ਪੰਜਾਬ ਵਿਚ ਤੀਜੀ ਧਿਰ ਦੇ ਅਸਾਰ ਮੱਧਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੱਜ ਸੂਬੇ ਦੇ ਹਾਲਾਤ ਸਾਜਗਰ ਨਹੀਂ ਹਨ......

Captain Amarinder Singh

ਅੱਜ ਸੂਬੇ ਦੇ ਹਾਲਾਤ ਸਾਜਗਰ ਨਹੀਂ ਹਨ। ਰਵਾਇਤੀ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਜਾਣਦੇ ਹਨ ਕਿ ਸਮਾਂ ਪਾ ਕੇ ਲੋਕ ਭੁੱਲ ਜਾਂਦੇ ਹਨ। ਉਹ ਇਹ ਵੀ ਜਾਣਦੇ ਹਨ ਕਿ ਵਿਰੋਧੀਆਂ ਪਾਸ ਕੋਈ ਸਰਵ ਪ੍ਰਵਾਣਿਤ ਨੇਤਾ ਨਹੀਂ ਹੈ। ਬਿਨਾਂ ਸ਼ੱਕ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਦਾ ਵਿਰੋਧੀਆਂ ਪਾਸ ਕੋਈ ਆਦਮੀ ਨਹੀਂ ਹੈ। ਭਾਵੇਂ ਹੁਣ ਧਾਰਮਕ ਮੁੱਦੇ ਅਹਿਮ ਬਣ ਚੁਕੇ ਹਨ, ਖ਼ਾਸ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ। ਪਰ ਰਾਜਨੀਤਕ ਖੇਡ ਤਾਂ ਰਾਜਨੀਤਕ ਖਿਡਾਰੀ ਹੀ ਖੇਡ ਸਕਦੇ ਹਨ।

ਸਿਆਸਤਦਾਨ ਤਾਂ ਧਰਮ ਤੇ ਵੀ ਕਬਜ਼ਾ ਕਰ ਗਏ ਹਨ। ਪ੍ਰਕਾਸ਼ ਸਿੰਘ ਬਾਦਲ ਦੀ ਉਦਾਹਰਣ ਸਾਹਮਣੇ ਹੈ। ਉਸ ਦਾ ਇਸ ਵਕਤ ਸਿੱਖ ਧਰਮ ਤੇ ਪੂਰਾ ਕਬਜ਼ਾ ਹੋਇਆ ਹੈ। ਉਹੀ ਅਕਾਲ ਤਖ਼ਤ ਅਤੇ ਬਾਕੀ ਤਖ਼ਤਾਂ ਦੇ ਜਥੇਦਾਰ ਨਿਯੁਕਤ ਕਰਦਾ ਹੈ। ਗੁਰਦਵਾਰਿਆਂ ਦੀ ਸਮੁੱਚੀ ਕਮਾਂਡ ਉਸ ਪਾਸ ਹੈ। ਸ਼੍ਰੋਮਣੀ ਕਮੇਟੀ ਤਾਂ ਅਕਾਲੀ ਦਲ ਦਾ ਹੀ ਹਿੱਸਾ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹੀ ਨਿਯੁਕਤ ਕਰਦਾ ਹੈ। ਅਜਿਹੇ ਹਾਲਾਤਾਂ ਨੂੰ ਵੇਖ ਕੇ ਇਹ ਕਹਿਣਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਸਿੱਖ ਧਰਮ ਤੇ ਪੂਰਨ ਕਬਜ਼ਾ ਹੈ ਕੋਈ ਅੱਤਕਥਨੀ ਨਹੀਂ ਹੈ।

ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਹੋਣੀਆਂ ਹਨ। ਪਹਿਲੀਆਂ ਚੋਣਾਂ 2017 ਵਿਚ ਹੋਈਆਂ ਸਨ। ਕਾਂਗਰਸ ਪਾਰਟੀ ਨੂੰ ਬਹੁਮਤ ਮਿਲਿਆ। ਆਮ ਆਦਮੀ ਪਾਰਟੀ ਜਿਸ ਨੂੰ ਆਪ ਵੀ ਕਿਹਾ ਜਾਂਦਾ ਹੈ ਨੰਬਰ ਦੋ ਤੇ ਰਹੀ ਤੇ ਸੱਤਾਧਾਰੀ ਅਕਾਲੀ ਦਲ ਨੂੰ ਤੀਜਾ ਸਥਾਨ ਮਿਲਿਆ ਸੀ। ਕਾਂਗਰਸ ਸੱਤਾਧਾਰੀ ਪਾਰਟੀ ਬਣ ਗਈ ਅਤੇ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਬਣ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਕਾਂਗਰਸ ਨੂੰ ਜਿਤਾਉਣ ਵਿਚ ਅੰਦਰ ਖਾਤੇ ਅਕਾਲੀਆਂ ਦਾ ਹੱਥ ਸੀ ਕਿਉਂਕਿ ਆਮ ਆਦਮੀ ਪਾਰਟੀ ਇਕ ਨਵੇਂ ਸ਼ਰੀਕ ਵਜੋਂ ਉਭਰੀ ਸੀ, ਜੋ ਅਕਾਲੀਆਂ ਤੇ ਕਾਂਗਰਸ ਦੋਹਾਂ ਵਾਸਤੇ ਹੀ ਸ਼ੁੱਭ ਸੰਕੇਤ ਨਹੀਂ ਸੀ।

ਪੰਜਾਬ ਵਿਚ ਆਜ਼ਾਦੀ ਤੋਂ ਬਾਅਦ ਕਾਂਗਰਸ ਤੇ ਅਕਾਲੀ ਦਲ ਹੀ ਸੱਤਾ ਵਿਚ ਰਹੇ ਹਨ। ਪੰਜਾਬ ਦੀ ਸਿਆਸਤ ਵਿਚ ਸਿੱਖ ਧਰਮ ਦਾ ਰੋਲ ਵੀ ਬੜਾ ਅਹਿਮ ਹੈ। ਅਕਾਲੀਆਂ ਨੇ ਤਾਂ ਅੱਜ ਤਕ ਸਿਆਸਤ ਹੀ ਸਿੱਖ ਧਰਮ ਦੇ ਜ਼ਰੀਏ ਕੀਤੀ ਹੈ। ਪ੍ਰਕਾਸ਼ ਸਿੰਘ ਬਾਦਲ ਅਕਸਰ ਹੀ ਅਕਾਲੀ ਦਲ ਨੂੰ ਸਿੱਖਾਂ ਦੀ ਸਿਰਮੌਰ ਜਥੇਬੰਦੀ ਕਹਿੰਦੇ ਹਨ। ਭਾਵੇਂ ਅਕਾਲੀ ਦਲ ਨਿਰੋਲ ਰਾਜਨੀਤਕ ਪਾਰਟੀ ਹੈ ਪਰ ਧਰਮ ਦਾ ਪੱਤਾ ਉਨ੍ਹਾਂ ਨੂੰ ਚੰਗਾ ਰਾਸ ਆਉਂਦਾ ਹੈ। ਉਹ ਧਰਮ ਦੇ ਨਾਂ ਤੇ ਅਕਸਰ ਵੋਟ ਮੰਗਦੇ ਹਨ। ਉਨ੍ਹਾਂ ਦੀਆਂ ਮੀਟਿੰਗਾਂ ਅਕਸਰ ਗੁਰਦੁਆਰਿਆਂ ਵਿਚ ਹੁੰਦੀਆਂ ਹਨ। ਪਿਛਲੇ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ।

ਸਾਰੀਆਂ ਹੀ ਪਾਰਟੀਆਂ ਇਸ ਮੁੱਦੇ ਤੇ ਸਿਆਸਤ ਕਰ ਰਹੀਆਂ ਹਨ। ਧਰਨੇ ਮੁਜ਼ਾਹਰੇ ਹੋ ਰਹੇ ਹਨ। ਅਕਾਲੀ ਦਲ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਪੜਤਾਲ ਕਰਨ ਲਈ ਬਣਾਇਆ, ਕਾਂਗਰਸ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਿਯੁਕਤ ਕੀਤਾ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਮੁਤਾਬਕ ਬਾਦਲ ਪਿਉ-ਪੁੱਤਰ ਵੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ਤੇ ਗੋਲੀ ਕਾਂਡ ਵਿਚ ਦੋਸ਼ੀ ਹਨ। ਪਰ ਕਾਰਵਾਈ ਕੋਈ ਵੀ ਨਹੀਂ ਹੋ ਰਹੀ। ਲੋਕਾਂ ਦਾ ਧਿਆਨ ਹਟਾਉਣ ਲਈ ਸਾਰੀਆਂ ਹੀ ਪਾਰਟੀਆਂ ਨੇ ਰੈਲੀਆਂ ਵੀ ਕੀਤੀਆਂ। ਇਕ ਦੂਜੇ ਨੂੰ ਦੋਸ਼ੀ ਕਿਹਾ ਜਾ ਰਿਹਾ ਹੈ। ਲੋਕਾਂ ਨੂੰ ਕੁੱਝ ਵੀ ਸਮਝ ਨਹੀਂ ਆ ਰਿਹਾ ਹੈ।

ਹਰ ਪਾਰਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਸਿਆਸਤ ਕਰ ਰਹੀ ਹੈ ਬਾਕੀ ਮੁੱਦੇ ਪਿਛੇ ਚਲੇ ਗਏ ਹਨ। ਪੰਜਾਬ ਵਿਚ ਅੱਜ ਤਕ ਅਕਾਲੀ ਤੇ ਕਾਂਗਰਸ ਸਰਕਾਰਾਂ ਰਹੀਆਂ ਹਨ। ਮੌਜੂਦਾ ਸਰਕਾਰ ਕਾਂਗਰਸ ਪਾਰਟੀ ਦੀ ਹੈ। ਪਰ ਅੱਜ ਲੋਕਾਂ ਦਾ ਮੋਹ ਅਕਾਲੀ ਅਤੇ ਕਾਂਗਰਸ ਦੋਹਾਂ ਤੋਂ ਹੀ ਭੰਗ ਹੋ ਚੁਕਿਆ ਹੈ। ਉਹ ਕਿਸੇ ਤੀਜੀ ਧਿਰ ਨੂੰ ਸੱਤਾ ਸੰਭਾਲਣਾ ਚਾਹੁੰਦੇ ਹਨ। ਲੋਕਾਂ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਪਰ ਲੋਕਾਂ ਨੂੰ ਛੁਟਕਾਰਾ ਕਿਸ ਤਰ੍ਹਾਂ ਮਿਲੇਗਾ ਤੀਜੀ ਧਿਰ ਕੋਈ ਹੈ ਹੀ ਨਹੀਂ ਹੈ। ਆਮ ਆਦਮੀ ਪਾਰਟੀ ਦੇ ਆਉਣ ਨਾਲ ਲੋਕਾਂ ਨੂੰ ਆਸ ਬੱਝੀ ਸੀ ਕਿ ਤੀਜੀ ਧਿਰ ਆ ਗਈ ਹੈ।

ਲੋਕਾਂ ਨੇ ਆਪ ਪਾਰਟੀ ਦਾ ਤਨੋ-ਮਨੋ ਤੇ ਧਨੋ ਸਮਰਥਨ ਕੀਤਾ। ਇਥੋਂ ਤਕ ਕਿ ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਨੇ ਵਿਸ਼ੇਸ਼ ਉਪਰਾਲੇ ਕੀਤੇ ਤਾਕਿ ਤੀਜਾ ਬਦਲ ਸੰਭਵ ਹੋ ਸਕੇ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਬਿਨਾਂ ਕਿਸੇ ਲੋਭ ਲਾਲਚ ਦੇ ਪਈਆਂ। ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਨੁਮਾਇੰਦੇ ਤਾਂ ਲੋਕਾਂ ਪਾਸ ਗਏ ਤਕ ਵੀ ਨਹੀਂ ਤਦ ਵੀ ਉਹ ਜਿੱਤ ਗਏ। ਭਾਵੇਂ ਆਪ ਸੱਤਾ ਵਿਚ ਤਾਂ ਨਹੀਂ ਆ ਸਕੀ ਪਰ ਮੁੱਖ ਵਿਰੋਧੀ ਧਿਰ ਬਣ ਗਈ। ਪਰ ਪਾਰਟੀ ਬੜੀ ਹੀ ਛੇਤੀ ਬਿਖਰ ਗਈ। ਅਸਲ ਵਿਚ ਆਮ ਆਦਮੀ ਪਾਰਟੀ ਕੋਲ ਕੋਈ ਵੀ ਪਰੌੜ ਨੇਤਾ ਨਹੀਂ ਸੀ ਅਤੇ ਨਾ ਹੀ ਅੱਜ ਹੈ। ਅਹੁਦੇ ਦੀ ਭੁੱਖ ਸਾਹਮਣੇ ਆਈ।

ਇਕ ਦੂਜੇ ਦੀਆਂ ਲੱਤਾਂ ਖਿਚਣੀਆਂ ਸ਼ੁਰੂ ਹੋ ਗਈਆਂ। ਉਹ ਭੁੱਲ ਹੀ ਗਏ ਕਿ ਲੋਕਾਂ ਨੇ ਉਨ੍ਹਾਂ ਨੂੰ ਨਵਾਜ਼ਿਆ ਹੈ। ਉਨ੍ਹਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੀ ਨਹੀਂ ਰਿਹਾ ਹੈ। ਅੱਜ ਝਾੜੂ ਤੀਲਾ-ਤੀਲਾ ਹੋ ਚੁੱਕਾ ਹੈ। ਅੱਜ ਸੂਬੇ ਦੇ ਹਾਲਾਤ ਸਾਜਗਰ ਨਹੀਂ ਹਨ। ਰਵਾਇਤੀ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਜਾਣਦੇ ਹਨ ਕਿ ਸਮਾਂ ਪਾ ਕੇ ਲੋਕ ਭੁੱਲ ਜਾਂਦੇ ਹਨ। ਉਹ ਇਹ ਵੀ ਜਾਣਦੇ ਹਨ ਕਿ ਵਿਰੋਧੀਆਂ ਪਾਸ ਕੋਈ ਸਰਵ ਪ੍ਰਵਾਣਿਤ ਨੇਤਾ ਨਹੀਂ ਹੈ। ਬਿਨਾਂ ਸ਼ੱਕ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਦਾ ਵਿਰੋਧੀਆਂ ਪਾਸ ਕੋਈ ਆਦਮੀ ਨਹੀਂ ਹੈ।

ਭਾਵੇਂ ਹੁਣ ਧਾਰਮਕ ਮੁੱਦੇ ਅਹਿਮ ਬਣ ਚੁਕੇ ਹਨ, ਖ਼ਾਸ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ। ਪਰ ਰਾਜਨੀਤਕ ਖੇਡ ਤਾਂ ਰਾਜਨੀਤਕ ਖਿਡਾਰੀ ਹੀ ਖੇਡ ਸਕਦੇ ਹਨ। ਸਿਆਸਤਦਾਨ ਤਾਂ ਧਰਮ ਤੇ ਵੀ ਕਬਜ਼ਾ ਕਰ ਗਏ ਹਨ। ਪ੍ਰਕਾਸ਼ ਸਿੰਘ ਬਾਦਲ ਦੀ ਉਦਾਹਰਣ ਸਾਹਮਣੇ ਹੈ। ਉਸ ਦਾ ਇਸ ਵਕਤ ਸਿੱਖ ਧਰਮ ਤੇ ਪੂਰਾ ਕਬਜ਼ਾ ਹੋਇਆ ਹੈ। ਉਹੀ ਅਕਾਲ ਤਖ਼ਤ ਅਤੇ ਬਾਕੀ ਤਖ਼ਤਾਂ ਦੇ ਜਥੇਦਾਰ ਨਿਯੁਕਤ ਕਰਦਾ ਹੈ। ਗੁਰਦਵਾਰਿਆਂ ਦੀ ਸਮੁੱਚੀ ਕਮਾਂਡ ਉਸ ਪਾਸ ਹੈ। ਸ਼੍ਰੋਮਣੀ ਕਮੇਟੀ ਤਾਂ ਅਕਾਲੀ ਦਲ ਦਾ ਹੀ ਹਿੱਸਾ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹੀ ਨਿਯੁਕਤ ਕਰਦਾ ਹੈ।

