ਚੌਧਰੀ ਕਰੀਮ ਉੱਲਾ ਦੀ ਨਜ਼ਰ 'ਚ ਸਿੱਖ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਨਵੰਬਰ 2018 ਬਾਬੇ ਨਾਨਕ ਦੇ ਜਨਮ ਦਿਵਸ 'ਤੇ ਦੂਜੀ ਵਾਰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਯਾਤਰਾ ਦਸ ਦਿਨ ਦੀ ਸੀ

Sikh

ਨਵੰਬਰ 2018 ਬਾਬੇ ਨਾਨਕ ਦੇ ਜਨਮ ਦਿਵਸ 'ਤੇ ਦੂਜੀ ਵਾਰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਯਾਤਰਾ ਦਸ ਦਿਨ ਦੀ ਸੀ। ਵਾਹਗਾ ਬਾਰਡਰ 'ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪਾਕਿ ਵਕਫ਼ ਬੋਰਡ ਦੇ ਅਧਿਕਾਰੀਆਂ ਵਲੋਂ ਗਲਾਂ ਵਿਚ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਰੇਲਵੇ ਸਟੇਸ਼ਨ ਵਾਹਗਾ 'ਤੇ ਜੋ ਸਾਡੇ ਅਟਾਰੀ ਵਾਲੇ ਸਰਹੱਦ ਤੋਂ ਰੇਲਗੱਡੀ ਰਾਹੀਂ ਚੰਦ ਕੁ ਮਿੰਟ ਦਾ ਸਫ਼ਰ ਹੈ, ਲੰਗਰ ਦਾ ਸ਼ਾਨਦਾਰ ਪ੍ਰਬੰਧ ਡਾਕਟਰ ਅਤੇ ਟਰੇਂਡ ਨਰਸਾਂ ਦੀ ਇਕ ਹਸੂੰ-ਹਸੂੰ ਕਰਦੀ ਟੀਮ।

ਸ਼ਾਮ ਦੇ ਤਿੰਨ ਕੁ ਵਜੇ ਸਾਰੇ ਯਾਤਰੀਆਂ ਨੂੰ ਜਿਨ੍ਹਾਂ ਦੀ ਗਿਣਤੀ ਲਗਭਗ 2500 ਸੀ, ਪਾਕਿ ਰੇਲਵੇ ਦੀਆਂ ਤਿੰਨ ਗੱਡੀਆਂ ਰਾਹੀਂ ਨਨਕਾਣਾ ਸਾਹਿਬ ਲਈ ਰਵਾਨਾ ਕਰ ਦਿਤਾ। ਦੋ-ਦੋ ਘੰਟੇ ਦੀ ਵਿੱਥ ਨਾਲ ਵਾਹਗਾ ਬਾਰਡਰ ਤੇ ਹੀ ਤਿੰਨੇ ਸਥਾਨਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰ ਦਿਤਾ ਗਿਆ ਸੀ। ਨਨਕਾਣਾ ਸਾਹਿਬ ਤਿੰਨ ਦਿਨ, ਪੰਜਾ ਸਾਹਿਬ ਤਿੰਨ ਦਿਨ, ਲਾਹੌਰ ਤਿੰਨ ਦਿਨ ਤੇ ਦਸਵੇਂ ਦਿਨ ਵਾਪਸੀ। ਸਿੱਖ ਗੁਰੂਆਂ ਦੇ ਵੱਡੇ ਗੁਰਦਵਾਰੇ ਪੰਜਾ ਸਾਹਿਬ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਦੇ ਨਾਂ ਨਾਲ ਜਾਣੇ ਜਾਂਦੇ ਹਨ। ਪਰ ਮੈਂ ਹੈਰਾਨ ਹਾਂ ਕਿ ਲਾਹੌਰ ਦੇ ਨਾਂ ਨਾਲ ਸਾਹਿਬ ਨਹੀਂ ਲਗਦਾ। ਸ਼ਾਇਦ ਪੰਜਵੀਂ ਪਾਤਸ਼ਾਹੀ  ਨਾਲ ਕੀਤਾ ਗਿਆ ਜ਼ੁਲਮ ਅਤੇ ਹੋਰ ਬਹੁਤ ਸਾਰੀਆਂ ਸਿੱਖਾਂ ਦੀਆਂ ਹੋਈਆਂ ਸ਼ਹੀਦੀਆਂ ਅਤੇ ਹੋਰ ਜ਼ੁਲਮਾਂ ਕਾਰਨ।

