ਭਾਰਤ-ਪਾਕਿ ਸਬੰਧ ਜਿੰਨੀ ਛੇਤੀ ਸੁਧਰ ਜਾਣਗੇ, ਓਨਾ ਹੀ ਠੀਕ ਨਹੀਂ ਤਾਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਦੀਆਂ ਦੀ ਗ਼ੁਲਾਮੀ ਤੋਂ ਬਾਅਦ ਅਣਗਿਣਤ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ 15 ਅਗੱਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ ਪਰ ਇਸ ਮਾੜੇ ਸਮੇਂ ਦੌਰਾਨ....

Indo-Pak Border

ਸਦੀਆਂ ਦੀ ਗ਼ੁਲਾਮੀ ਤੋਂ ਬਾਅਦ ਅਣਗਿਣਤ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ 15 ਅਗੱਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ ਪਰ ਇਸ ਮਾੜੇ ਸਮੇਂ ਦੌਰਾਨ 7 ਲੱਖ ਪੰਜਾਬੀਆਂ ਨੂੰ ਅਜਾਈਂ ਜਾਨ ਗਵਾਉਣੀ ਪਈ। ਇਹ ਸੱਭ ਅੰਗਰੇਜ਼ ਸ਼ਾਸਕਾਂ ਦੀ ਫੁਟ ਪਾਊ ਨੀਤੀ ਅਤੇ ਸਮੇਂ ਦੇ ਆਗੂਆਂ (ਭਾਰਤੀ) ਦੇ ਕੁਰਸੀ ਮੋਹ ਕਾਰਨ ਵਾਪਰਿਆ।

ਆਜ਼ਾਦੀ ਪ੍ਰਾਪਤੀ ਵਿਚ ਬਰਬਾਦੀ ਤਾਂ ਸੱਭ ਤੋਂ ਵੱਧ ਪੰਜਾਬੀ ਅਤੇ ਬੰਗਾਲੀ ਭਰਾਵਾਂ ਦੀ ਹੋਈ ਪਰ ਸੱਭ ਤੋਂ ਵੱਧ ਲਾਭ ਕੋਈ ਹੋਰ ਹੀ ਲੈ ਗਿਆ। ਪੂਰਬੀ ਪਾਕਿਸਤਾਨ (ਬੰਗਾਲ) ਤੇ ਪਛਮੀ ਪਾਕਿਸਤਾਨ (ਪੰਜਾਬ) ਬਣਾ ਤਾਂ ਦਿਤੇ ਪਰ ਭਾਰਤ ਮਾਤਾ ਦੇ ਤਨ ਤੇ ਟੁਕੜੇ-ਟੁਕੜੇ ਕਰਨ ਤੇ ਕਰਵਾਉਣ ਵਾਲਿਆਂ ਦਾ ਸ਼ਾਇਦ ਕੁੱਝ ਵੀ ਨਹੀਂ ਵਿਗੜਿਆ।

ਇਨ੍ਹਾਂ ਦੋਹਾਂ ਸਟੇਟਾਂ ਦੇ ਲੋਕ ਅੱਜ ਵੀ ਇਕ ਹੋਣ ਦੀ ਉਮੀਦ ਰਖਦੇ ਹਨ। ਆਜ਼ਾਦੀ ਦਿਵਸ (15 ਅਗੱਸਤ) ਨੂੰ ਪੰਜਾਬੀਆਂ ਦੇ ਚਿਹਰੇ ਮੁਰਝਾਏ ਹੀ ਦਿਸਦੇ ਹਨ। ਇਸ ਦਾ ਕਾਰਨ ਕੋਈ ਵੱਖਵਾਦੀ ਸੋਚ ਨਹੀਂ ਬਲਕਿ ਗ਼ਮ ਹੈ ਅਪਣੇ ਲੋਕਾਂ ਦੇ ਵਿਛੜ ਜਾਣ ਦਾ। ਜੋ ਇਕੱਠੇ ਖੇਡੇ, ਇਕੱਠੇ ਵੱਡੇ ਹੋਏ ਅੱਜ ਉਨ੍ਹਾਂ ਨੂੰ ਦੁਸ਼ਮਣ ਕਿਵੇਂ ਸਮਝ ਲਈਏ? ਅਸਲ ਵਿਚ ਪਛਤਾਵਾ ਸਿੱਖਾਂ ਦਾ ਸੱਚਾ ਹੈ ਕਿਉਂਕਿ ਇਸ ਬਾਂਦਰ ਵੰਡ ਵਿਚ ਕਿਸੇ ਦਾ ਕੀ ਗਿਆ? ਸਿੱਖਾਂ ਦਾ ਖ਼ਾਲਸਾ ਰਾਜ, ਉਸ ਦੀ ਭੂਮੀ ਤੇ ਲੋਕ ਸੱਭ ਵੰਡ ਦਾ ਸ਼ਿਕਾਰ ਹੋ ਗਏ। ਹੁਣ ਪੰਜਾਬੀ ਝੂਰਨ ਤੋਂ ਬਿਨਾਂ ਕਰ ਵੀ ਕੀ ਸਕਦੇ ਹਨ?

ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਅੰਗਰੇਜ਼ ਤਾਂ ਜੋ ਕਰ ਗਏ ਸੋ ਕਰ ਗਏ ਪਰ 1947 ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਾਜਨੀਤਕ ਆਗੂਆਂ ਨੇ ਕੀ ਕੋਈ ਕਦਮ ਦੋਸਤਾਨਾ ਸਬੰਧਾਂ ਲਈ ਚੁਕਿਆ? ਭਾਰਤੀ ਰਾਜਨੀਤੀ ਦੀ ਇਹ ਵੱਡੀ ਪ੍ਰੇਸ਼ਾਨੀ ਹੈ ਕਿ ਕੁੱਝ ਜਥੇਬੰਦੀਆਂ ਤੇ ਨੇਤਾ ਲੋਕ ਹਮੇਸ਼ਾ ਅੱਗ ਹੀ ਉਗਲਦੇ ਹਨ। ਇਨ੍ਹਾਂ ਦੇ ਮਨਮਰਜ਼ੀ ਦੇ ਬਿਆਨਾਂ ਕਾਰਨ ਦੇਸ਼ ਦੀ ਵਿਦੇਸ਼ ਨੀਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ। ਜਦੋਂ ਵੀ ਦੋਹਾਂ ਦੇਸ਼ਾਂ ਨੇ ਸ਼ਾਂਤੀ ਗੱਲਬਾਤ ਸ਼ੁਰੂ ਕੀਤੀ ਤਾਂ ਇਨ੍ਹਾਂ ਨੇਤਾਵਾਂ ਦੇ ਬੇਤੁਕੇ ਬਿਆਨ ਇਸ ਨੂੰ ਅੱਧ ਵਿਚਕਾਰ ਹੀ ਛਡਵਾ ਦਿੰਦੇ ਰਹੇ।

ਅੱਜ ਸਥਿਤੀ ਇਹ ਬਣ ਚੁੱਕੀ ਹੈ ਕਿ ਪਾਕਿਸਤਾਨ ਪ੍ਰਤੀ ਜੇਕਰ ਕੋਈ ਦੋਸਤਾਨਾਂ ਪਹੁੰਚ ਅਪਨਾਉਣ ਦੀ ਗੱਲ ਲਿਖਦਾ ਬੋਲਦਾ ਹੈ ਤਾਂ ਇਹ ਸਿਰਫਿਰੇ ਉਸ ਨੂੰ ਗ਼ਦਾਰ ਕਹਿ ਦਿੰਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ 15 ਅਗੱਸਤ 1947 ਵਾਲੀ ਆਜ਼ਾਦੀ ਪੰਜਾਬੀ ਮਨਾਂ ਉਤੇ ਅਜਿਹਾ ਜ਼ਖ਼ਮ ਹੈ ਜਿਸ ਦੀ ਪੀੜ 71 ਸਾਲਾਂ ਵਿਚ ਘਟਣ ਦੀ ਥਾਂ ਨਿੱਤ ਵਧਦੀ ਜਾ ਰਹੀ ਹੈ। 

