ਵਿਸ਼ੇਸ਼ ਲੇਖ: ਵਿਦੇਸ਼ਾਂ ਵਿਚ ਪੰਜਾਬੀ ਹੀ ਪੰਜਾਬੀਆਂ ਦੇ ਵੈਰੀ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਈ ਵਾਰ ਸੁਣਨ ਵਿਚ ਆਇਆ ਕਿ ਬਾਹਰ ਰਹਿੰਦੇ ਪੰਜਾਬੀ, ਨਵੇਂ ਜਾਣ ਵਾਲੇ ਮੁੰਡਿਆਂ ਨੂੰ ਚੰਗਾ ਨਹੀਂ ਸਮਝਦੇ।

Representational Image

ਕਈ ਵਾਰ ਸੁਣਨ ਵਿਚ ਆਇਆ ਕਿ ਬਾਹਰ ਰਹਿੰਦੇ ਪੰਜਾਬੀ, ਨਵੇਂ ਜਾਣ ਵਾਲੇ ਮੁੰਡਿਆਂ ਨੂੰ ਚੰਗਾ ਨਹੀਂ ਸਮਝਦੇ। ਨਫ਼ਰਤ ਕਰਦੇ ਨੇ ਉਨ੍ਹਾਂ ਨੂੰ। ਉਹ ਨਹੀਂ ਚਾਹੁੰਦੇ ਕਿ ਨਵੇਂ ਮੁੰਡੇ ਆਉਣ। ਇਹ ਸੁਣ ਕੇ ਮੈਂ ਹੈਰਾਨ ਵੀ ਹੁੰਦਾ ਤੇ ਬਾਹਰਲਿਆਂ ’ਤੇ ਗੁੱਸਾ ਵੀ ਆਉਂਦਾ। ਕਮਾਲ ਏ, ਆਪ ਇਹ ਬੰਦੇ ਕਾਮਯਾਬ ਹੋ ਗਏ ਤੇ ਹੁਣ ਨੌਜਵਾਨਾਂ ਦੇ ਰੋਜ਼ਗਾਰ ’ਚ ਲੱਤ ਮਾਰਦੇ ਨੇ। 

ਪਿਛਲੇ ਦਿਨੀਂ ਜਦੋਂ ਮੇਰਾ ਲੇਖ ‘ਵੇਖੀਂ ਪੁੱਤਰਾ! ਕਿਤੇ...! ਛਪਿਆ ਤਾਂ ਕੋਈ ਨੱਬੇ ਤੋਂ ਵੱਧ ਫ਼ੋਨ ਮਿਲੇ।  ਮਿਹਰਬਾਨ ਸੱਜਣਾਂ, ਜਿੰਨ੍ਹਾਂ ’ਚੋਂ ਬਹੁਤÇਆਂ ਦੀ ਉਮਰ ਸੱਠ ਸਾਲ ਤੋਂ ਉੱਪਰ ਸੀ, ਨੇ ਆਖਿਆ, ‘‘ਸੰਧੂ ਸਾਹਬ! ਇਹ ਜੀਵਨ ਜਾਚ ਤਾਂ ਅੱਜ ਤੋਂ ਕੋਈ 40-50 ਵਰ੍ਹੇ ਪਹਿਲਾਂ ਸਾਨੂੰ ਸਾਡੇ ਵਡੇਰਿਆਂ ਚੋਂ ਮਿਲੀ ਸੀ ਤੇ ਤੁਸੀਂ ਐਸ ਜ਼ਮਾਨੇ ਚੋਂ ਕਿਵੇਂ ਪੁੱਤ ਨੂੰ ਇਸ ਤਰ੍ਹਾਂ ਪਾਲਿਆ ਤੇ ਐਹੋ ਜਿਹੇ ਜੀਵਨ ’ਚ ਢਾਲਿਆ।’’ ਫਿਰ ਆਂਹਦੇ, ‘‘ਕਾਸ਼! ਕਿਤੇ ਸਾਡੀਆਂ ਸੱਭ ਦੀਆਂ ਔਲਾਦਾਂ ਹੀ ਇਸ ਮਰਿਆਦਾਬੱਧ ਜੀਵਨਸ਼ੈਲੀ ਦੀਆਂ ਧਾਰਨੀ ਹੋ ਜਾਣ।’’ ਫਿਰ ਬਹੁਤਿਆਂ ਨੇ ਇਹ ਖਿੱਚ ਕੀਤੀ ਕਿ ‘ਹੁਣ ਕਾਕੇ ਦੀ ਵਿਦੇਸ਼ ’ਚ ਗੁਜ਼ਰ-ਬਸਰ ਤੇ ਵੀ ਝਾਤ ਪਵਾਉ। ਇਸ ਜੀਵਨ-ਜਾਚ ਦਾ ਉੱਥੇ ਵੀ ਕੋਈ ਲਾਭ ਹਾਸਲ ਹੋਇਆ? ਮੈਨੂੰ ਲਗਿਆ ਕਿ ਬਿਲਕੁਲ ਸਹੀ ਰਾਇ ਹੈ। ਇਹ ਦੱਸੇ ਬਗ਼ੈਰ ਪਹਿਲੇ ਲੇਖ ਦਾ ਮਨੋਰਥ ਸ਼ਾਇਦ ਪੂਰਾ ਨਾ ਹੋ ਸਕੇ। ਸੋ ਉਸੇ ਹੀ ਲੇਖ ਦੀ ਦੂਜੀ ਕੜੀ ਸਮਝੋ ਇਹ ਹਿੱਸਾ।

ਸਪਨ ਦਾ ਜਹਾਜ਼ ਦਿੱਲੀਉਂ ਬੰਗਲੌਰ ਉਤਰਿਆ ਤੇ ਫਿਰ ਜਰਮਨ। ਜਰਮਨ ਤੋਂ ਮੈਕਸੀਕੋ ਲਈ ਰਵਾਨਾ ਹੋਇਆ ਤਾਂ ਉਡਾਨ ਤੋਂ ਦਸ ਕੁ ਮਿੰਟ ਬਾਅਦ ਹੀ ਏਅਰਹੋਸਟੈਸ ਸਪਨ ਕੋਲ ਆਈ ਜੋ ਕਿ ਇਕੌਨਮੀ ਕਲਾਸ ਦੀ ਪਹਿਲੀ ਸੀਟ ’ਤੇ ਬੈਠਾ ਹੋਇਆ ਸੀ। ਆਖਿਓ ਸੁ, ‘‘ਹੇ ਜੈਂਟਲਮੈਨ! ਜੇ ਤੁਹਾਨੂੰ ਇਥੋਂ ਉਠਾ ਕੇ ਔਹ ਬਿਜ਼ਨਸ ਕਲਾਸ ਦੀ ਸੀਟ ’ਤੇ ਘੱਲ ਦਿਤਾ ਜਾਵੇ ਤਾਂ ਤੁਸੀਂ ਰਾਜ਼ੀ ਹੋਵੇਗੇ?’’ ਅੰਨ੍ਹਾ ਕੀ ਭਾਲੇ ਦੋ ਅੱਖਾਂ। ਜਿਸ ਬਿਜ਼ਨਸ ਕਲਾਸ ਦੀ ਚਮਕ-ਦਮਕ ਸਪਨ ਨੂੰ ਖਿੱਚ ਰਹੀ ਸੀ, ਉੱਥੇ ਹੀ ਬੈਠਣ ਦੀ ਪੇਸ਼ਕਸ਼। ਫਿਰ ਵੀ ਉਸ ਪੁਛਿਆ, ‘‘ਕਿਉਂ?’’ ‘‘ਉਸ ਸੀਟ ’ਤੇ ਬੈਠੀ ਕੁੜੀ ਦੁਆਲੇ ਦੀਆਂ ਤਿੰਨ ਸੀਟਾਂ ’ਤੇ ਬੈਠੇ ਤਿੰਨ ਅੰਗਰੇਜ਼ਾਂ ਤੋਂ ਘਬਰਾ ਰਹੀ ਏ ਤੇ ਏਥੇ ਆਉਣਾ ਚਾਹੁੰਦੀ ਏ।’’ ਸਪਨ ਬੜੀ ਖ਼ੁਸ਼ੀ ਨਾਲ ਉੱਥੇ ਜਾ ਕੇ ਨੌਂ ਘੰਟੇ ਖ਼ੂਬ ਖਾਧਾ-ਪੀਤਾ ਤੇ ਬੇਫ਼ਿਕਰ ਹੋ ਕੇ ਸੁੱਤਾ। ਧੰਨ ਗੁਰੂ ਰਾਮਦਾਸ ਜੀ ਦੀ ਦਿੱਤੀ ਕਿਰਪਾ, ਉਹ ਬਿਜ਼ਨਸ ਮੈਨੇਜਮੈਂਟ ਦੀ ਡਿਗਰੀ ਕਰਨ ਗਿਆ ਹੈ ਤੇ ਪਾਤਸ਼ਾਹ ਨੇ ਪਹਿਲੇ ਦਿਨ ਹੀ ਬਿਜ਼ਨਸ ਕਲਾਸ ’ਚ ਲਿਆ ਬਿਠਾਇਆ। ਉਹ ਵੀ ਮੁਫ਼ਤੋ-ਮੁਫ਼ਤੀ।

ਚਾਰ ਦਿਨ ਬਾਅਦ ਉਹ ਇਕ ਪੰਜਾਬੀ ਸਟੋਰ ਤੋਂ ਸਿੰਮ ਲੈਣ ਗਿਆ ਬਾਰਾਂ ਕਿਲੋਮੀਟਰ ਤੁਰ ਕੇ। ਪੰਜਾਬੀ ਵੈਦਿਕ ਪ੍ਰਵਾਰ ਦੀ ਬੀਬੀ ਨੂੰ ਨਮਸਕਾਰ ਕਰ ਕੇ ਬੇਨਤੀ ਕੀਤੀ ਤਾਂ ਉਸ ਬੀਬੀ ਨੇ ਬੈਠਣ ਦਾ ਇਸ਼ਾਰਾ ਕੀਤਾ ਤੇ ਪੁਛਿਆ, ‘‘ਤੁਸੀਂ ਕਿਥੋਂ ਆਏ ਹੋ?’’ ਪੰਜ-ਸੱਤ ਮਿੰਟ ਗੱਲ ਕਰਨ ਤੋਂ ਬਾਅਦ ਸਪਨ ਪੰਜਾਹ ਡਾਲਰ ਕੀਮਤ ਦੇਣ ਲੱਗਾ ਤਾਂ ਬੀਬੀ ਬੋਲੀ, ‘‘ਨਹੀਂ ਤੁਹਾਡੇ ਤੋਂ ਪੈਸੇ ਨਹੀਂ ਲੈਣੇ। ਬੜੇ ਚਿਰ ਬਾਅਦ ਕੋਈ ਸਾਊ ਪੰਜਾਬੀ ਮੁੰਡਾ ਮੱਥੇ ਲਗਿਐ। ਹਾਈ ਕੁਆਲੀਫ਼ਾਈਡ, ਸਭਿਅਕ, ਐਨੀ ਤਮੀਜ਼ ਨਾਲ ਮਿੱਠੀ-ਪਿਆਰੀ ਸ਼ਬਦਾਵਲੀ ਵਿਚ ਗੱਲਬਾਤ ਕਰਨ ਵਾਲਾ।