ਪਰ ਮੇਰਾ ਅੱਜ ਦਾ ਵਿਸ਼ਾ ਹੈ, ਲਾਹੌਰ ਦੀ ਤਿੰਨ ਦਿਨ ਦੀ ਠਹਿਰ ਦੌਰਾਨ ਮਿਲੇ ਇਕ ਵੀਰ ਦੀ ਗਾਥਾ ਜੋ ਮੈਨੂੰ ਜਿਨਾਹ ਪਾਰਕ ਵਿਚ ਮਿਲਿਆ। ਉਸ ਦਾ ਨਾਂ ਚੌਧਰੀ ਡਾ. ਕਰੀਮ ਉੱਲਾ ਹੈ। ਚੌਧਰੀ ਕਰੀਮ ਉੱਲਾ ਇਕ 50-55 ਸਾਲ ਦਾ ਅਧੇੜ ਉਮਰ ਦਾ ਵਿਅਕਤੀ ਜਿਸ ਨੇ ਅਪਣੇ ਪੁਰਖਿਆਂ ਤੋਂ ਸਿੱਖਾਂ ਦੀ ਬਹਾਦਰੀ ਦੀਆਂ ਕਹਾਣੀਆਂ ਸੁਣ,  ਪ੍ਰਭਾਵਤ ਹੋ ਸਿੱਖਾਂ 'ਤੇ ਹੀ ਲਾਹੌਰ ਯੂਨੀਵਰਸਟੀ ਤੋਂ ਡਾਕਟਰੇਟ ਦੀ ਡਿਗਰੀ ਲਈ। ਕਰੀਮ ਉੱਲਾ ਕਹਿਣ ਲੱਗਾ, ''ਸਿੱਖਾਂ ਦੀ ਅਸਲੀ ਨੀਂਹ ਅਥਵਾ ਮੁਢ 1699 ਵਿਚ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਬੱਝੀ ਸੀ, ਜਦ ਦਸਵੇਂ ਪਾਤਸ਼ਾਹ ਨੇ ਪਹਿਲੇ ਪੰਜ ਮੁਢਲੇ ਸਿੱਖਾਂ ਤੋਂ ਸਿੰਘ (ਸ਼ੇਰ) ਬਣਾਏ ਅਤੇ ਫਿਰ ਉਨ੍ਹਾਂ ਤੋਂ ਹੀ ਆਪ ਸਿੱਖ ਤੋਂ ਸ਼ੇਰ ਬਣੇ।

