ਗਾਥਾ ਮਹਾਨ ਕੋਸ਼ ਦੀ-2
ਕੇ ਵਲ ਦੋ ਮਹੀਨਿਆਂ ਦੇ ਥੋੜੇ ਜਿਹੇ ਸਮਂੇ ਵਿਚ ਮਹਾਨ ਕੋਸ਼ ਦੇ ਤਿੰਨੋਂ ਸੰਸਕਰਣਾਂ ਦੀ ਵਿਕਰੀ ਉਤੇ ਦੋ ਵਾਰ ਪਾਬੰਦੀ ਲਗਾ ਕੇ ਪੰਜਾਬੀ ਯੂਨੀਵਰਸਟੀ ਨੇ ਇਸ ਸੱਚਾਈ ਨੂੰ
(ਕੱਲ ਤੋਂ ਅੱਗੇ)
ਕੇ ਵਲ ਦੋ ਮਹੀਨਿਆਂ ਦੇ ਥੋੜੇ ਜਿਹੇ ਸਮਂੇ ਵਿਚ ਮਹਾਨ ਕੋਸ਼ ਦੇ ਤਿੰਨੋਂ ਸੰਸਕਰਣਾਂ ਦੀ ਵਿਕਰੀ ਉਤੇ ਦੋ ਵਾਰ ਪਾਬੰਦੀ ਲਗਾ ਕੇ ਪੰਜਾਬੀ ਯੂਨੀਵਰਸਟੀ ਨੇ ਇਸ ਸੱਚਾਈ ਨੂੰ ਖੁਲ੍ਹੇ ਤੌਰ ਉਤੇ ਕਬੂਲ ਕਰ ਲਿਆ ਹੈ ਕਿ ਬੇਸ਼ੁਮਾਰ ਗ਼ਲਤੀਆਂ ਕਾਰਨ ਇਹ ਵਿਕਰੀ ਦੇ ਕਾਬਲ ਨਹੀਂ ਹੈ।ਪੰਜਾਬੀ ਯੂਨੀਵਰਸਟੀ ਨੇ ਮਹਾਨ ਕੋਸ਼ ਦੇ ਹਿੰਦੀ ਸੰਸਕਰਣ ਦੀ ਪਹਿਲੀ ਜਿਲਦ ਵਿਚਲੀਆਂ ਗ਼ਲਤੀਆਂ ਦੀ ਨਿਸ਼ਾਨਦੇਹੀ ਦੋ ਮਾਹਰਾਂ ਤੋਂ ਕਰਵਾਈ ਹੈ। ਪ੍ਰੰਤੂ ਕੇਵਲ ਪਹਿਲੇ ਪੰਜ ਸਫ਼ਿਆਂ ਵਿਚਲੀਆਂ ਗ਼ਲਤੀਆਂ ਨੂੰ ਹੀ ਠੀਕ ਕਰਵਾ ਕੇ ਸੋਧੇ ਹੋਏ ਸਬੰਧਤ ਸਫ਼ਿਆਂ ਨੂੰ ਸਟਾਕ ਵਿਚ ਪਈਆਂ ਕਿਤਾਬਾਂ ਵਿਚ ਲਗਵਾ ਦਿਤਾ ਹੈ ਤੇ ਇਸ ਦੇ ਬਾਕੀ ਸਫ਼ਿਆਂ ਵਿਚ ਮੌਜੂਦ
ਹਜ਼ਾਰਾਂ ਗ਼ਲਤੀਆਂ ਨੂੰ ਜਿਉਂ ਦਾ ਤਿਉਂ ਹੀ ਰਹਿਣ ਦਿਤਾ ਹੈ। ਇਸ ਪੁਸਤਕ ਦਾ ਪ੍ਰਕਾਸ਼ਨ ਵਰ੍ਹਾ ਵੀ ਨਹੀਂ ਬਦਲਿਆ ਗਿਆ। ਇਸ ਪੁਸਤਕ ਵਿਚ ਪਹਿਲੇ ਇਕ ਕਾਪੀ ਸੰਪਾਦਕ ਦਾ ਨਾਂ ਛਪਿਆ ਹੋਇਆ ਸੀ ਪਰ ਹੁਣ ਦੋ ਕਾਪੀ ਸੰਪਾਦਕਾਂ ਦੇ ਨਾਂ ਛਪੇ ਹੋਏ ਹਨ। ਸਵਾਲ ਉਠਦਾ ਹੈ ਕਿ ਗ਼ਲਤੀਆਂ ਨਾਲ ਭਰੀ ਹੋਈ ਇਸ ਕਿਤਾਬ ਨੂੰ ਪੰਜਾਬੀ ਯੂਨੀਵਰਸਟੀ ਦੁਆਰਾ ਵੇਚਿਆ ਜਾਣਾ ਵਿਦਿਆਰਥੀਆਂ, ਖੌਜਾਰਥੀਆਂ ਆਦਿ ਨਾਲ ਜਾਣ ਬੁੱਝ ਕੇ ਕੀਤਾ ਗਿਆ ਛਲ ਨਹੀਂ ਤਾਂ ਹੋਰ ਕੀ ਹੈ? ਕੀ ਇਸ ਤਰ੍ਹਾਂ ਕਰਨਾ ਕਿਸੇ ਵਿਦਿਅਕ ਸੰਸਥਾ ਨੂੰ ਸੋਭਾ ਦੇਂਦਾ ਹੈ?
