Shashi Tharoor Interview: 400 ਪਾਰ ਸਿਰਫ਼ ਇਕ ਸੁਪਨਾ ਹੈ, ਜੋ ਕਦੇ ਪੂਰਾ ਨਹੀਂ ਹੋਵੇਗਾ : ਸ਼ਸ਼ੀ ਥਰੂਰ
ਕਿਹਾ, ਜੂਨ 1984 ਦੇ ਮੁੱਦੇ ਨੂੰ ਵਾਰ-ਵਾਰ ਦੁਹਰਾਉਣਾ ਚੰਗੀ ਗੱਲ ਨਹੀਂ, ਜੇ ਮੈਂ ਉਸ ਵੇਲੇ ਸਰਕਾਰ ਵਿਚ ਹੁੰਦਾ ਤਾਂ ਅਗਲੇ ਦਿਨ ਹੀ ਮੁਆਫ਼ੀ ਮੰਗ ਲੈਂਦਾ
Shashi Tharoor Interview: ਸਾਲ 2024 ਦੀਆਂ ਲੋਕ ਸਭਾ ਚੋਣਾਂ ਅਪਣੇ ਆਖ਼ਰੀ ਪੜਾਅ ਵਲ ਵਧ ਰਹੀਆਂ ਹਨ। ਇਸ ਵਿਚਾਲੇ ਪੰਜਾਬ ਦਾ ਸਿਆਸੀ ਮਾਹੌਲ ਵੀ ਭਖਦਾ ਨਜ਼ਰ ਆ ਰਿਹਾ ਹੈ। ਵੱਖ-ਵੱਖ ਪਾਰਟੀਆਂ ਦੇ ਕੌਮੀ ਆਗੂ ਪੰਜਾਬ ਦੇ ਚੋਣ ਦੰਗਲ ਵਿਚ ਹੁੰਕਾਰ ਭਰਦੇ ਨਜ਼ਰ ਆ ਰਹੇ ਹਨ। ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਉਮੀਦਵਾਰ ਸ਼ਸ਼ੀ ਥਰੂਰ ਵੀ ਪੰਜਾਬ ਪਹੁੰਚੇ ਹਨ। ਇਸ ਦੌਰਾਨ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਸਵਾਲ: ਤੁਸੀਂ ਅਪਣੀਆਂ ਚੋਣਾਂ ਖ਼ਤਮ ਕਰ ਕੇ ਆਏ ਹੋ, ਕੀ ਚੌਥੀ ਵਾਰ ਵੀ ਜਿੱਤ ਹਾਸਲ ਕਰੋਗੇ?
ਜਵਾਬ: ਮੈਨੂੰ ਲਗਦਾ ਹੈ ਕਿ ਜਿੱਤ ਸਾਡੀ ਹੀ ਹੋਵੇਗੀ। ਮੇਰੇ ਹਲਕੇ ਲਈ 26 ਅਪ੍ਰੈਲ ਨੂੰ ਵੋਟਿੰਗ ਹੋਈ ਸੀ, ਉਸ ਤੋਂ ਬਾਅਦ ਕਈ ਥਾਈਂ ਹੋਰਨਾਂ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ। ਹੁਣ ਤਾਂ ਮੈਂ ਅਪਣੇ ਹਲਕੇ ਦੀ ਚੋਣ ਵੀ ਭੁੱਲ ਗਿਆ ਹਾਂ।
ਸਵਾਲ: ਤੁਹਾਡੇ ਬੋਲਣ ਦੇ ਢੰਗ ਨੂੰ ਲੈ ਕੇ ਬਹੁਤ ਕੁੱਝ ਕਿਹਾ ਜਾਂਦਾ ਹੈ। ਅੱਜ ਦੇ ਸਿਆਸਤਦਾਨ ਅਪਣੀਆਂ ਰੈਲੀਆਂ ਵਿਚ ਬਹੁਤ ਕੁੱਝ ਬੋਲ ਜਾਂਦੇ ਹਨ। ਤੁਹਾਡਾ ਬੋਲਣ ਦਾ ਢੰਗ ਉਨ੍ਹਾਂ ਨਾਲੋਂ ਬਹੁਤ ਵਖਰਾ ਹੈ। ਕੀ ਤੁਸੀਂ ਅਪਣੇ ਸੂਬੇ ਵਿਚ ਵੀ ਇਸੇ ਤਰ੍ਹਾਂ ਬੋਲਦੇ ਹੋ?