ਪਾਕਿਸਤਾਨ ਨਾਲ ਮਿੱਤਰਤਾ ਉਨ੍ਹਾਂ ਲੋਕਾਂ ਦੀ ਜ਼ਰੂਰਤ ਨਹੀਂ ਜਾਪਦੀ, ਜੋ ਹਰ ਸਹੂਲਤ ਦਾ ਅਨੰਦ ਮਾਣਦੇ ਹਨ। ਇਹ ਜ਼ਰੂਰਤ ਸਾਡੀ, ਤੁਹਾਡੀ ਗ਼ਰੀਬ ਭਾਰਤੀਆਂ ਦੀ ਹੈ ਜਿਨ੍ਹਾਂ ਦੇ ਪੁੱਤਰ ਸਰਹੱਦਾਂ ਦੀ ਰਾਖੀ ਲਈ ਮੌਤ ਨੂੰ ਗਲਵਕੜੀ ਪਾਈ ਬੈਠੇ ਹਨ। ਸਿਰਫਿਰੇ ਲੋਕਾਂ ਦੇ ਬੇਤੁਕੇ ਬਿਆਨਾਂ ਕਾਰਨ ਹੀ ਪਾਕਿਸਤਾਨ ਮਜਬੂਰਨ ਚੀਨ ਦੇ ਨੇੜੇ ਹੋ ਗਿਆ ਹੈ, ਜੋ ਭਾਰਤ ਦੇ ਭਵਿਖ ਲਈ ਵੱਡਾ ਸਵਾਲ ਬਣ ਗਿਆ ਹੈ।

ਅਸਲ ਵਿਚ ਭਾਰਤ ਸਰਕਾਰ (ਆਈ.ਬੀ) ਦੇ ਇਸ਼ਾਰੇ ਉਤੇ ਚਲਣ ਲਈ ਮਜਬੂਰ ਹੈ। ਆਈਬੀ ਵਿਚ ਉਨ੍ਹਾਂ ਲੋਕਾਂ ਦੀ ਭਰਮਾਰ ਹੈ, ਜੋ ਭਾਰਤ ਦੇ ਲੋਕਤੰਤਰੀ ਸਰੂਪ ਨੂੰ ਨਸ਼ਟ ਕਰ ਕੇ ਹਿੰਦੂ ਰਾਸ਼ਟਰ ਬਣਾਉਣ ਲਈ ਵਚਨਬੱਧ ਹਨ। ਜਦੋਂ ਜਦੋਂ ਵੀ ਦੁਨੀਆਂ ਵਿਚ ਕਿਤੇ ਵੀ ਹਿੰਦੂਆਂ ਨਾਲ ਜ਼ਿਆਦਤੀ ਹੁੰਦੀ ਹੈ ਤਾਂ ਸਾਡਾ ਦਿੱਲ ਦੁਖਦਾ ਹੈ। ਪਰ ਕਦੇ ਸੋਚਿਆ ਹੈ ਕਿ ਬਾਬਰੀ ਮਸਜਿਦ ਢਾਹੁਣੀ, ਗੁਜਰਾਤ ਦੀ ਮੁਸਲਿਮ ਨਸਲਕੁਸੀ ਅਤੇ ਹੋਰ ਅਜਿਹੇ ਮੁਸਲਿਮ ਵਿਰੋਧੀ ਦੰਗਿਆਂ ਕਾਰਨ ਪਾਕਿਸਤਾਨ ਦੇ ਲੋਕਾਂ ਨੂੰ ਕਿੰਨੀ ਤਕਲੀਫ਼ ਹੁੰਦੀ ਹੋਵੇਗੀ? 

