ਸਿੱਖ ਇਤਿਹਾਸ ਦਾ ਅਣਖ਼ੀਲਾ ਸੂਰਵੀਰ ਭਾਈ ਬਾਜ਼ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਈ ਬਾਜ਼ ਸਿੰਘ ਮੀਰਪੁਰ ਪੱਟੀ ਦਾ ਜੰਮਪਲ ਸੀ ਜਿਸ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਤੇ ਉਨ੍ਹਾਂ ਦੇ ਬਹੁਤ ਨਜ਼ਦੀਕ ਦੇ ਸੇਵਕ ਰਹੇ।

Bhai Baj Singh

ਸਿੱਖ ਇਤਿਹਾਸ ਬੜਾ ਵਚਿੱਤਰ ਹੋਣ ਕਰ ਕੇ ਅਨੇਕਾਂ ਅਣਖ਼ੀਲੇ ਸੂਰਬੀਰਾਂ, ਯੋਧਿਆਂ, ਅਮਰ ਸ਼ਹੀਦਾਂ ਦੀਆਂ ਅਕੱਥ ਗਾਥਾਵਾਂ ਨਾਲ ਭਰਿਆ ਪਿਆ ਹੈ। ਇਸ ਇਤਿਹਾਸ ਵਿਚ ਇਕ ਤੋਂ ਇਕ ਯੋਧੇ ਦੀ ਵੀਰਤਾ ਤੇ ਕੁਰਬਾਨੀ ਸੁਣਨ ਵਾਲੇ ਹਰ ਵਿਅਕਤੀ ਨੂੰ ਅਚੰਭੇ ਵਿਚ ਹੀ ਨਹੀਂ ਪਾਉਂਦੀ, ਸਗੋਂ ਉਸ ਦੇ ਰੋਮ-ਰੋਮ ਵਿਚ ਜੋਸ਼ੀਲੇ ਖ਼ੂਨ ਦਾ ਵਹਾਅ ਗਰਮ ਕਰ ਦੇਂਦੀ ਹੈ। ਅਜਿਹਾ ਹੀ ਇਕ ਅਣਖੀਲਾ, ਸਿਰਲੱਥ ਸੂਰਬੀਰ, ਅਮਰ ਸ਼ਹੀਦ ਭਾਈ ਬਾਜ਼ ਸਿੰਘ ਜੀ ਹੋਏ ਹਨ ਜਿਨ੍ਹਾਂ ਦੀ ਦੇਣ ਨੂੰ ਸਿੱਖ ਜਗਤ ਕਦੇ ਵੀ ਨਹੀਂ ਭੁਲਾ ਸਕਦਾ।

ਭਾਈ ਬਾਜ਼ ਸਿੰਘ ਮੀਰਪੁਰ ਪੱਟੀ ਦਾ ਜੰਮਪਲ ਸੀ ਜਿਸ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਤੇ ਉਨ੍ਹਾਂ ਦੇ ਬਹੁਤ ਨਜ਼ਦੀਕ ਦੇ ਸੇਵਕ ਰਹੇ। ਜਦੋਂ ਗੁਰੂ ਜੀ ਨੇ ਨੰਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਭੇਜਿਆ ਤਾਂ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਪੰਜ ਸਿੰਘਾਂ ਨੂੰ ਪੰਜ ਪਿਆਰਿਆਂ ਦੇ ਰੂਪ ਵਿਚ ਨਾਲ ਭੇਜਿਆ, ਉਨ੍ਹਾਂ ਵਿਚੋਂ ਭਾਈ ਬਾਜ਼ ਸਿੰਘ ਜੀ ਵੀ ਇਕ ਸਨ। ਬਾਕੀ ਚਾਰ ਸਿੰਘ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਰਣ ਸਿੰਘ ਸਨ।

ਸਰਹਿੰਦ ਫਤਿਹ ਲਈ ਚੱਪੜਚਿੜੀ ਦੀ ਲੜਾਈ ਸਮੇਂ ਜਦੋਂ ਬੰਦਾ ਸਿੰਘ ਜੀ ਨੇ ਸਿੰਘਾਂ ਦੇ ਦਲ ਦੀ ਕਮਾਨ ਭਾਈ ਫ਼ਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ ਤੇ ਸ਼ਾਮ ਸਿੰਘ ਦੇ ਹਵਾਲੇ ਕੀਤੀ ਤੇ ਖ਼ੁਦ ਇਕ ਉੱਚੇ ਟਿੱਬੇ ਤੋਂ ਸਿੱਖ ਫ਼ੌਜ ਦੀ ਨਿਗਰਾਨੀ ਕਰਨ ਲੱਗੇ ਤਾਂ ਭਾਈ ਬਾਜ਼ ਸਿੰਘ ਨੇ ਵੀ ਪੂਰੀ ਲੜਾਈ ਅਤੇ ਦੁਸ਼ਮਣ ਤੇ ਬਾਜ਼ ਅੱਖ ਰੱਖੀ ਹੋਈ ਸੀ।

ਲੜਾਈ ਵਿਚ ਜਦੋਂ ਸੁੱਚਾ ਨੰਦ ਦੇ ਭਤੀਜੇ ਨੇ ਅਪਣੀ ਦਗ਼ਾ ਚਾਲ ਨਾਲ ਭੱਜ ਕੇ ਸਿੰਘਾਂ ਵਿਚ ਭਗਦੜ ਮਚਾ ਦਿਤੀ ਤਾਂ ਸਿੰਘਾਂ ਦੇ ਹੌਂਸਲੇ ਬੁਲੰਦ ਕਰਨ ਲਈ, ਭਾਈ ਬਾਜ਼ ਸਿੰਘ ਤੁਰਤ ਅਪਣਾ ਘੋੜਾ ਭਜਾ ਕੇ ਬੰਦਾ ਸਿੰਘ ਤੋਂ ਆਗਿਆ ਲੈ ਕੇ ਇਕ ਅਣਖੀਲੇ ਯੋਧੇ ਦੀ ਤਰ੍ਹਾਂ ਸਿੰਘਾਂ ਦੀ ਅਗਵਾਈ ਕਰਨ ਲੱਗਾ। ਸਿੰਘਾਂ ਦੇ ਹੌਂਸਲੇ ਬੁਲੰਦ ਹੋਏ ਤੇ ਉਹ ਦੁਸ਼ਮਣ ਦੇ ਹਾਥੀਆਂ ਉਤੇ ਟੁੱਟ ਕੇ ਪੈ ਗਏ ਤੇ ਜ਼ਖ਼ਮੀ ਹਾਥੀ ਪਿੱਛੇ ਨੂੰ ਭੱਜ ਗਏ।

ਜਦੋਂ ਲੜਾਈ ਹਥੋ-ਹੱਥੀ ਹੋਣ ਲੱਗੀ ਤਾਂ ਵਜ਼ੀਰ ਖ਼ਾਨ ਬਾਜ਼ ਸਿੰਘ ਦੇ ਰੂ-ਬ-ਰੂ ਹੋ ਕੇ ਬਾਜ਼ ਸਿੰਘ ਨੂੰ ਨੇਜ਼ਾ ਮਾਰਨ ਲਗਿਆ ਤਾਂ ਬਾਜ਼ ਸਿੰਘ ਨੇ ਝਪਟ ਮਾਰ ਕੇ ਉਸ ਦੇ ਹੱਥੋਂ ਨੇਜ਼ਾ ਖੋਹ ਲਿਆ ਤੇ ਉਸਦੇ ਘੋੜੇ ਦੇ ਸਿਰ ਵਿਚ ਮਾਰਿਆ। ਫਿਰ ਵਜ਼ੀਰ ਖ਼ਾਨ ਦਾ ਇਕ ਤੀਰ ਬਾਜ਼ ਸਿੰਘ ਦੀ ਬਾਂਹ ਤੇ ਲਗਿਆ ਤੇ ਉਹ ਅਪਣੀ ਤਲਵਾਰ ਲੈ ਕੇ ਬਾਜ਼ ਸਿੰਘ ਨੂੰ ਮਾਰਨ ਲਈ ਵਧਿਆ ਤਾਂ ਪਿਛਲੇ ਪਾਸੇ ਖਲੋਤੇ ਭਾਈ ਫਤਹਿ ਸਿੰਘ ਨੇ ਅਪਣੀ ਬਹਾਦਰੀ ਦੇ ਜੌਹਰ ਵਿਖਾਉਂਦੇ ਹੋਏ ਵਜ਼ੀਰ ਖ਼ਾਨ ਨੂੰ ਚੀਰ ਸੁਟਿਆ। ਸਿੰਘਾਂ ਦੀ ਫ਼ਤਹਿ ਹੋਈ।

