ਪਿੰਡ ਚਨਾਰਥਲ ਕਲਾਂ ਦੇ ਨਗਰ ਵਾਸੀਆਂ ਦਾ ਇਕ ਨਵੇਕਲਾ ਉਪਰਾਲਾ
ਕੁਦਰਤੀ ਕਰੋਪੀ ਕਿਸੇ ਵੀ ਸਮੇਂ ਆ ਸਕਦੀ ਹੈ। ਇਸੇ ਤਰ੍ਹਾਂ ਸਾਡੇ ਨਗਰ ਚਨਾਰਥਲ ਕਲਾਂ ਵਿਚ ਇਸੇ ਸਾਲ 20 ਅਪ੍ਰੈਲ ਨੂੰ ਸ਼ਾਟ ਸਰਕਟ ਹੋਣ ਕਰ ਕੇ ਤਕਰੀਬਨ 18 ਪ੍ਰਵਾਰਾਂ ...
ਕੁਦਰਤੀ ਕਰੋਪੀ ਕਿਸੇ ਵੀ ਸਮੇਂ ਆ ਸਕਦੀ ਹੈ। ਇਸੇ ਤਰ੍ਹਾਂ ਸਾਡੇ ਨਗਰ ਚਨਾਰਥਲ ਕਲਾਂ ਵਿਚ ਇਸੇ ਸਾਲ 20 ਅਪ੍ਰੈਲ ਨੂੰ ਸ਼ਾਟ ਸਰਕਟ ਹੋਣ ਕਰ ਕੇ ਤਕਰੀਬਨ 18 ਪ੍ਰਵਾਰਾਂ ਦੀ 104 ਏਕੜ ਖੜੀ ਕਣਕ ਦੀ ਫ਼ਸਲ ਅੱਗ ਨਾਲ ਸੜ ਕੇ ਸੁਆਹ ਹੋ ਗਈ ਸੀ। ਇਸ ਸਬੰਧੀ 22 ਅਪ੍ਰੈਲ ਨੂੰ ਗੁਰਦਵਾਰਾ ਸ੍ਰੀ ਰੋੜੀ ਸਾਹਿਬ ਵਿਖੇ ਪੂਰੇ ਪਿੰਡ ਦਾ ਇਕੱਠ ਕੀਤਾ ਗਿਆ ਸੀ ਜਿਸ ਵਿਚ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਕਿ ਜਿੰਨੇ ਪਿੰਡ ਵਿਚ ਕਿਸਾਨ ਪ੍ਰਵਾਰ ਹਨ, ਹਰ ਪ੍ਰਵਾਰ ਨੂੰ ਪ੍ਰਤੀ ਏਕੜ ਇਕ ਹਜ਼ਾਰ ਰੁਪਏ ਮਦਦ ਵਜੋਂ ਦੇਵੇਗਾ।
ਪਿੰਡ ਦੇ ਕਿਸਾਨ ਪ੍ਰਵਾਰਾਂ ਨੇ ਬੜੀ ਇਮਾਨਦਾਰੀ ਨਾਲ ਅਪਣਾ ਫ਼ਰਜ਼ ਨਿਭਾਉਂਦੇ ਹੋਏ ਇਹ ਬਣਦਾ ਪੈਸਾ ਗੁਰਦਵਾਰਾ ਕਮੇਟੀ ਕੋਲ ਪੁਜਦਾ ਕੀਤਾ।
ਗੁਰਦਵਾਰਾ ਕਮੇਟੀ ਨੂੰ ਸਾਰਾ ਕੰਮ ਦਿਤਾ ਗਿਆ ਤੇ ਬੜੇ ਹੀ ਪਾਰਦਰਸ਼ੀ ਢੰਗ ਨਾਲ ਇਹ ਪੈਸਾ ਇਕੱਠਾ ਹੋਇਆ। ਉਸ ਨੂੰ 13 ਮਈ ਨੂੰ ਭੋਗ ਪਾਉਣ ਉਪਰੰਤ ਕਿਸਾਨ ਪੀੜਤ ਪ੍ਰਵਾਰਾਂ ਵਿਚ 20-20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸਾ ਵੰਡਿਆ ਗਿਆ। ਇਹ ਰਕਮ 21 ਲੱਖ ਦੇ ਕਰੀਬ ਬਣਦੀ ਹੈ। ਇਸ ਤੋਂ ਬਾਅਦ ਜਿਹੜੇ ਸੱਜਣਾਂ ਨੇ ਸਾਨੂੰ ਕਣਕ ਦਿਤੀ ਤੇ ਜਿਨ੍ਹਾਂ ਨੇ ਅੱਗ ਬੁਝਾਉਣ ਵਿਚ ਮਦਦ ਕੀਤੀ, ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।
