ਸੱਭ ਤੋਂ ਮਹਿੰਗੀ ਜ਼ਮੀਨ ਦਾ ਖ਼੍ਰੀਦਦਾਰ ਦੀਵਾਨ ਟੋਡਰ ਮੱਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਨੁੱਖੀ ਬਰਾਬਰੀ, ਆਪਸੀ ਭਾਈਚਾਰੇ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਧਰਮ ਦੀ ਵਿਸ਼ਵ ਵਿਚ ਨਿਵੇਕਲੀ ਤੇ ਨਿਰਾਲੀ ਪਹਿਚਾਣ ਹੈ

File Photo

ਮਨੁੱਖੀ ਬਰਾਬਰੀ, ਆਪਸੀ ਭਾਈਚਾਰੇ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਧਰਮ ਦੀ ਵਿਸ਼ਵ ਵਿਚ ਨਿਵੇਕਲੀ ਤੇ ਨਿਰਾਲੀ ਪਹਿਚਾਣ ਹੈ। ਇਸ ਪਹਿਚਾਣ ਨੂੰ ਕਾਇਮ ਕਰਨ ਲਈ ਜਿਥੇ ਬਾਬਾ ਨਾਨਕ ਜੀ ਨੇ ਅਪਣਾ ਵੱਡਮੁੱਲਾ (ਉਦਾਸੀਆਂ ਦੇ ਰੂਪ ਵਿਚ) ਯੋਗਦਾਨ ਪਾਇਆ ਹੈ, ਉਥੇ ਬਾਕੀ ਦੇ ਗੁਰੂ ਸਾਹਿਬਾਨ ਤੇ ਉਨ੍ਹਾਂ ਪਿਆਰੇ ਸਿੱਖਾਂ ਨੇ ਵੀ ਯਥਾਯੋਗ ਯਤਨ ਕੀਤੇ ਹਨ। ਇਨ੍ਹਾਂ ਯਤਨਾਂ ਦੇ ਬਦਲੇ ਉਨ੍ਹਾਂ ਨੂੰ ਕਈ ਵਾਰ ਅਕਹਿ ਤੇ ਅਸਹਿ ਕਸ਼ਟ ਵੀ ਸਹਿਣੇ ਪਏ ਹਨ

ਪਰ ਉਨ੍ਹਾਂ ਨੇ ਕਦੇ ਵੀ ਅਪਣੇ ਸਿਦਕ ਨੂੰ ਤਰਲ ਨਹੀਂ ਹੋਣ ਦਿਤਾ। ਬਾਬੇ ਨਾਨਕ ਦੇ ਘਰ ਉਤੇ ਜਦੋਂ ਵੀ ਕਦੇ ਸੰਕਟ ਦਾ ਸਮਾਂ ਆਇਆ ਹੈ ਤਾਂ ਸਿੱਖਾਂ ਦੇ ਨਾਲ-ਨਾਲ ਕੁੱਝ ਗ਼ੈਰ-ਸਿੱਖਾਂ ਨੇ ਵੀ ਤਨ, ਮਨ ਤੇ ਧਨ ਨਾਲ ਅਪਣਾ ਵਿਲੱਖਣ ਤੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਦਾ ਯੋਗਦਾਨ ਪਾਉਣ ਵਾਲਿਆਂ ਵਿਚ ਹੀ ਸ਼ਾਮਲ ਹੈ ਗੁਰੂ ਪ੍ਰਵਾਰ (ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ) ਪ੍ਰਤੀ ਅਤਿ ਪਿਆਰ ਤੇ ਸਤਿਕਾਰ ਦੀ ਭਾਵਨਾ ਰੱਖਣ ਵਾਲੇ ਦੀਵਾਨ ਟੋਡਰ ਮੱਲ ਜੀ ਦਾ ਨਾਮ।

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ ਕੇ ਪੂਰੇ ਸਨਮਾਨ ਸਾਹਿਤ ਅੰਤਿਮ ਸਸਕਾਰ ਕਰਨ ਵਾਲੇ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ  ਦੁਨੀਆਂ ਤਕ ਰਿਣੀ ਰਹੇਗਾ।            

ਸਰਹਿੰਦ ਵਿਚ ਰਹਿਣ ਵਾਲੇ ਦੀਵਾਨ ਟੋਡਰ ਮੱਲ ਜੀ ਇਕ ਧਨਾਢ ਵਪਾਰੀ ਹੋਣ ਦੇ ਨਾਲ-ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸੱਚੇ ਸ਼ਰਧਾਲੂ ਵੀ ਸਨ ਜਿਸ ਹਵੇਲੀ ਵਿਚ ਦੀਵਾਨ ਸਾਹਿਬ ਤੇ ਉਨ੍ਹਾਂ ਦਾ ਪ੍ਰਵਾਰ ਨਿਵਾਸ ਕਰਦਾ ਸੀ ਉਸ ਨੂੰ 'ਜਹਾਜ਼ ਮਹੱਲ' ਕਿਹਾ ਜਾਂਦਾ ਸੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਤੇ ਉਸ ਦੇ ਅਹਿਲਕਾਰਾਂ ਨੇ 13 ਪੋਹ ਨੂੰ ਗੁਰੂ ਜੀ ਦੇ ਸਹਿਬਜ਼ਾਦਿਆਂ ਉਤੇ ਕਹਿਰ (ਨੀਹਾਂ ਵਿਚ ਚਿਣ ਕੇ) ਵਰਤਾ ਕੇ ਇਕ ਸ਼ਾਹੀ ਫ਼ੁਰਮਾਨ ਜਾਰੀ ਕਰ ਦਿਤਾ