ਮਹਾਨ ਕੋਸ਼ ਦੇ ਇਸ ਤਰ੍ਹਾਂ ਸੋਧੇ ਹਿੰਦੀ ਸੰਸਕਰਣ ਵਿਚ ਹੁਣ ਵੀ ਕਿੰਨੇ ਹੀ ਸਫ਼ੇ ਅਜਿਹੇ ਹਨ ਜਿਨ੍ਹਾਂ ਉੱਤੇ 10-10, 12-12 ਗ਼ਲਤੀਆਂ ਮੌਜੂਦ ਹਨ। ਇਸ ਦੇ ਸਿਰਫ਼ ਦੋ ਸਫ਼ਿਆਂ (ਨੰਬਰ 49 ਤੇ 110) ਉੱਤੇ ਲਗਭਗ 30 ਗ਼ਲਤੀਆਂ ਮੌਜੂਦ ਹਨ। ਸਫ਼ਾ 49 ਉੱਤੇ, 'ਊਧ' ਇੰਦਰਾਜ ਵਿਚ ਭਗਵਤ ਪੁਰਾਣ ਦੇ ਦਸਵੇਂ ਸਕੰਧ ਦਾ ਇਕ ਪੂਰਾ ਸਲੋਕ ਦਿਤਾ ਹੋਇਆ ਹੈ। ਮਹਾਨ ਕੋਸ਼ ਦੇ ਮੂਲ ਪੰਜਾਬੀ ਸੰਸਕਰਣ ਅਤੇ ਅੰਗਰੇਜ਼ੀ ਸੰਸਕਰਣ ਵਿਚ ਵੀ ਇਹ ਸਲੋਕ ਨਹੀਂ ਹੈ। ਪੰਜਾਬੀ ਯੂਨੀਵਰਸਟੀ ਦੁਆਰਾ ਪ੍ਰਕਾਸ਼ਤ ਪੰਜਾਬੀ ਸੰਸਕਰਣ ਵਿਚ ਇਸ ਸਲੋਕ ਦੀ ਸਿਰਫ਼ ਪਹਿਲੀ ਲਾਈਨ ਹੀ ਮੌਜੂਦ ਹੈ।
ਇਕੋ ਹੀ ਅਦਾਰੇ ਵਲੋਂ ਛਾਪੇ ਗਏ ਮਹਾਨ ਕੋਸ਼ ਦੇ ਤਿੰਨ ਸੰਸਕਰਣਾਂ ਵਿਚ ਇਸ ਸਲੋਕ ਦੀ ਵੱਖ-ਵੱਖ ਤਰ੍ਹਾਂ ਦੀ ਪੇਸ਼ਕਾਰੀ ਬੜੀ ਅਜੀਬ ਲਗਦੀ ਹੈ।ਮਹਾਨ ਕੋਸ਼ ਦਾ ਅੰਗਰੇਜ਼ੀ ਸੰਸਕਰਣ ਵੀ ਭਾਂਤ-ਭਾਂਤ ਦੀਆਂ ਗ਼ਲਤੀਆਂ ਨਾਲ ਅਟਿਆ ਪਿਆ ਹੈ। ਇਸ ਦੀ ਪਹਿਲੀ ਜਿਲਦ ਵਿਚਲੀ 9ntroduction ਦੀ ਪਹਿਲੀ ਲਾਈਨ ਵਿਚ ਪੰਡਤ ਤਾਰਾ ਸਿੰਘ ਜੀ ਦੇ 'ਗੁਰੁਗਿਰਾਥਨ ਕੋਸ਼' ਨੂੰ 'ਗੁਰੁਗ੍ਰੰਥ ਕੋਸ਼' ਕਰ ਦਿਤਾ ਗਿਆ ਹੈ ਜਦਕਿ ਪੰਡਤ ਤਾਰਾ ਸਿੰਘ ਜੀ ਨੇ 'ਗੁਰੁਗ੍ਰੰਥ ਕੋਸ਼' ਨਾਮ ਦਾ ਕੋਈ ਗ੍ਰੰਥ ਕਦੇ ਲਿਖਿਆ ਹੀ ਨਹੀਂ।
ਮੂਲ ਪੰਜਾਬੀ ਸੰਸਕਰਣ ਦੀ 'ਭੂਮਿਕਾ' ਦੇ ਪੈਰਾ ਨੰਬਰ 3 ਵਿਚ ਆਏ ਵਾਕੰਸ਼ “ਸੰਸਕ੍ਰਿਤ ਦੇ 1708 ਧਾਤੂਆਂ ਤੋਂ” ਵਿਚਲੇ 'ਤੋਂ' ਦਾ ਅਨੁਵਾਦ '6rom' ਦੀ ਥਾਂ 'in' ਕੀਤਾ ਗਿਆ ਹੈ। ਇਸੇ ਪੈਰੇ ਦੇ ਸ਼ਬਦਾਂ, “ਜੇ ਧਾਤੂ ਦੇ ਇਸੇ ਅਰਥ ਨੂੰ ਲੈ ਕੇ ਕੁਹਾੜੇ, ਛਵਟੀ, ਟੋਕੇ ਆਦਿ ਨੂੰ ਅਸਿ ਆਖੀਏ, ਤਾਂ ਕੋਈ ਰੁਕਾਵਟ ਨਹੀਂ” ਵਿਚਲੇ 'ਆਦਿ' ਸ਼ਬਦ ਲਈ ਅੰਗ੍ਰੇਜ਼ੀ ਦਾ ਢੁਕਵਾਂ ਸ਼ਬਦ 'etcetera' ਜਾਂ ਇਸ ਦਾ ਸੰਖੇਪ ਰੂਪ 'ect.' ਨਾ ਵਰਤ ਕੇ 'or' ਵਰਤਿਆ ਗਿਆ ਹੈ। ਮਹਾਨ ਕੋਸ਼ ਦੇ ਇੰਦਰਾਜ 'ਉਕਤਿਬਿਲਾਸ' ਦਾ ਪਹਿਲਾ ਵਾਕ ਹੈ : “ਦਸਮਗ੍ਰੰਥ ਵਿਚ ਦੁਰਗਾ ਸਪਤਸ਼ਤੀ ਦਾ ਸੁਤੰਤ੍ਰ ਉਲਥਾ ਰੂਪ ਪਹਿਲਾ ਚੰਡੀਚਰਿਤਰ, ਜਿਸ ਦੀ ਰਚਨਾ ਵਿਚ ਕਈ
ਮਨੋਹਰ ਉਕਿ} ਯੁਕਿ} ਦਾ ਚਮਤਕਾਰ ਹੈ।'' ਇਸ ਵਾਕ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ, “a free translation of 4urga’s omnipotent power in 4asam 7ranth, 3handicharitar excels in marvellous quotes.” ਮੂਲ ਪੰਜਾਬੀ ਵਾਕ ਵਿਚ ਕੋਈ ਵੀ ਅਜਿਹਾ ਅੰਸ਼ ਨਹੀਂ ਹੈ ਜਿਸ ਦਾ ਅੰਗਰੇਜ਼ੀ ਵਿਚ ਅਨੁਵਾਦ '4urga’s omnipotent power' ਬਣਦਾ ਹੋਵੇ। ਇਹ ਭਾਈ ਕਾਨ੍ਹ ਸਿੰਘ ਨਾਭਾ ਦੇ ਵਿਚਾਰਾਂ ਨੂੰ ਵਿਗਾੜਨ ਦਾ ਕੋਝਾ ਯਤਨ ਹੈ। ਮਹਾਨ ਕੋਸ਼ ਦੇ ਸੰਸਕਰਣਾਂ ਵਿਚ ਹੋਈਆਂ ਗ਼ਲਤੀਆਂ ਬਾਰੇ ਵਿਚਾਰ ਕਰਨ ਲਈ ਪੰਜਾਬੀ ਯੂਨੀਵਰਸਟੀ ਨੇ ਜੁਲਾਈ 2017 ਨੂੰ ਮਾਹਰਾਂ ਦੀ ਇਕ ਕਮੇਟੀ ਗਠਿਤ ਕੀਤੀ ਸੀ ਜਿਸ ਦੀ ਪਹਿਲੀ
ਮੀਟਿੰਗ 15 ਨਵੰਬਰ 2017 ਨੂੰ, ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਟੀ, ਦੇ ਦਫ਼ਤਰ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਹਾਜ਼ਰ ਮਾਹਰਾਂ ਨੇ ਭਰਪੂਰ ਵਿਚਾਰ-ਚਰਚਾ ਕਰ ਕੇ ਸਰਬਸੰਮਤੀ ਨਾਲ ਤਿੰਨ ਮੁੱਖ ਸੁਝਾਅ ਦਿਤੇ ਸਨ। ਪਹਿਲਾ ਸੁਝਾਅ ਇਹ ਸੀ ਕਿ ਪੰਜਾਬੀ ਯੂਨੀਵਰਸਟੀ ਦੁਆਰਾ ਪ੍ਰਕਾਸ਼ਤ ਮਹਾਨ ਕੋਸ਼ ਦੇ ਤਿੰਨਾਂ ਸੰਸਕਰਣਾਂ ਦੀ ਵਿਕਰੀ ਉੱਤੇ ਪੱਕੇ ਤੌਰ ਉਤੇ ਰੋਕ ਲਗਾ ਦਿਤੀ ਜਾਵੇ ਅਤੇ ਇਨ੍ਹਾਂ ਨੂੰ ਨਸ਼ਟ ਕਰ ਦਿਤਾ ਜਾਵੇ ਕਿਉਂਕਿ ਇਹ ਬਿਲਕੁਲ ਹੀ ਵਿਕਰੀ ਯੋਗ ਨਹੀਂ ਹਨ। ਦੁਜਾ ਸੁਝਾਅ ਸੀ ਕਿ ਮਹਾਨ ਕੋਸ਼ ਦੇ ਇਨ੍ਹਾਂ ਤਿੰਨਾਂ ਸੰਸਕਰਣਾਂ ਵਿਚ ਹੋਈਆਂ ਗ਼ਲਤੀਆਂ ਲਈ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ
ਕੀਤੀ ਜਾਵੇ ਤੇ ਤੀਜਾ ਇਹ ਕਿ ਮਹਾਨ ਕੋਸ਼ ਦੇ ਇਨ੍ਹਾਂ ਤਿੰਨਾਂ ਸੰਸਕਰਣਾਂ ਵਿਚ ਹੋਈਆਂ ਗ਼ਲਤੀਆਂ ਨੂੰ ਠੀਕ ਕਰਨ ਲਈ ਮਾਹਰਾਂ ਦੀਆਂ ਵੱਖ-ਵੱਖ ਰੀਵਿਊ ਕਮੇਟੀਆਂ ਬਣਾਈਆਂ ਜਾਣ। ਡੀਨ ਸਾਹਬ ਨੇ ਮਾਹਰਾਂ ਦਾ ਧਨਵਾਦ ਕਰਦਿਆਂ ਕਿਹਾ ਸੀ ਕਿ ਇਸ ਮੀਟਿੰਗ ਵਿਚ ਹੋਈ ਵਿਚਾਰ-ਚਰਚਾ ਬਾਰੇ ਉੇਹ ਵੀ.ਸੀ. ਸਾਹਬ ਨੂੰ ਜਾਣੂ ਕਰਵਾ ਦੇਣਗੇ ਤੇ ਮਹਾਨ ਕੋਸ਼ ਦੇ ਸੰਸਕਰਣਾਂ ਵਿਚਲੀਆਂ ਤਰੁਟੀਆਂ ਦੀ ਸੁਧਾਈ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਜਲਦੀ ਹੀ ਇਸ ਸਲਾਹਕਾਰ ਕਮੇਟੀ ਦੀਆਂ ਇਕ-ਦੋ ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ। ਪ੍ਰੰਤੂ ਅਜੇ ਤਕ ਇਸ ਮੀਟਿੰਗ ਦੀ ਕਾਰਵਾਈ ਦੀ ਕਾਪੀ ਵੀ ਮੈਂਬਰਾਂ ਨੂੰ ਨਹੀਂ ਭੇਜੀ ਗਈ।
ਚੰਡੀਗੜ੍ਹ ਤੋਂ ਇਸ ਕਮੇਟੀ ਦੇ ਦੋ ਮੈਂਬਰਾਂ ਨੇ ਇਸ ਮੀਟਿੰਗ ਦੀ ਕਾਰਵਾਈ ਦੀ ਕਾਪੀ ਦੀ ਮੰਗ ਕਰਦਿਆਂ, ਇਕ ਸਾਂਝੀ ਚਿੱਠੀ 28 ਫ਼ਰਵਰੀ 2018 ਨੂੰ ਈ-ਮੇਲ ਰਾਹੀਂ ਪੰਜਾਬੀ ਯੂਨੀਵਰਸਟੀ ਦੇ ਵੀ.ਸੀ. ਤੇ ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਨੂੰ ਭੇਜੀ ਸੀ, ਜਿਸ ਦਾ ਜਵਾਬ ਅੱਜ ਵੀ ਉਡੀਕਿਆਂ ਜਾ ਰਿਹਾ ਹੈ।