ਅਜਿਹੇ ਹਾਲਾਤਾਂ ਨੂੰ ਵੇਖ ਕੇ ਇਹ ਕਹਿਣਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਸਿੱਖ ਧਰਮ ਤੇ ਪੂਰਨ ਕਬਜ਼ਾ ਹੈ ਕੋਈ ਅੱਤਕਥਨੀ ਨਹੀਂ ਹੈ। ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਤਿੰਨ ਸਾਲ ਤੋਂ ਉਪਰ ਦਾ ਸਮਾਂ ਪਿਆ ਹੈ। ਲੋਕ ਅਕਾਲੀਆਂ ਅਤੇ ਕਾਂਗਰਸ ਦੋਹਾਂ ਤੋਂ ਹੀ ਉਪਰਾਮ ਹਨ। ਉਹ ਦੋਹਾਂ ਹੀ ਰਾਜਨੀਤੀ ਪਾਰਟੀਆਂ ਨੂੰ ਨਹੀਂ ਚਾਹੁੰਦੇ ਹਨ। ਪਰ ਮੌਜੂਦਾ ਹਾਲਾਤਾਂ ਵਿਚ ਤਾਂ ਨਹੀਂ ਲੱਗ ਰਿਹਾ ਹੈ ਕਿ ਕੋਈ ਤੀਜੀ ਧਿਰ ਸੱਤਾ 'ਤੇ ਕਬਜ਼ਾ ਹੋ ਜਾਵੇਗੀ। ਤੀਜੀ ਧਿਰ ਤਾਂ ਕੋਈ ਹੈ ਹੀ ਨਹੀਂ ਹੈ ਜੋ ਰਵਾਇਤੀ ਪਾਰਟੀਆਂ ਦਾ ਬਦਲ ਬਣ ਸਕੇ। ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਤੋਂ ਬਿਨਾਂ ਕਾਮਰੇਡ ਅਤੇ ਬਸਪਾ ਵੀ ਸਿਆਸੀ ਧਿਰਾਂ ਹਨ।

ਪਰ ਉਹ ਲੋਕਾਂ ਨੂੰ ਤੀਜਾ ਬਦਲ ਨਹੀਂ ਦੇ ਸਕੇ। ਕੋਈ ਸਮਾਂ ਸੀ ਜਦੋਂ ਬਸਪਾ ਦੇ ਤੀਜੀ ਧਿਰ ਵਜੋਂ ਉਭਰਨ ਦੇ ਅਸਾਰ ਸਨ ਪਰ ਅਜਿਹਾ ਨਹੀਂ ਹੋ ਸਕਿਆ। ਕਾਮਰੇਡਾਂ ਨੇ ਤਾਂ ਪੰਜਾਬ ਵਿਚ ਕਦੇ ਸੱਤਾ ਹਥਿਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੈ। ਉਹ ਹਲਾਤਾਂ ਮੁਤਾਬਕ ਕਦੇ ਵੀ ਨਹੀਂ ਤੁਰੇ। ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਵੰਡੀ ਹੋਈ ਹੈ। ਉਨ੍ਹਾਂ ਦੇ ਮੌਜੂਦਾ ਹਾਲਾਤਾਂ ਨੂੰ ਵੇਖ ਕੇ ਤਾਂ ਬਿਲਕੁਲ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਆਉਣ ਵਾਲੇ ਸਮੇਂ ਵਿਚ ਕੁੱਝ ਕਰਨਗੇ। ਉਨ੍ਹਾਂ ਪਾਸ ਤਾਂ ਕੋਈ ਪੌਰੜ ਨੇਤਾ ਹੀ ਨਹੀਂ ਹੈ। ਜੇਕਰ ਉਹ ਨਾ ਸੁਧਰੇ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦਾ ਅਗਲੀ ਵਾਰ ਖਾਤਾ ਵੀ ਨਾ ਖੁੱਲ੍ਹੇ। 