ਸਰਕਾਰ ਵਲੋਂ ਤਕਰੀਬਨ 12 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਾਜ਼ਾ ਦੇਣ ਦਾ ਐਲਾਨ ਕੀਤਾ ਗਿਆ ਪਰ ਹੁਣ ਤਕ ਇਕ ਵੀ ਪੈਸਾ ਮੁਆਵਜ਼ੇ ਵਜੋਂ ਨਹੀਂ ਮਿਲਿਆ। ਇਸ ਤੋਂ ਇਲਾਵਾ ਕੁੱਝ ਪ੍ਰਵਾਸੀ ਮਜ਼ਦੂਰ ਜਿਹੜੇ ਅੱਗ ਬੁਝਾਉਣ ਦੌਰਾਨ ਜ਼ਖ਼ਮੀ ਹੋ ਗਏ, ਦੀ ਪੈਸਿਆਂ ਨਾਲ ਮਦਦ ਕੀਤੀ ਗਈ। ਪਿੰਡ ਦੀ ਭਾਈਚਾਰਕ ਸਾਂਝ ਦਾ ਤੁਸੀ ਇਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਕੋਈ ਵੀ ਬਾਹਰੋਂ ਆਇਆ ਸੱਜਣ ਰਸਦ ਲੈ ਕੇ ਕਿਸੇ ਪੀੜਤ ਕਿਸਾਨ ਦੇ ਘਰ ਵੀ ਆਵੇ ਤਾਂ ਉਹ ਪ੍ਰਵਾਰ ਉਨ੍ਹਾਂ ਨੂੰ ਸਿੱਧਾ ਗੁਰਦਵਾਰਾ ਕਮੇਟੀ ਕੋਲ ਲੈ ਕੇ ਆਉਂਦਾ ਹੈ ਤੇ ਜੋ ਵੀ ਰਸਦ ਦੇਣੀ ਸੀ, ਉਹ ਗੁਰਦਵਾਰਾ ਕਮੇਟੀ ਨੂੰ ਹੀ ਦਿਤੀ ਜਾਂਦੀ ਰਹੀ।
ਕਿਸੇ ਵੀ ਪੀੜਤ ਪ੍ਰਵਾਰ ਨੇ ਕਣਕ ਅਪਣੇ ਕੋਲ ਨਹੀਂ ਰੱਖੀ।ਇਸ ਕਾਰਜ ਨੂੰ ਲੈ ਕੇ ਹਰ ਇਕ ਨਗਰ ਨਿਵਾਸੀ ਦੇ ਚਿਹਰੇ ਤੇ ਇਸ ਤਰ੍ਹਾਂ ਦੀ ਤਸੱਲੀ ਸੀ ਕਿ ਰੱਬ ਨਾ ਕਰੇ ਜੇਕਰ ਕੱਲ੍ਹ ਨੂੰ ਕੋਈ ਵੀ ਕੁਦਰਤੀ ਆਪਦਾ ਜਾਂ ਸਮੱਸਿਆ ਪਿੰਡ ਦੇ ਕਿਸੇ ਵੀ ਪ੍ਰਵਾਰ ਉਤੇ ਆਵੇ ਤਾਂ ਉਨ੍ਹਾਂ ਨੂੰ ਪਿੰਡ ਉਤੇ ਮਾਣ ਰਹੇਗਾ ਕਿ ਪਿੰਡ ਵਾਸੀ ਹਿੰਮਤ ਕਰ ਕੇ ਇਸੇ ਤਰ੍ਹਾਂ ਕੁਦਰਤੀ ਕਰੋਪੀ ਤੋਂ ਉਨ੍ਹਾਂ ਨੂੰ ਬਾਹਰ ਕੱਢ ਲੈਣਗੇ।