ਸਰਹਿੰਦ ਫ਼ਤਹਿ ਕਰਨ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿੱਤੇ ਹੋਏ ਅਪਣੇ ਇਲਾਕਿਆਂ ਵਲ ਧਿਆਨ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਭਾਈ ਬਾਜ਼ ਸਿੰਘ ਨੂੰ ਸਰਹਿੰਦ ਦਾ ਸਿੱਖ ਹਾਕਮ ਨਿਯੁਕਤ ਕੀਤਾ ਤੇ ਭਾਈ ਆਲੀ ਸਿੰਘ ਨੂੰ ਉਸ ਦਾ ਨਾਇਬ ਬਣਾਇਆ। ਇਸੇ ਤਰ੍ਹਾਂ ਬਾਜ਼ ਸਿੰਘ ਦੇ ਭਰਾ ਭਾਈ ਰਾਮ ਸਿੰਘ ਨੂੰ ਥਾਨੇਸਰ ਦਾ ਹਾਕਮ ਤੇ ਬਾਬਾ ਬਿਨੋਦ ਸਿੰਘ ਨੂੰ ਉਸ ਦਾ ਸਹਾਇਕ ਨਿਯੁਕਤ ਕੀਤਾ।

ਇਸ ਤਰ੍ਹਾਂ ਭਾਈ ਬਾਜ਼ ਸਿੰਘ ਬਲ ਸਿੱਖ ਸਟੇਟ ਸਰਹਿੰਦ ਦੇ ਪਹਿਲੇ ਗਵਰਨਰ (ਸੂਬੇਦਾਰ ਬਣੇ) ਭਾਈ ਬਾਜ਼ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਮਿਲ ਕੇ ਅਨੇਕਾਂ ਲੜਾਈਆਂ ਲੜੀਆਂ ਤੇ ਇਕ ਆਜ਼ਾਦ ਸਿੱਖ ਰਾਜ ਸਥਾਪਤ ਕਰਨ ਵਿਚ ਮਦਦ ਕੀਤੀ, ਨਾਲ ਹੀ ਮੁਗ਼ਲਾਂ-ਪਠਾਣਾਂ ਨੂੰ ਅਪਣੀ ਸੂਰਬੀਰਤਾ ਦਾ ਲੋਹਾ ਮਨਾਇਆ।

ਅੰਤ ਵਿਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਕੈਦੀ ਬਣਾਏ ਗਏ ਤਾਂ ਭਾਈ ਬਾਜ਼ ਸਿੰਘ ਵੀ ਉਨ੍ਹਾਂ ਨਾਲ ਅਨੇਕਾਂ ਸਿੰਘਾਂ ਸਮੇਤ ਕੈਦੀ ਬਣਾ ਲਏ ਗਏ। 9 ਜੂਨ 1716 ਈ. ਨੂੰ ਜਦੋਂ ਸਿੰਘਾਂ ਦਾ ਕਤਲੇਆਮ ਸ਼ੁਰੂ ਹੋਇਆ ਤਾਂ ਇਤਿਹਾਸ ਅਨੁਸਾਰ ਬਾਦਸ਼ਾਹ ਫ਼ਰੁਖ਼ਸੀਅਰ ਨੇ ਸਿੰਘਾਂ ਨੂੰ ਕਤਲ ਕਰਨ ਤੋਂ ਪਹਿਲਾਂ ਅਪਣੇ ਪਾਸ ਬੁਲਾਇਆ ਜਿਹੜੇ ਕਿ ਹੱਥਕੜੀਆਂ ਤੇ ਬੇੜੀਆਂ ਵਿਚ ਜਕੜੇ ਹੋਏ ਸਨ।

ਫਿਰ  ਫ਼ਰੁਖ਼ਸੀਅਰ ਨੇ ਸਿੰਘਾਂ ਨੂੰ ਕਿਹਾ, ''ਮੈਨੂੰ ਪਤਾ ਲਗਿਆ ਹੈ ਕਿ ਤੁਹਾਡੇ ਵਿਚ ਇਕ ਬਾਜ਼ ਸਿੰਘ ਨਾਮ ਦਾ ਸਿੱਖ ਹੈ ਜੋ ਬਹੁਤ ਬਹਾਦਰ ਸੁਣੀਦਾ ਹੈ ਤੇ ਜਿਸ ਤੇ ਗੁਰੂ ਦੀ ਵਿਸ਼ੇਸ਼ ਕ੍ਰਿਪਾ ਹੈ।'' ਇਸ ਉਤੇ ਬਾਜ਼ ਸਿੰਘ ਤੁਰਤ ਬੋਲਿਆ, ''ਮੈਂ ਹਾਂ ਬਾਜ਼ ਸਿੰਘ, ਅਪਣੇ ਗੁਰੂ ਜੀ ਦਾ ਨਿਮਾਣਾ ਸੇਵਕ।'' ਬਾਦਸ਼ਾਹ ਨੇ ਕਿਹਾ, ''ਮੈਂ ਸੁਣਿਐ, ਤੂੰ ਤਾਂ ਬੜਾ ਬਹਾਦਰ ਆਦਮੀ ਸੀ, ਹੁਣ ਤੇਰੇ ਪਾਸੋਂ ਕੁੱਝ ਨਹੀਂ ਹੋ ਸਕਦਾ।'' ਇਹ ਸੁਣ ਬਾਜ਼ ਸਿੰਘ ਨੇ ਲਲਕਾਰਿਆ, ''ਜੇ ਤੂੰ ਮੇਰੀਆਂ ਬੇੜੀਆਂ ਖੁਲ੍ਹਵਾ ਦੇਵੇਂ ਤਾਂ ਮੈਂ ਹੁਣੇ ਤੈਨੂੰ ਨਮੂਨਾ ਵਿਖਾ ਸਕਦਾ ਹਾਂ।''