ਅੱਜਕਲ ਦੋ ਕਿਸਮ ਦੇ ਮੁੰਡੇ ਹੀ ਆਉਂਦੇ ਨੇ। ਇਕ ਤਾਂ ਉਹ ਹੁੰਦੇ ਨੇ ਜੋ ਬੜੀ ਫੁਕਰੀ ਕਿਸਮ ਦੇ ਹੁੰਦੇ ਨੇ ਤੇ ਸੋਚਦੇ ਨੇ ਕਿ ਬਾਹਰ ਆ ਕੇ ਪਤਾ ਨੀਂ ਕੀ ਸੁਰਖ਼ਾਬ ਦੇ ਖੰਭ ਲੱਗ ਗਏ ਨੇ ਤੇ ਉਹ ਬੜੇ ਹੰਕਾਰ ’ਚ ਉੱਜਡ ਤਰੀਕੇ ਨਾਲ ਪੇਸ਼ ਆਉਂਦੇ ਨੇ। ਦੂਜੇ ਕਿਸਮ ਦੇ ਡਰੇ-ਦੱਬੇ ਹੋਏ ਜਿਨ੍ਹਾਂ ਨੂੰ ਅੰਗਰੇਜ਼ੀ ਵੀ ਨਹੀਂ ਬੋਲਣੀ ਆਉਂਦੀ। ਸੋ ਤੁਸੀ ਦੋਹਾਂ ਤੋਂ ਵਖਰੇ ਹੋ। ਹਾਂ ਇਕ ਕੰਮ ਕਰਿਉ, ਅਪਣੀ ਫ਼ੇਸਬੁੱਕ ’ਤੇ ਮੇਰੇ ਬਾਰੇ ਜੋ ਵੀ ਮਹਿਸੂਸ ਕਰਦੇ ਹੋ, ਅਪਣੇ ਪਿਆਰੇ ਸ਼ਬਦਾਂ ਵਿਚ ਕੁੱਝ ਲਿਖ ਦੇਣਾ।’’ ਸਪਨ ਨੇ ਹੱਥ ਜੋੜ ਧਨਵਾਦ ਕੀਤਾ। 

ਸਪਨ ਅਗਲੇ ਦਿਨ ਬੇਸਮੈਂਟ ਤੋਂ ਬਾਹਰ ਆ ਕੇ ਉਪਰ ਘੁੰਮ ਰਿਹਾ ਸੀ। ਘਰ ਦੀ ਮਾਲਕਣ ਗੁਰਸਿੱਖ ਬੀਬੀ ਵੀ ਘੁੰਮ ਰਹੀ ਸੀ। ਸਪਨ ਨੇ ਫ਼ਤਹਿ ਜਾ ਬੁਲਾਈ। ਬੀਬੀ ਵੀ ਥੋੜੀ ਦੇਰ ਗੱਲ ਕਰ ਕੇ ਖ਼ੁਸ਼ ਹੋ ਕੇ ਕਹਿਣ ਲੱਗੀ, ‘‘ਮੇਰੇ ਕੋਲ ਕੁੱਝ ਸਮਾਨ ਪਿਆ ਹੈ, ਜੋ ਤੁਹਾਨੂੰ ਦੇ ਸਕਦੀ ਹਾਂ।’’ ਤੇ ਉਹ ਸਪਨ ਨੂੰ ਘਰ ਨਾਲ ਲੈ ਗਈ ਤੇ ਕੱਚ ਦਾ ਇਕ ਵੱਡਾ ਮੇਜ਼ ਆਪ ਨਾਲ ਕਮਰੇ ਵਿਚ ਛੁਡਵਾ ਕੇ ਗਈ। 