'ਸਵਾ ਲੱਖ ਸੇ ਏਕ ਲੜਾਉਂ' ਨੂੰ ਸੱਚ ਸਾਬਤ ਕਰਦੇ ਕਈ ਯੁੱਧ ਲੜੇ। ਉਹ ਹੱਕ ਸੱਚ ਦੇ ਯੁੱਧ ਸਨ। ਨੰਦੇੜ ਸਾਹਿਬ ਵਿਖੇ ਇਕ ਅਜਿਹੇ ਸਿੱਖ ਯੋਧਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦਿਤਾ ਜਿਸ ਦੀ ਮਿਸਾਲ ਪੂਰੀ ਦੁਨੀਆਂ ਵਿਚ ਨਹੀਂ ਮਿਲਦੀ। ਬੰਦਾ ਸਿੰਘ ਬਹਾਦਰ ਨੇ ਅਜਿਹੇ ਲੋਕ ਯੁੱਧ ਲੜੇ ਅਤੇ ਉਸ ਦੀ ਬਹਾਦਰੀ ਅੱਗੇ ਵੱਡੇ-ਵੱਡੇ ਜ਼ਾਲਮ, ਹਾਕਮ ਟਿਕ ਨਾ ਸਕੇ ਤੇ ਨੇਸਤੋ ਨਾਬੂਦ ਹੋ ਗਏ। ਉਸ ਨੇ ਦੁਨੀਆਂ ਭਰ ਦੀਆਂ ਵੱਡੀਆਂ ਕ੍ਰਾਂਤੀਆਂ ਜਿਵੇਂ ਫ਼ਰਾਂਸ ਦੀ ਕ੍ਰਾਂਤੀ, ਅਮਰੀਕਾ ਦੀ ਕ੍ਰਾਂਤੀ, ਰੂਸ ਦੀ ਕ੍ਰਾਂਤੀ, ਚੀਨ ਦੀ ਕ੍ਰਾਂਤੀ ਅਤੇ ਯੂਰਪ ਦੇਸ਼ਾਂ ਦੀਆਂ ਕ੍ਰਾਂਤੀਆਂ ਤੇ ਕਈ ਸਾਲ ਪਹਿਲਾਂ ਭਾਰਤ ਵਿਚ ਉੱਤਰੀ ਭਾਰਤ ਦੀ ਕ੍ਰਾਂਤੀ ਕੀਤੀ, ਜੋ ਉਸ ਦੁਆਰਾ ਕੀਤੀ ਗਈ ਇਕ ਸਫ਼ਲ ਕ੍ਰਾਂਤੀ ਸੀ।

ਇਸ ਦੇ ਨਾਲ ਹੀ ਇਸ ਨੂੰ ਦੁਨੀਆਂ ਦੀ ਪਹਿਲੀ ਲੋਕ ਯੁਧ ਦੀ ਕ੍ਰਾਂਤੀ ਕਹਿ ਸਕਦੇ ਹਾਂ। ਇਹ ਲੁੱਟੇ ਪੁੱਟੇ, ਸਤਾਏ ਹੋਏ, ਜ਼ੁਲਮ ਸਹਿੰਦੇ ਲੋਕਾਂ ਦੀ ਕ੍ਰਾਂਤੀ ਸੀ। ਪਰ 1708 ਤੋਂ 1716 ਤਕ ਚਲਿਆ ਇਹ ਇਕ ਇਨਸਾਫ਼ਪਸੰਦ ਲੋਕਪੱਖੀ ਰਾਜ ਸਿੱਖਾਂ ਦੀ ਆਪਸੀ ਫੁੱਟ ਕਾਰਨ ਖ਼ਤਮ ਹੋ ਗਿਆ। ਪਰ ਮੈਂ ਹੈਰਾਨ ਹਾਂ ਬੰਦਾ ਸਿੰਘ ਬਹਾਦਰ, ਉਸ ਦੇ ਪ੍ਰਵਾਰ ਅਤੇ ਉਸ ਨਾਲ ਕੀਤੇ ਗਏ ਸਲੂਕ ਅਤੇ 780 ਸਿੰਘਾਂ ਦੀ ਜ਼ਾਲਮਾਨਾ ਤਰੀਕੇ ਨਾਲ ਕੀਤੀ ਸ਼ਹੀਦੀ 'ਤੇ ਕਿ ਇਕ ਵੀ ਸਿੰਘ ਨਾ ਡੋਲਿਆ। ਮੈਂ ਜਦ ਆਪ ਵੀ ਡਾਕਟਰੇਟ ਦੀ ਪੜ੍ਹਾਈ ਦੌਰਾਨ ਇਹ ਲੂ-ਕੰਡੇ ਖੜੇ ਕਰਨ ਵਾਲੀਆਂ ਦਾਸਤਾਨਾਂ ਪੜ੍ਹੀਆਂ ਤਾਂ ਮੈਂ ਬਹੁਤ ਹੀ ਪ੍ਰਭਾਵਤ ਹੋਇਆ ਕਿ ਸਿੰਘ ਕਿਸ ਮਿੱਟੀ ਦੇ ਬਣੇ ਹਨ।

