ਆ ਗਏ ਨਿਹੰਗ ਬੂਹਾ ਖੋਲ੍ਹ ਦੇ ਨਿਸ਼ੰਗ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜ਼ੁਲਮ ਦਾ ਟਾਕਰਾ ਕਰਨਾ, ਭੀੜ ਪੈਣ ਤੇ ਜਿਸ ਦਾ ਜੋਸ਼ ਠਾਠਾਂ ਮਾਰੇ, ਸਿਰ ਆਈ ਆਫ਼ਤ ਸੱਸੇ ਹਲੀਮੀ ਦਾ ਪੱਲਾ ਨਾ ਛੋੜੇ, ਉਹੀ ਸੱਚਾ ਤੇ ਸੁੰਚਾ ਨਿਹੰਗ ਹੈ

Nihang

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ 1808 ਈਸਵੀ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸੋਨਾ ਲਗਾਉਣ ਦੀ ਕਾਰ ਸੇਵਾ ਵੇਲੇ ਦੇਸ਼ ਦੇ ਕਈ ਰਾਜੇ-ਮਹਾਰਾਜੇ ਹਾਜ਼ਰ ਸਨ। ਇਨ੍ਹਾਂ ਰਾਜ ਮੁਖੀਆਂ ਵਿਚੋਂ ਨਾਭੇ ਦਾ ਰਾਜਾ ਜਸਵੰਤ ਸਿੰਘ ਤੇ ਉਸ ਦਾ ਦਰਬਾਰੀ ਕਵੀ ਗਵਾਲ ਵੀ ਸ਼ਾਮਲ ਸੀ। ਕਵੀ ਨੇ ਦਰਬਾਰ ਸਾਹਿਬ ਤੇ ਸੋਨਾ ਚੜ੍ਹਾਉਣ ਦੀ ਉਸਤਤ 'ਚ ਬੜੀ ਭਾਵਮਈ ਕਵਿਤਾ ਉਚਾਰਨ ਕੀਤੀ। ਕਵਿਤਾ ਇਸ ਪ੍ਰਕਾਰ ਸੀ,
'ਉਮੜ-ਉਮੜ ਪੜੇਗੀ ਖ਼ਲਕਤ, ਯਹਾਂ ਸੁਬਹੋ ਔਰ ਸ਼ਾਮ। ਸੁਵਰਨ ਮੰਦਰ ਕਹਿਲਾਏਗਾ, ਭਵਿਖ ਮੇਂ ਗੁਰ ਧਾਮ।'  (ਹਿੰਦੀ)

ਤਦ ਤੋਂ ਸ੍ਰੀ ਦਰਬਾਰ ਸਾਹਿਬ, 'ਸਵਰਨ ਮੰਦਰ' ਨਾਂ ਪ੍ਰਚਲਿਤ ਹੋਇਆ। ਗੁਰੂ ਦੇ ਇਸ ਧਾਮ ਤੇ ਹਰ ਯੁਗ ਵਿਚ ਗੁਰੂਘਰ ਦੇ ਦੋਖੀਆਂ ਦੀਆਂ ਨਾਕਾਬਲੇ ਬਰਦਾਸ਼ਤ ਚਾਲਾਂ ਇਤਿਹਾਸ ਵਿਚ ਅੰਕਿਤ ਹਨ। ਸੱਭ ਤੋਂ ਘਿਨੌਣਾ ਕਾਰਾ 1734 ਈਸਵੀ ਵਿਚ ਅੰਮ੍ਰਿਤਸਰ ਪਰਗਣੇ ਦੇ ਮੰਡਿਆਲੇ ਦੇ ਹਾਕਮ ਮੱਸੇ ਰੰਗੜ ਨੇ ਇਥੇ ਕੰਜਰੀਆਂ ਦੇ ਮੁਜਰੇ ਕਰਵਾ ਕੇ ਕੀਤਾ।