ਉੱਪਰ ਦਿਤੀ ਜਾਣਕਾਰੀ ਤੋਂ ਸਾਫ਼ ਪਤਾ ਲਗਦਾ ਹੈ ਕਿ ਪੰਜਾਬੀ ਯੂਨੀਵਰਸਟੀ ਦੁਆਰਾ ਪ੍ਰਕਾਸ਼ਤ ਮਹਾਨ ਕੋਸ਼ ਦੇ ਤਿੰਨੇ ਸੰਸਕਰਣ ਮੂਲ ਮਹਾਨ ਕੋਸ਼ ਦੇ ਵਿਗਾੜੇ ਹੋਏ ਰੂਪ ਹਨ। ਇਹ ਮਹਾਨ ਕੋਸ਼ ਦੇ ਕਰਤਾ, ਮਹਾਨ ਸਿੱਖ ਵਿਦਵਾਨ, ਭਾਈ ਕਾਨ੍ਹ ਸਿੰਘ ਨਾਭਾ ਜੀ ਤੇ ਪੰਜਾਬੀ ਯੂਨੀਵਰਸਿਟੀ ਦੀ ਹੇਠੀ ਦਾ ਕਾਰਨ ਬਣ ਸਕਦੇ ਹਨ।
ਪ੍ਰੰਤੂ, ਰੱਬ ਜਾਣੇ, ਇਨ੍ਹਾਂ ਸੰਸਕਰਣਾਂ ਦੀ ਸੁਧਾਈ ਕਰਨ ਵਿਚ ਪੰਜਾਬੀ ਯੂਨੀਵਰਸਟੀ ਕਿਉਂ ਕੋਈ ਦਿਲਚਸਪੀ ਨਹੀਂ ਵਿਖਾ ਰਹੀ? ਇਥੇ ਇਹ ਸਵਾਲ ਪੁਛਿਆ ਜਾਣਾ ਸੁਭਾਵਕ ਹੈ ਕਿ ਮਹਾਨ ਕੋਸ਼ ਦੇ ਉਪਰੋਕਤ ਸੰਸਕਰਣਾਂ ਦੀ ਸੁਧਾਈ ਨਾ ਕਰਨ ਦੀ ਜ਼ਿੱਦ ਕਰ ਕੇ ਪੰਜਾਬੀ ਯੂਨੀਵਰਸਟੀ ਪੰਜਾਬੀ ਭਾਸ਼ਾ ਦਾ ਕਿਸ ਕਿਸਮ ਦਾ ਵਿਕਾਸ ਕਰ ਰਹੀ ਹੈ?ਸਿਰਫ਼ ਮਹਾਨ ਕੋਸ਼ ਦੇ ਤਿੰਨ ਸੰਸਕਰਣਾਂ ਵਿਚ ਹੀ ਨਹੀਂ ਬਲਕਿ ਪੰਜਾਬੀ ਯੂਨੀਵਰਸਟੀ ਦੁਆਰਾ ਪ੍ਰਕਾਸ਼ਤ ਕਈ ਹੋਰ ਪੁਸਤਕਾਂ ਵਿਚ ਵੀ ਬਹੁਤ ਗ਼ਲਤੀਆਂ ਹਨ।
ਮਿਸਾਲ ਵਜੋਂ, ਮਸ਼ਹੂਰ ਭਾਸ਼ਾ-ਵਿਗਿਆਨੀ, ਸੁਰਗਵਾਸੀ ਡਾ. ਹਰਕੀਰਤ ਸਿੰਘ ਜੀ ਦੀ ਲਿਖੀ ਪੁਸਤਕ ''ਗੁਰਬਾਣੀ ਦੀ ਭਾਸ਼ਾ ਤੇ ਵਿਆਕਰਣ'', ਅਪਣੇ ਵਿਸ਼ੇ ਦੀ ਇਕ ਟਕਸਾਲੀ ਰਚਨਾ ਹੈ। ਪਰ ਇਸ ਵਿਚ ਬੇਸ਼ੁਮਾਰ ਅਸ਼ੁਧੀਆਂ ਹਨ। ਬਿਨਾਂ ਕੋਈ ਉਜਰਤ ਲਿਆਂ ਇਸ ਪੁਸਤਕ ਦੀ ਸੁਧਾਈ ਕਰਨ ਦੀ ਵਾਰ-ਵਾਰ ਪੇਸ਼ਕਸ਼ ਕੀਤੀ ਗਈ, ਛੇ ਚਿਠੀਆਂ ਲਿਖਣ ਦੇ ਬਾਵਜੂਦ ਪੰਜਾਬੀ ਯੂਨੀਵਰਸਟੀ ਵਲੋਂ ਕੋਈ ਹੁੰਗਾਰਾ ਨਹੀਂ ਮਿਲਿਆ। ਮਹਾਨ ਕੋਸ਼ ਵਿਚਲੀਆਂ ਗ਼ਲਤੀਆਂ ਬਾਰੇ 24 ਅਪ੍ਰੈਲ 2015 ਨੂੰ ਪੰਜਾਬੀ ਅਖ਼ਬਾਰ ਵਿਚ ਛਪੀ ਖ਼ਬਰ ਵਿਚ ਯੂਨੀਵਰਸਟੀ ਦੇ ਤਤਕਾਲੀ ਵੀ.ਸੀ. ਦੇ ਹਵਾਲੇ ਨਾਲ ਦਸਿਆ ਗਿਆ ਸੀ ਕਿ ਪੰਜਾਬੀ ਯੂਨੀਵਰਸਟੀ ਨੇ ਪਹਿਲਾਂ ਛਪੇ
