ਨਿਕੀਆਂ ਲਾਪ੍ਰਵਾਹੀਆਂ, ਵੱਡੇ ਸੜਕ ਹਾਦਸੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸੜਕ ਹਾਦਸਾ ਜਾਂ ਐਕਸੀਡੈਂਟ ਦਾ ਨਾਂ ਸੁਣਦਿਆਂ ਹੀ ਹਰ ਕਿਸੇ ਦੀਆਂ ਧੜਕਣਾਂ ਤੇਜ਼ ਜ਼ਰੂਰ ਹੋ ਜਾਂਦੀਆਂ ਹਨ

Accident

ਸੜਕ ਹਾਦਸਾ ਜਾਂ ਐਕਸੀਡੈਂਟ ਸ਼ਬਦ ਅੱਜ ਕਿਸੇ ਲਈ ਨਵਾਂ ਨਹੀਂ ਹੈ। ਪਰ ਇਸ ਦਾ ਨਾਂ ਸੁਣਦਿਆਂ ਹੀ ਹਰ ਕਿਸੇ ਦੀਆਂ ਧੜਕਣਾਂ ਤੇਜ਼ ਜ਼ਰੂਰ ਹੋ ਜਾਂਦੀਆਂ ਹਨ ਕਿਉਂਕਿ ਸਾਡੇ ਦੇਸ਼ ਦੀਆਂ ਸੜਕਾਂ ਉਤੇ ਦਿਨੋ-ਦਿਨ ਹਾਲਾਤ ਇਹੋ ਜਿਹੇ ਬਣ ਰਹੇ ਹਨ ਕਿ ਘਰੋਂ ਨਿਕਲੇ ਵਿਅਕਤੀ ਦਾ ਸਹੀ-ਸਲਾਮਤ ਘਰ ਪਰਤਣ ਦਾ ਭਰੋਸਾ ਲਗਾਤਾਰ ਖੁਰਦਾ ਜਾ ਰਿਹਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਹਾਦਸਿਆਂ ਅਤੇ ਇਨ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਸਾਲ ਦਰ ਸਾਲ ਵੱਧ ਰਹੀ ਹੈ ਅਤੇ ਦੇਸ਼ ਦੀ 'ਮੈਨ ਪਾਵਰ' ਰੂਪੀ ਵੱਡੀ ਸ਼ਕਤੀ ਅਜਾਈਂ ਜਾ ਰਹੀ ਹੈ।ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਦੇ ਟਰਾਂਸਪੋਰਟ ਰੀਸਰਚ ਵਿੰਗ ਵਲੋਂ ਹਾਲ ਹੀ ਵਿਚ ਜਾਰੀ ਰੀਪੋਰਟ ਅਨੁਸਾਰ ਸਾਲ 2015 ਵਿਚ ਦੇਸ਼ ਵਿਚ ਕੁਲ 5,01,423 ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿਚ 1,46,133 ਲੋਕ ਮੌਤ ਦੇ ਮੂੰਹ ਵਿਚ ਜਾ ਪਏ। ਸਾਲ 2016 ਵਿਚ ਹਾਦਸਿਆਂ ਦੀ ਗਿਣਤੀ ਵਿਚ ਕੁੱਝ ਕਮੀ ਦਰਜ ਕੀਤੀ ਗਈ ਅਤੇ ਇਹ ਕੁੱਝ ਘਟ ਕੇ 4,80,652 ਤੇ ਆ ਗਈ ਪਰ ਇਨ੍ਹਾਂ ਹਾਦਸਿਆਂ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਵੱਧ ਕੇ 1,50,785 ਹੋ ਗਈ। ਭਾਵ ਹਰ ਰੋਜ਼ ਔਸਤਨ 413 ਅਤੇ ਹਰ ਘੰਟੇ 17 ਮੌਤਾਂ। ਉਥੇ ਪਿਛਲੇ 2017 ਦੇ ਜਨਵਰੀ ਤੋਂ ਜੁਲਾਈ ਤਕ ਹੀ 2,36,548 ਹਾਦਸੇ ਵਾਪਰੇ ਜਿਨ੍ਹਾਂ ਕਾਰਨ 75,583 ਲੋਕਾਂ ਦੀ ਜ਼ਿੰਦਗੀ ਦਾ ਅੰਤ ਸੜਕਾਂ ਉਤੇ ਹੀ ਹੋ ਗਿਆ।