ਸਮੇਂ ਦੇ ਅਣਖੀ ਸਿੰਘ ਸੂਰਮਿਆਂ ਮਹਿਤਾਬ ਸਿੰਘ ਮੀਰਾਂ ਕੋਟ ਤੇ ਸੁੱਖਾ ਸਿੰਘ ਕੰਬੋ (ਕੰਬੋਮਾੜੀ) ਵਾਲੇ ਨੇ ਮੱਸੇ ਦਾ ਸਿਰ ਵਢਿਆ, ਉਸ ਨੂੰ ਬਦਨੀਅਤ ਹੋਣ ਦਾ ਸਬਕ ਸਿਖਾਇਆ। ਇਸ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਕੋਟੀਏ  ਦੇ ਪੋਤਰੇ ਭਾਈ ਰਤਨ ਸਿੰਘ ਭੰਗੂ ਹੋਏ ਹਨ। ਭਾਈ ਭੰਗੂ ਨੇ ਅਪਣੇ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ 'ਚ ਨਿਹੰਗ ਸਿੰਘਾਂ ਦੇ ਧਰਮ ਅਤੇ ਮਨੁੱਖਤਾ ਨੂੰ ਸਮਰਪਿਤ ਦਲੇਰੀਆਂ ਦਾ ਜ਼ਿਕਰ ਕੀਤਾ ਹੈ, 'ਸੁੱਖੇ ਉਚਾਰੇ ਆਏ ਨਿਹੰਗ, ਖੋਲ੍ਹ ਸਿਖਣੀ ਬੂਹੇ ਨਿਸ਼ੰਗ' ਭਾਵ ਕਿ ਨਿਹੰਗ ਸਿੰਘਾਂ ਦੇ ਹੁੰਦਿਆਂ ਕਿਸੇ ਮਾਈ-ਭਾਈ ਨੂੰ ਡਰਨ ਦੀ ਲੋੜ ਨਹੀਂ।

ਇਤਿਹਾਸ ਗਵਾਹ ਹੈ ਕਿ ਬਾਹਰੀ ਧਾੜਵੀਆਂ, ਖ਼ਾਸ ਕਰ ਕੇ ਨਾਦਰਸ਼ਾਹ, ਅਬਦਾਲੀ ਆਦਿ ਦੇ ਹਮਲਿਆਂ ਵੇਲੇ ਆਮ ਲੋਕਾਂ ਦੀ ਲੁੱਟ ਤੋਂ ਛੁੱਟ ਉਨ੍ਹਾਂ ਦੀਆਂ ਧੀਆਂ-ਭੈਣਾਂ ਉਧਾਲ ਲਈਆਂ ਜਾਂਦੀਆਂ। ਭੈ-ਭੀਤ ਹੋਈਆਂ ਨਾਰਾਂ ਪੱਤ ਬਚਾਉਣ ਲਈ ਬੂਹੇ-ਬਾਰੀਆਂ ਬੰਦ ਕਰ ਕਈ ਵਾਰ ਅਪਣਾ ਬਚਾਅ ਕਰ ਲੈਂਦੀਆਂ। ਨਾਲ ਹੀ ਨਾਲ ਘੋੜਿਆਂ ਤੇ ਬਹੁੜ ਆਏ ਅਸਲੀ ਨਿਹੰਗ ਸਿੰਘਾਂ ਦੇ ਮੂੰਹੋਂ ਭੰਗੂ ਕਵੀ ਸੱਚ ਤੇ ਦਿਲਾਸੇ ਦਾ ਪ੍ਰਗਟਾਵਾ ਕਰ ਰਹੇ ਹਨ,
'ਜਬ ਲਗ ਭੈਣੇ ਜਿੰਦਾ ਨਿਹੰਗ ਗੁਰੂ ਦਾ ਸ਼ੇਰ। ਮੈਲੀ ਨਿਗ੍ਹਾਈਐ ਗੀਦੜ ਕਰ ਦੇਈਐ ਢੇਰ।'