ਮਹਾਨ ਕੋਸ਼ ਦੇ ਹਿੰਦੀ ਸੰਸਕਰਣ ਉੱਤੇ ਰੋਕ ਲਗਾ ਦਿਤੀ ਹੈ ਤੇ ਅੱਗੇ ਅਨੁਵਾਦਤ ਕੋਈ ਹੋਰ ਸੰਸਕਰਣ ਵੀ ਨਾ ਛਾਪਣ ਦਾ ਫ਼ੈਸਲਾ ਕੀਤਾ ਹੈ। ਪ੍ਰੰਤੂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਦੇ ਹਿੰਦੀ ਅਨੁਵਾਦ ਲਈ ਇਕ ਕੋਆਰਡੀਨੇਟਰ ਨਿਯੁਕਤ ਕਰ ਦਿਤਾ ਗਿਆ ਹੈ। ਕਿੰਨੀ ਦੁਖਦਾਈ ਗੱਲ ਹੈ ਕਿ ਪੰਜਾਬੀ ਯੂਨੀਵਰਸਟੀ ਨੇ ਗ਼ਲਤੀਆਂ ਕਾਰਨ ਮਹਾਨ ਕੋਸ਼ ਦੇ ਤਿੰਨਾਂ ਸੰਸਕਰਣਾਂ ਦੀ ਵਿਕਰੀ ਉੱਤੇ ਪਾਬੰਦੀ ਲਗਾ ਦਿਤੀ ਹੈ, ਨਾਲੇ ਇਸ ਦਾ ਹਿੰਦੀ ਵਿਚ ਅਨੁਵਾਦ ਕਰਨ ਲਈ ਕੋਆਰਡੀਨੇਟਰ ਨਿਯੁਕਤ ਕਰ ਦਿਤਾ ਹੈ।
ਇਸ ਤੋਂ ਜਾਪਦਾ ਹੈ ਕਿ ਝੂਠੀ ਵਿਦਵਤਾ ਦੀ ਵੇਦੀ ਉੱਤੇ ਮਹਾਨ ਕੋਸ਼ ਦੀ ਬਲੀ ਦੇ ਕੇ ਵੀ ਪੰਜਾਬੀ ਯੂਨੀਵਰਸਟੀ ਨੇ ਕੁੱਝ ਨਹੀਂ ਸਿਖਿਆ।ਮਹਾਨ ਕੋਸ਼ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚਲ ਰਹੀ ਲੋਕਹਿਤ ਪਟੀਸ਼ਨ ਦੇ ਜਵਾਬ ਵਿਚ ਪੰਜਾਬੀ ਯੂਨੀਵਰਸਟੀ ਨੇ ਲਿਖਿਆ ਸੀ ਕਿ 15-05-2017 ਨੂੰ ਇਕ ਰਿਵੀਊ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਨੇ 17-07-2017 ਨੂੰ ਅਪਣੀ ਮੀਟਿੰਗ ਵਿਚ ਮਹਾਨ ਕੋਸ਼ ਦੀ ਵਿਕਰੀ ਬੰਦ ਕਰਨ ਦਾ ਫ਼ੈਸਲਾ ਕੀਤਾ। 14 ਮਾਰਚ 2018 ਨੂੰ ਪੰਜਾਬੀ ਯੂਨੀਵਰਸਟੀ ਦੇ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਮਾਹਰਾਂ ਦੀ ਰਿਪੋਰਟ ਮਿਲਣ ਉਤੇ ਅਗਲੀ ਕਾਰਵਾਈ ਕਰ ਕੇ ਮਹਾਨ ਕੋਸ਼ ਦੇ ਅਨੁਵਾਦ ਨੂੰ ਦਰੁਸਤ