ਜਵਾਬ: ਮੈਂ ਹਰ ਥਾਂ ਸਰਲ ਭਾਸ਼ਾ ਵਿਚ ਗੱਲ ਕਰਦਾ ਹਾਂ। ਮੈ ਚਾਹੁੰਦਾ ਹਾਂ ਕਿ ਜੋ ਵੀ ਮੈਂ ਬੋਲਾਂ, ਲੋਕ ਉਸ ਨੂੰ ਸਮਝਣ। ਕਈ ਵਾਰ ਮੈਂ ਅੰਗਰੇਜ਼ੀ ਦੇ ਅਜਿਹੇ ਸ਼ਬਦ ਵਰਤ ਲੈਂਦਾ ਹਾਂ, ਜੋ ਸ਼ਾਇਦ ਹਰ ਇਕ ਨੂੰ ਸਮਝ ਨਹੀਂ ਆਉਂਦੇ। ਕਈ ਵਾਰ ਲੋਕਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕੀਤਾ ਅਤੇ ਮੈਂ ਵੀ ਉਸੇ ਮਜ਼ਾਕ ਨਾਲ ਖੇਡਿਆ। ਜੇ ਮੇਰੀ ਗੱਲ ਲੋਕਾਂ ਨੂੰ ਸਮਝ ਹੀ ਨਾ ਆਉਂਦੀ ਤਾਂ ਮੈਂ ਹੁਣ ਤਕ ਚੋਣਾਂ ਕਿਵੇਂ ਜਿੱਤ ਗਿਆ।
ਸਵਾਲ: ਤੁਸੀਂ 400 ਪਾਰ ਨੂੰ ਰੋਕ ਸਕੋਗੇ?
ਜਵਾਬ: 400 ਪਾਰ ਸਿਰਫ਼ ਇਕ ਸੁਪਨਾ ਹੈ। ਮੇਰੇ ਹਿਸਾਬ ਨਾਲ ਭਾਜਪਾ (ਭਾਰਤੀ ਜਨਤਾ ਪਾਰਟੀ) ਲਈ 300 ਪਾਰ ਕਰਨਾ ਵੀ ਅਸੰਭਵ ਹੈ। ਹੁਣ ਸਵਾਲ ਇਹ ਹੈ ਕਿ ਇਹ ਕਿਥੇ ਤਕ ਪਹੁੰਚਣਗੇ, ਇਸ ਨੂੰ ਲੈ ਕੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਦਾਅਵੇ ਹਨ। ਮੈਂ 10-12 ਸੂਬਿਆਂ ਵਿਚ ਪ੍ਰਚਾਰ ਕਰਨ ਤੋਂ ਬਾਅਦ ਇਹ ਕਹਿ ਰਿਹਾ ਹਾਂ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ 2019 ਨਾਲੋਂ ਬਹੁਤ ਹੇਠਾਂ ਰਹਿ ਜਾਵੇਗੀ। 2019 ਵਿਚ ਪੁਲਵਾਮਾ ਅਤੇ ਬਾਲਾਕੋਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਦਿਤੀਆਂ। ਜੇਕਰ ਉਹ ‘ਸੱਭ ਕਾ ਸਾਥ ਸੱਭ ਕਾ ਵਿਕਾਸ’ ਬੋਲ ਕੇ ਦੁਬਾਰਾ ਆਉਂਦੇ ਤਾਂ ਬਹੁਤ ਬੁਰੀ ਤਰ੍ਹਾਂ ਭਾਜਪਾ ਹਾਰ ਜਾਂਦੀ। ਭਾਜਪਾ ਵਲੋਂ ਕੌਮੀ ਸੁਰੱਖਿਆ ਨੂੰ ਚੋਣਾਂ ਵਿਚ ਲਿਆਉਣ ਕਾਰਨ ਹੀ ਉਹ ਜਿੱਤ ਸਕੀ। ਮੈਨੂੰ ਉਮੀਦ ਹੈ ਕਿ ਇਸ ਵਾਰ ਕਈ ਸੂਬਿਆਂ ਵਿਚ ਭਾਜਪਾ ਡਿੱਗਣ ਵਾਲੀ ਹੈ।
ਸਵਾਲ: ‘400 ਪਾਰ’ ਵਰਗੇ ਨਾਹਰੇ ਡਰਾਉਣ ਦਾ ਇਕ ਤਰੀਕਾ ਹੁੰਦੇ ਹਨ, ਸ਼ਾਇਦ ਕਾਂਗਰਸ ਇਹ ਸੁਣ ਕੇ ਹੌਂਸਲਾ ਛੱਡ ਜਾਂਦੀ ਹੈ, ਖ਼ੁਦ ਨੂੰ ਹੀ ‘ਪੱਪੂ’ ਮੰਨ ਲੈਂਦੀ ਹੈ। ਕੀ ਇਸ ਵਾਰ ਕਾਂਗਰਸ ਅਪਣੀ ਤਾਕਤ ਸਮਝ ਸਕੀ ਹੈ?
ਜਵਾਬ: ਬਿਲਕੁਲ, ਭਾਜਪਾ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਵਿਚ ਅਪਣਾ ਪ੍ਰੋਪਗੰਡਾ ਚਲਾਉਂਦੀ ਹੈ। ਜ਼ਮੀਨੀ ਹਕੀਕਤ ਉਤੇ ਨਜ਼ਰ ਮਾਰੀਏ ਤਾਂ ‘ਭਾਰਤ ਜੋੜੋ ਯਾਤਰਾ’ ਤੋਂ ਬਾਅਦ ‘ਪੱਪੂ’ ਵਾਲੀ ਗੱਲ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ। ਇਨ੍ਹਾਂ ਦੋ ਯਾਤਰਾਵਾਂ ਤੋਂ ਬਾਅਦ ਲੋਕਾਂ ਨੂੰ ਰਾਹੁਲ ਗਾਂਧੀ ਦੇ ਭਾਸ਼ਣਾਂ ਵਿਚ ਇਕ ਵਖਰੀ ਕਿਸਮ ਦਾ ਆਗੂ ਦੇਖਣ ਨੂੰ ਮਿਲ ਰਿਹਾ ਹੈ। ਭਾਜਪਾ ਕੋਲ ਪੈਸੇ, ਸੰਗਠਨ, ਸ਼ਕਤੀ, ਆਰ.ਐਸ.ਐਸ. ਹੋਵੇਗਾ ਪਰ ਸਾਡੇ ਕੋਲ ਜਨਤਾ ਹੈ। ਅਸੀਂ ਜਨਤਾ ਦੇ ਨਾਂਅ ਉਤੇ ਹੀ ਵੋਟ ਚਾਹੁੰਦੇ ਹਾਂ।
ਸਵਾਲ: ਜਨਤਾ ਵਿਚ ਡਰ ਵੀ ਫੈਲਾਇਆ ਜਾ ਰਿਹਾ ਹੈ, ਜਿਵੇਂ ਮੰਗਲ ਸੂਤਰ ਜਾਂ ਮੱਝਾਂ ਵਾਲੇ ਬਿਆਨ ਹੀ ਦੇਖ ਲਈਏ। ਤੁਹਾਡੇ ਭਾਸ਼ਣਾਂ ਵਿਚ ਮਿੱਠੀ ਭਾਸ਼ਾ ਵਰਤੀ ਜਾਂਦੀ ਹੈ। ਕੀ ਤੁਹਾਨੂੰ ਲਗਦਾ ਹੈ ਕਿ ਇਸ ਤਾਕਤ ਨੂੰ ਅਜਿਹੀ ਨਰਮ ਭਾਸ਼ਾ ਨਾਲ ਤੋੜਿਆ ਜਾ ਸਕਦਾ ਹੈ?