2016 ਵਿਚ ਸੜਕ ਹਾਦਸਿਆਂ ਵਿਚ ਜਾਨ ਗੁਆਉਣ ਵਾਲਿਆਂ ਵਿਚ 46.3 ਫ਼ੀ ਸਦੀ ਲੋਕ 18 ਤੋਂ 35 ਸਾਲ ਦੇ ਉਹ ਨੌਜਵਾਨ ਸਨ, ਜੋ ਕਿਸੇ ਦੇਸ਼ ਦੀ ਅਸਲ ਪੂੰਜੀ ਹੁੰਦੀ ਹੈ। ਇਨ੍ਹਾਂ ਹਾਦਸਿਆਂ ਵਿਚ ਸੱਭ ਤੋਂ ਵੱਧ ਜਾਨੀ ਨੁਕਸਾਨ ਉੱਤਰ-ਪ੍ਰਦੇਸ਼ ਅਤੇ ਤਾਮਿਲਨਾਡੂ ਦਾ ਹੋਇਆ। ਇਸੇ ਰੀਪੋਰਟ ਅਨੁਸਾਰ ਇਨ੍ਹਾਂ ਵਿਚੋਂ 34.5 ਫ਼ੀ ਸਦੀ ਲੋਕ ਨੈਸ਼ਨਲ ਹਾਈਵੇਜ਼ ਉਤੇ, 29.7 ਫ਼ੀ ਸਦੀ ਸਟੇਟ ਹਾਈਵੇਜ਼ ਉਤੇ ਅਤੇ 37.6 ਫ਼ੀ ਸਦੀ ਲੋਕ ਦੂਜੀਆਂ ਲਿੰਕ ਸੜਕਾਂ ਉਤੇ ਹਾਦਸਿਆਂ ਦਾ ਸ਼ਿਕਾਰ ਹੋ ਕੇ ਮਾਰੇ ਗਏ। ਹਾਈਵੇਜ਼ ਦੇ ਮੁਕਾਬਲੇ ਲਿੰਕ ਸੜਕਾਂ ਉਤੇ ਵਧੇਰੇ ਜਾਨੀ ਨੁਕਸਾਨ ਸੱਚਮੁਚ ਇਕ ਚਿੰਤਾ ਦਾ ਵਿਸ਼ਾ ਹੈ।
ਜੇਕਰ ਇਨ੍ਹਾਂ ਡੇਢ ਲੱਖ ਤੋਂ ਵਧੇਰੇ ਜਾਨ ਗਵਾਉਣ ਵਾਲੇ ਲੋਕਾਂ ਦੇ ਹਾਦਸਿਆਂ ਵੇਲੇ ਵਾਹਨਾਂ ਦੀ ਗੱਲ ਕਰੀਏ ਤਾਂ ਰੀਪੋਰਟ ਪ੍ਰਗਟਾਵਾ ਕਰਦੀ ਹੈ ਕਿ 33.8 ਫ਼ੀ ਸਦੀ ਹਾਦਸੇ ਦੋ-ਪਹੀਆ ਵਾਹਨਾਂ ਨਾਲ ਵਾਪਰੇ ਜਦਕਿ 23.6 ਫ਼ੀ ਸਦੀ ਹਾਦਸੇ ਕਾਰ, ਜੀਪ ਅਤੇ ਟੈਕਸੀ ਨਾਲ। 21 ਫ਼ੀ ਸਦੀ ਹਾਦਸੇ ਟਰੱਕ, ਟੈਂਪੂ ਅਤੇ ਟਰੈਕਟਰ ਵਰਗੇ ਵਾਹਨਾਂ ਨਾਲ, 7.8 ਫ਼ੀ ਸਦੀ ਬੱਸਾਂ ਨਾਲ, 6.5 ਫ਼ੀ ਸਦੀ ਆਟੋ-ਰਿਕਸ਼ਾ ਨਾਲ ਅਤੇ 2.8 ਫ਼ੀ ਸਦੀ ਹਾਦਸੇ ਹੋਰ ਵਾਹਨਾਂ ਨਾਲ ਵਾਪਰੇ।
ਦੂਜੇ ਪਾਸੇ ਜੇਕਰ ਅਪਣੇ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤੀ ਤਸੱਲੀਬਖ਼ਸ਼ ਤਸਵੀਰ ਸਾਹਮਣੇ ਨਹੀਂ ਆਉਂਦੀ। ਇਨ੍ਹਾਂ ਅੰਕੜਿਆਂ ਅਨੁਸਾਰ ਪੰਜਾਬ ਵਿਚ ਵਾਪਰਦੇ ਸੜਕ ਹਾਦਸਿਆਂ ਵਿਚ ਰੋਜ਼ਾਨਾ ਔਸਤਨ 14 ਲੋਕ ਅਪਣੀ ਜਾਨ ਗੁਆ ਰਹੇ ਹਨ ਅਤੇ ਹਰ ਤੀਜਾ ਹਾਦਸਾ ਕੋਈ ਨਾ ਕੋਈ ਜਾਨ ਲੈ ਲੈਂਦਾ ਹੈ। ਥੋੜਾ ਡੂੰਘਾਈ ਨਾਲ ਸੋਚਣ ਤੇ ਹੀ ਇਹ ਗੱਲ ਲਗਭਗ ਸਾਫ਼ ਹੋ ਜਾਂਦੀ ਹੈ ਕਿ ਬਹੁਤੇ ਹਾਦਸਿਆਂ ਲਈ ਕਿਸੇ ਨਾ ਕਿਸੇ ਤਰ੍ਹਾਂ ਅਸੀ ਖ਼ੁਦ ਵੀ ਜ਼ਿੰਮੇਵਾਰ ਹੁੰਦੇ ਹਾਂ। ਅਸੀ ਕੋਈ ਵਾਹਨ ਲੈ ਕੇ ਸੜਕ ਉਤੇ ਆਉਣ ਤੋਂ ਪਹਿਲਾਂ ਟ੍ਰੈਫ਼ਿਕ ਨਿਯਮਾਂ ਅਤੇ ਸਬੰਧਤ ਵਾਹਨ ਨੂੰ ਚਲਾਉਣ ਬਾਰੇ ਪੂਰੀ ਜਾਣਕਾਰੀ ਲੈਣਾ ਜ਼ਰੂਰੀ ਨਹੀਂ ਸਮਝਦੇ ਸਗੋਂ ਖ਼ੁਦ ਹੀ ਤਜਰਬੇ ਕਰ ਕਰ ਕੇ ਸਿਖਣ ਨੂੰ ਤਰਜੀਹ ਦਿੰਦੇ ਹਾਂ। ਸਾਡਾ ਸਬਰ, ਬੰਦ ਰੇਲਵੇ-ਫ਼ਾਟਕ ਉਤੇ ਪੰਜ ਕੁ ਮਿੰਟ ਖੜਨ ਨਾਲ ਹੀ ਪਤਾ ਲੱਗ ਜਾਂਦਾ ਹੈ। ਸੀਟ-ਬੈਲਟ, ਹੈਲਮੇਟ, ਪ੍ਰਦੂਸ਼ਣ ਅਤੇ ਬੀਮੇ ਸਬੰਧੀ ਨਿਯਮਾਂ ਦੀ ਪਾਲਣਾ ਅਸੀ ਸੁਰੱਖਿਆ ਭਾਵਨਾ ਤੋਂ ਘੱਟ ਅਤੇ ਚਲਾਨ ਹੋਣ ਦੇ ਡਰੋਂ ਵਧੇਰੇ ਕਰਦੇ ਹਾਂ।ਹਰ ਹਾਦਸੇ ਪਿੱਛੇ ਕਿਤੇ ਨਾ ਕਿਤੇ ਮਨੁੱਖੀ ਗ਼ਲਤੀ ਜਾਂ ਲਾਪ੍ਰਵਾਹੀ ਹੀ ਜ਼ਿੰਮੇਵਾਰ ਹੁੰਦੀ ਹੈ, ਇਹ ਚਾਹੇ ਮਰਨ ਵਾਲੇ ਦੀ ਅਪਣੀ ਹੋਵੇ ਜਾਂ ਦੂਜੇ ਦੀ। 2016 ਦੀ ਉਕਤ ਰੀਪੋਰਟ ਦਸਦੀ ਹੈ ਕਿ ਇਨ੍ਹਾਂ ਹਾਦਸਿਆਂ ਵਿਚੋਂ 84 ਫ਼ੀ ਸਦੀ ਹਾਦਸੇ ਡਰਾਈਵਰ ਦੀ ਅਪਣੀ ਗ਼ਲਤੀ ਕਾਰਨ ਵਾਪਰੇ। ਤੇਜ਼ ਰਫ਼ਤਾਰੀ ਕੁਲ ਹਾਦਸਿਆਂ ਵਿਚੋਂ 66.5 ਫ਼ੀ ਸਦੀ ਹਾਦਸਿਆਂ ਦਾ ਕਾਰਨ ਬਣੀ ਜਿਸ ਕਾਰਨ ਇਨ੍ਹਾਂ ਡੇਢ ਲੱਖ ਵਿਚੋਂ 61 ਫ਼ੀ ਸਦੀ, ਜੋ ਤੇਜ਼ ਰਫ਼ਤਾਰ ਦੇ ਸ਼ੌਕੀਨ ਸਨ, ਕਦੇ ਵੀ ਅਪਣੇ ਘਰ ਨਹੀਂ ਪਰਤ ਸਕੇ। ਡਰਾਈਵਰ ਦੇ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਵਿਚ ਹੋਣ ਕਾਰਨ 3.7 ਫ਼ੀ ਸਦੀ ਹਾਦਸੇ ਵਾਪਰੇ ਜੋ ਕੁਲ ਵਿਚੋਂ 5.11 ਫ਼ੀ ਸਦੀ ਮੌਤਾਂ ਦਾ ਕਾਰਨ ਬਣੇ। ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਹੁਣ ਇਕ ਆਮ ਰੁਝਾਨ ਬਣ ਚੁੱਕਾ ਹੈ। ਇਹ ਚਾਹੇ ਕਾਰ ਜਾਂ ਬੱਸ ਚਾਲਕ ਹੋਵੇ ਜਾਂ ਫਿਰ ਮੋਟਰਸਾਈਕਲ ਸਵਾਰ। ਮੋਬਾਈਲ ਫ਼ੋਨ ਦੀ ਇਹ ਲਾਪ੍ਰਵਾਹੀ ਭਰੀ ਵਰਤੋਂ ਪਿਛਲੇ ਸਾਲ 4976 ਹਾਦਸਿਆਂ ਦਾ ਕਾਰਨ ਬਣੀ ਜਿਨ੍ਹਾਂ ਵਿਚ 2138 ਲੋਕਾਂ ਨੇ ਅਪਣੀ ਜਾਨ ਗਵਾ ਲਈ। ਗੱਡੀਆਂ ਵਿਚ ਵਜ਼ਨ ਲੱਦਣ ਦੀ ਹੱਦ ਮਿਥੀ ਹੋਣ ਦੇ ਬਾਵਜੂਦ ਓਵਰਲੋਡ ਅਤੇ ਅਪਣੀ ਬਾਡੀ ਤੋਂ ਬਾਹਰ ਤਕ ਲੱਦੀਆਂ, ਖ਼ਾਸ ਕਰ ਕੇ ਤੂੜੀ ਅਤੇ ਫੂਸ ਵਾਲੀਆਂ ਗੱਡੀਆਂ/ਟਰਾਲੀਆਂ, ਅਕਸਰ ਵਿਖਾਈ ਪੈਂਦੀਆਂ ਹਨ, ਜੋ ਨਾ ਸਿਰਫ਼ ਦੂਜੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀਆਂ ਹਨ ਸਗੋਂ ਇਨ੍ਹਾਂ ਕਾਰਨ ਕਿਸੇ ਹਾਦਸੇ ਦੇ ਹੋਣ ਦਾ ਡਰ ਵੀ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਗੱਲ ਦੀ ਤਸਦੀਕ ਇਹੀ ਰੀਪੋਰਟ ਕਰਦੀ ਹੈ ਜਿਸ ਅਨੁਸਾਰ ਓਵਰਲੋਡ ਗੱਡੀਆਂ ਕੁਲ ਹਾਦਸਿਆਂ ਵਿਚੋਂ 12.8 ਫ਼ੀ ਸਦੀ ਹਾਦਸਿਆਂ ਅਤੇ 14.1 ਫ਼ੀ ਸਦੀ ਮੌਤਾਂ ਦਾ ਕਾਰਨ ਬਣੀਆਂ।

ਸਾਡੇ ਵਿਚੋਂ ਬਹੁਤਿਆਂ ਵਲੋਂ ਜਾਣੇ-ਅਣਜਾਣੇ ਅਕਸਰ ਬਹੁਤ ਸਾਰੀਆਂ ਅਜਿਹੀਆਂ ਲਾਪ੍ਰਵਾਹੀਆਂ ਅਤੇ ਕੁਤਾਹੀਆਂ ਕੀਤੀਆਂ ਜਾਂਦੀਆਂ ਹਨ ਜੋ ਜਾਂ ਤਾਂ ਸੜਕ ਹਾਦਸਿਆਂ ਦਾ ਕਾਰਨ ਬਣਦੀਆਂ ਹਨ ਜਾਂ ਫਿਰ ਇਹ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ਉਤੇ ਫੈਲ ਰਹੀ ਇਕ ਵੀਡੀਉ ਇਕ ਅਜਿਹੀ ਹੀ ਕੁਤਾਹੀ ਦਾ ਜਿਊਂਦਾ-ਜਾਗਦਾ ਸਬੂਤ ਹੈ। ਸੜਕ ਕਿਨਾਰੇ ਖੜੀ ਇਕ ਕਾਰ ਦੇ ਚਾਲਕ ਨੇ ਬਗ਼ੈਰ ਅੱਗੇ-ਪਿੱਛੇ ਵੇਖਿਆਂ ਤਾਕੀ ਖੋਲ੍ਹ ਦਿਤੀ। ਪਿੱਛੋਂ ਆਉਂਦੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਇਸ ਨਾਲ ਟਕਰਾਅ ਕੇ ਸੜਕ ਉਤੇ ਡਿੱਗ ਗਏ ਅਤੇ ਉਨ੍ਹਾਂ ਦੇ ਪਿੱਛੇ ਆਉਂਦੇ ਟਰੱਕ ਵਲੋਂ ਕੁਚਲ ਦਿਤੇ ਗਏ। ਦੋ ਘਰਾਂ ਦੇ ਇਹ ਇਕਲੌਤੇ ਚਿਰਾਗ਼ ਕਿਸੇ ਦੂਜੇ ਦੀ ਨਿੱਕੀ ਜਿਹੀ ਗ਼ਲਤੀ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ।ਰੋਜ਼ਾਨਾ ਵਾਪਰਦੇ ਹਾਦਸਿਆਂ ਵਿਚੋਂ ਕਾਫ਼ੀ ਹਾਦਸੇ ਸੜਕ ਕਿਨਾਰੇ ਖੜੇ ਕਿਸੇ ਟਰੱਕ ਜਾਂ ਹੋਰ ਭਾਰੀ ਵਾਹਨ ਦੇ ਪਿੱਛੇ ਟਕਰਾਉਣ ਕਾਰਨ ਵਾਪਰਦੇ ਹਨ। ਅਜਿਹੇ ਵਾਹਨ ਆਮ ਕਰ ਕੇ ਬਗ਼ੈਰ ਪਾਰਕਿੰਗ ਲਾਈਟਾਂ ਤੋਂ ਸੜਕ ਉਤੇ ਖੜੇ ਹੁੰਦੇ ਹਨ, ਜਿਸ ਕਾਰਨ ਪਿੱਛੋਂ ਆ ਰਹੀ ਗੱਡੀ ਦੇ ਚਾਲਕ ਨੂੰ ਅੰਤ ਤਕ ਇਹ ਅੰਦਾਜ਼ਾ ਨਹੀਂ ਲਗਦਾ ਕਿ ਉਹ ਵਾਹਨ ਖੜਾ ਹੈ ਜਾਂ ਚੱਲ ਰਿਹਾ ਹੈ ਅਤੇ ਪਿੱਛੇ ਟਕਰਾਅ ਜਾਂਦਾ ਹੈ। ਇਹ ਨਿੱਕੀ ਜਿਹੀ ਕੁਤਾਹੀ ਹਰ ਸਾਲ ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਉਤੇ ਭਾਰੂ ਪੈਂਦੀ ਹੈ। ਇਹੀ ਨਹੀਂ, ਸਾਡੇ ਵਿਚੋਂ ਬਹੁਤੇ ਲੋਕਾਂ ਨੂੰ ਬਰੇਕਾਂ ਨਾਲ ਜਗਦੀ ਪਿਛਲੀ ਲਾਈਟ ਦਾ ਮਹੱਤਵ  ਹੀ ਨਹੀਂ ਪਤਾ ਹੋਣਾ। ਇਸ ਗੱਲ ਦਾ ਸਬੂਤ ਵੱਡੀ ਗਿਣਤੀ ਵਿਚ ਵਾਹਨਾਂ ਦੀਆਂ ਟੁੱਟੀਆਂ-ਫੁੱਟੀਆਂ ਅਤੇ ਖ਼ਰਾਬ ਲਾਈਟਾਂ ਤੋਂ ਮਿਲਦਾ ਹੈ। ਅਜਿਹੇ ਵਾਹਨ ਵਲੋਂ ਅਚਾਨਕ ਬਰੇਕ ਲਾਉਣ ਤੇ ਪਿਛਲੀ ਗੱਡੀ ਨੂੰ ਉਸ ਦੀ ਰਫ਼ਤਾਰ ਘੱਟ ਹੋਣ ਜਾਂ ਰੁਕਣ ਦਾ ਪਤਾ ਹੀ ਨਹੀਂ ਲਗਦਾ ਅਤੇ ਉਹ ਗੱਡੀ ਉਸ ਰੁਕੀ ਗੱਡੀ ਦੇ ਪਿੱਛੇ ਆ ਟਕਰਾਉਂਦੀ ਹੈ ਜਿਸ ਨਾਲ ਕੋਈ ਨਾ ਕੋਈ ਭਾਣਾ ਵਾਪਰ ਜਾਂਦਾ ਹੈ। ਇਸ ਤੋਂ ਇਲਾਵਾ ਰਾਤ ਸਮੇਂ ਸੜਕ ਉਤੇ ਚਲਦੇ ਬਹੁਤੇ ਰੇਹੜਿਆਂ, ਰਿਕਸ਼ਿਆਂ ਅਤੇ ਸਾਈਕਲਾਂ ਆਦਿ ਨੂੰ ਬਿਨਾਂ ਰਿਫ਼ਲੈਕਟਰ ਤੋਂ ਆਮ ਹੀ ਵੇਖਿਆ ਜਾ ਸਕਦਾ ਹੈ ਜੋ ਸਿੱਧੇ ਤੌਰ ਤੇ ਖ਼ੁਦ ਮੌਤ ਨੂੰ ਬੁਲਾਵੇ ਦੇ ਬਰਾਬਰ ਹੈ।

ਇਕ ਹੋਰ ਕੁਤਾਹੀ ਜੋ ਅਕਸਰ ਵੇਖਣ ਨੂੰ ਮਿਲਦੀ ਹੈ, ਉਹ ਹੈ ਮੁੜਨ ਵੇਲੇ ਇਸ਼ਾਰਾ ਨਾ ਕਰਨਾ। ਇਹ ਕੁਤਾਹੀ ਆਮ ਕਰ ਕੇ ਸਾਈਕਲ ਜਾਂ ਦੂਜੇ ਦੁਪਹੀਆ ਵਾਹਨਾਂ ਦੇ ਚਾਲਕਾਂ ਵਲੋਂ ਜ਼ਿਆਦਾਤਰ ਕੀਤੀ ਜਾਂਦੀ ਹੈ, ਜੋ ਹੀ ਅਕਸਰ ਜਾਨਲੇਵਾ ਜਾਂ ਕਿਸੇ ਵੱਡੇ ਨੁਕਸਾਨ ਦਾ ਸਬੱਬ ਬਣ ਜਾਂਦੀ ਹੈ। ਇਸ ਤੋਂ ਇਲਾਵਾ ਬਜ਼ਾਰਾਂ ਅਤੇ ਸੜਕਾਂ ਉਤੇ ਇਕ ਹੋਰ ਜੁਗਾੜੂ ਵਾਹਨ 'ਮੋਟਰਸਾਈਕਲ-ਰੇਹੜੀ' ਆਮ ਵਿਖਾਈ ਦਿੰਦੀ ਹੈ, ਜਿਨ੍ਹਾਂ ਉਤੇ ਅਕਸਰ ਸਰੀਆ ਜਾਂ ਪਾਈਪਾਂ ਲੱਦੀਆਂ ਹੁੰਦੀਆਂ ਹਨ, ਜੋ ਪੰਜ-ਪੰਜ ਦਸ-ਦਸ ਫੁੱਟ ਤਕ ਬਾਹਰ ਨਿਕਲੀਆਂ ਹੁੰਦੀਆਂ ਹਨ। ਬਿਨਾਂ ਸ਼ੱਕ ਇਹ ਅਨੇਕਾਂ ਗ਼ਰੀਬਾਂ ਦੀ ਰੋਟੀ ਦਾ ਵਸੀਲਾ ਬਣੀਆਂ ਹੋਈਆਂ ਹਨ ਪਰ ਇਨ੍ਹਾਂ ਦੀ ਇਸ ਤਰ੍ਹਾਂ ਲਾਪ੍ਰਵਾਹੀ ਭਰੀ ਵਰਤੋਂ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਜੋ ਕਦੇ ਵੀ ਕਿਸੇ ਹੋਰ ਦੀ ਜ਼ਿੰਦਗੀ ਲਈ ਖ਼ਤਰਾ ਸਾਬਤ ਹੋਵੇ। ਪਿਛਲੇ ਦਿਨੀਂ ਕੋਟਕਪੂਰੇ ਵਿਚ ਅਜਿਹੇ ਹੀ ਇਕ ਜੁਗਾੜੂ-ਵਾਹਨ ਉਤੇ ਸਵਾਰ ਇਕ ਗ਼ਰੀਬ ਪ੍ਰਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਤਿੰਨ ਮਾਸੂਮ ਬੱਚੇ ਮੌਤ ਦੀ ਭੇਂਟ ਚੜ੍ਹ ਗਏ। ਇਹੀ ਨਹੀਂ, ਕਈ ਵਾਰ ਹੋਏ ਵੱਡੇ ਜਾਨੀ ਨੁਕਸਾਨ ਤੋਂ ਬਾਅਦ ਵੀ ਲੋਕਾਂ ਨੂੰ ਟਰੱਕ, ਟੈਂਪੂ ਅਤੇ ਟਰਾਲੀਆਂ ਭਰ ਕੇ ਧਾਰਮਕ ਯਾਤਰਾਵਾਂ ਉਤੇ ਜਾਂਦੇ ਹੁਣ ਵੀ ਆਮ ਵੇਖਿਆ ਜਾ ਸਕਦਾ ਹੈ। ਭਾਵੇਂ ਕੁੱਝ ਸਮਾਂ ਪਹਿਲਾਂ ਦੇਸ ਦੀ ਸਰਬਉੱਚ ਅਦਾਲਤ ਵਲੋਂ ਅਜਿਹੇ ਮਾਲ ਢੋਣ ਵਾਲੇ ਵਾਹਨਾਂ ਨੂੰ ਲੋਕਾਂ ਲਈ ਸਮੂਹਕ ਸਵਾਰੀ ਦੇ ਤੌਰ ਤੇ ਵਰਤਣ ਤੋਂ ਰੋਕਿਆ ਹੋਇਆ ਹੈ। ਸਾਡੇ ਗ਼ੈਰਜ਼ਿੰਮੇਵਾਰਾਨਾ ਅਤੇ ਲਾਪ੍ਰਵਾਹੀ ਭਰਪੂਰ ਵਰਤਾਰੇ ਦੀ ਝਲਕ ਉਦੋਂ ਵੀ ਮਿਲਦੀ ਹੈ, ਜਦੋਂ ਇਕਪਾਸੜ ਆਵਾਜਾਈ ਵਾਲੀ ਸੜਕ ਉਤੇ ਲੋਕਾਂ ਨੂੰ ਗ਼ਲਤ ਪਾਸੇ ਤੋਂ ਗੱਡੀਆਂ ਲਈ ਆਉਂਦੇ ਵੇਖਿਆ ਜਾਂਦਾ ਹੈ, ਜਿਨ੍ਹਾਂ ਵਿਚ ਕਈ ਵਾਰ ਟਰੱਕ ਵਰਗੀਆਂ ਵੱਡੀਆਂ ਗੱਡੀਆਂ ਵੀ ਹੁੰਦੀਆਂ ਹਨ, ਜੋ ਸੜਕ ਉਤੇ ਥੋੜ੍ਹੀ ਦੂਰ ਪੈਂਦੇ ਕੱਟ ਤੋਂ ਘੁੰਮਣ ਦੀ ਬਜਾਏ ਗ਼ਲਤ ਪਾਸੇ ਤੋਂ ਆਉਂਦੇ-ਜਾਂਦੇ ਹਨ ਅਤੇ ਦੂਜਿਆਂ ਲਈ ਪ੍ਰੇਸ਼ਾਨੀ ਅਤੇ ਖ਼ਤਰਾ ਬਣਦੇ ਹਨ।ਟਰੱਕਾਂ, ਟੈਂਪੂਆਂ ਅਤੇ ਟਰਾਲੀਆਂ ਦੇ ਡਾਲਿਆਂ ਦੇ ਖੁੱਲ੍ਹੇ ਲਟਕਦੇ ਸੰਗਲਨੁਮਾ ਕੁੰਡਿਆਂ ਦੇ ਰੂਪ ਵਿਚ ਇਕ ਹੋਰ ਕੁਤਾਹੀ ਸੜਕਾਂ ਉਤੇ ਅਕਸਰ ਵੇਖੀ ਜਾ ਸਕਦੀ ਹੈ, ਜੋ ਕੋਲੋਂ ਲੰਘਣ ਵਾਲੇ ਕਿਸੇ ਵਿਅਕਤੀ ਲਈ ਕਦੇ ਵੀ ਖ਼ਤਰਾ ਬਣ ਸਕਦੀ ਹੈ। ਇਸੇ ਖ਼ਤਰੇ ਦਾ ਸ਼ਿਕਾਰ ਮੇਰਾ ਇਕ ਨਜ਼ਦੀਕੀ ਉਦੋਂ ਹੋ ਗਿਆ ਜਦੋਂ ਉਹ ਅਜਿਹੀ ਹੀ ਇਕ ਦੁੱਧ ਵਾਲੀ ਗੱਡੀ ਦੇ ਕੋਲੋਂ ਲੰਘਿਆ ਅਤੇ ਉਸ ਦਾ ਖੁੱਲ੍ਹਾ ਲਟਕਦਾ ਕੁੰਡਾ ਉਸ ਦੇ ਸਕੂਟਰ ਦੇ ਹੈਂਡਲ ਵਿਚ ਫੱਸ ਗਿਆ ਅਤੇ ਉਸ ਨੂੰ ਦੂਰ ਤਕ ਧੂਹ ਕੇ ਲੈ ਗਿਆ। ਉਸ ਦਾ ਛੁਟਕਾਰਾ ਉਦੋਂ ਹੋ ਸਕਿਆ ਜਦੋਂ ਸਕੂਟਰ ਦਾ ਹੈਂਡਲ ਟੁੱਟ ਗਿਆ। ਉਸ ਦੀ ਜਾਨ ਤਾਂ ਬੱਚ ਗਈ ਪਰ ਸੱਟਾਂ ਬਹੁਤ ਲੱਗੀਆਂ। ਸਿਤਮ ਦੀ ਗੱਲ ਇਹ ਹੈ ਕਿ ਟੈਂਪੂ ਚਾਲਕ ਰੁਕਿਆ ਤਕ ਨਹੀਂ।ਬੱਸ ਚੜ੍ਹਨ ਲਈ ਸਵਾਰੀਆਂ ਲਈ ਮੁੱਖ ਬੱਸ ਅੱਡੇ ਨੂੰ ਛੱਡ ਕੇ ਬਹੁਤੀਆਂ ਥਾਂਵਾਂ ਤੇ ਢੁਕਵੇਂ ਅਤੇ ਸੁਰੱਖਿਅਤ ਅੱਡਿਆਂ ਦੀ ਅਣਹੋਂਦ ਕਾਰਨ ਅਕਸਰ ਬੱਸਾਂ ਸੜਕਾਂ ਕਿਨਾਰੇ ਖੜ ਕੇ ਹੀ ਸਵਾਰੀਆਂ ਚੁਕਦੀਆਂ ਅਤੇ ਉਤਾਰਦੀਆਂ ਹਨ। ਉਂਜ ਲੋਕਲ ਬੱਸਾਂ ਤਾਂ ਇਕ ਸਵਾਰੀ ਲਈ ਵੀ ਕਿਤੇ ਵੀ ਰੁਕ ਜਾਂਦੀਆਂ ਹਨ। ਇਹ ਲਾਪ੍ਰਵਾਹੀ ਭਰਿਆ ਰੁਝਾਨ ਹੁਣ ਤਕ ਅਨੇਕਾਂ ਹਾਦਸਿਆਂ ਅਤੇ ਮੌਤਾਂ ਦਾ ਕਾਰਨ ਬਣ ਚੁੱਕਾ ਹੈ। ਇਸ ਤੋਂ ਇਲਾਵਾ ਸ਼ਹਿਰਾਂ ਵਿਚ ਬਣੀਆਂ ਟਰੱਕ ਯੂਨੀਅਨਾਂ, ਸ਼ੈਲਰਾਂ ਅਤੇ ਕੰਡਿਆਂ ਨੇੜੇ ਵੱਡੀ ਗਿਣਤੀ ਵਿਚ ਸੜਕ ਕਿਨਾਰੇ ਖੜੇ ਟਰੱਕ ਹਰ ਸਮੇਂ ਹਾਦਸਿਆਂ ਨੂੰ ਸੱਦਾ ਦਿੰਦੇ ਦਿਸਦੇ ਹਨ। ਇਹੀ ਹਾਲਾਤ ਸੜਕਾਂ ਕਿਨਾਰੇ ਸਥਿਤ ਵੱਡੇ ਕਾਰੋਬਾਰੀ ਟਿਕਾਣਿਆਂ ਅੱਗੇ ਵੇਖੇ ਜਾ ਸਕਦੇ ਹਨ, ਜੋ ਆਮ ਲੋਕਾਂ ਲਈ ਟ੍ਰੈਫ਼ਿਕ ਰੁਕਾਵਟ ਦੇ ਨਾਲ ਨਾਲ ਕਿਸੇ ਹਾਦਸੇ ਦਾ ਡਰ ਹਰ ਸਮੇਂ ਬਣੇ ਰਹਿੰਦੇ ਹਨ।

ਉਕਤ ਤੋਂ ਇਲਾਵਾ ਦੋ-ਦੋ ਤਿੰਨ-ਤਿੰਨ ਮੋਟਰਸਾਈਕਲ ਜਾਂ ਸਾਈਕਲ ਸਵਾਰਾਂ ਦੇ ਇਕ-ਦੂਜੇ ਦੇ ਬਰਾਬਰ ਚਲਦੇ ਹੋਏ ਗੱਲਾਂ ਮਾਰਦੇ ਹੋਏ ਸੜਕ ਉਤੇ ਚਲਣਾ, ਅਪਣੇ ਵਾਹਨ ਸੜਕ ਉਤੇ ਹੀ ਰੋਕ ਕੇ ਆਪਸ ਵਿਚ ਗੱਲਾਂ ਵਿਚ ਮਸਰੂਫ਼ ਹੋਣਾ, ਅਪਣੇ ਨਾਬਾਲਗ਼ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਦੇਣਾ, ਰਾਤ ਨੂੰ ਹਾਈ-ਬੀਮ ਕਰ ਕੇ ਗੱਡੀ ਚਲਾਉਣਾ, ਟਰੈਕਟਰਾਂ ਉਤੇ ਵੱਡੇ-ਵੱਡੇ ਬਕਸੇ-ਸਪੀਕਰ ਲਾ ਕੇ ਉਚੀ-ਉਚੀ ਗਾਣੇ ਵਜਾਉਣਾ, ਮੋੜ ਤੋਂ ਅੱਗੇ ਵਾਲੇ ਵਾਹਨ ਨੂੰ ਓਵਰਟੇਕ ਕਰਨਾ, ਮਕਾਨ ਉਸਾਰੀ ਜਾਂ ਸੜਕ ਨਿਰਮਾਣ ਨਾਲ ਸਬੰਧਤ ਸਮੱਗਰੀ ਅਤੇ ਭਾਰੀ ਮਸ਼ੀਨਰੀ ਨੂੰ ਸੜਕ ਉਤੇ ਖੜਾ ਛਡਣਾ ਅਤੇ ਅਪਣੇ 'ਨਕਾਰਾ' ਹੋ ਚੁੱਕੇ ਪਸ਼ੂਆਂ ਨੂੰ ਖੁੱਲ੍ਹੇ ਛੱਡਣ ਆਦਿ ਵਰਗੀਆਂ ਸਾਡੇ ਵਲੋਂ ਹੀ ਕੀਤੀਆਂ ਜਾਂਦੀਆਂ ਅਨੇਕਾਂ ਲਾਪ੍ਰਵਾਹੀਆਂ ਅਤੇ ਗ਼ੈਰ-ਜ਼ਿੰਮੇਵਾਰਾਨਾ ਗਤੀਵਿਧੀਆਂ ਹਨ, ਜੋ ਕਦੇ ਵੀ ਅਤੇ ਕਿਸੇ ਵੀ ਸਮੇਂ ਕਿਸੇ ਗੰਭੀਰ ਹਾਦਸੇ ਦਾ ਕਾਰਨ ਬਣ ਜਾਂਦੀਆਂ ਹਨ।ਆਲੇ-ਦੁਆਲੇ ਪਾਈਆਂ ਜਾਂਦੀਆਂ ਸਮੱਸਿਆਵਾਂ ਅਤੇ ਘਾਟਾਂ ਦਾ ਨਜ਼ਲਾ ਸਰਕਾਰਾਂ ਉਤੇ ਝਾੜ ਕੇ ਅਸੀ ਅਕਸਰ ਅਪਣੇ-ਆਪ ਨੂੰ ਫਾਰਗ ਕਰ ਲੈਂਦੇ ਹਾਂ। ਬਿਨਾਂ ਸ਼ੱਕ ਉਕਤ ਵਿਚੋਂ ਬਹੁਤੀਆਂ ਸਮੱਸਿਆਵਾਂ ਦੇ ਸਬੰਧ ਵਿਚ ਅਸੀ ਸਰਕਾਰੀ ਤੰਤਰ ਨੂੰ ਪੂਰੀ ਤਰ੍ਹਾਂ ਫ਼ਾਰਗ ਨਹੀਂ ਕਰ ਸਕਦੇ ਅਤੇ ਥੋੜ੍ਹੀ ਜਿਹੀ ਸਖ਼ਤੀ ਨਾਲ ਹੀ ਇਸ ਵਿਚੋਂ ਬਹੁਤਾ ਕੁੱਝ ਠੀਕ ਵੀ ਹੋ ਸਕਦਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਸਾਡੀ ਅਪਣੀ ਕੋਈ ਜ਼ਿੰਮੇਵਾਰੀ ਨਹੀਂ ਅਤੇ ਕੀ ਅਸੀ ਸਿਰਫ਼ ਡੰਡੇ ਦੀ ਭਾਸ਼ਾ ਹੀ ਸਮਝਦੇ ਹਾਂ? ਅਪਣੀ ਜ਼ਿੰਦਗੀ ਦੀ ਕੀਮਤ ਵੀ ਕੀ ਸਾਨੂੰ ਡੰਡੇ ਨਾਲ ਹੀ ਸਮਝ ਆਵੇਗੀ? ਅਸੀ ਅਪਣੇ-ਆਪ ਅਤੇ ਬਾਕੀ ਸਮਾਜ ਲਈ ਇਕ ਜ਼ਿੰਮੇਵਾਰ ਨਾਗਰਿਕ ਅਤੇ ਇਕ ਸੰਵੇਦਨਸ਼ੀਲ ਇਨਸਾਨ ਕਦੋਂ ਬਣਾਂਗੇ? ਕੀ ਸਾਡੇ ਵਿਚ ਅਪਣੇ ਅਤੇ  ਦੂਜਿਆਂ ਨੂੰ ਸੁਰੱਖਿਅਤ ਰੱਖਣ ਦੀ ਵੀ ਸੂਝ ਨਹੀਂ? ਉਂਜ ਵੀ ਅਸੀ ਅਕਸਰ ਅਪਣੇ ਦੇਸ਼ ਅਤੇ ਇਥੇ ਮਿਲਦੀਆਂ ਸਹੂਲਤਾਂ ਦਾ ਮੁਕਾਬਲਾ ਵਿਦੇਸ਼ਾਂ ਨਾਲ ਕਰਦੇ ਨਹੀਂ ਥਕਦੇ, ਸਾਨੂੰ ਉਕਤ ਦੇ ਸਬੰਧ ਵਿਚ ਵੀ ਅਪਣੇ-ਆਪ ਦਾ ਮੁਕਾਬਲਾ ਉਨ੍ਹਾਂ ਦੇਸ਼ਾਂ ਦੇ ਲੋਕਾਂ ਨਾਲ ਜ਼ਰੂਰ ਕਰਨਾ ਚਾਹੀਦਾ ਹੈ।