ਕੀਤਾ ਜਾਵੇਗਾ। ਇਸ ਤੇ ਅਦਾਲਤ ਨੇ ਪਟੀਸ਼ਨ ਦਾ ਨਿਬੇੜਾ ਕਰ ਦਿਤਾ। ਕਿਸੇ ਵੀ ਯੂਨੀਵਰਸਟੀ ਦੁਆਰਾ ਪ੍ਰਕਾਸ਼ਤ ਪੁਸਤਕਾਂ ਪ੍ਰਮਾਣੀਕ ਸਮਝੀਆਂ ਜਾਂਦੀਆਂ ਹਨ। ਇਸ ਲਈ ਅਜਿਹੀ ਹਰ ਪੁਸਤਕ ਨੂੰ ਤਿਆਰ ਕਰਨ ਵਾਸਤੇ ਪੂਰੀ ਸਾਵਧਾਨੀ ਤੇ ਪ੍ਰਤੀਬੱਧਤਾ ਦੀ ਬੇਹਦ ਲੋੜ ਹੁੰਦੀ ਹੈ। ਪ੍ਰੰਤੂ ਪੰਜਾਬੀ ਭਾਸ਼ਾ ਦੇ ਨਾਂ ਉਤੇ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਾਇਮ ਕੀਤੀ ਗਈ ਪੰਜਾਬੀ ਯੂਨੀਵਰਸਟੀ ਦੁਆਰਾ ਪ੍ਰਕਾਸ਼ਤ ਮਹਾਨ ਕੋਸ਼ ਦੇ ਤਿੰਨਾਂ ਸੰਸਕਰਣਾਂ ਵਿਚੋਂ ਲੋੜੀਂਦੀ ਸਾਵਧਾਨੀ ਤੇ ਪ੍ਰਤੀਬਧਤਾ ਦੀ ਇਕ ਮੱਧਮ ਜਿਹੀ ਝਲਕ ਵੀ ਨਹੀਂ ਮਿਲਦੀ। ਉਪਰ ਦਿਤੇ ਵੇਰਵੇ ਦੀ ਲੋਅ ਵਿਚ ਪੰਜਾਬ ਸਰਕਾਰ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਪੰਜਾਬੀ ਯੂਨੀਵਰਸਟੀ
ਦੁਆਰਾ ਮਹਾਨ ਕੋਸ਼ ਨਾਲ ਛੇੜਛਾੜ ਕਰ ਕੇ ਇਸ ਨੂੰ ਵਿਗਾੜਨ ਦਾ ਸਖ਼ਤ ਨੋਟਿਸ ਲਿਆ ਜਾਵੇ। ਮਹਾਨ ਕੋਸ਼ ਦੇ ਤਿੰਨਾਂ ਸੰਸਕਰਣਾਂ ਵਿਚ ਹੋਈਆਂ ਬੇਸ਼ੁਮਾਰ ਗ਼ਲਤੀਆਂ ਲਈ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੇ ਇਸ ਕਾਰਨ ਹੋਏ ਮਾਲੀ ਨੁਕਸਾਨ ਦੀ ਰਾਸ਼ੀ ਤੈਅ ਕਰਨ ਲਈ ਕਿਸੇ ਰਿਟਾਇਰ ਜੱਜ ਤੋਂ ਸਮਾਂਬੱਧ ਪੜਤਾਲ ਕਰਵਾਈ ਜਾਵੇ ਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਣਦੀ ਸਜ਼ਾ ਵੀ ਦਿਤੀ ਜਾਵੇ ਤਾਕਿ ਭਵਿੱਖ ਵਿਚ ਅਜਿਹਾ ਕੋਈ ਕੰਮ ਲਾ-ਪਰਵਾਹੀ ਨਾਲ ਨਾ ਕੀਤਾ ਜਾਵੇ। ਮਹਾਨ ਕੋਸ਼ ਦੇ ਤਿੰਨਾਂ ਸੰਸਕਰਣਾਂ ਨੂੰ ਵਾਪਸ ਮੰਗਵਾ ਕੇ ਇਸ ਦਾ ਸਾਰਾ ਸਟਾਕ ਤੁਰੰਤ ਨਸ਼ਟ ਕਰਨ ਦਾ ਹੁਕਮ ਵੀ ਯੂਨੀਵਰਸਟੀ ਨੂੰ ਦਿਤਾ ਜਾਣਾ
