ਚਿੱਠੀਆਂ : ਐੱਨ.ਆਰ.ਆਈ ਸੱਜਣ ਪੰਜਾਬ ਦੇ ਕੈਂਸਰ ਵਲ ਧਿਆਨ ਦੇਣ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਵਰਤਮਾਨ ਸਮੇਂ ਵਿਚ ਉਹ ਹੁਣ ਪੰਜਾਬੀਆਂ ਦੀ ਲਗਾਤਾਰ ਵਿਗੜਦੀ ਸਿਹਤ ਅਤੇ ਖ਼ਾਸ ਕਰ ਕੇ ਮਾਲਵੇ ਦੇ ਪਿੰਡਾਂ ਵਿਚ ਲਗਾਤਾਰ ਫੈਲਦੇ ਜਾ ਰਹੇ ਕੈਂਸਰ ਵਲ ਧਿਆਨ ਦੇਣ

cancer camp

ਐਨ.ਆਰ.ਆਈ. ਸੱਜਣਾਂ ਨੇ ਪੰਜਾਬ ਦੀ ਤਸਵੀਰ ਨੂੰ ਬਦਲਣ ਲਈ ਪੂਰੀ ਵਾਹ ਲਾਈ ਹੋਈ ਹੈ। ਅਪਣੇ ਪੇਕਿਆਂ ਦੇ ਮੋਹ ਨੂੰ ਸਮਰਪਿਤ ਸੱਜਣਾਂ ਨੇ ਦੁਆਬੇ ਦੇ ਕਈ ਪਿੰਡਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਕੇ ਪੂਰੇ ਦੇਸ਼ ਲਈ 'ਮਾਡਲ ਪਿੰਡ' ਬਣਾਇਆ ਹੈ। ਵਰਤਮਾਨ ਸਮੇਂ ਵਿਚ ਉਹ ਹੁਣ ਪੰਜਾਬੀਆਂ ਦੀ ਲਗਾਤਾਰ ਵਿਗੜਦੀ ਸਿਹਤ ਅਤੇ ਖ਼ਾਸ ਕਰ ਕੇ ਮਾਲਵੇ ਦੇ ਪਿੰਡਾਂ ਵਿਚ ਲਗਾਤਾਰ ਫੈਲਦੇ ਜਾ ਰਹੇ ਕੈਂਸਰ ਵਲ ਧਿਆਨ ਦੇਣ। ਕਈ ਗ਼ਰੀਬ ਪ੍ਰਵਾਰ ਭਾਰੀ ਕੀਮਤਾਂ ਤਾਰ ਕੇ ਇਲਾਜ ਕਰਾਉਣ ਤੋਂ ਤਾਂ ਅਸਮਰੱਥ ਹਨ ਹੀ, ਉਥੇ ਹੀ ਕਈ ਬੱਚੇ ਮਾਂ-ਬਾਪ ਨੂੰ ਗਵਾ ਕੇ ਅਨਾਥ ਹੋ ਰਹੇ ਹਨ ਅਤੇ ਮਾਪੇ ਅਣਕਿਆਸੇ ਢੰਗ ਨਾਲ ਬੇਔਲਾਦੇ। ਸਰਕਾਰਾਂ ਦਾ ਰਵਈਆ ਇਸ ਮਸਲੇ ਵਿਚ ਬੇਹੱਦ ਢਿੱਲਾ ਹੈ। ਵਧੀਆ ਹਸਪਤਾਲਾਂ ਦੀ ਅਣਹੋਂਦ ਇਕ ਵੱਡੀ ਸਮਸਿਆ ਤਾਂ ਹੈ ਹੀ, ਉਥੇ ਹੀ ਮੌਜੂਦਾ ਹਸਪਤਾਲਾਂ ਦੇ ਭਾਰੀ ਖ਼ਰਚੇ, ਮਹਿੰਗੀਆਂ ਦਵਾਈਆਂ ਇਹ ਸੱਭ ਪੰਜਾਬ ਦੇ ਅਕਸ ਨੂੰ ਨਿਰਾਸ਼ਾ ਵਿਚ ਧੱਕ ਰਿਹਾ ਹੈ। ਅਜਿਹੇ ਸਮੇਂ ਵਿਚ ਵਿਦੇਸ਼ੀ ਧਰਤੀ ਉਤੇ ਬੈਠੇ ਪੰਜਾਬੀ ਸੱਜਣ ਹੀ ਪੰਜਾਬ ਲਈ ਇਕ ਅਸਲ ਉਮੀਦ ਦੀ ਕਿਰਨ ਬਣਦੇ ਹਨ। ਅਜਿਹੇ ਵਿਚ ਉਹ ਮਦਦ ਲਈ ਅੱਗੇ ਆਉਣ। ਸਿਹਤ ਦਾ ਮੁੱਦਾ ਮਨੋਰੰਜਨ ਤੋਂ ਕਿਤੇ ਅਹਿਮ ਹੈ, ਇਸ ਲਈ ਮਹਿੰਗੇ ਖੇਡ-ਟੂਰਨਾਮੈਂਟ ਤੇ ਕਲਾਕਾਰਾਂ ਦੇ ਮੇਲੇ ਕਰਵਾਉਣ ਦੀ ਬਜਾਏ ਦਵਾਈਆਂ ਅਤੇ ਹਸਪਤਾਲਾਂ ਦੇ ਸਹੀ ਬੰਦੋਬਸਤ ਲਈ ਰਣਨੀਤੀ ਤਿਆਰ ਕੀਤੀ ਜਾਵੇ। ਪੰਜਾਬ ਵਿਚ ਬਹੁਤ ਜਥੇਬੰਦੀਆਂ ਚੰਗਾ ਕੰਮ ਕਰ ਰਹੀਆਂ ਹਨ, ਉਨ੍ਹਾਂ ਸਾਰਿਆਂ ਨਾਲ ਮਿਲ ਕੇ ਕੈਂਸਰ ਨੂੰ ਠੱਲ੍ਹਣ ਲਈ ਹੰਭਲਾ ਮਾਰਨਾ ਚਾਹੀਦਾ ਹੈ | ਸਹੀ ਸਹੀ ਸਮੇਂ ਤੇ ਮੈਡੀਕਲ ਕੈਂਪ ਲਗਵਾਏ ਜਾਣ |
 ਜਸਪ੍ਰੀਤ ਸਿੰਘ, ਬਠਿੰਡਾ 
ਸੰਪਰਕ : 99988-646091