1716 ਨੂੰ ਬੰਦਾ ਸਿੰਘ ਬਹਾਦਰ ਦਾ ਰਾਜ ਜਦ ਖ਼ਤਮ ਹੋ ਗਿਆ ਤਾਂ 1765 ਤਕ 49 ਸਾਲ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਉਤੇ ਅੰਨ੍ਹੇ ਜ਼ੁਲਮ ਹੋਏ। ਏਨੇ ਜ਼ੁਲਮ ਹੋਏ ਕਿ ਕੋਈ ਵੀ ਸਿੰਘ, ਸਿੰਘਣੀ, ਬਾਲ ਬੱਚਾ ਨਾ ਡੋਲਿਆ। ਪਰ 1765 ਤੋਂ 1799 ਤਕ ਸਿੱਖ ਮਿਸਲਾਂ, ਚੜ੍ਹਤ ਸਿੰਘ, ਮਹਾਂ ਸਿੰਘ (ਰਣਜੀਤ ਸਿੰਘ ਦਾ ਬਾਪ-ਦਾਦੇ) ਦਾ ਰਾਜ। 1799 ਤੋਂ 1839 ਤਕ ਮਹਾਰਾਜਾ ਰਣਜੀਤ ਸਿੰਘ ਦਾ ਇਕ ਇਨਸਾਫ਼ ਪਸੰਦ ਰਾਜ, 1839 ਤੋਂ 1849 ਤਕ ਜੋ ਕੁੱਝ ਡੋਗਰਿਆਂ ਨੇ ਸਿੱਖਾਂ ਵਿਚ ਫੁੱਟ ਪਵਾ ਕੇ ਕੀਤਾ ਜਾਂ ਸਿੱਖਾਂ ਤੋਂ ਜੋ ਕਰਵਾਇਆ, ਉਸ ਦਾ ਮੈਨੂੰ ਬਹੁਤ ਦੁਖ ਹੈ, ਸਰਦਾਰ ਜੀ।''

ਕਰੀਮ ਉੱਲਾ ਨੇ ਅੱਗੇ ਕਿਹਾ, ''1947 ਨੂੰ ਭਾਰਤ ਵੰਡ ਸਮੇਂ ਵੀ ਤੁਸੀਂ ਸਰਦਾਰ ਜੀ ਧੋਖਾ ਖਾ ਗਏ। ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ 1849 ਵਾਲਾ ਦੇਸ਼ ਪੰਜਾਬ ਮਿਲਦਾ ਸੀ। ਸਮੁੰਦਰ ਨਾਲ ਜੋੜਦਾ ਹੋਇਆ ਲਾਂਘੇ ਸਮੇਤ, ਪਰ ਤੁਸੀ ਲੈ ਨਾ ਸਕੇ। 1947 ਤੋਂ ਤੁਸੀਂ 1962 ਦੀ ਲੜਾਈ, 1965 ਦੀ ਲੜਾਈ ਕਿੰਨੀ ਬਹਾਦਰੀ ਨਾਲ ਲੜੀ। ਤੁਹਾਡੀ ਮਾਰਸ਼ਲ ਸਪਿਰਿਟ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਤਹਿਤ 1984 ਦਾ ਬਲਿਊ ਸਟਾਰ, ਨਵੰਬਰ '84 ਦੀ ਸਿੱਖ ਨਸਲਕੁਸ਼ੀ। 1994 ਵਿਚ ਕੁੱਝ ਠੰਢ-ਠੰਢੋਲਾ ਹੋਇਆ ਤਾਂ ਇਕ ਨਵੀਂ ਸਾਜ਼ਸ਼ ਤਹਿਤ ਤੁਹਾਡੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਾਲ ਖ਼ਤਮ ਕੀਤਾ ਜਾ ਰਿਹਾ ਹੈ।