ਅਪਣੀ ਤਾਕਤ ਤੇ ਬਾਦਸ਼ਾਹੀ ਦੇ ਗ਼ਰੂਰ ਵਿਚ ਅੰਨ੍ਹੇ ਹੋਏ ਬਾਦਸ਼ਾਹ ਨੇ ਬੇੜੀਆਂ ਖੋਲ੍ਹਣ ਲਈ ਕਿਹਾ। ਜਿਉਂ ਹੀ ਕੁੱਝ ਬੇੜੀਆਂ ਖੋਲ੍ਹੀਆਂ ਗਈਆਂ ਤਾਂ ਅਪਣੀਆਂ ਹੱਥਕੜੀਆਂ ਨਾਲ ਹੀ ਬਾਜ਼ ਸਿੰਘ ਨੇ ਪਾਸ ਖੜੇ 2-3 ਮੁਗ਼ਲ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਫਿਰ ਇਕ ਸਿਪਾਹੀ ਦੀ ਤਲਵਾਹ ਖੋਹ ਕੇ ਫ਼ਰੁਖ਼ਸੀਅਰ ਉਤੇ ਹਮਲਾ ਕਰ ਕੇ ਮਾਰਨ ਦਾ ਯਤਨ ਕੀਤਾ। ਇਹ ਵੇਖ ਫ਼ਰੁਖ਼ਸੀਅਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਸਿੰਘਾਸਣ ਛੱਡ ਕੇ ਪਰੇ ਹੋ ਗਿਆ।

ਉਥੇ ਮੌਜੂਦ ਵੱਡੀ ਗਿਣਤੀ ਮੁਗ਼ਲ ਫ਼ੌਜੀਆਂ ਨੇ ਬਾਜ਼ ਸਿੰਘ ਉਤੇ ਹਮਲਾ ਕਰ ਕੇ ਉਸ ਨੂੰ ਫੜ ਲਿਆ ਤੇ ਬਾਅਦ ਵਿਚ ਕਤਲ ਕਰ ਦਿਤਾ। ਸ. ਬਾਜ਼ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਤਿੰਨ ਭਰਾਵਾਂ ਭਾਈ ਰਾਮ ਸਿੰਘ, ਭਾਈ ਸ਼ਾਮ ਸਿੰਘ ਤੇ ਸ. ਸੁੱਖਾ ਸਿੰਘ ਨੇ ਵੀ ਧਰਮ ਤੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਸ ਸਦਕਾ ਸਾਰੀ ਸਿੱਖ ਕੌਮ ਇਸ ਪ੍ਰਵਾਰ ਦੀ ਰਿਣੀ ਰਹੇਗੀ।

ਇਸ ਤਰ੍ਹਾਂ 9 ਜੂਨ 1716 ਈ. ਨੂੰ ਸਿੱਖ ਕੌਮ ਦੇ ਇਸ ਮਹਾਨ ਅਣਖੀਲੇ ਸੂਰਬੀਰ ਯੋਧੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਦੇ ਪੁੱਤਰ ਅਜੈ ਸਿੰਘ ਤੇ ਚੋਣਵੇਂ ਮੁਖੀ ਸਿੱਖ ਸਰਦਾਰਾਂ ਨਾਲ ਦਿੱਲੀ ਵਿਚ ਕੁਤਬਮੀਨਾਰ ਕੋਲ ਖੁਆਜਾ ਕੁਤਬੁਦੀਨ ਕਾਕੀ ਦੇ ਰੋਜ਼ੇ ਪਾਸ ਸ਼ਹੀਦ ਕੀਤਾ ਗਿਆ।

ਬਹਾਦਰ ਸਿੰਘ ਗੋਸਲ
ਸੰਪਰਕ : 98764-52223