ਇਹ ਸੀ ਨੀਲੇ ਬਾਣੇ 'ਚ ਸਜੇ ਨਿਹੰਗਾਂ ਦਾ ਅਸਲੀ ਚਿਹਰਾ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਸੱਚ। ਬਾਬਾ ਦੀਪ ਸਿੰਘ ਤੇ ਅਕਾਲੀ ਫੂਲਾ ਸਿੰਘ ਦਾ ਕੁਰਬਾਨੀਆਂ ਭਰਿਆ, ਪਰੋਪਕਾਰਾਂ ਨਾਲ ਲਬਰੇਜ਼ ਮਾਣ ਮੱਤਾ ਇਤਿਹਾਸ ਕੂਕ ਰਿਹਾ ਹੈ ਜਿਸ ਨੂੰ ਮੌਤ ਦਾ ਭੈਅ ਨਹੀਂ, 'ਨਿਹੰਗ' ਹੈ। ਜੋ ਨਿਰਭਉ ਹੈ, 'ਨਿਹੰਗ' ਹੈ। ਜੋ ਸ਼ਹੀਦੀ ਦਾ ਮਾਰਗ ਅਖ਼ਤਿਆਰ ਕਰੇ, 'ਨਿਹੰਗ' ਹੈ। ਮਾਇਆ ਤੋਂ ਨਿਰਲੇਪ ਰਹੇ ਅਤੇ ਮਜ਼ਲੂਮਾਂ ਦੀ ਰਾਖੀ ਦਾ ਜ਼ਿੰਮਾ ਸਾਂਭੇ 'ਨਿਹੰਗ' ਹੈ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਚੰਡੀ ਦੀ ਵਾਰ 'ਚ ਨਿਹੰਗਾਂ ਦੀ ਬਹਾਦਰੀ ਦਰਸਾਈ ਹੈ। 'ਪਹਿਲਾਂ ਦਲਾਂ ਸਿਲੰਦਿਆ ਭੇੜ ਪਿਆ ਨਿਹੰਗਾਂ।' ਭਾਵ ਕਿ ਪਹਿਲੇ ਹੱਲੇ ਹੀ ਨਿਹੰਗਾਂ ਦੀ ਟੱਕਰ ਦੈਂਤਾਂ ਨਾਲ ਹੋਈ। ਦੈਂਤਾਂ ਦਾ ਨਾਸ ਕਰ ਕੇ ਅੰਤ ਨਿਹੰਗ ਸਿੰਘ ਸ਼ਹੀਦੀਆਂ ਪਾ ਗਏ। ਇਕ ਹੋਰ ਮੁਕਾਮ ਤੇ ਦਸਮੇਸ਼ ਜੀ ਦਾ ਨਿਹੰਗਾਂ ਬਾਰੇ ਫ਼ੁਰਮਾਨ ਹੈ :
'ਪਮੰ ਕੇ ਪੁਰੰਪਰ ਉਦਾਰਤਾ ਕੇ ਧਾਰਾਧਰ,
ਭੋਲੇ ਭਾਲ ਭਾਜ ਤੇ ਬਕੋਲ ਪ੍ਰੇਮ ਰੰਗ ਮੇ।
ਮੇਟ ਕੇ ਤਰੰਗ ਮੇਂ ਉਮੰਗ ਕੈ ਉਤੰਗ ਮੇਂ,
ਲੋਕ ਦੰਗ ਕੈਬੇ ਕੋ ਸੁ ਕੀਨੇ ਏ ਨਿਹੰਗ ਮੇਂ।'

ਉਦਾਰਤਾ, ਪ੍ਰੇਮ ਜਿਸ ਦਾ ਧਰਮ ਹੈ। ਜ਼ੁਲਮ ਦਾ ਟਾਕਰਾ ਕਰਨਾ, ਭੀੜ ਪੈਣ ਤੇ ਜਿਸ ਦਾ ਜੋਸ਼ ਠਾਠਾਂ ਮਾਰੇ, ਸਿਰ ਆਈ ਆਫ਼ਤ ਸੱਸੇ ਹਲੀਮੀ ਦਾ ਪੱਲਾ ਨਾ ਛੋੜੇ, ਉਹੀ ਸੱਚਾ ਤੇ ਸੁੰਚਾ ਨਿਹੰਗ ਹੈ। ਚੰਗਿਆਈ ਦਾ ਬੀਜ ਕਦੇ ਨਾਸ ਨਹੀਂ ਹੁੰਦਾ। ਨਿਹੰਗ ਸਿੰਘਾਂ ਨੂੰ ਤਾਂ ਗੁਰੂ ਦਾ ਥਾਪੜਾ ਪ੍ਰਾਪਤ ਹੈ।  ਇਸ ਦੇ ਬਾਵਜੂਦ ਵੀ ਵਰਤਮਾਨ ਦੇ ਕਈ ਨਿਹੰਗ (ਸਾਰੇ ਨਹੀਂ)। ਉਪਰੋਕਤ ਗੁਣ ਸਰਬੱਤ ਦਾ ਭਲਾ ਤੇ ਸਬਰ-ਸੰਤੋਖ ਧਰਮ ਤੋਂ ਕੋਰੇ ਹਨ।