ਤੀਜੇ ਬਦਲ ਦੇ ਅਧਾਰ ਬਿਲਕੁਲ ਮੱਧਮ ਹਨ। ਵਖਰੇ-ਵਖਰੇ ਦਲਾਂ ਦੇ ਨੇਤਾ ਹਾਊਮੇ ਨਾਲ ਭਰੇ ਪਏ ਹਨ। ਉਨ੍ਹਾਂ ਵਿਚ ਤਿਆਗ ਬਿਲਕੁਲ ਨਹੀਂ ਹੈ। ਉਹ ਇਕ ਮੰਚ ਉਤੇ ਬੈਠਣ ਲਈ ਤਿਆਰ ਹੀ ਨਹੀਂ ਹਨ। ਅਜਿਹੇ ਹਾਲਾਤਾਂ ਵਿਚ ਰਵਾਇਤੀ ਦਲਾਂ ਦਾ ਬਦਲ ਕਿਸ ਤਰ੍ਹਾਂ ਬਣਨਗੇ। ਕਿਸੇ ਇਕ ਨੂੰ ਨੇਤਾ ਤਾਂ ਮੰਨਣਾ ਹੀ ਪਵੇਗਾ ਪਰ ਅਜਿਹਾ ਹੋ ਨਹੀਂ ਰਿਹਾ ਹੈ। ਕੋਈ ਘੱਟ ਕਹਾਉਣ ਲਈ ਤਿਆਰ ਨਹੀਂ ਹੈ। ਤੀਜੀ ਧਿਰ ਦਾ ਲਾੜਾ ਕੌਣ ਹੋਵੇਗਾ? ਇਸ ਬਾਰੇ ਕੁੱਝ ਵੀ ਸਾਹਮਣੇ ਨਹੀਂ ਆ ਰਿਹਾ ਹੈ। ਉਸ ਤੋਂ ਬਿਨ੍ਹਾਂ ਗੱਲ ਕਿਸ ਤਰ੍ਹਾਂ ਬਣੇਗੀ। ਬਿਨ੍ਹਾਂ ਸ਼ੱਕ ਲੋਕ ਅਕਾਲੀ ਦਲ ਤੇ ਕਾਂਗਰਸ ਨੂੰ ਨਹੀਂ ਚਾਹੁੰਦੇ ਪਰ ਉਨ੍ਹਾਂ ਪਾਸ ਤੀਜਾ ਬਦਲ ਹੀ ਕੋਈ ਨਹੀਂ ਹੈ।

ਭਾਵੇਂ ਅੱਜ ਅਕਾਲੀ ਦਲ ਦੀ ਹਾਲਤ ਬੇਹੱਦ ਪਤਲੀ ਹੋ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤਾਂ ਅਕਾਲੀਆਂ ਦੇ ਬਿਲਕੁਲ ਵਿਰੁਧ ਚਲੇ ਗਈਆਂ ਹਨ। ਲੋਕਾਂ ਵਿਚ ਇਹ ਰੋਸ ਹੈ ਕਿ ਅਕਾਲੀਆਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਅਪਣਾ ਉੁੱਲੂ ਸਿੱਧਾ ਕਰਨ ਨੂੰ ਤਰਜੀਹ ਦਿਤੀ। ਅੱਜ ਅਕਾਲੀਆਂ ਨੂੰ ਪੈਰ ਜਮਾਉਣ ਵਿਚ ਵੱਡੀ ਦਿੱਕਤ ਆ ਰਹੀ ਹੈ। ਉਨ੍ਹਾਂ ਦੇ ਪੈਰਾਂ ਹੇਠੋਂ ਖਿਸਕ ਰਹੀ ਜ਼ਮੀਨ ਨੇ ਉਨ੍ਹਾਂ ਦਾ ਚੈਨ ਖ਼ਤਮ ਕਰ ਦਿਤਾ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਵੀ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਹੈ।

ਉਹ ਬਾਦਲਾਂ ਵਿਰੁਧ ਕੋਈ ਕਾਰਵਾਈ ਕਰਨ ਦੇ ਹੱਕ ਵਿਚ ਨਹੀਂ ਹਨ ਪਰ ਉਸ ਦੇ ਅਪਣੇ ਸੰਗੀ ਸਾਥੀ ਅਤੇ ਜਨਤਾ ਦਬਾਅ ਬਣਾ ਰਹੀ ਹੈ ਕਿ ਬਾਦਲਾਂ ਵਿਰੁਧ ਕਾਰਵਾਈ ਕੀਤੀ ਜਾਵੇ। ਸਿਰਫ਼ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਕਰ ਕੇ ਹੀ ਕਾਗਰਸੀਆਂ ਨੂੰ ਦੁਆ-ਸੁਲਾਅ ਹੋ ਰਹੀ ਹੈ। ਲੋਕਾਂ ਨੇ ਕਾਂਗਰਸ ਤੇ ਅਕਾਲੀ ਬਹੁਤ ਵਾਰੀ ਅਜ਼ਮਾ ਲਏ ਹਨ। ਉਹ ਉਨ੍ਹਾਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ ਹੈ। ਕੋਈ ਵੀ ਤੀਜੀ ਧਿਰ ਅਗਵਾਈਕਾਰ ਵਜੋਂ ਨਹੀਂ ਉਭਰ ਰਹੀ। ਕੁੱਝ ਵੇਲਾ ਵਹਾਅ ਚੁੱਕੇ ਸਿਆਸਤਦਾਨ ਅਪਣਾ ਜਾਦੂ ਚਲਾਉਣ ਦੀ ਕੋਸ਼ਿਸ਼ ਵਿਚ ਹਨ ਪਰ ਸੱਤਾਧਾਰੀ ਹੋਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ।