ਚਾਹੀਦਾ ਹੈ ਤਾਕਿ ਇਹ ਪੁਸਤਕਾਂ ਲੋਕਾਂ ਨੂੰ ਗੁਮਰਾਹ ਨਾ ਕਰ ਸਕਣ ਤੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਦੀ ਹੇਠੀ ਦਾ ਕਾਰਨ ਨਾ ਬਣ ਸਕਣ। ਸਰਕਾਰ ਇਹ ਵੀ ਯਕੀਨੀ ਬਣਾਵੇ ਕਿ ਪੰਜਾਬੀ ਯੂਨੀਵਰਸਟੀ ਦੁਆਰਾ ਕੋਈ ਵੀ ਗ਼ੈਰ-ਮਿਆਰੀ ਪ੍ਰਕਾਸ਼ਨ ਹੋਂਦ ਵਿਚ ਨਾ ਲਿਆਂਦਾ ਜਾ ਸਕੇ। ਨਾਲ ਹੀ, ਕੋਈ ਅਜਿਹਾ ਪ੍ਰਬੰਧ ਵੀ ਯਕੀਨੀ ਕਰ ਲੈਣਾ ਚਾਹੀਦਾ ਹੈ ਜਿਸ ਦੇ ਫਲਸਰੂਪ ਭਵਿਖ ਵਿਚ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਹੀ ਹਰ ਪੁਸਤਕ ਦੀ, ਉਸ ਵਿਸ਼ੇ ਅਤੇ ਭਾਸ਼ਾ ਦੇ ਮਾਹਰਾਂ ਦੀਆਂ ਰੀਵਿਊ ਕਮੇਟੀਆਂ ਤੋਂ, ਪੂਰੀ ਤਰ੍ਹਾਂ ਖੋਜਬੀਨ ਕਰਵਾ ਲਈ ਜਾਵੇ।
ਸਰਕਾਰ ਵਲੋਂ ਇਹ ਹੁਕਮ ਵੀ ਦਿਤਾ ਜਾਣਾ ਚਾਹੀਦਾ ਹੈ ਕਿ ਯੂਨੀਵਰਸਟੀ ਕੋਈ ਅਜਿਹਾ ਪ੍ਰਾਜੈਕਟ ਕਦੇ ਹੱਥ ਵਿਚ ਹੀ ਨਾ ਲਵੇ ਜਿਸ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਯੋਗ ਮਾਹਰਾਂ ਦੀ ਸੇਵਾ ਉਪਲਬਧ ਨਾ ਹੋਵੇ।ਪੰਜਾਬੀ ਯੂਨੀਵਰਸਟੀ ਦੁਆਰਾ ਮਹਾਨ ਕੋਸ਼ ਦੇ ਤਿੰਨਾਂ ਸੰਸਕਰਣਾਂ ਨੂੰ ਨਵੇਂ ਸਿਰਿਉਂ ਪ੍ਰਕਾਸ਼ਤ ਕਰਨ ਲਈ ਸਾਡਾ ਇਹ ਸੁਝਾਅ ਹੈ ਕਿ ਸੱਭ ਤੋਂ ਪਹਿਲਾਂ ਇਸ ਦੇ ਪੰਜਾਬੀ ਸੰਸਕਰਣ ਨੂੰ ਗ਼ਲਤੀ-ਰਹਿਤ ਬਣਾਇਆ ਜਾਵੇ ਤੇ ਇਸ ਤੋਂ ਬਾਅਦ ਹੀ ਨਿਪੁੰਨ ਅਨੁਵਾਦਕਾਂ ਤੋਂ ਇਸ ਦੇ ਅਨੁਵਾਦ ਦਾ ਕੰਮ ਕਰਵਾਇਆ ਜਾਵੇ ਤੇ
ਅਨੁਵਾਦਕਾਂ ਦੁਆਰਾ ਕੀਤੇ ਕੰਮ ਦੀ ਮਾਹਰਾਂ ਦੀ ਰੀਵਿਊ ਕਮੇਟੀ ਤੋਂ ਸੁਧਾਈ ਕਰਵਾਉਣ ਉਪਰੰਤ ਹੀ ਉਸ ਨੂੰ ਛਪਵਾਇਆ ਜਾਵੇ। ਅਜਿਹੀ ਸਾਵਧਾਨੀ ਵਰਤਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਮਹਾਨ ਕੋਸ਼ ਦੇ ਪੰਜਾਬੀ ਸੰਸਕਰਣ ਦੇ ਪੁਨਰ-ਪ੍ਰਕਾਸ਼ਨ ਤੇ ਇਸ ਅਨੁਵਾਦ ਦੇ ਪ੍ਰਾਜੈਕਟ ਕਾਰਨ ਪਹਿਲੇ ਹੀ ਪੰਜਾਬੀ ਯੂਨੀਵਰਸਿਟੀ ਦਾ ਕਾਫ਼ੀ ਮਾਲੀ ਨੁਕਸਾਨ ਹੋ ਚੁਕਾ ਹੈ ਅਤੇ ਹੇਠੀ ਵੀ।
ਸੰਪਰਕ : 98140-43338