ਜਵਾਬ: ਕਿਸੇ ਦੇ ਪਿੱਛੇ ਲੱਗ ਕੇ ਅਸੀਂ ਅਪਣੀ ਮਰਿਆਦਾ ਕਿਉਂ ਭੁੱਲੀਏ? ਸਾਡੇ ਆਗੂ ਅਜਿਹੀ ਰਾਜਨੀਤੀ ਕਰਨ ਲਈ ਨਹੀਂ ਆਏ। ਜਨਤਾ ਦੇ ਹਿਤ ਲਈ ਇਕ-ਦੂਜੇ ਨਾਲ ਦੁਰਵਿਵਹਾਰ ਕਰਨ ਦੀ ਲੋੜ ਨਹੀਂ। ਸਾਨੂੰ ਹੈਰਾਨੀ ਹੁੰਦੀ ਹੈ ਕਿ ਇਕ ਪ੍ਰਧਾਨ ਮੰਤਰੀ ਅਜਿਹੇ ਸ਼ਬਦ ਵਰਤ ਰਿਹਾ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵਿਅਕਤੀ ਪ੍ਰਧਾਨ ਮੰਤਰੀ ਦੇ ਅਹੁਦੇ ਉਤੇ ਬੈਠ ਕੇ ‘ਮੁੱਲ੍ਹਾ, ਮੌਲਵੀ, ਮਦਰੱਸਾ, ਮੰਗਲਸੂਤਰ, ਮੁਜਰਾ’ ਵਰਗੇ ਸ਼ਬਦ ਬੋਲੇ, ਉਨ੍ਹਾਂ ਨੇ ਐਮ ਤੋਂ ਸਿਰਫ਼ ਮਹਿੰਗਾਈ ਅਤੇ ਮਣੀਪੁਰ ਨਹੀਂ ਬੋਲਿਆ। ਪ੍ਰਧਾਨ ਮੰਤਰੀ ਅਸਲ ਸਮੱਸਿਆਵਾਂ ਬਾਰੇ ਕੁੱਝ ਨਹੀਂ ਬੋਲਦੇ।
ਸਵਾਲ: ਤੁਹਾਡਾ ਇਕ ਨਾਹਰਾ ਚਲ ਰਿਹਾ ਹੈ ਕਿ ‘ਅਸੀਂ ਲੋਕਤੰਤਰ ਨੂੰ ਬਚਾਉਣਾ ਹੈ’। ਕਿਵੇਂ ਬਚਾਉਗੇ?
ਜਵਾਬ: ਇਸ ਸਰਕਾਰ ਨੇ ਦੇਸ਼ ਵਿਚ ‘ਅਣ-ਐਲਾਨੀ ਐਮਰਜੈਂਸੀ’ ਲਗਾ ਦਿਤੀ ਹੈ। ਸਾਰੀਆਂ ਖ਼ੁਦਮੁਖਤਿਆਰ ਸੰਸਥਾਵਾਂ ਦੀ ਹਾਲਤ ਪਹਿਲਾਂ ਵਰਗੀ ਨਹੀਂ ਰਹੀ। ਸਰਕਾਰੀ ਏਜੰਸੀਆਂ ਜਿਵੇਂ ਸੀ.ਬੀ.ਆਈ., ਈ.ਡੀ., ਆਈ.ਟੀ. ਆਦਿ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ। ਸਿਰਫ਼ ਵਿਰੋਧੀ ਧਿਰਾਂ ਵਿਰੁਧ ਜਾਂਚ ਕਰਵਾਈ ਜਾਂਦੀ ਹੈ। ਜੇਕਰ ਕੋਈ ਵਿਰੋਧੀ ਆਗੂ ਭਾਜਪਾ ਵਿਚ ਸ਼ਾਮਲ ਹੋ ਜਾਂਦਾ ਹੈ ਤਾਂ ਉਸ ਦੀ ਜਾਂਚ ਬੰਦ ਕਰਵਾ ਦਿਤੀ ਜਾਂਦੀ ਹੈ। ਕਾਂਗਰਸ ਦੀ ਵਿਚਾਰਧਾਰਾ ਵਖਰੀ ਹੈ। ਅਸੀਂ ਅਪਣੀ ਸਰਕਾਰ ਵੇਲੇ ਖ਼ੁਦਮੁਖਤਿਆਰ ਸੰਸਥਾਵਾਂ ਨੂੰ ਆਜ਼ਾਦੀ ਦਿਤੀ ਸੀ। ਸਾਡੇ ਦੇਸ਼ ਵਿਚ ਲੋਕ ਡਰ ਰਹੇ ਹਨ। ਅਸੀਂ ਨਹੀਂ ਚਾਹੁੰਦੇ ਕਿ ਦੇਸ਼ ਦੇ ਲੋਕ ਡਰ ਦੇ ਮਾਹੌਲ ਵਿਚ ਰਹਿਣ।
ਸਵਾਲ: ਅੱਜ ਮੀਡੀਆ ਦੇ ਨਾਮ ਨਾਲ ‘ਗੋਦੀ ਮੀਡੀਆ’ ਦਾ ਟੈਗ ਲੱਗ ਗਿਆ ਹੈ। ਸਿਆਸੀ ਪਾਰਟੀਆਂ ਦੇ ਨਾਮ ਉਤੇ ਕੁੱਝ ਪੱਤਰਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ। ਅਸੀਂ ਅਪਣੇ ਮੀਡੀਆ ਨੂੰ ਆਜ਼ਾਦ ਕਿਵੇਂ ਬਣਾਵਾਂਗੇ?
