ਦੀ ਧਰਮ ਨਿਰਪੱਖਤਾ ਦਾ ਹਿੰਸਾ ਬਣ ਜਾਂਦਾ ਹੈ ਤੇ ਕਦੇ ਭਾਜਪਾ ਦੇ ਹਿੰਦੂਤਵ ਦਾ। ਪਰ ਕਸੂਰ ਉਨ੍ਹਾਂ ਦਾ ਵੀ ਨਹੀਂ ਕਿਉਂਕਿ ਉਨ੍ਹਾਂ ਨੂੰ ਦਿਲ ਤਬਦੀਲੀ ਦਾ ਮੁਨਾਸਬ ਮੁਆਵਜ਼ਾ ਵੀ ਨਾਲੋ ਨਾਲ ਮਿਲ ਜਾਂਦਾ ਹੈ ਤੇ ਠੀਕ ਹੀ, ਉਹ ਸੱਤਾ ਨੂੰ ਸੌਦਾ ਸਮਝਣ ਲਗਦੇ ਹਨ।
ਕਸੂਰ ਜੇ ਕਿਸੇ ਦਾ ਹੈ ਤਾਂ ਸਾਡਾ ਸਾਰਿਆਂ ਦਾ। ਨਾ ਅਸੀਂ ਗਾਂਧੀ ਨੂੰ ਅਪਣਾ ਕੁੱਝ ਮੰਨਦੇ ਰਹੇ ਤੇ ਨਾ ਨਹਿਰੂ ਨੂੰ, ਨਾ ਭਗਤ ਸਿੰਘ ਨੂੰ, ਨਾ ਬੋਸ, ਨਾ ਬਾਬਾ ਸਾਹਿਬ ਅੰਬੇਡਕਰ ਦਾ ਸਤਿਕਾਰ ਕਰਦੇ ਹਾਂ। ਇਨ੍ਹਾਂ ਸਾਰਿਆਂ ਨੇ ਸਾਨੂੰ ਆਜ਼ਾਦੀ ਦਿਤੀ ਪਰ ਅਸੀਂ ਉਸ ਆਜ਼ਾਦੀ ਦੀ ਮਹੱਤਤਾ ਨਹੀਂ ਸਮਝਦੇ। ਸਾਡੀ ਆਜ਼ਾਦੀ ਵਾਸਤੇ ਇਨ੍ਹਾਂ ਸੱਭ ਨੇ ਅਪਣੇ ਅਪਣੇ ਤਰੀਕੇ ਨਾਲ ਯੋਗਦਾਨ ਦਿਤਾ ਤੇ ਅਸੀਂ ਹੁਣ ਅਪਣੇ ਨਿਜੀ ਫ਼ਾਇਦੇ ਵਾਸਤੇ ਇਨ੍ਹਾਂ ਨੂੰ ਅਪਣਾ ਰਹੇ ਹਾਂ।
ਜੇ ਅਸਲ ਵਿਚ ਇਨ੍ਹਾਂ ਦੀਆਂ ਕੁਰਬਾਨੀਆਂ ਦੀ ਕਦਰ ਕਰਦੇ ਤਾਂ ਇਨ੍ਹਾਂ ਅਤੇ ਲੱਖਾਂ ਭਾਰਤੀਆਂ ਦੀਆਂ ਸ਼ਹਾਦਤਾਂ, ਕੁਰਬਾਨੀਆਂ ਦੀ ਕਦਰ ਪਾ ਕੇ ਸੰਵਿਧਾਨ ਨੂੰ ਅਪਣੀ ਸੋਚ ਵਿਚ ਦਰਸਾਉਂਦੇ। ਸਾਡਾ ਮੀਡੀਆ ਪੈਸੇ ਵਾਸਤੇ ਸਿਆਸਤਦਾਨਾਂ ਅੱਗੇ ਝੁਕਦਾ ਹੈ, ਸਾਡੀ ਪੁਲਿਸ ਸਿਆਸਤਦਾਨਾਂ ਦੇ ਇਸ਼ਾਰੇ ’ਤੇ ਸਲੂਟ ਮਾਰਦੀ ਹੈ ਤੇ ਸਾਡੀ ਨਿਆਂਪਾਲਿਕਾ ਦਾ ਹਾਲ ਵੇਖ ਕੇ ਤਾਂ ਅੱਜ ਬਾਬਾ ਸਾਹਿਬ ਕੇ ਬਾਕੀ ਸਾਰੇ ਆਗੂ ਰੋ ਹੀ ਪੈਂਦੇ। ਅਪਣੇ ਆਜ਼ਾਦੀ ਘੁਲਾਟੀਆਂ ਦਾ ਸਤਿਕਾਰ ਕਰਨ ਵਾਲਾ ਤੇ ਅਪਣੇ ਸੰਵਿਧਾਨ ਮੁਤਾਬਕ ਚਲਣ ਦਾ ਸਾਹਸ ਕਰਨ ਵਾਲਾ ਹੀ ਅਸਲ ਦੇਸ਼ ਭਗਤ ਅਖਵਾਉਣ ਦਾ ਹੱਕਦਾਰ ਹੈ। -ਨਿਮਰਤ ਕੌਰ