ਆਮ ਆਦਮੀ ਪਾਰਟੀ ਤੋਂ ਵੱਖ ਹੋਇਆ ਧੜਾ ਤੇ ਕੁੱਝ ਹੋਰ ਸਰਗਰਮੀ ਵਿਖਾ ਰਹੇ ਹਨ ਪਰ ਉਹ ਪਰੌੜ ਨਹੀਂ ਹਨ। ਜਿਥੋਂ ਤਕ ਆਮ ਆਦਮੀ ਪਾਰਟੀ ਦੀ ਗੱਲ ਹੈ ਉਹ ਤਾਂ ਅਪਣੀ ਹੋਂਦ ਬਚਾਉਣ ਦੇ ਸਮੱਰਥ ਵੀ ਨਹੀਂ ਜਾਪਦੇ ਹਨ। ਜਨਤਾ ਚਾਹੁੰਦੀ ਹੈ ਕਿ ਤੀਜਾ ਬਦਲ ਆਵੇ ਤਾਕਿ ਰਵਾਇਤੀ ਦਲਾਂ ਤੋਂ ਛੁਟਕਾਰਾ ਪਾਇਆ ਜਾ ਸਕੇ। ਪਰ ਇਸ ਮਕਸਦ ਲਈ ਜ਼ਰੂਰੀ ਹੈ ਕਿ ਸਾਰੇ ਧੜੇ ਸੰਗਠਿਤ ਹੋ ਜਾਣ। ਕਿਸੇ ਇਕ ਨੂੰ ਅਗਵਾਈਕਾਰ ਮੰਨਣਾ ਵੀ ਜ਼ਰੂਰੀ ਹੈ ਉਸ ਤੋਂ ਬਿਨ੍ਹਾਂ ਤਾਂ ਬਿਨ੍ਹਾਂ ਲਾੜੇ ਤੋਂ ਬਰਾਤ ਵਾਲੀ ਗੱਲ ਹੋ ਜਾਂਦੀ ਹੈ। ਆਪਸੀ ਹਾਊਮੇ ਖ਼ਤਮ ਕਰਨੀ ਅਤੀ ਜ਼ਰੂਰੀ ਹੈ ਸਿਰਫ਼ ਇਕੋ-ਇਕ ਨਿਸ਼ਾਨਾ ਲੋਕਾਂ ਨੂੰ ਤੀਜਾ ਬਦਲ ਦੇਣ ਦਾ ਹੋਵੇ

ਜੋ ਲੋਕਾਂ ਦੀ ਇੱਛਾ ਹੈ। ਰਵਾਇਤੀ ਪਾਰਟੀਆਂ ਤੋਂ ਵੱਧ ਤੇ ਵਧੀਆ ਕੰਮ ਕਰਨ ਦਾ ਮਨੋਰਥ ਹੋਣਾ ਚਾਹੀਦਾ ਹੈ। ਜਮਹੂਰੀਅਤ ਦੀ ਮਜ਼ਬੂਤੀ ਲਈ ਤੇ ਲੋਕਾਂ ਦੀ ਬੇਹਤਰੀ ਲਈ ਕੰਮ ਕਰਨ ਦਾ ਅਹਿਦ ਲਿਆ ਜਾਵੇ। ਬੇਰੁਜ਼ਗਾਰੀ, ਲਚਾਰੀ, ਅਸਮਾਨ ਛੂਹਦੀ ਮਹਿੰਗਾਈ, ਗ਼ਰੀਬੀ, ਅਮੀਰੀ ਦੇ ਖਾਤਮੇ, ਵਿਤਕਰੇਬਾਜ਼ੀ ਤੇ ਫ਼ਿਰਕਾਪ੍ਰਸਤੀ ਦੇ ਖਾਤਮੇ ਲਈ ਬਚਨ ਬੱਧਤ ਹੋਣੀ ਅਤੀ ਜ਼ਰੂਰੀ ਹੈ। ਅਕਾਲੀ-ਕਾਂਗਰਸੀ ਅੰਦਰ ਖਾਤੇ ਦੋਸਤੀ ਵੀ ਪਾ ਸਕਦੇ ਹਨ। ਇਸ ਗੱਲ ਦਾ ਵੀ ਧਿਆਨ ਰਖਣਾ ਚਾਹੀਦਾ ਹੈ। ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰਖਿਆ ਜਾਵੇਂ।