ਜਵਾਬ: ਮੈਂ ਇਸ ਬਾਰੇ ਲਿਖਿਆ ਵੀ ਹੈ। ਮੈਨੂੰ ਲਗਦਾ ਹੈ ਕਿ ਅਸੀਂ ਇਹ ਕਰ ਸਕਾਂਗੇ। ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਅਸਲੀਅਤ ਵਿਚ ਬਹੁਤ ਜ਼ਰੂਰੀ ਹੈ। ਪ੍ਰਗਟਾਵੇ ਦੀ ਆਜ਼ਾਦੀ ਤੋਂ ਬਿਨਾਂ ਲੋਕਤੰਤਰ ਨੂੰ ਬਚਾਇਆ ਨਹੀਂ ਜਾ ਸਕਦਾ। ਲੋਕਤੰਤਰ ਨੂੰ ਲੈ ਕੇ ਹਾਲ ਹੀ ਵਿਚ ਆਈ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਭਾਰਤ ਲੋਕਤੰਤਰ ਦੇਸ਼ ਨਹੀਂ। ਦੇਸ਼ ਦੇ ਲੋਕ ਚੋਣਾਂ ਵਿਚ ਸਰਕਾਰ ਚੁਣਦੇ ਹਨ ਪਰ ਉਸ ਤੋਂ ਬਾਅਦ ਤਾਨਾਸ਼ਾਹੀ ਹੁੰਦੀ ਹੈ।
ਸਵਾਲ: ਤੁਹਾਡੇ ‘ਨਿਆਂ ਪੱਤਰ’ ਵਿਚ ਕਈ ਗਾਰੰਟੀਆਂ ਦਿਤੀਆਂ ਗਈਆਂ ਹਨ, ਇਨ੍ਹਾਂ ਨੂੰ ਪੂਰਾ ਕਰਨ ਲਈ ਪੈਸੇ ਕਿਥੋਂ ਆਉਣਗੇ? ਆਮਦਨ ਕਿਵੇਂ ਵਧੇਗੀ ਕਿਉਂਕਿ ਆਈ.ਐਮ.ਐਫ਼. ਨੇ ਕਿਹਾ ਹੈ ਕਿ ਸਾਡਾ ਕਰਜ਼ਾ ਬਹੁਤ ਜ਼ਿਆਦਾ ਹੋ ਚੁੱਕਾ ਹੈ।
ਜਵਾਬ: ਨਿਆਂ ਪੱਤਰ ਬਣਾਉਣ ਤੋਂ ਪਹਿਲਾਂ ਵਿੱਤੀ ਮਾਹਰਾਂ ਵਲੋਂ ਸਾਰੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਦੇ ਆਧਾਰ ਉਤੇ ਹੀ ਅਸੀਂ ਇਹ ਬੋਲ ਰਹੇ ਹਾਂ। ਮੋਦੀ ਨੇ ਕਿੰਨੇ ਕਰੋੜਪਤੀਆਂ ਨੂੰ ਡਰਾ ਕੇ ਭਜਾ ਦਿਤਾ ਅਤੇ ਉਨ੍ਹਾਂ ਨੇ ਅਪਣੀਆਂ ਕੰਪਨੀਆਂ ਦੁਬਈ, ਸਿੰਗਾਪੁਰ ਵਰਗੇ ਦੇਸ਼ਾਂ ਵਿਚ ਲਗਾ ਦਿਤੀਆਂ। ਜੇਕਰ ਉਨ੍ਹਾਂ ਨੂੰ ਕੰਮ ਕਰਨ ਦੀ ਆਜ਼ਾਦੀ ਮਿਲੇਗੀ ਤਾਂ ਉਹ ਵਾਪਸ ਦੇਸ਼ ਆਉਣਗੇ ਅਤੇ ਸਰਕਾਰ ਦਾ ਮਾਲੀਆ ਵਧੇਗਾ। ਜੋ ਅਸੀਂ ਵਾਅਦੇ ਕੀਤੇ ਉਹ ਜ਼ਰੂਰ ਪੂਰੇ ਕਰਾਂਗੇ ਅਤੇ ਇਹ ਸੰਭਵ ਹੈ। ਜੇਕਰ ਸਾਡੀ ਅਰਥਵਿਵਸਥਾ ਵਧੇਗੀ ਤਾਂ ਮਾਲੀਆ ਵੀ ਵਧੇਗਾ। ਇਸ ਦੀ ਵਰਤੋਂ ਗ਼ਰੀਬਾਂ ਅਤੇ ਲੋੜਵੰਦਾਂ ਲਈ ਕਤੀ ਜਾਵੇਗੀ।
ਸਵਾਲ: ਤੁਸੀਂ ਪੰਜਾਬ ਨੂੰ ਕੀ ਵਿਸ਼ੇਸ਼ ‘ਨਿਆਂ’ ਦੇਣ ਜਾ ਰਹੇ ਹੋ?