ਭਾਵੇਂ ਕਿ ਪਾਰਟੀਬਾਜ਼ੀ ਹਰ ਪਿੰਡ ਵਿਚ ਹੈ ਤੇ ਸਿਆਸਤ ਕਰਨਾ ਕੋਈ ਮਾੜੀ ਗੱਲ ਨਹੀਂ। ਸਿਆਸਤ ਕਰੋ ਪਰ ਪਿੰਡ ਦੀ ਭਾਈਚਾਰਕ ਸਾਂਝ ਉਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਦਾ ਅਸਰ ਨਾ ਪਵੇ। ਉਹ ਮਿਸਾਲ ਅੱਜ ਚਨਾਰਥਲ ਕਲਾਂ ਦੇ ਰਾਜਨੀਤਕ ਲੀਡਰਾਂ ਨੇ ਕਰ ਕੇ ਵਿਖਾਈ ਹੈ। ਜਿੰਨੀਆਂ ਵੀ ਪਾਰਟੀਆਂ ਦੇ ਸਬੰਧਤ ਨੁਮਾਇੰਦੇ ਸਨ, ਸਾਰੇ ਇਕਜੁੱਟ ਹੋ ਕੇ ਤੁਰੇ ਤੇ ਵੀਹ ਦਿਨ ਵਿਚ ਕਾਫ਼ੀ ਪੈਸੇ ਇਕੱਠੇ ਕੀਤੇ।
ਹਰ ਨਗਰ ਵਾਸੀ ਨੇ ਅਪਣਾ ਫ਼ਰਜ਼ ਸਮਝਦੇ ਹੋਏ ਅਪਣੀ ਬਣਦੀ ਰਕਮ ਗੁਰਦਵਾਰਾ ਕਮੇਟੀ ਕੋਲ ਪਹੁੰਚਾਈ। ਇਸ ਤੋਂ ਬਿਨਾਂ ਹੋਰ ਬਰਾਦਰੀਆਂ ਦੇ ਪ੍ਰਵਾਰ ਵੀ ਜਿਵੇਂ ਹਿੰਦੂ ਪ੍ਰਵਾਰ ਸਨ, ਉਨ੍ਹਾਂ ਨੇ ਵੀ ਵਧ ਚੜ੍ਹ ਕੇ ਇਸ ਪਵਿੱਤਰ ਕਾਰਜ ਵਿਚ ਅਪਣਾ ਯੋਗਦਾਨ ਪਾਇਆ। ਐਨ.ਆਰ.ਆਈ ਪ੍ਰਵਾਰ ਜਿੰਨੇ ਵੀ ਪਿੰਡ ਵਿਚੋਂ ਵਿਦੇਸ਼ ਗਏ ਹਨ, ਉਨ੍ਹਾਂ ਨੇ ਵੀ ਕਾਫ਼ੀ ਮਦਦ ਕੀਤੀ। ਇਸ ਤੋਂ ਇਲਾਵਾ ਇਲਾਕੇ ਦੀ ਮਸ਼ਹੂਰ ਟਿਵਾਣਾ ਫੀਡ ਵਲੋਂ ਵੀ ਵੱਡਾ ਯੋਗਦਾਨ ਪਾਇਆ ਗਿਆ।
ਸਾਰੀ ਰਕਮ ਵੰਡ ਕੇ ਭਾਵੇਂ ਕੁੱਝ ਰਕਮ ਬੱਚ ਗਈ ਹੈ। ਕੁੱਝ ਰਕਮ ਮੌਕੇ ਉਤੇ ਵੀ ਇੱਕਤਰ ਹੋਈ ਹੈ। ਸਾਰਾ ਹਿਸਾਬ ਕਮੇਟੀ ਵਲੋਂ ਸੰਗਰਾਂਦ ਵਾਲੇ ਦਿਨ ਜਨਤਕ ਕਰ ਦਿਤਾ ਜਾਵੇਗਾ। ਸੋ ਇਹ ਸੁਨੇਹਾ ਸਾਰੇ ਪੰਜਾਬ ਦੇ ਪਿੰਡਾਂ ਤਕ ਪਹੁੰਚਣਾ ਚਾਹੀਦਾ ਹੈ ਤਾਕਿ ਪਿੰਡਾਂ ਵਿਚ ਭਾਈਚਾਰਕ ਸਾਂਝ ਕਾਇਮ ਹੋ ਸਕੇ ਤੇ ਇਹੋ ਜਿਹੇ ਕਾਰਜਾਂ ਤੋਂ ਸੇਧ ਲੈ ਕੇ ਅਪਣੀ ਭਾਈਚਾਰਕ ਸਾਂਝ ਕਾਇਮ ਕੀਤੀ ਜਾ ਸਕੇ। ਜੇਕਰ ਸਾਰੇ ਪਿੰਡਾਂ ਵਿਚ ਇਹ ਸੋਚ ਅਪਣਾਈ ਜਾਵੇ ਤਾਂ ਸਾਨੂੰ ਸਰਕਾਰਾਂ ਅੱਗੇ ਹੱਥ ਨਾ ਫੈਲਾਉਣੇ ਪੈਣ।
ਸੰਪਰਕ : 98148-26711