'ਆ ਗਏ ਨਿਹੰਗ...' ਦਾ ਭਾਵ ਕੱਲ ਹੋਰ ਸੀ, ਅੱਜ ਹੋਰ ਪਰ ਭਲਕ ਕੀ ਹੋਵੇਗਾ, ਰੱਬ ਜਾਣੇ। ਉਹ ਵੀ ਸਮਾਂ ਸੀ 'ਜਦੋਂ ਕਿਸੇ ਨਿਹੰਗ ਨੂੰ ਹੋਵੇ ਜ਼ਰੂਰੀ ਲੋੜ, ਵੇਖ ਸਿਖਣੀ ਦੇਵੇ ਖ਼ੁਸ਼ੀ ਮੇਂ ਦੌੜ-ਦੌੜ।'' ਅੱਜ ਦੇ ਦੌਰ 'ਚ 'ਲੋੜ' ਸ਼ਬਦ ਖੋਹਾ-ਖੋਹੀ ਤੇ ਲੁੱਟਮਾਰ ਦਾ ਰੂਪ ਧਾਰਨ ਕਰ ਗਿਆ ਹੈ। ਸਨੌਰ ਅਨਾਥ ਅਸ਼ਰਮ, ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਤੇ ਹੋਰ ਪਿੰਗਲਵਾੜਿਆਂ ਦੇ ਨਾਂ ਤੇ ਨਕਲੀ ਨਿਹੰਗ ਟੋਲੇ ਹਾੜੀ ਸਾਉਣੀ ਸੈਂਕੜੇ ਮਣ ਅਨਾਜ ਇਕੱਠਾ ਕਰਦੇ ਹਨ। ਕੀ ਸਰਕਾਰਾਂ ਜਾਂ ਨਿਹੰਗ ਜਥੇਬੰਦੀਆਂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਸਤਿਕਾਰ ਕਮੇਟੀ ਇਸ ਗ਼ੈਰ ਸਿੱਖੀ, ਧਰਮ ਤੇ ਸਮਾਜ ਵਿਰੋਧੀ ਕਾਰੇ ਜਾਂ ਹੁੰਦੀ ਲੁੱਟ ਤੋਂ ਅਣਜਾਣ ਹਨ?

ਕੁੱਝ ਚਿਰ ਪਹਿਲਾਂ ਨਕਲੀ ਨਿਹੰਗਾਂ ਦਾ ਟੋਲਾ 'ਗੁਰੂ ਨਾਨਕ ਅਨਾਥ ਆਸ਼ਰਮ ਜਲੰਧਰ' ਦੇ ਨਾਂ ਤੇ ਠੱਗੀ ਮਾਰਦਾ ਕਾਬੂ ਕੀਤਾ ਗਿਆ। ਸਵਾਲ ਜਵਾਬ ਦੌਰਾਨ ਉਨ੍ਹਾਂ ਦੇ ਪਾਪ ਦਾ ਪਰਦਾ ਜ਼ਾਹਰ ਹੋਇਆ। ਆਸ਼ਰਮ ਦੇ ਪ੍ਰਬੰਧਕਾਂ ਨੂੰ ਸੂਚਨਾ ਦਿਤੀ ਗਈ। ਅੱਗੋਂ ਜਵਾਬ ਆਇਆ 'ਦਫ਼ਾ ਹੋਣ ਦਿਉ ਪਾਪੀਆਂ ਨੂੰ, ਆਪੇ ਭੁਗਤਣਗੇ, ਮਾੜੀ ਕਰਨੀ ਦਾ ਫੱਲ।' ਮਾੜੀ ਕਰਨੀ ਤੇ ਮਾੜੀ ਸੋਚ ਇਕ ਮਿਕ ਹੋ ਕੇ ਮਨ ਦੇ ਅਰਮਾਨ ਚੂਰ-ਚੂਰ ਕਰ ਗਈਆਂ।