ਜਵਾਬ: ਪੰਜਾਬ ਨੂੰ ਬਹੁਤ ਚੀਜ਼ਾਂ ਦੀ ਲੋੜ ਹੈ। ਪੰਜਾਬ ਦੀ ਇੰਡਸਟਰੀ ਘਟਦੀ ਜਾ ਰਹੀ ਹੈ। ਨੌਜਵਾਨ ਵਿਦੇਸ਼ ਜਾ ਰਹੇ ਹਨ ਕਿਉਂਕਿ ਇਥੇ ਰੁਜ਼ਗਾਰ ਨਹੀਂ। ਅਸੀਂ ਔਰਤਾਂ ਦੀ ਆਮਦਨ ਵਧਾਉਣਾ ਚਾਹੁੰਦੇ ਹਾਂ। ਅਜਿਹਾ ਕਰਨ ਨਾਲ ਪੰਜਾਬ ਵਿਚ ਬਦਲਾਅ ਆਵੇਗਾ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਵਿਚ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਵਿਚ ਵਾਧਾ ਹੋਵੇ। ਕਿਸਾਨਾਂ ਲਈ ਵੀ ਅਸੀਂ ਨਿਆਂ ਮੰਗ ਰਹੇ ਹਾਂ। ਇਸ ਵਿਚ ਘੱਟੋ-ਘੱਟ ਸਮਰਥਨ ਮੁੱਲ, ਕਰਜ਼ਾ ਮੁਆਫ਼ੀ ਆਦਿ ਮੰਗਾਂ ਸ਼ਾਮਲ ਹਨ। ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਕਿਸਾਨਾਂ ਲਈ ਕੁੱਝ ਨਹੀਂ ਪਰ ਕਾਂਗਰਸ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਹਨ ਉਹ ਅਸੀਂ ਸਾਰੇ ਪੂਰੇ ਕਰਾਂਗੇ।
ਸਵਾਲ: ਜੂਨ 1984 ਦਾ ਦਰਦ ਸਾਡੇ ਦਿਲ ਵਿਚੋਂ ਨਹੀਂ ਜਾਂਦਾ, ਭਾਵੇਂ ਰਾਹੁਲ ਗਾਂਧੀ ਨੇ ਮੁਆਫ਼ੀ ਮੰਗੀ ਪਰ ਪਾਰਟੀ ਖੁਲ੍ਹ ਕੇ ਕਿਉਂ ਨਹੀਂ ਮੁਆਫ਼ੀ ਮੰਗਦੀ ਕਿਉਂਕਿ ਗ਼ਲਤੀ ਤਾਂ ਹੋਈ ਹੈ?
ਜਵਾਬ: ਪਰ ਰਾਹੁਲ ਗਾਂਧੀ ਦੀ ਤਾਂ ਕੋਈ ਗ਼ਲਤੀ ਨਹੀਂ ਸੀ, ਉਹ ਤਾਂ ਉਦੋਂ ਬੱਚੇ ਸਨ।
ਸਵਾਲ: ਮੈਂ ਰਾਹੁਲ ਗਾਂਧੀ ਦੀ ਨਹੀਂ, ਕਾਂਗਰਸ ਪਾਰਟੀ ਦੀ ਗੱਲ ਕਰਦੀ ਹਾਂ।
ਜਵਾਬ: ਡਾ.ਮਨਮੋਹਨ ਸਿੰਘ ਤੇ ਉਨ੍ਹਾਂ ਦੇ ਪਹਿਲਾਂ ਵਾਲੇ ਨੇਤਾ ਆ ਕੇ ਇਸ ਬਾਰੇ ਬੋਲ ਚੁੱਕੇ ਹਨ।
ਸਵਾਲ: ਜੇ ਪਾਰਟੀਮੈਂਟ ਵਿਚ ਗ਼ਲਤੀ ਮੰਨ ਕੇ ਸਿੱਖਾਂ ਦੇ ਜਖ਼ਮ ਭਰਦੇ ਹਨ ਤਾਂ ਕਿਉਂ ਨਹੀਂ ਮੁਆਫ਼ੀ ਮੰਗਦੇ?