ਕਿ ਹਕੂਮਤ ਦੇ ਬਾਗੀਆਂ ਦਾ ਸਰਕਾਰੀ ਜ਼ਮੀਨ ਉਪਰ ਅੰਤਿਮ ਸਸਕਾਰ ਨਹੀਂ ਕੀਤਾ ਜਾ ਸਕਦਾ। ਫ਼ੁਰਮਾਨ ਵਿਚ ਇਹ ਵੀ ਸ਼ਰਤ ਸੀ ਕਿ ਜੇ ਕੋਈ ਇਨ੍ਹਾਂ ਤਿੰਨਾਂ ਦਾ ਸਸਕਾਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਰਹਿੰਦ ਦੇ ਚੌਧਰੀ ਅੱਟੇ ਕੋਲੋਂ ਸਸਕਾਰ ਜੋਗੀ ਜ਼ਮੀਨ ਮੁੱਲ ਖ਼ਰੀਦਣੀ ਪਵੇਗੀ। ਸਸਕਾਰ ਲਈ ਲੋੜੀਂਦੀ ਜ਼ਮੀਨ ਵਾਸਤੇ ਓਨੀ ਹੀ ਥਾਂ ਉਪਰ ਸੋਨੇ ਦੀਆਂ ਮੋਹਰਾਂ (ਅਸ਼ਰਫ਼ੀਆਂ) ਖੜੀਆਂ ਕਰਨੀਆਂ ਪੈਣਗੀਆਂ, ਜੋ ਕਿਸੇ ਮੱਧ ਵਰਗੀ ਜਾਂ ਗ਼ਰੀਬ ਬੰਦੇ ਦੀ ਪਹੁੰਚ ਦੀ ਗੱਲ ਨਹੀਂ ਸੀ।

ਦੁਨੀਆਂ ਦੀ ਇਸ ਮਹਿੰਗੀ ਜ਼ਮੀਨ ਦੀ ਖ਼੍ਰੀਦ ਕਰਨ ਲਈ ਵੱਡੇ ਹੌਸਲੇ ਤੇ ਧਨ ਦੀ ਲੋੜ ਸੀ ਤੇ ਵਕਤ ਦੀ ਇਸ ਵੱਡੀ ਤੇ ਇਤਿਹਾਸਕ ਲੋੜ ਨੂੰ ਪੂਰਾ ਕਰਨ ਅੱਗੇ ਆਏ ਦੀਵਾਨ ਟੋਡਰ ਮੱਲ ਜੀ ਜਿਨ੍ਹਾਂ ਨੇ ਉਸ ਸਮੇਂ ਲਗਭਗ 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰ ਕੇ ਗੁਰੂਘਰ ਪ੍ਰਤੀ ਅਪਣੇ ਫ਼ਰਜ਼ ਨੂੰ ਨਿਭਾਇਆ ਤੇ ਸਿੱਖ ਇਤਿਹਾਸ ਦੇ ਅਮਰ ਪਾਤਰ ਬਣ ਗਏ।

 

ਦੀਵਾਨ ਸਾਹਬ ਦੀ ਇਸ ਵੱਡਮੁੱਲੀ ਤੇ ਨੇਕ ਸੇਵਾ ਦਾ ਧਨਵਾਦ ਕਰਦਿਆਂ ਸਿੱਖ ਸੰਗਤ ਵਲੋਂ ਉਨ੍ਹਾਂ ਦੇ ਨਾਂ ਉਪਰ ਜਿਥੇ 'ਦੀਵਾਨ ਟੋਡਰ ਮੱਲ ਮਾਰਗ' ਤੇ 'ਦੀਵਾਨ ਟੋਡਰ ਮੱਲ ਯਾਦਗਾਰੀ ਗੇਟ' ਬਣਾਏ ਗਏ ਹਨ, ਉਥੇ ਨਾਲ ਹੀ ਇਕ ਵਿਸ਼ਾਲ 'ਦੀਵਾਨ ਟੋਡਰ ਮੱਲ ਹਾਲ' ਵੀ ਉਸਾਰਿਆ ਗਿਆ ਹੈ।        

ਸੰਪਰਕ : 94631-32719