...ਤੇ ਇੰਜ ਸਾਡੇ ਵਿਦਿਆਰਥੀਆਂ ਨੂੰ ਡੈਸਕ ਮਿਲੇ !

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਉਦੋਂ ਵੇਖਿਆ ਸੀ ਕਿ ਤੁਹਾਡੇ ਸਕੂਲ ਦੀਆਂ ਕੁੱਝ ਜਮਾਤਾਂ ਦੇ ਬੱਚੇ ਡੈਸਕਾਂ ਤੇ ਬੈਠਣ ਦੀ ਬਜਾਏ ਹੇਠਾਂ ਟਾਟਾਂ ਉਤੇ ਬੈਠੇ ਸਨ।

stuidents

ਮੈਂ  ਅਪਣੀ ਜਮਾਤ ਵਿਚ ਪਹਿਲਾ ਪੀਰੀਅਡ ਲਗਾ ਰਿਹਾ ਸੀ ਕਿ ਮੇਰੇ ਫ਼ੋਨ ਦੀ ਘੰਟੀ ਵੱਜੀ। ਵੇਖਿਆ ਤਾਂ ਕਿਸੇ ਅਨਜਾਣ ਨੰਬਰ ਤੋਂ ਕਾਲ ਆ ਰਹੀ ਸੀ। ਫ਼ੋਨ ਚੁਕਿਆ ਤਾਂ ਦੂਜੇ ਪਾਸੇ ਤੋਂ ਬੋਲ ਰਹੇ ਸੱਜਣ ਸ. ਮੋਹਨ ਸਿੰਘ ਕਹਿ ਰਹੇ ਸਨ, ''ਮਾਸਟਰ ਜੀ, ਮੇਰਾ ਭਤੀਜਾ ਅਤੇ ਭਤੀਜੀ ਤੁਹਾਡੇ ਸਕੂਲ ਵਿਚ ਪੜ੍ਹਦੇ ਹਨ। ਪਿਛਲੇ ਸਾਲ ਮੇਰੇ ਭਤੀਜੇ ਨਾਲ ਇਕ ਵੱਡੀ ਜਮਾਤ ਦਾ ਬੱਚਾ ਲੜਦਾ ਸੀ। ਇਸੇ ਸਬੰਧ ਵਿਚ ਉਦੋਂ ਮੈਂ ਤੁਹਾਨੂੰ ਮਿਲਿਆ ਸੀ ਅਤੇ ਤੁਸੀ ਉਹ ਸਾਰਾ ਮਸਲਾ ਸੁਲਝਾ ਕੇ ਅਪਣਾ ਫ਼ੋਨ ਨੰਬਰ ਮੈਨੂੰ ਦਿਤਾ ਸੀ ਕਿ ਫਿਰ ਕੋਈ ਕੰਮ ਹੋਵੇ ਤਾਂ ਸੰਪਰਕ ਕੀਤਾ ਜਾ ਸਕੇ। ਮੈਂ ਉਦੋਂ ਵੇਖਿਆ ਸੀ ਕਿ ਤੁਹਾਡੇ ਸਕੂਲ ਦੀਆਂ ਕੁੱਝ ਜਮਾਤਾਂ ਦੇ ਬੱਚੇ ਡੈਸਕਾਂ ਤੇ ਬੈਠਣ ਦੀ ਬਜਾਏ ਹੇਠਾਂ ਟਾਟਾਂ ਉਤੇ ਬੈਠੇ ਸਨ। ਮੈਨੂੰ ਬੱਚਿਆਂ ਦਾ ਹੇਠਾਂ ਬੈਠਣਾ ਠੀਕ ਨਾ ਲੱਗਾ ਅਤੇ ਮੈਂ ਸੋਚਣ ਲੱਗਾ ਕਿ ਕੋਈ ਢੰਗ ਲੱਭੇ ਤਾਕਿ ਕੋਈ ਦਾਨੀ ਸੱਜਣ ਤੁਹਾਡੇ ਸਕੂਲ ਨੂੰ ਲੋੜੀਂਦੇ ਡੈਸਕ ਦੇ ਸਕੇ। ਤੁਸੀ ਮੇਰੇ ਭਤੀਜੇ ਨੂੰ ਨਾਲ ਲੈ ਕੇ ਪਿੰਡ ਦੇ ਐਨ.ਆਰ.ਆਈ. ਸ. ਹਰਗੁਰਜੀਤ ਸਿੰਘ ਜੀ ਨੂੰ ਮਿਲੋ, ਹੋ ਸਕਦੈ ਤੁਹਾਡੀ ਡੈਸਕਾਂ ਵਾਲੀ ਲੋੜ ਪੂਰੀ ਹੋ ਜਾਵੇ।''