ਜਵਾਬ: ਮੈਨੂੰ ਲਗਦੈ ਇਸ ਦੀ ਜ਼ਰੂਰਤ ਪਹਿਲਾਂ ਸੀ ਤੇ ਇਹ ਹੋ ਗਿਆ। ਵਾਰ-ਵਾਰ ਇਸ ਗੱਲ ਨੂੰ ਦੁਹਰਾਉਣਾ ਚੰਗੀ ਗੱਲ ਨਹੀਂ।
ਸਵਾਲ: ਜਦੋਂ ਇਕ ਭਾਈਚਾਰੇ ’ਤੇ ਏਨਾ ਜ਼ੁਲਮ ਹੋਇਆ ਹੋਵੇ ਤੇ ਉਨ੍ਹਾਂ ਦੇ ਜਖ਼ਮਾਂ ਨੂੰ ਚੰਗੀ ਤਰ੍ਹਾਂ ਠੀਕ ਨਾ ਕੀਤਾ ਗਿਆ ਹੋਵੇ ਤਾਂ ਤੁਹਾਨੂੰ ਨਹੀਂ ਲਗਦਾ ਇਸ ਮੁੱਦੇ ਨੂੰ ਸੁਲਝਾਉਣ ਲਈ ਕੁੱਝ ਖ਼ਾਸ ਕਰਨਾ ਚਾਹੀਦਾ ਹੈ ?
ਜਵਾਬ: ਬਿਲਕੁਲ, ਮੈਂ ਇਸ ਵਿਰੁਧ ਨਹੀਂ ਹਾਂ, ਜੇ ਮੈਂ ਸਰਕਾਰ ਵਿਚ ਹੁੰਦਾ ਤਾਂ ਅਗਲੇ ਦਿਨ ਹੀ 1984 ਦੇ ਦੁਖਾਂਤ ਦੀ ਮੁਆਫ਼ੀ ਮੰਗ ਲੈਂਦਾ।
ਸਵਾਲ: ਸਾਡੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੱਲ ਹੋਣਾ ਚਾਹੀਦੈ ?
ਜਵਾਬ: ਸਾਡੀ ਪੰਜਾਬ ਵਿਚ ਸਰਕਾਰ ਨਹੀਂ।
ਸਵਾਲ: ਜੇ ਤੁਹਾਨੂੰ ਫਿਰ ਤੋਂ ਕਿਤਾਬ ਲਿਖਣੀ ਹੋਵੇ ਕਿ ‘ਭਾਜਪਾ ਨੇ ਭਾਰਤ ਵਿਚ ਕੀ ਕੀਤਾ’, ਤਾਂ ਤੁਸੀਂ ਕੀ ਲਿਖੋਗੇ ?
ਜਵਾਬ: ਮੈਨੂੰ ਬਹੁਤ ਬੁਰਾ ਲਗਦਾ ਹੈ ਕਿ ਭਾਜਪਾ ਨੇ 10 ਸਾਲਾਂ ਵਿਚ ਸਾਡੇ ਦੇਸ਼ ਦੀ ਹਾਲਤ ਨੂੰ ਬਦਲ ਦਿਤਾ ਹੈ। ਭਾਜਪਾ ਜਿੱਤਣ ਲਈ ਸਾਡੇ ਦੇਸ਼ ਨੂੰ ਵੰਡ ਰਹੀ ਹੈ ਜੋ ਭੁੱਲਣਯੋਗ ਨਹੀਂ ਪਰ ਹੁਣ ਵਕਤ ਬਦਲਣ ਦਾ ਸਮਾਂ ਆ ਗਿਆ ਹੈ, 4 ਜੂਨ ਨੂੰ ਨਤੀਜੇ ਸਾਰਾ ਕੁੱਝ ਸਾਫ਼ ਕਰ ਦੇਣਗੇ।
(For more Punjabi news apart from Shashi Tharoor Interview on Rozana Spokesman, stay tuned to Rozana Spokesman)