ਬਹੁਗਿਣਤੀ ਦਾ ਰਾਜ ਲੋਕਤੰਤਰ ਨਹੀਂ ਹੁੰਦਾ। ਅਸਲ ਵਿਚ ਸਹੀ ਲੋਕਤੰਤਰ ਉਹੀ ਹੁੰਦੈ ਜੋ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਬਰਾਬਰੀ ਵਾਲਾ ਦਰਜਾ ਦੇਵੇ (ਕਾਗ਼ਜ਼ੀ ਨਹੀਂ ਬਲਕਿ ਹਕੀਕੀ ਤੌਰ ਉਤੇ ਵੀ) ਅੱਜ ਭਾਰਤ ਵਿਚ ਹਰ ਮੁਸਲਮਾਨ ਨੂੰ ਪਾਕਿਸਤਾਨ ਦਾ ਏਜੰਟ ਸਮਝਿਆ ਜਾ ਰਿਹਾ ਹੈ ਜੋ ਕਿ ਗ਼ਲਤ ਧਾਰਨਾ ਹੈ। ਅੱਜ ਕਸ਼ਮੀਰ ਸੜ ਰਿਹਾ ਹੈ, ਹਜ਼ਾਰਾਂ ਲੋਕ ਇਸ ਤਰਾਸਦੀ ਵਿਚ ਬਰਬਾਦ ਹੋ ਰਹੇ ਹਨ।

30 ਸਾਲ ਤੋਂ ਭਾਰਤੀ ਫ਼ੌਜ ਇਸ ਮਸਲੇ ਵਿਚ ਉਲਝ ਕੇ ਰਹਿ ਗਈ ਹੈ। ਨਾ ਤਾਂ ਪਾਕਿਸਤਾਨ ਵਲੋਂ ਅਤਿਵਾਦੀ ਆਉਣੇ ਬੰਦ ਹੋਏ ਤੇ ਨਾ ਹੀ ਕਸ਼ਮੀਰੀ ਨੌਜੁਆਨ ਹਥਿਆਰ ਸੁਟਦੇ ਹਨ। ਹਰ ਰੋਜ਼ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿਚ ਵਸਦੇ ਫ਼ੌਜੀ ਪ੍ਰਵਾਰਾਂ ਵਿਚ ਕੀਰਨੇ ਪੈਂਦੇ ਰਹਿੰਦੇ ਹਨ। ਕਸ਼ਮੀਰੀਆਂ ਨੂੰ ਚੀਰਨ ਵਾਲੇ ਸਿਰਫ਼ ਅਖ਼ਬਾਰਾਂ ਤਕ ਹੀ ਸੀਮਤ ਹਨ। ਆਰ.ਐਸ.ਐਸ ਦਾ ਮੋਹਨ ਭਾਗਵਤ ਫ਼ੌਜ ਨੂੰ ਟਿੱਚਰਾਂ ਕਰਦਾ ਹੈ। ਆਪ ਕਸ਼ਮੀਰ ਵਿਚ ਚਾਰ ਦਿਨ ਲੜੇ ਤਾਂ ਪਤਾ ਲੱਗੇ ਕਿ ਤਰੰਗੇ ਨੂੰ ਸਲੂਟ ਮਾਰਨਾ ਕੋਈ ਔਖਾ ਕੰਮ ਨਹੀਂ, ਇਸ ਲਈ ਮਰਨਾ ਔਖਾ ਹੈ। 

ਕੁੱਝ ਨੁਕਤਿਆਂ ਤੇ ਵਿਚਾਰ ਕਰਨੀ ਜ਼ਰੂਰੀ ਹੈ ਤਾਕਿ ਸਾਡੇ ਪਾਕਿਸਤਾਨ ਨਾਲ ਮਿੱਤਰਤਾ ਭਰਪੂਰ ਸਬੰਧ ਬਣ ਸਕਣ :- 
(1) ਭਾਰਤੀ ਸੰਸਦ ਵਿਚ ਕਾਨੂੰਨ ਬਣਾਉ ਕਿ ਜਿਸ ਨੇ ਵੀ 'ਵਿਦੇਸ਼ ਨੀਤੀ' ਸਬੰਧੀ ਕੁੱਝ ਕਹਿਣਾ ਹੋਵੇ, ਉਹ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਜਾਂ ਵਿਦੇਸ਼ ਵਿਭਾਗ ਨੂੰ ਲਿਖਤੀ ਰੂਪ ਵਿਚ ਭੇਜੇ। ਮੀਡੀਏ ਰਾਹੀਂ ਸਰਕਾਰ ਦੀ ਨੀਤੀ ਤੇ ਨੁਕਤਾਚੀਨੀ ਆਪਸੀ ਸਬੰਧਾਂ ਵਿਚ ਦਰਾੜ ਪੈਦਾ ਕਰਦੀ ਹੈ। ਇਸ ਨਾਲ ਹੀ ਇਹ ਦੇਸ਼ ਅੰਦਰ ਵਿਦੇਸ਼ੀ ਅਤਿਵਾਦੀਆਂ ਨੂੰ ਸੱਦਾ ਵੀ ਦਿੰਦੀ ਹੈ। 

(2) ਭਾਰਤ-ਪਾਕਿਸਤਾਨ ਸ਼ਾਂਤੀ ਵਾਰਤਾ ਵਿਚ ਉਨ੍ਹਾਂ ਵਿਦਵਾਨਾਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ ਜੋ ਪੰਜਾਬ ਜਾਂ ਬੰਗਾਲ ਨਾਲ ਸਬੰਧਤ ਹੋਣ। ਅੱਗ ਦਾ ਸੇਕ ਝੱਲਣ ਵਾਲੇ ਹੀ ਜਾਣਦੇ ਹਨ ਕਿ ਅੱਗ ਕੀ ਹੁੰਦੀ ਹੈ? 

(3) ਮੀਡੀਆ (ਦੋਹਾਂ ਦੇਸ਼ਾਂ ਦਾ) ਅਪਣਾ ਫ਼ਰਜ਼ ਨਿਭਾਵੇ ਤੇ ਇਹ ਸੱਭ ਨਿਰਪੱਖ ਮੀਡੀਏ ਰਾਹੀਂ ਕੀਤਾ ਜਾਵੇ ਕਿ ਦੋਹਾਂ ਦੇਸ਼ਾਂ ਦੇ ਲੋਕ ਦੁਸ਼ਮਣੀ ਚਾਹੁੰਦੇ ਹਨ ਜਾਂ ਪਿਆਰ।

(4) ਪਾਕਿਸਤਾਨ ਸਰਕਾਰ ਅਪਣੀ ਫ਼ੌਜ ਤੇ ਭਾਰਤ ਵਰਗਾ ਅਨੁਸ਼ਾਸਨ ਲਾਗੂ ਕਰੇ। ਪਾਕਿਸਤਾਨ ਸਰਕਾਰ ਲਈ ਇਹ ਬਹੁਤ ਔਖਾ ਕੰਮ ਹੈ ਪਰ ਇਸ ਉਤੇ ਅਮਲ ਕੀਤੇ ਬਿਨਾਂ ਕੋਈ ਠੋਸ ਹੱਲ ਵੀ ਨਹੀਂ ਬਚਿਆ। 

(5) ਦੋਹਾਂ ਦੇਸ਼ਾਂ ਵਿਚ ਸਾਰੇ ਧਾਰਮਕ ਅਸਥਾਨਾਂ ਦਾ ਸਨਮਾਨ ਬਰਕਰਾਰ ਰਖਿਆ ਜਾਵੇ। ਬਾਬਰੀ ਕਾਂਡ ਵਰਗਾ ਦੁਖਾਂਤ ਦੁਬਾਰਾ ਨਾ ਵਾਪਰੇ। ਕੁੱਝ ਮਸਜਿਦਾਂ ਢਾਹੁਣ ਨਾਲ 800 ਸਾਲ ਦੀ ਗ਼ੁਲਾਮੀ ਨਹੀਂ ਮਿਟ ਜਾਣੀ। ਜਿਸ ਲਾਲ ਕਿਲ੍ਹੇ ਉਤੇ ਤਰੰਗਾ ਲਹਿਰਾ ਕੇ ਆਜ਼ਾਦੀ ਮਾਣਦੇ ਹਾਂ, ਉਹ ਵੀ ਸਾਡੀ ਗ਼ੁਲਾਮੀ ਦਾ ਹੀ ਨਿਸ਼ਾਨ ਹੈ। 

(6) ਦੋਹਾਂ ਦੇਸ਼ਾਂ ਦੀਆਂ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਜਾਣ। ਇਸ ਨਾਲ ਅਤਿਵਾਦੀਆਂ ਦੀ ਘੁਸਪੈਠ ਦਾ ਬਹਾਨਾ ਨਾ ਬਣਾਇਆ ਜਾਵੇ। ਆਉਣ ਵਾਲੇ ਤਾਂ ਨੇਪਾਲ ਰਸਤੇ ਹੁਣ ਵੀ ਆ ਹੀ ਜਾਂਦੇ ਹਨ। ਅਤਿਵਾਦੀ ਫਿਰ ਕਿਉਂ ਆਉਣਗੇ ਜਦੋਂ ਇਥੇ ਵਸਦਾ ਮੁਸਲਿਮ ਭਰਾ ਸ਼ਾਂਤੀ ਨਾਲ ਦਿਨ ਬਤੀਤ ਕਰ ਰਿਹਾ ਹੋਵੇਗਾ? 