ਸੱਭ ਤੋਂ ਵੱਡੀ ਗੱਲ ਕਿਸੇ ਇਕ ਪਲੇਟਫ਼ਾਰਮ ਤੇ ਇਕੱਤਰ ਹੋਣ ਦੀ ਹੈ, ਉਸ ਤੋਂ ਬਿਨ੍ਹਾਂ ਕੰਮ ਨਹੀਂ ਚਲੇਗਾ। ਲੋਕ ਤੀਜਾ ਬਦਲ ਚਾਹੁੰਦੇ ਹਨ। ਪਰ ਤੀਜਾ ਬਦਲ ਵੀ ਮਜ਼ਬੂਤ ਤੇ ਨਿਸਵਾਰਥ ਹੋਵੇ। ਜੇਕਰ ਸਾਰਿਆਂ ਨੇ ਆਪ ਮੁਹਾਰੇ ਤੁਰੇ ਫਿਰਨਾ ਹੈ ਜਿਸ ਤਰ੍ਹਾਂ ਅੱਜ ਹੋ ਰਿਹਾ ਹੈ ਤਾਂ ਕੁੱਝ ਵੀ ਬਣਨ ਵਾਲਾ ਨਹੀਂ ਹੈ। ਲੋਕ ਬਦਲਾਅ ਚਾਹੁੰਦੇ ਹਨ, ਜੋ ਜ਼ਰੂਰੀ ਵੀ ਹੈ ਕਿਉਂਕਿ ਰਵਾਇਤੀ ਪਾਰਟੀਆ ਗੱਦੀ ਮਿਲਦਿਆਂ ਸਾਰ ਹੀ ਆਪਣੇ ਆਪ ਤਕ ਸੀਮਤ ਹੋ ਜਾਂਦੀਆਂ ਹਨ। ਜੇਕਰ ਏਕਤਾ ਹੋ ਜਾਵੇ ਤਾਂ ਬਦਲਾਅ ਆ ਸਕਦਾ ਹੈ

ਪਰ ਮੌਜੂਦਾ ਹਾਲਾਤਾਂ ਤੋਂ ਤਾਂ ਕਿਸੇ ਤੀਜੀ ਧਿਰ ਦੇ ਚਮਕਣ ਦੇ ਅਸਾਰ ਨਹੀਂ ਹਨ। ਏਕਤਾ ਲਈ ਜਤਨ ਕਰਨੇ ਅਤੀ ਜ਼ਰੂਰੀ ਹੈ ਤਾਕਿ ਬਦਲਾਅ ਆ ਸਕੇ। ਵਰਨਾ ਰਵਾਇਤੀ ਪਾਰਟੀਆਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਹੈ। ਉਹ ਤੀਜੇ ਬਦਲ ਨੂੰ ਢਾਹ ਲਾਉਣ ਲਈ ਹਰ ਹੀਲਾ ਵਰਤ ਸਕਦੇ ਹਨ ਕਿਉਂਕਿ ਉਨ੍ਹਾਂ ਲਈ ਤਾਂ ਤੀਜਾ ਬਦਲ ਜ਼ਹਿਰ ਨਿਗਲਣ ਦੇ ਬਰਾਬਰ ਹੈ। ਲੋੜ ਹੈ ਗੰਭਰੀਤਾ ਨਾਲ ਵਿਚਾਰ ਕਰਨ ਦੀ ਵਰਨਾ ਆਉਣ ਵਾਲੇ ਕੱਲ ਦਾ ਕਿਆਸ ਲਗਾਉਣਾ ਔਖਾ ਨਹੀਂ ਹੈ। 

ਕੇਹਰ ਸਿੰਘ ਹਿੱਸੋਵਾਲ
ਮੋਬਾਈਲ : 98141-25593