Sikh Politics: ਕੀ ਹੈ ਸਿੱਖ ਸਿਆਸਤ ਦਾ ਮੂੰਹ ਮੁਹਾਂਦਰਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Sikh Politics: ਗੁਰੂ ਸਾਹਿਬਾਨ ਨੇ ਸਿੱਖ ਦੀ ਸੋਚ ਦਾ ਘੇਰਾ ਸਰਬੱਤ ਦਾ ਭਲਾ ਨਿਯਤ ਕੀਤਾ ਹੈ।

What is the face of Sikh politics?

 

Sikh Politics: ਸੰਸਾਰ ਦੇ ਤਕਰੀਬਨ 172 ਮੁਲਕਾਂ ਅੰਦਰ ਆਬਾਦ ਦਸੀਦੀ ਹੈ ਸਿੱਖ ਕੌਮ! ਸਿੱਖ ਕੌਮ ਦੀ ਵਸੋਂ ਸਾਰੇ ਦੇਸ਼ਾਂ ਵਿਚ ਕਿਤੇ ਘੱਟ ਤੇ ਕਿਤੇ ਵੱਧ ਹੈ। ਸਿੱਖ ਦੇ ਸਰੋਕਾਰ ਜਾਤੀ ਨਹੀਂ ਹੁੰਦੇ, ਹਮੇਸ਼ਾ ਜਮਾਤੀ ਅਤੇ ਪੰਥਕ ਹੁੰਦੇ ਹਨ। ਬਹੁਤ ਵਾਰ ਸਿੱਖ ਸਿਆਸਤ ਨੂੰ ਅਸੀਂ ਕੇਵਲ ਜਥੇਬੰਦੀਆਂ ਦੀ ਸੋਚ ਤੇ ਕਰਮ ਤਕ ਸੀਮਤ ਕਰ ਕੇ ਵੇਖਣ ਦੀ ਭੁੱਲ ਕਰਦੇ ਹਾਂ। ਸਿੱਖੀ ਸਰੋਕਾਰ ਬਹੁ-ਪੱਖੀ ਹਨ। ਗੁਰੂ ਸਾਹਿਬਾਨ ਨੇ ਸਿੱਖ ਦੀ ਸੋਚ ਦਾ ਘੇਰਾ ਸਰਬੱਤ ਦਾ ਭਲਾ ਨਿਯਤ ਕੀਤਾ ਹੈ।

ਗੁਰੂ ਨਜ਼ਰੀਆ ਵੀ ਬਹੁਤ ਵਸੀਹ ਹੈ ਤੇ ਗੁਰੂ ਕਰਮ ਵੀ। ਇਹ ਨਜ਼ਰੀਆ ‘‘ਚੜਿ੍ਹਆ ਸੋਧਣਿ ਧਰਤਿ ਲੁਕਾਈ” ਵਾਲਾ ਮਿਲਦਾ ਹੈ। ਸਿੱਖ ਸਿਆਸਤ ਵਿਚ, ਸਿੱਖ, ਸਵਾਰਥ ਰਹਿਤ ਪਾਤਰ ਹੈ ਜੋ 24 ਘੰਟੇ ਚੇਤੰਨ ਅਵਸਥਾ ’ਚ ਰਹਿੰਦਾ ਹੈ। ਗੁਰੂ ਬਖ਼ਸ਼ੀ ਦ੍ਰਿਸ਼ਟੀ ਵੀ ਚੌਕੰਨੇ ਰਹਿ ਕੇ ਚੌਗਿਰਦੇ ’ਤੇ ਟਿਕਾਈ ਰਖਦਾ ਹੈ। 

ਵਰਤਮਾਨ ਸਿੱਖ ਕੌਮ ਭਾਵੇਂ ਓਨੀ ਜੱਥੇਬੰਦ ਨਹੀਂ ਹੈ ਜਿਵੇਂ ਦੀ ਗੁਰੂ ਸਾਹਿਬ ਨੇ ਕੀਤੀ ਸੀ। ਫਿਰ ਵੀ ਸੰਸਾਰ ਦੀ ਬਹੁਤ ਛੋਟੀ ਕੌਮ ਹੋਣ ਦੇ ਬਾਵਜੂਦ ਸੰਸਾਰ ਵਿਚ ਇਹ ਵਖਰੀ ਪਹਿਚਾਣ ਰਖਦੀ ਹੈ। ਸਿੱਖ ਦਾ ਸਮੁੱਚਾ ਜੀਵਨ ਇਨ੍ਹਾਂ ਛੇ ਅਸੂਲਾਂ ਦੇ ਚੌਗਿਰਦੇ ਦੁਆਲੇ ਘੁੰਮਦਾ ਹੈ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਤੇ ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ।’