(7) ਭਾਰਤੀ ਫ਼ੌਜ ਦੀਆਂ ਵਿਸ਼ੇਸ਼ ਕਲਾਸਾਂ ਲਗਾ ਕੇ ਧਾਰਮਕ ਕੱਟੜਤਾ ਪ੍ਰਤੀ ਜਾਗਰੂਕ ਕੀਤਾ ਜਾਵੇ। ਜਦੋਂ ਕੱਟੜ ਸੰਸਥਾਵਾਂ ਤੇ ਮੈਂਬਰ ਫ਼ੌਜ ਦੀ ਵਾਗਡੋਰ ਸੰਭਾਲ ਲੈਣ ਤਾਂ ਸ਼ਾਂਤੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਭਾਵੇਂ ਭਾਰਤੀ ਫ਼ੌਜ ਅੱਜ ਵੀ ਕਾਫ਼ੀ ਹੱਦ ਤਕ ਧਰਮ ਪ੍ਰਤੀ ਕੱਟੜ ਨਹੀਂ ਹੈ। 

(8) ਦੋਹਾਂ ਦੇਸ਼ਾਂ ਦੇ ਮਛੇਰੇ ਵਰਗ ਦੇ ਲੋਕਾਂ ਨੂੰ ਵਿਸ਼ੇਸ਼ ਕਾਰਡ ਦੇ ਦਿਤੇ ਜਾਣ। ਜੇਕਰ ਗ਼ਲਤੀ ਨਾਲ ਸਰਹੱਦ ਪਾਰ ਕਰ ਵੀ ਗਿਆ ਹੋਵੇ ਤਾਂ ਕਾਰਡ ਵੇਖ ਕੇ ਹੀ ਛੱਡ ਦਿਤਾ ਜਾਵੇ। ਇਹ ਮਛੇਰੇ ਰਜਿਸਟਰਡ ਕੀਤੇ ਹੋਣ। ਇਸ ਤਰ੍ਹਾਂ ਤਸਕਰੀ ਤੇ ਰੋਕ ਵੀ ਲਗੇਗੀ ਤੇ ਪ੍ਰੇਸ਼ਾਨੀ ਤੋਂ ਵੀ ਬਚਿਆ ਜਾ ਸਕੇਗਾ।

(9) 1971 ਦੀ ਜੰਗ ਦੇ ਕੁੱਝ ਕੈਦੀ ਦੋਹਾਂ ਦੇਸ਼ਾਂ ਦੀਆਂ ਜੇਲਾਂ ਵਿਚ ਨਰਕ ਭੋਗ ਰਹੇ ਹਨ। ਬਿਨਾਂ ਕੋਈ ਕਾਰਵਾਈ ਕੀਤਿਆਂ ਉਨ੍ਹਾਂ ਨੂੰ ਤੁਰੰਤ ਛੱਡ ਦਿਤਾ ਜਾਣਾ ਚਾਹੀਦਾ ਹੈ। 