ਹੁਣ ਜਦੋਂ ਕਿ 'ਜੱਬੀ ਬਾਨ ਲਾਗੈ, ਤੱਬੀ ਰੋਸ਼ ਜਾਗੈ' ਗੁਰੂ ਵਾਕ ਮੁੜ ਸੱਚ ਹੋਇਆ ਹੈ, ਚਾਰੇ ਪਾਸੇ ਹਾਹਾਕਾਰ ਮੱਚ ਗਈ ਹੈ। ਹਾਲਾਂਕਿ ਬਹੁਤੇ ਪੁਲਿਸ ਵਾਲੇ ਵੀ ਸਰੋਵਰ ਨਾਤੇ-ਧੋਤੇ ਨਹੀਂ ਪਰ ਬਿਪਤਾ ਦੀ ਘੜੀ ਜਨਤਾ ਦੇ ਸੇਵਕ ਦਾ ਹੱਥ ਵੱਢ ਦੇਣਾ। 'ਆਈ ਮੌਜ ਖ਼ਾਲਸੇ ਸੂਤ ਲੈਣੀ ਕ੍ਰਿਪਾਨ' ਇਹੀ ਭਾਵ ਨਜ਼ਰ ਆਉਂਦਾ ਹੈ। ਮੁੱਖ ਮੰਤਰੀ ਸਾਹਬ ਦੇ ਜੱਦੀ ਨਗਰ ਵਿਚ ਚਿੱਟੇ ਦਿਨ ਕਾਲਾ ਕਾਰਨਾਮਾ ਹੋਇਆ, ਕਈ ਸਵਾਲੀਆ ਚਿੰਨ੍ਹ ਖੜੇ ਕਰਦਾ ਹੈ। ਸਰਕਾਰ ਦੀ ਨੱਕ ਹੇਠ ਗ਼ੈਰ-ਕਾਨੂੰਨੀ ਕਾਰੇ ਹੋਏ।

'ਸ੍ਰੀ ਖਿਚੜੀ ਸਾਹਿਬ' ਅੰਦਰ ਖਿਚੜੀ ਦੀ ਥਾਂ ਨਕਲੀ ਨਿਹੰਗ ਨਸ਼ੇ ਕਰਦੇ ਤੇ ਵਰਤਾਉਂਦੇ ਰਹੇ। ਚੁਫ਼ੇਰਿਉਂ ਬਿਆਨ ਦਾਗੇ ਗਏ, 'ਭੇਖੀ ਨਿਹੰਗਾਂ ਨਾਲ ਗੁਰੂ ਕੀਆਂ ਲਾਡਲੀਆਂ ਫ਼ੌਜਾਂ (ਨਿਹੰਗ ਦਲਾਂ) ਦਾ ਕੋਈ ਸਬੰਧ ਜਾਂ ਲੈਣ-ਦੇਣ ਨਹੀਂ।' 'ਕਾਂਗਰਸੀਆਂ ਦਾ ਮੁੱਖ ਏਜੰਡਾ ਸਿੱਖਾਂ ਨੂੰ ਬਦਨਾਮ ਕਰਨਾ ਰਿਹਾ ਹੈ।' 'ਸਰਕਾਰ ਨਿਹੰਗ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਜ ਆਏ।' 'ਬੇਦੋਸ਼ਿਆਂ ਤੇ ਪੁਲਿਸ ਦੀ ਵਰ੍ਹਦੀ ਡਾਂਗ ਸਹਿਣ ਸ਼ਕਤੀ ਤੋਂ ਬਾਹਰ।'

'ਪੁਲਿਸ ਤੇ ਹਮਲਾ ਨਿੰਦਣਯੋਗ।' 'ਗੁਰੂ ਜੀ ਦੇ ਬਾਣੇ ਦਾ ਨਿਹੰਗਾਂ ਨੇ ਕੀਤਾ ਨਿਰਾਦਰ।' 'ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿਤੀ ਜਾਏਗੀ।' ਸੋਚੋ ਤੇ ਪੁੱਛੋ 'ਕਾਨੂੰਨ ਪਾਲਣ ਕਰਵਾਉਣ ਵਾਲਾ ਹੱਥ ਹੀ ਵੱਢ ਦਿਤਾ ਤਾਂ ਦੱਸੋ ਹੋਰ ਕਿਹੜਾ ਹੱਥ ਕਾਨੂੰਨ ਨੂੰ ਹੱਥ ਵਿਚ ਲੈਣ ਵਾਲਿਆਂ ਤੇ ਨਕੇਲ ਕਸੇਗਾ।' ਕਈ ਤਾਕਤਾਂ ਨੇ ਹੱਥ ਵੱਢੇ ਜਾਣ ਤੇ ਮਗਰਮੱਛ ਵਾਲੇ ਅੱਥਰੂ ਵੀ ਵਹਾਏ, ਬਿਆਨ ਵੀ ਦਾਗ ਦਿਤੇ, 'ਪਟਿਆਲਾ ਦੀ ਮਾਮੂਲੀ ਘਟਨਾ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕਿਸੇ ਨੇ ਵੀ ਕਸਰ ਨਾ ਛੱਡੀ।'