ਗੁਰਬਾਣੀ ਤੇ ਇਤਿਹਾਸ, ਪੀੜ੍ਹੀ ਦਰ ਪੀੜ੍ਹੀ ਇਹ ਸਬਕ ਪਕਾਉਣ, ਦ੍ਰਿੜ ਕਰਵਾਉਣ ਦੀ ਨਿਰੰਤਰ ਕਿਰਿਆ ਕਰਦੇ ਹਨ। ਅੱਜ ਵਰਤਮਾਨ ਕਈ ਦੁਸ਼ਵਾਰੀਆਂ ਲੈ ਕੇ ਖੜਾ ਮਿਲਦਾ ਹੈ ਕਿਉਂਕਿ ਹਰ ਵਕਤ ਸਿੱਖ ਕੌਮ ਨੂੰ ਇਸ ਦੀ ਹਸਤੀ ਤੇ ਹੋਂਦ ਤੋਂ ਘਬਰਾਉਣ ਵਾਲੀਆਂ ਸ਼ਕਤੀਆਂ ਕਿਸੇ ਨਾ ਕਿਸੇ ਇਮਤਿਹਾਨ ’ਚ ਉਲਝਾਈ ਰਖਦੀਆਂ ਹਨ। ਸਿੱਖ ਨੂੰ ਸਮਝਣ ਲਈ ਓਪਰੀ ਦ੍ਰਿਸ਼ਟੀ ਕੰਮ ਨਹੀਂ ਆਉਂਦੀ।

ਘੋਖਵੀਂ ਦ੍ਰਿਸ਼ਟੀ ਦੀ ਲੋੜ ਹੈ ਸਿੱਖ ਨੂੰ ਸਮਝਣ ਲਈ। ਬਹੁਤ ਵਾਰੀ ਇਸ ਦੀਆਂ ਚੰਦ ਜੱਥੇਬੰਦੀਆਂ ਦੇ ਵਰਤਾਰਿਆਂ ’ਚੋਂ ਇਸ ਬਾਰੇ ਅੰਦਾਜ਼ੇ ਲਾਏ ਜਾਂਦੇ ਹਨ ਤੇੇ ਨਜ਼ਰੀਆ ਘੜਿਆ ਜਾਂਦਾ ਹੈ। ਇਹ ਸੱਭ ਓਪਰੀ ਦ੍ਰਿਸ਼ਟੀ ਵਲੋਂ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਹਨ, ਜਿਨ੍ਹਾਂ ਰਾਹੀਂ ਨਿਕਲਦੇ ਨਤੀਜੇ ਭਰਮ ਭਰੇ ਹੀ ਹੁੰਦੇ ਹਨ। ਉਹ ਸਹੀ ਰੂਪ ਤੇ ਸਹੀ ਨਤੀਜੇ ਨਹੀਂ ਹੁੰਦੇ।

ਪਿਛਲੇ ਕੁੱਝ ਅਰਸੇ ਤੋਂ ਪੰਜਾਬ ਅੰਦਰ ਧੜਿਆਂ ਦੀ ਸਿਆਸਤ, ਵੱਡੇ ਨਿਘਾਰ ਵਲ ਹੈ। ਖ਼ਾਸ ਕਰ ਕੇ ਬਾਦਲ ਧੜਾ ਅਪਣੀਆਂ ਕੀਤੀਆਂ ਅੰਨੇਵਾਹ ਗ਼ਲਤੀਆਂ ਦੀ ਮਾਰ ਨਾਲ ਪੀੜਤ ਹੋ ਕੇ ਜ਼ਾਰ-ਜ਼ਾਰ ਹੈ। ਕੁਰਸੀ ਦੀ ਰਾਜਨੀਤੀ ਤੋਂ ਜਨ-ਸਾਧਾਰਣ ਵੀ ਹਮੇਸ਼ਾ ਪ੍ਰਭਾਵਤ ਹੁੰਦਾ ਸੀ, ਹੁੰਦਾ ਹੈ ਤੇ ਹੁੰਦਾ ਰਹੇਗਾ, ਇਹ ਨਵੀਂ ਗੱਲ ਨਹੀਂ ਹੈ। ਧੜੇ ਕਦੀ ਵੀ ਕੌਮ ਦਾ ਅਸਲ ਮੂੰਹ ਮੁਹਾਂਦਰਾ ਨਹੀਂ ਹੁੰਦੇ।