ਪੀਰੀਅਡ ਮੁੱਕਣ ਤੋਂ ਬਾਅਦ ਮੈਂ ਅਪਣੇ ਪ੍ਰਿੰਸੀਪਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਇਜਾਜ਼ਤ ਲੈਣ ਮਗਰੋਂ ਅਪਣੇ ਇਕ ਹੋਰ ਸਾਥੀ ਅਧਿਆਪਕ ਸ. ਪਰਮਿੰਦਰ ਸਿੰਘ ਨੂੰ ਅਪਣੇ ਨਾਲ ਲੈ ਕੇ ਅਤੇ ਫ਼ੋਨ ਕਰਨ ਵਾਲੇ ਸੱਜਣ ਦੇ ਭਤੀਜੇ ਨੂੰ ਲੈ ਕੇ ਐਨ.ਆਰ.ਆਈ. ਦੀ ਕੋਠੀ ਪੁੱਜੇ। ਉਨ੍ਹਾਂ ਨੂੰ ਮਿਲ ਕੇ ਅਪਣੇ ਸਕੂਲ ਦੀ ਲੋੜ ਬਾਰੇ ਦਸਿਆ ਤਾਂ ਉਨ੍ਹਾਂ ਕਿਹਾ ਕਿ ਅਸੀ ਦੇਰ ਨਾਲ ਆਏ ਹਾਂ ਕਿਉਂਕਿ ਅਗਲੇ ਦਿਨ ਉਨ੍ਹਾਂ ਵਾਪਸ ਕੈਨੇਡਾ ਚਲੇ ਜਾਣਾ ਹੈ। ਮੇਰੇ ਸਾਥੀ ਅਧਿਆਪਕ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀ ਅਗਲੇ ਸਾਲ ਆਉਗੇ ਤਾਂ ਸਾਡੇ ਸਕੂਲ ਦੀ ਡੈਸਕਾਂ ਵਾਲੀ ਮੰਗ ਦਾ ਧਿਆਨ ਰਖਣਾ। ਉਨ੍ਹਾਂ ਦੇ ਦਿਲ ਵਿਚ ਪਤਾ ਨਹੀਂ ਕੀ ਗੱਲ ਆਈ ਕਿ ਉਹ ਕਾਗ਼ਜ਼ ਉਤੇ ਕੁੱਝ ਹਿਸਾਬ ਲਾ ਕੇ ਕਹਿਣ ਲੱਗੇ, ''ਇਕ ਜਮਾਤ ਦੇ ਡੈਸਕਾਂ ਦਾ ਖ਼ਰਚਾ 30 ਹਜ਼ਾਰ ਰੁਪਏ ਦੇ ਲਗਭਗ ਬਣਦਾ ਹੈ। ਤੁਸੀ ਇਹ ਪੈਸੇ ਲੈ ਜਾਉ।'' ਮੇਰੇ ਸਾਥੀ ਅਧਿਆਪਕ ਨੇ ਕਿਹਾ ਕਿ ਅਸੀ ਨਕਦ ਪੈਸੇ ਨਹੀਂ ਲੈ ਸਕਦੇ। ਤੁਸੀ ਕੁੱਝ ਸਮੇਂ ਲਈ ਸਕੂਲ ਆ ਕੇ ਇਹ ਰਕਮ ਪ੍ਰਿੰਸੀਪਲ ਨੂੰ ਆਪ ਦੇ ਆਉ। ਉਨ੍ਹਾਂ ਨੇ ਸਾਡੀ ਗੱਲ ਮੰਨ ਲਈ ਅਤੇ ਅੱਧੇ ਕੁ ਘੰਟੇ ਬਾਅਦ ਸਕੂਲ ਆ ਗਏ। ਪ੍ਰਿੰਸੀਪਲ ਸ. ਤੇਜਿੰਦਰ ਸਿੰਘ ਜੀ ਨੇ ਉਨ੍ਹਾਂ ਨੂੰ ਬੜੇ ਮਾਣ ਨਾਲ ਦਫ਼ਤਰ ਵਿਚ ਬਿਠਾਇਆ ਅਤੇ ਚਾਹ ਪੀਂਦਿਆਂ-ਪੀਂਦਿਆਂ ਉਨ੍ਹਾਂ ਨੂੰ ਸਕੂਲ ਦੇ ਚੱਲ ਰਹੇ ਕਈ ਹੋਰ ਵਿਕਾਸ ਕਾਰਜਾਂ ਦੀ ਜਾਣਕਾਰੀ ਦਿਤੀ ਅਤੇ ਫਿਰ ਉਨ੍ਹਾਂ ਨੂੰ ਲੈ ਕੇ ਸਕੂਲ ਦਾ ਸਾਰਾ ਚੱਕਰ ਲਗਵਾਇਆ। ਉਨ੍ਹਾਂ (ਐਨ.ਆਰ.