(10) ਜੰਮੂ ਕਸ਼ਮੀਰ : ਮੁੱਦੇ ਦੇ ਹੱਲ ਵਿਚ ਰੁਕਾਵਟਾਂ ਨਾ ਪਾਈਆਂ ਜਾਣ। ਵਖਰਾ ਸੰਵਿਧਾਨ, ਵਖਰਾ ਝੰਡਾ ਇਹ ਤਸਦੀਕ ਕਰਦਾ ਹੈ ਕਿ ਕਸ਼ਮੀਰ ਨੂੰ ਇਹ ਚੀਜ਼ਾਂ ਐਵੇਂ ਨਹੀਂ ਮਿਲੀਆਂ। ਧਾਰਾ 370 ਕਸ਼ਮੀਰ ਅਤੇ ਭਾਰਤ ਵਿਚ ਇਕ ਮਹੱਤਵਪੂਰਨ ਕੜੀ ਹੈ। ਕੇਂਦਰ ਸਰਕਾਰ ਇਸ ਧਾਰਾ ਨੂੰ ਖ਼ਤਮ ਵੀ ਕਰਨਾ ਚਾਹੁੰਦੀ ਹੈ ਜੋ ਮੁਸ਼ਕਲ ਕੰਮ ਹੈ। ਜੋ ਲੋਕ ਵਿਸ਼ਵਾਸ ਕਰਦੇ ਹਨ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ,

ਉਨ੍ਹਾਂ ਅੱਗੇ ਇਹ ਸਵਾਲ ਬਣਾ ਕੇ ਖੜ ਜਾਂਦੀ ਹੈ। ਪੰਜਾਬ ਤੇ ਕਸ਼ਮੀਰ ਦੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਭਾਰਤੀ ਫ਼ੌਜ ਦੀ ਤਾਕਤ ਘੱਟ ਜਾਂਦੀ ਹੈ। ਜਿਸ ਧਰਤੀ ਉਤੇ ਰਹਿ ਕੇ ਦੁਸ਼ਮਣ ਨਾਲ ਲੜਨਾ ਪਵੇ, ਉਸ ਧਰਤੀ ਉਤੇ ਰਹਿੰਦੇ ਲੋਕਾਂ ਦਾ ਸਹਿਯੋਗ ਨਾ ਹੋਵੇ ਤਾਂ ਲੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅੱਜ ਕਸ਼ਮੀਰ ਦੀ ਸਥਿਤੀ ਭਾਰਤੀ ਫ਼ੌਜ ਦੇ ਸਹਿਯੋਗ ਵਾਲੀ ਹੈ। ਅਜਿਹੇ ਵਿਚ ਦੁਸ਼ਮਣ ਜੇਕਰ ਮਿੱਤਰ ਬਣਾ ਲਿਆ ਜਾਵੇ, ਇਹੀ ਵਧੀਆ ਗੱਲ ਹੈ। 

ਕਸ਼ਮੀਰ ਨੂੰ ਬਾਕੀ ਰਾਜਾਂ ਨਾਲ ਬਰਾਬਰ ਲਿਆ ਖੜਾ ਕਰਨ ਲਈ ਧਾਰਾ 370 ਖ਼ਤਮ ਨਾ ਕਰ ਕੇ ਦੂਜੇ ਰਾਜਾਂ ਨੂੰ ਵੀ ਅੰਦਰੂਨੀ ਖ਼ੁਦ-ਮੁਖ਼ਤਿਆਰੀ ਅਧੀਨ ਵੱਧ ਅਧਿਕਾਰ ਦੇ ਕੇ ਸਾਰੇ ਭਾਰਤ ਨੂੰ ਬਰਾਬਰ ਕਰ ਲਿਆ ਜਾਵੇ। ਕਸ਼ਮੀਰ ਭਾਰਤ ਦੀ ਲੋੜ ਹੈ, ਇਸ ਨੂੰ ਨਾਲ ਰੱਖਣ ਲਈ ਗੋਲੀ ਨਹੀਂ ਗੱਲਬਾਤ ਕੰਮ ਆਵੇਗੀ। ਗੋਲੀਆਂ ਨਾਲ ਤਾਂ 30 ਸਾਲਾਂ ਵਿਚ ਕੁੱਝ ਨਹੀਂ ਬਣਿਆ। 