ਧੜੇ ਦਾ ਕੋਈ ਸਿਰਾ ਕੌਮ ਨਾਲ ਕੱਚੇ ਪੱਕੇ ਰੂਪ ਵਿਚ ਜੁੜਿਆ ਹੋਣ ਕਰ ਕੇ ਉਹ ਇਨ੍ਹਾਂ ਦੇ ਵਰਤਾਰਿਆਂ ਰਾਹੀਂ ਪੂਰੀ ਕੌਮੀ ਹੋਣੀ ਨੂੰ ਰੂਪਮਾਨ ਕਰਨ ਵਿਚ ਭੁਲੇਖੇ ਖੜੇ ਕਰਨ ਦਾ ਕਾਰਨ ਬਣ ਜਾਂਦਾ ਹੈ। ਜੇ ਅਸੀਂ ਅੱਜ ਸਿੱਖ ਸਿਆਸਤ ਦੇ ਮੂੰਹ ਮੁਹਾਂਦਰੇ ਨੂੰ ਜੱਥੇਬੰਦ ਰੂਪ ’ਚ ਕਿਧਰੇ ਤੱਕਣ ਜਾਂ ਵੇਖਣ ਦੀ ਗੱਲ ਕਰੀਏ ਤਾਂ ਸਾਡੇ ਹੱਥ ਤਾਂ ਇਸ ਪੱਖੋਂ ਨਿਰਾਸ਼ਾ ਹੀ ਪੈਂਦੀ ਹੈ।

ਉਮੀਦ ਦੀ ਕਿਰਨ ਲਈ ਸੰਸਾਰ ਭਰ ਵਿਚ ਕਿਰਤ ਤੇ ਕਰਮ ਖੇਤਰ ਵਿਚ ਵਿਚਰਦੇ ਸਿੱਖਾਂ ਨੂੰ ਕੌਮ ਦਾ ਜਾਤੀ ਜਾਂ ਜਮਾਤੀ ਤੌਰ ਤਰੀਕਾ ਵੇਖਣਾ ਬਣਦਾ ਹੈ। ਪ੍ਰਾਪਤੀਆਂ ਦਾ ਅੰਦਾਜ਼ਾ ਇਸ ਨੂੰ ਮਿਲਦੇ ਮਾਣ-ਸਨਮਾਨ ਦੇ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ। ਭਾਵੇਂ ਇਹ ਅੰਕੜੇ ਇਕ ਥਾਂ ਸੰਗ੍ਰਹਿ ਕੀਤੇ ਨਹੀਂ ਮਿਲਦੇ ਫਿਰ ਵੀ ਘੱਟ ਵੱਧ ਚਰਚਾ ’ਚ ਆ ਹੀ ਜਾਂਦੇ ਹਨ।

ਸੱਚ ਤਾਂ ਇਹ ਹੈ ਕਿ ‘ਸਿੱਖ ਸਿਆਸਤ ਦਾ ਮੂੰਹ ਮੁਹਾਂਦਰਾ ਵਰਤਮਾਨ ਹਾਲਾਤ ਵਿਚ ਮੁੜ ਵਿਚਾਰਨ ਤੇ ਨਿਰਧਾਰਤ ਕਰਨ ਦੀ ਲੋੜ ਹੈ। ‘ਅਗਲਾ ਸਵਾਲ ਇਹ ਹੈ ਕਿ ਇਸ ਬਾਰੇ ਵਿਚਾਰੇ ਕੌਣ? ਕੌਮੀ ਸੋਚ ਦਾ ਧੁਰਾ ਗਿਆਨ ਦੇ ਪੱਖੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਨਿਰਣੇ ਲੈਣ ਲਈ ਸ਼ਕਤੀ ਕੇਂਦਰ ਸ੍ਰੀ ਅਕਾਲ ਤਖ਼ਤ ਹੈ। ਅਕਾਲ ਤਖ਼ਤ ਦਾ ਪ੍ਰਬੰਧ ਖ਼ਾਲਸਾ ਪੰਥ ਦੇ ਹੱਥ ਹੋਣਾ ਜ਼ਰੂਰੀ ਹੈ। ਪਰ ਉਥੇ ਕੰਮ ਕਿਵੇਂ ਕੀਤਾ ਜਾਵੇ ਤਾਕਿ ਸੰਸਾਰ ਭਰ ਵਿਚ ਵਸਦੇ ਸਿੱਖਾਂ ਵਿਚ ਵਿਸ਼ਵਾਸ ਬੱਝ ਸਕੇ। 

ਅਸੰਭਵ ਤਾਂ ਕੁੱਝ ਵੀ ਨਹੀਂ ਹੁੰਦਾ ਜੇ ਕੌਮ ਅਪਣੇ ਭਲੇ ’ਚ ਕਰਨਾ ਚਾਹੇ। ਪਿਛਲੇ ਲੰਮੇ ਅਰਸੇ ਤੋਂ ਸ੍ਰੀ ਅਕਾਲ ਤਖ਼ਤ ਦੇ ਪ੍ਰਬੰਧ ਤੇ ਕੰਮ ਵਿਧੀ ਨੂੰ ਲੈ ਕੇ ਕੌਮ ਵਿਚ ਫੈਲੀ ਨਿਰਾਸ਼ਤਾ ਨੇ ਬਹੁਤ ਨੁਕਸਾਨ ਪਹੁੰਚਾਇਆ ਹੈ। ਆਪਸੀ ਦੂਰੀਆਂ ਵਧੀਆਂ ਹਨ, ਬੇਵਿਸ਼ਵਾਸੀ ਵਿਚ ਢੇਰ ਵਾਧਾ ਹੋਇਆ ਹੈ।

ਜਥਿਆਂ ਸੰਸਥਾਵਾਂ ਨੇ ਅਪਣੀ ਅਪਣੀ ਹੋਂਦ ਤੇ ਕਰਮ ਜੁਗਤਿ ਪੂਰੇ ਪੰਥ ਦਾ ਕਰਮ ਤੇ ਨਿਰਣਾ ਮੰਨਣ ਦਾ ਭਰਮ ਪਾਲਣਾ ਆਰੰਭ ਲਿਆ ਹੈ। ਇਹ ਬਹੁਤ ਖ਼ਤਰਨਾਕ ਰੁਝਾਨ ਹੈ, ਇਸ ਦੇ ਕਾਇਮ ਰਹਿੰਦਿਆਂ ਕੌਮੀ ਤੌਰ ’ਤੇ ਨਾ ਕੋਈ ਫ਼ੈਸਲਾ ਲਿਆ ਜਾ ਸਕਦਾ ਤੇ ਨਾ ਹੀ ਕੌਮੀ ਜੁਗਤੀ ਨੂੰ ਸੰਸਾਰ ਸਾਹਮਣੇ ਰਖਿਆ ਜਾ ਸਕਦਾ ਹੈ। 
ਹਾਲ ਦੀ ਘੜੀ ’ਚ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਹਾਲੇ ਸਿੱਖ ਸਿਆਸਤ ਦੇ ਕੌਮੀ ਮੁਹਾਂਦਰੇ ਸਾਕਾਰ ਕਰਨ ਵਾਸਤੇ ਹੋਰ ਸਮਾਂ ਲੱਗੇਗਾ। ਹਾਂ ਇਹ ਸੰਕਲਪ ਹਰ ਸਿੱਖ ਅਤੇ ਜੱਥੇਬੰਦੀ ਵਿਚ ਪੈਦਾ ਹੋਵੇ। ਹਰ ਪਾਸੇ ਤੋਂ ਅਜਿਹਾ ਕਰਨ ਦੀ ਕੌਮੀ ਮੰਗ ਤੇ ਉਮੀਦ ਨੇਕ ਭਾਵਨਾ ਦੇ ਰੂਪ ਵਿਚ ਹਰ ਪਾਸਿਉਂ ਉੱਠੇ। ਜੋ ਕੁੱਝ ਹੁਣ ਘਟ ਰਿਹਾ ਹੈ, ਇਸ ਨਾਲ ਸਿੱਖ ਮਾਨਸਕਤਾ ਬਹੁਤ ਪੱਛੀ ਗਈ ਹੈ। ਇਹ ਸੱਭ ਤਰ੍ਹਾਂ ਦੁਖਦਾਈ ਹੈ। ਗੱਲ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉੱਚਾ ਨੀਵਾਂ ਕਰ ਕੇ ਵੇਖਣ ਜਾਂ ਬਿਆਨ ਕਰਨ ਦੀ ਨਹੀਂ ਹੈ। ਧੜਿਆਂ ਦੀ ਦਲ-ਦਲ ਬਹੁਤ ਖ਼ਤਰਨਾਕ ਹੈ। ਖ਼ੁਦ ਨੂੰ ਸੰਭਾਲ ਕੇ ਨਿਰਲੇਪ ਰੱਖਣ ਵਾਲੀ ਸਮਝ ਗੁਰਬਾਣੀ ਤੇ ਇਤਿਹਾਸ ’ਚੋਂ ਲੈਣ ਦੀ ਲੋੜ ਹੈ। ਵਰਤਮਾਨ ਦੇ ਵਿਅਕਤੀ ਵਿਸ਼ੇਸ਼ ਤੋਂ ਨਹੀਂ। 
- ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ)
ਮੋਬਾਈਲ : 95920-93472