ਆਈ) ਨੇ ਖ਼ੁਦ ਜਮਾਤਾਂ ਵਿਚ ਜਾ ਕੇ ਵੇਖਿਆ ਕਿ ਬੱਚੇ ਹੇਠਾਂ ਬੈਠੇ ਸਨ। ਕੁੱਲ ਚਾਰ ਜਮਾਤਾਂ ਬਿਨਾਂ ਡੈਸਕਾਂ ਤੋਂ ਸਨ ਕਿਉਂਕਿ ਵੱਡੀਆਂ ਜਮਾਤਾਂ ਦੀ ਗਿਣਤੀ ਵਧਣ ਕਾਰਨ ਛੋਟੀਆਂ ਜਮਾਤਾਂ ਦੇ ਡੈਸਕ ਵੀ ਵੱਡੀਆਂ ਜਮਾਤਾਂ ਨੂੰ ਦਿਤੇ ਗਏ ਸਨ। ਉਹ ਸਾਰਾ ਕੁੱਝ ਵੇਖ ਕੇ ਕਹਿਣ ਲੱਗੇ, ''ਪ੍ਰਿੰਸੀਪਲ ਸਾਬ੍ਹ, ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਤੁਹਾਨੂੰ ਇਕ ਜਮਾਤ ਦੇ ਡੈਸਕਾਂ ਵਾਸਤੇ ਰਕਮ ਦੇਣੀ ਹੈ ਪਰ ਹੁਣ ਮੈਂ ਸੋਚਿਐ ਕਿ ਤੁਹਾਡੀਆਂ ਬਿਨਾਂ ਡੈਸਕਾਂ ਵਾਲੀਆਂ ਚਾਰੇ ਜਮਾਤਾਂ ਨੂੰ ਮੈਂ ਡੈਸਕ ਦਿਵਾਵਾਂਗਾ। ਹਰ ਮਹੀਨੇ ਇਕ ਜਮਾਤ ਦੇ ਡੈਸਕਾਂ ਦੇ ਪੈਸੇ ਮੈਂ ਕੈਨੇਡਾ ਤੋਂ ਤੁਹਾਨੁੰ ਭੇਜਾਂਗਾ। ਤੁਸੀ ਡੈਸਕ ਖ਼ੁਦ ਬਣਵਾ ਲੈਣਾ।'' ਸ. ਹਰਗੁਰਜੀਤ ਸਿੰਘ ਨੇ ਅਪਣਾ ਪੂਰਾ ਵਾਅਦਾ ਨਿਭਾਇਆ ਅਤੇ ਉਨ੍ਹਾਂ ਵਲੋਂ ਭੇਜੀ ਆਰਥਕ ਸਹਾਇਤਾ ਨਾਲ ਸਾਡੀਆਂ ਚਾਰ ਜਮਾਤਾਂ ਨੂੰ ਚਾਰ ਮਹੀਨਿਆਂ ਵਿਚ ਹੀ ਪੂਰੇ ਡੈਸਕ ਮਿਲ ਗਏ। 
ਸਾਰੀ ਘਟਨਾ ਬਾਰੇ ਮੈਂ ਜਦੋਂ ਹੁਣ ਸੋਚਦਾ ਹਾਂ ਕਿ ਜੇ ਉਹ ਸੱਜਣ ਮੈਨੂੰ ਫ਼ੋਨ ਕਰ ਕੇ ਡੈਸਕਾਂ ਦੀ ਪ੍ਰਾਪਤੀ ਦਾ ਰਾਹ ਨਾ ਦਸਦੇ ਤਾਂ ਪਤਾ ਨਹੀਂ ਕਿੰਨਾ ਸਮਾਂ ਸਾਡੇ ਵਿਦਿਆਰਥੀ ਹੇਠਾਂ ਬੈਠ ਕੇ ਪੜ੍ਹਦੇ ਰਹਿੰਦੇ। ਜਦੋਂ ਮੈਂ ਵਿਦਿਆਰਥੀਆਂ ਨੂੰ ਡੈਸਕਾਂ  ਉਤੇ ਬੈਠ ਕੇ ਪੜ੍ਹਦੇ ਵੇਖਦਾ ਹੈ ਤਾਂ ਫ਼ੋਨ ਕਰਨ ਵਾਲੇ ਸੱਜਣ ਅਤੇ ਐਨ.ਆਰ.ਆਈ. ਸੱਜਣ ਦੀ ਸੁਹਿਰਦਤਾ ਦੀ ਭਾਵਨਾ ਅੱਗੇ ਸਿਰ ਝੁਕ ਜਾਂਦਾ ਹੈ |ਅਜਿਹੇ ਸੁਹਿਰਦ ਮਨੁੱਖਾ ਦੇ ਵਡਮੁੱਲੇ ਕਾਰਜਾਂ ਕਾਰਨ ਹੀ ਮਨੁੱਖਤਾ ਦਾ ਭਲਾ ਹੋ ਰਿਹਾ ਹੈ | ਸੁਹਿਰਦਤਾ ਦੀ ਅਜੇਹੀ ਭਾਵਨਾ ਇਕ ਤੰਦਰੁਸਤ ਸਮਾਜ ਦੀ ਨਿਸ਼ਾਨੀ ਹੈ | ਅਜਿਹੇ ਕਾਰਜ ਜਾਰੀ ਰਹਿਣੇ ਚਾਹੀਦੇ ਹਨ | ਅਪਣੇ ਲਈ ਤਾਂ ਸਾਰੇ ਜਿਊਂਦੇ ਹਨ ਪਰ ਦੂਜਿਆਂ ਲਈ ਜਿਊਣਾ ਹੀ ਅਸਲ ਜ਼ਿੰਦਗੀ ਹੈ |
ਸੰਪਰਕ: 94177-50704