ਜਿਸ ਧਰਤੀ ਦਾ ਜ਼ੱਰਾ-ਜ਼ੱਰਾ ਸ਼ਹੀਦਾਂ ਦੇ ਖ਼ੂਨ ਨਾਲ ਪਵਿੱਤਰ ਹੋਇਆ ਜਿਸ ਧਰਤੀ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿਆਗ ਬਾਰੇ ਅੱਲਾ ਯਾਰ ਖਾਂ ਜੋਗੀ ਦਾ ਖਿਚਿਆ ਬਿੰਬ ਪੜ੍ਹੋ, 'ਕਿਸ ਸ਼ੁਕਰ ਸੇ ਹਰ ਚੋਟ ਕੇਲੇਜੇ ਪੇ ਹੈ ਖਾਈ। ਵਾਲਿਦ ਕੋ ਕਟਾਇਆ, ਕਭੀ ਔਲਾਦ ਕਟਾਈ।' ਅਤੇ 'ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ। ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।'

ਲਿਖ ਦੇਣਾ ਕੁਥਾਂ ਨਹੀਂ ਹੋਵੇਗਾ ਕਿ ਇਸ ਪਵਿੱਤਰ ਧਰਤੀ ਤੇ 1919 ਦੀ ਵਿਸਾਖੀ ਦਾ ਇਤਿਹਾਸ ਮੁੜ-ਮੁੜ ਕਿਉਂ ਦੁਹਰਾਇਆ ਜਾ ਰਿਹਾ ਹੈ? ਸਾਲ 1978 ਦੀ ਵਿਸਾਖੀ ਵੀ ਲਹੂ ਭਿੱਜੀ ਆਈ। ਨਕਲੀ ਨਿਰੰਕਾਰੀਆਂ ਹੱਥੋਂ 19 ਸਿੱਖ ਮਾਰੇ ਗਏ ਸਨ। ਸਾਕਾ 1984 ਵੀ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ, ਵਿਸਾਖੀ ਦੀਆਂ ਤਿਆਰੀਆਂ ਵੇਲੇ ਵਾਪਰਿਆ।

ਸਿਰਸੇ ਵਾਲਾ ਸੌਦਾ ਸਾਧ ਤਾਂ ਸੋਚੀ ਸਮਝੀ ਸਾਜ਼ਸ਼ ਅਧੀਨ ਸਿੱਖਾਂ ਨੂੰ ਚਿੜਾਉਂਦਾ ਰਿਹਾ। ਉਸ ਨੇ 1998 ਦੀ ਵਿਸਾਖੀ ਰੂਹ ਅਫ਼ਜ਼ਾ ਸ਼ਰਬਤ ਤਿਆਰ ਕਰ ਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰੱਚ ਕੇ ਮਨਾਈ। ਹੁਣ 2020 ਦੀ ਵਿਸਾਖੀ ਦਾ ਕਹਿਰ ਕੀ ਖਾਕੀ ਵਰਦੀ ਵਾਲਾ ਭੁੱਲ ਸਕੇਗਾ? ਨਵੇਂ ਜੀਵਨ ਦੇ ਦਾਤੇ ਡਾਕਟਰ, ਸਟਾਫ਼ ਨਰਸਾਂ ਤੇ ਪੱਥਰਬਾਜ਼ੀ ਦਾ ਕੋਰੋਨਾ ਕਦੋਂ ਤਕ ਮਾਰੂ ਮਾਰ ਕਰੇਗਾ? ਲਾਕ ਡਾਊਨ ਦੀ ਥਾਂ 'ਲੋਕ ਡਾਊਨ' ਕਿਉਂ? ਧਰਮ ਤੇ ਸਮਾਜ ਦੇ ਠੇਕੇਦਾਰੋ ਜਵਾਬ ਦਿਉ?

ਸੰਪਰਕ : 094669-38792
ਜਸਵੰਤ ਸਿੰਘ