ਹੁਣ ਇਕ ਦਹਾਕੇ ਤੋਂ ਤੁਹਾਡੇ ਨਾਲ ਹੋਰ ਸਾਜ਼ਸ਼ ਹੋ ਰਹੀ ਹੈ, ਸਰਦਾਰ ਜੀ। ਤੁਹਾਡੀ ਜਵਾਨੀ ਪੰਜਾਬ ਵਿਚੋਂ ਬਾਹਰ ਵਿਦੇਸ਼ਾਂ ਵਲ ਕੱਢੀ ਜਾ ਰਹੀ ਹੈ। ਆਉਣ ਵਾਲੇ 10-15 ਸਾਲਾਂ ਤਕ ਤੁਸੀ ਵੇਖ ਲੈਣਾ ਸਰਦਾਰ ਜੀ, ਪੰਜਾਬ ਵਿਚ ਦਸਤਾਰ ਦਿਸਣੋਂ ਸਹਿਜੇ-ਸਹਿਜੇ ਹਟ ਜਾਵੇਗੀ। ਕੇਵਲ ਬਿਹਾਰ, ਯੂ.ਪੀ. ਦੇ ਲੋਕ ਹੀ ਮਿਲਣਗੇ, ਇਕ ਮਿਲੀ-ਜੁਲੀ ਹਿੰਦੀ-ਪੰਜਾਬੀ ਬੋਲਦੇ ਹੋਏ। ਅੰਤ ਵਿਚ ਮੈਂ ਤੁਹਾਡੇ ਤੋਂ ਇਕ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਪੁਛਣਾ ਚਾਹੁੰਦਾ ਹਾਂ, ਸਰਦਾਰ ਜੀ ਕਿ 1969 ਵਿਚ ਬਾਬਾ ਨਾਨਕ ਜੀ ਦੇ 500ਵੇਂ ਪ੍ਰਕਾਸ਼ ਪੁਰਬ ਉਤੇ ਗੁਰੂ ਨਾਨਕ ਯੂਨੀਵਰਸਟੀ ਅੰਮ੍ਰਿਤਸਰ ਬਣਾਈ ਗਈ ਸੀ,

ਜੋ ਬਾਅਦ ਵਿਚ ਕਈ ਸਾਲ ਬਾਅਦ 'ਗੁਰੂ ਨਾਨਕ ਦੇਵ ਯੂਨੀਵਰਸਟੀ ਕਰ ਦਿਤੀ ਗਈ। ਓ ਸਰਦਾਰ ਜੀ, ਇਸ ਜਗਤ ਗੁਰੂ ਦਾ ਨਾਂ 'ਬਾਬਾ ਨਾਨਕ' ਹੈ। ਇਸ ਨੂੰ ਨਾਨਕ ਦੇਵ ਨਾ ਬਣਾਉ। ਅਗਲੇ ਸਾਲ ਬਾਬੇ ਨਾਨਕ ਦੀ 550ਵੇਂ ਵਰ੍ਹੇਗੰਢ 'ਤੇ ਕਰਤਾਰਪੁਰ ਸਾਹਿਬ ਵਿਖੇ 'ਬਾਬਾ ਨਾਨਕ ਯੂਨੀਵਰਸਟੀ' ਬਣੇਗੀ, ਇਹ ਚਰਚਾ ਪਾਕਿਸਤਾਨ ਵਿਚ ਚਲ ਰਹੀ ਹੈ, ਤਾਂ ਹੀ ਦੁਨੀਆਂ ਮੰਨੇਗੀ ਕਿ 'ਬਾਬਾ ਨਾਨਕ' ਜਗਤ ਗੁਰੂ ਹੈ, ਇਕ ਇਲਾਕੇ ਜਾਂ ਇਕ ਖਿੱਤੇ ਵਾਲਾ 'ਨਾਨਕ ਦੇਵ' ਨਹੀਂ ਹੈ। ਹੱਛਾ ਸਰਦਾਰ ਜੀ ਚਲਦਾ ਹਾਂ। ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦੀ ਫ਼ਤਹਿ£''
ਸੰਪਰਕ : 95010-32057