ਵਿਸ਼ੇਸ਼ ਗੱਲ : ਭਾਰਤੀ ਕਿਸਾਨ ਉਂਜ ਹੀ ਸਾਡੇ ਸਰਕਾਰੀਤੰਤਰ ਤੋਂ ਦੁਖੀ ਹੈ। ਉਸ ਦੀਆਂ ਫ਼ਸਲਾਂ ਦਾ ਪੂਰਾ ਮੁੱਲ ਨਹੀਂ ਮਿਲਦਾ ਜਿਸ ਕਾਰਨ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਇਕ ਪਾਸੇ ਕਸ਼ਮੀਰ ਵਿਚ ਨਿੱਤ ਕਿਸਾਨਾਂ ਦੇ ਪੁੱਤਰ ਹੀ ਸ਼ਹੀਦੀਆਂ ਪਾ ਰਹੇ ਹਨ। ਅਪਣੇ ਬਿਆਨਾਂ ਰਾਹੀਂ ਅੱਗ ਵਰ੍ਹਾਉਣ ਵਾਲੇ ਜੰਗ ਦੇ ਨੇੜੇ ਵੀ ਨਹੀਂ ਜਾਂਦੇ। ਕਿਤੇ ਅਜਿਹਾ ਨਾ ਹੋਵੇ ਕਿ ਦੋਵੇਂ ਪਾਸੇ ਮੌਤ ਕਬੂਲਣ ਵਾਲਾ ਕਿਸਾਨ ਅਪਣੇ ਪੁਤਰਾਂ ਨੂੰ ਫ਼ੌਜ ਵਿਚ ਭੇਜਣਾ ਹੀ ਬੰਦ ਕਰ ਦੇਵੇ। ਫਿਰ ਸਾਡੇ ਕੋਲ ਕੀ ਚਾਰਾ ਹੈ ਕਿ ਅਸੀ ਅਪਣਾ ਇਹ ਕੰਮ ਜਾਰੀ ਰੱਖ ਸਕੀਏ? 

ਭਾਰਤੀ ਆਗੂਆਂ ਨੂੰ ਧਿਆਨ ਰਖਣਾ ਚਾਹੀਦਾ ਹੈ ਕਿ ਕਿਸਾਨ ਪੁੱਤਰ ਫ਼ੌਜ ਦੀ ਥਾਂ ਮਜ਼ਦੂਰੀ ਕਰ ਕੇ ਟਾਈਮ ਲੰਘਾ ਰਹੇ ਹਨ ਪਰ ਉੱਚ ਵਰਗ ਹੋ ਸਕੇਗਾ। ਕਸ਼ਮੀਰ ਦੇ ਮਸਲੇ ਨੂੰ ਹੱਲ ਕਰ ਕੇ ਭਾਰਤੀ ਕਿਸਾਨ ਨੂੰ ਅੱਧਾ ਸ਼ਾਂਤ ਕੀਤਾ ਜਾ ਸਕਦਾ ਹੈ ਤੇ ਬਾਕੀ ਅੱਧਾ ਇਸ ਦੀ ਫ਼ਸਲ ਦਾ ਮੁੱਲ ਤਾਰ ਕੇ ਹੀ ਹੋ ਜਾਵੇਗਾ। ਦੇਸ਼ ਦੀ ਸਫ਼ਲਤਾ ਲਈ ਸਾਰੇ ਲੋਕ ਕੰਮ ਕਰਦੇ ਹਨ ਪਰ 'ਕਿਸਾਨ ਤੇ ਜਵਾਨ' ਦਾ ਵਿਸ਼ੇਸ਼ ਯੋਗਦਾਨ ਹੈ ਇਸ ਦਾ ਧਿਆਨ ਰਖਣਾ ਜ਼ਰੂਰੀ ਹੈ ਕਿ ਇਹ ਦੋਵੇਂ ਵਰਗ ਨਿਰਾਸ਼ ਨਾ ਹੋਣ। 

ਵੱਡੀਆਂ-ਵੱਡੀਆਂ ਜੰਗਾਂ ਦੇ ਫ਼ੈਸਲੇ ਵੀ ਮਿਲ ਬੈਠ ਕੇ ਹੀ ਹੱਲ ਹੁੰਦੇ ਹਨ। ਸਾਡਾ (ਭਾਰਤ-ਪਾਕਿ) ਮਸਲਾ ਵੀ ਹੱਲ ਹੋ ਸਕਦਾ ਹੈ। ਲੋੜ ਹੈ ਸੂਝਵਾਨ ਲੋਕਾਂ ਦੇ ਅੱਗੇ ਆਉਣ ਦੀ।
ਸੰਪਰਕ : 98724-53156