ਸਪਨ ਨੇ ਇਕ ਭੰਗ ਸਟੋਰ ’ਤੇ ਕੁੱਝ ਦਿਨ ਕੰਮ ਕੀਤਾ। ਉੱਥੇ ਉਸ ਦਾ ਕੰਮ ਸੀ ਵੱਡੇ ਬੋਰੇ ਵਿਚ ਕੁੱਟ ਕੁੱਟ ਕੇ ਮਾਲ ਭਰਨਾ। 5-6 ਦਿਨ ਬਾਅਦ ਅੰਗਰੇਜ਼ ਮਾਲਕ ਨੇ ਸਪਨ ਤੋਂ ਨਾਂ ਥਾਂ ਪੁਛਿਆ। ਤੀਜੇ-ਚੌਥੇ ਦਿਨ ਫਿਰ ਆ ਕੇ ਉਹ ਰੁਕਿਆ ਤੇ ਸਪਨ ਦੇ ਮੋਢੇ ’ਤੇ ਹੱਥ ਮਾਰ ਕੇ ਆਖਿਆ, ‘‘ਹੇ ਜੈਂਟਲਮੈਨ! ਸ਼ਾਬਾਸ਼! ਤੂੰ ਸਾਡੀ ਫ਼ੈਕਟਰੀ ਦਾ ਰਿਕਾਰਡ ਤੋੜਿਆ ਏ। ਸਾਡੀ ਫ਼ੈਕਟਰੀ ’ਚ ਹੁਣ ਤਕ ਅਠੱਤਰ ਕਿੱਲੋ ਤਕ ਭਾਰ ਬੋਰੇ ਵਿਚ ਭਰਿਆ ਗਿਆ ਹੈ ਪਰ ਤੂੰ ਬਾਨਵੇਂ ਕਿੱਲੋ ਭਰਿਆ ਹੈ। ਸੋ ਸਾਨੂੰ ਤੇਰੇ ’ਤੇ ਮਾਣ ਹੈ। ਕੋਈ ਮੇਰੇ ਲਾਇਕ ਸੇਵਾ ਹੋਵੇ ਤਾਂ ਦਸਣਾ।’’ ਫਿਰ ਉਸ ਸਪਨ ਦਾ ਫ਼ੋਨ ਨੰਬਰ ਲੈ ਕੇ ਮਿੱਸ ਕਾਲ ਕੀਤੀ ਤੇ ਨੰਬਰ ਫ਼ੀਡ ਕਰਨ ਲਈ ਆਖਿਆ। ਸਾਰੇ ਹੈਰਾਨ ਸਨ ਕਿ ਮਾਲਕ ਖੁਦ ਨੰਬਰ ਦੇ ਰਿਹਾ ਹੈ। ਕੁੱਝ ਚਿਰ ਬਾਅਦ ਸਪਨ ਨੇ ਕੰਮ ਛਡਿਆ ਤਾਂ ਉਸ ਅੰਗਰੇਜ਼ ਨੇ ਇਕ-ਇਕ ਪੈਸੇ ਦਾ ਹਿਸਾਬ ਕਰ ਕੇ ਮਾਇਆ ਸਪਨ ਨੂੰ ਘੱਲ ਦਿਤੀ ਤੇ ਖੁਦ ਫ਼ੋਨ ਕਰ ਕੇ ਪੈਸੇ ਦੀ ਪਹੁੰਚ ਬਾਰੇ ਪੁਛਿਆ। 

ਫਿਰ ਸਪਨ ਇਕ ਬੀਬੀ ਦੇ ਮਾਲ ’ਚ ਰੋਜ਼ੀ-ਰੋਟੀ ਕਮਾਉਣ ਲੱਗਾ। ਵਿਦੇਸ਼ ਜਾ ਕੇ ਸਪਨ ਤੁਰਦਾ-ਫਿਰਦਾ, ਕੰਮ ਕਰਦਾ ਜਪੁ ਸਾਹਿਬ ਦਾ ਪਾਠ ਕਰਦਾ ਰਹਿੰਦਾ ਏ। ਕੰਮ ਛੱਡਣ ਤੋਂ ਬਾਅਦ ਦੋ ਤਿੰਨ ਗੇੜੇ ਮਾਰਨ ਤੋਂ ਬਾਅਦ ਵੀ ਪੈਸੇ ਨਾ ਮਿਲੇ ਤਾਂ ਫਿਰ ਇਕ ਦਿਨ ਸਪਨ ਜਾ ਕੇ ਆਂਹਦੈ, ‘‘ਮੈਂ ਲੋੜਵੰਦ ਹੋਣ ਕਰ ਕੇ ਇਥੇ ਮਜ਼ਦੂਰੀ ਕਰਨ ਆਇਆਂ। ਮੈਂ ਅਪਣਾ ਮੁੜ੍ਹਕਾ ਵਹਾਇਆ ਏ। ਮੇਰੀ ਮਿਹਨਤ ਦੇ ਪੈਸੇ ਨੇ। ਨਾ ਦਿਉਗੇ ਤਾਂ ਮੈਂ ਤੁਹਾਡਾ ਕੁੱਝ ਵਿਗਾੜ ਨਹੀਂ ਸਕਦਾ, ਬਸ ਮੈਂ ਤਾਂ ਧੰਨ ਗੁਰੂ ਰਾਮਦਾਸ ਜੀ ਅੱਗੇ ਇਹੀ ਅਰਦਾਸ ਕਰਨੀ ਏ, ‘ਸੱਚੇ ਪਾਤਸ਼ਾਹ! ਫ਼ੈਸਲਾ ਤੁਹਾਡੇ ਹੱਥ ਏ, ਜੋ ਨਿਆਂ ਹੈ ਉਹੋ ਕਰਿਉ। ਚੰਗਾ ਜੀ, ਗੁਰੂ ਫ਼ਤਹਿ।’’ ਤੇ ਉਹ ਮੁੜ ਆਇਆ ਸੀ। ਚੌਥੇ ਦਿਨ ਬੀਬੀ ਨੇ ਪੈਸੇ ਸਪਨ ਦੇ ਅਕਾਊਂਟ ’ਚ ਪੁਆ ਕੇ ਫ਼ੋਨ ਕੀਤਾ, ‘‘ਬੇਟਾ! ਆਹ ਤੇਰੇ ਪੈਸੇ ਘੱਲ ਦਿੱਤੇ ਨੇ।           ਮੈਨੂੰ ਸਭਨਾਂ ਨੇ ਦਸਿਐ ਕਿ ਮੁੰਡਾ ਸਦਾ ਤੁਰਦਾ ਫਿਰਦਾ ਪਾਠ ਕਰਦਾ ਰਹਿੰਦਾ ਏ, ਕਦੇ ਫ਼ਾਲਤੂ ਗੱਲ ਨਹੀਂ ਕਰਦਾ। ਮੈਂ ਕੈਮਰਿਆਂ ’ਚੋਂ ਵੀ ਚੈੱਕ ਕੀਤਾ। ਤੂੰ ਅਪਣਾ ਕੰਮ ਬੜੀ ਮਿਹਨਤ ਨਾਲ ਕਰਦਾ ਏਂ। ਤੇਰੇ ਪੈਸੇ ਖਾ ਕੇ ਅਸੀਂ ਦੇਣ ਕਿੱਥੇ ਦਿਆਂਗੇ।’’ ਸਪਨ ਨੇ ਧਨਵਾਦ ਕੀਤਾ।

ਉਹ ਇਕ ਫ਼ੈਕਟਰੀ ’ਚ ਲੱਗ ਗਿਆ। ਉੱਥੇ ਪਾਕਿਸਤਾਨ ਦੇ ਇਕ ਭਾ ਜੀ ਮੈਨੇਜਰ ਸਨ। ਉਹ ਸਪਨ ਦੇ ਕਿਰਦਾਰ ਤੋਂ ਐਨੇ ਪ੍ਰਭਾਵਤ ਸਨ ਕਿ ਬਹੁਤੀ ਵਾਰ ਸਪਨ ਨੂੰ ਅਪਣੀ ਗੱਡੀ ’ਚ ਘਰ ਦੇ ਨੇੜੇ ਛਡਦੇ। ਕਦੇ ਕਪੜੇ ਤੇ ਕਦੇ ਕੁੱਝ ਹੋਰ ਭੇਂਟ ਕਰਦਾ ਤੇ ਹਰ ਦੁੱਖ-ਸੁੱਖ ’ਚ ਨਾਲ ਖਲੋਂਦਾ। ਸਪਨ ਅੱਜਕਲ ਜਿਥੇ ਸਟੀਲ ਇੰਡਸਟਰੀ ’ਚ ਕੰਮ ਕਰ ਰਿਹਾ ਏ, ਉੱਥੇ ਸੁਪਰਵਾਈਜ਼ਰ ਹੈ ਰੰਜਨ ਸ੍ਰੀਲੰਕਾਈ ਸੱਜਣ। ਬੇਹਦ ਫ਼ੁਰਤੀਲਾ, ਕਾਮਾ, ਯੋਗ ਪ੍ਰਬੰਧਕ, ਸੁਹਿਰਦ ਇਨਸਾਨ ਏ ਰੰਜਨ। ਉਸ ਨੇ ਕੁੱਝ ਦਿਨ ਸਪਨ ਦੇ ਕੰਮ ਨੂੰ ਪਰਖਿਆ, ਵੇਖਿਆ ਤੇ ਸਪਨ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ।

ਸਪਨ ਨੂੰ ਪਹਿਲਾਂ ਇਕ ਘੰਟਾ ਓਵਰਟਾਈਮ ਦੇਣਾ ਸ਼ੁਰੂ ਕੀਤਾ। ਮਹੀਨੇ ਕੁ ਬਾਅਦ ਉਸ ਨੇ ਸਪਨ ਨੂੰ ਆਖਿਆ, ‘‘ਸਪਨ, ਤੂੰ ਮੈਨੂੰ ਮੇਰੇ ਪੁੱਤਰ ਵਾਂਗ ਪਿਆਰਾ ਏਂ। ਤੂੰ ਅਪਣਾ ਕੰਮ ਕਿੰਨੀ ਇਮਾਨਦਾਰੀ ਨਾਲ ਕਰਦਾ ਏਂ। ਤੇਰੇ ਸੰਸਕਾਰ ਕਿੰਨੇ ਉੱਤਮ ਨੇ। ਲਗਦਾ ਏ ਤੂੰ ਬੜੀ ਰਾਇਲ ਫ਼ੈਮਲੀ ’ਚੋਂ ਏਂ ਤੇ ਕਾਨਵੈਂਟ ਸਕੂਲਾਂ ’ਚ ਪੜਿ੍ਹਆ ਏਂ। ਕਿੰਨੀ ਤਮੀਜ਼ ਏ ਤੈਨੂੰ ਗੱਲਬਾਤ ਕਰਨ ਦੀ। ਕਿੰਨੀ ਇੱਜ਼ਤ ਦਿੰਦਾ ਏਂ ਤੂੰ। ਤੇਰਾ ਬੋਲ-ਚਾਲ, ਵਿਹਾਰ, ਆਚਰਨ ਦਸਦਾ ਏ ਤੂੰ ਸਾਊ ਪ੍ਰਵਾਰ ਚੋਂ ਹੈਂ। ਤੂੰ ਕੰਮ ਦੇ ਸਾਰੇ ਘੰਟੇ, ਦੇਹ ਤੋੜ ਕੇ ਕੰਮ ਕਰਦਾ ਏਂ।’’ 

ਉਸ ਨੇ ਸਪਨ ਦਾ ਓਵਰਟਾਈਮ ਇਕ ਘੰਟਾ ਹੋਰ ਵਧਾ ਦਿਤਾ। ਫਿਰ ਉਸ ਨੂੰ ਪਤਾ ਲਗਿਆ ਕਿ ਸਪਨ ਬੀ.ਐਸ.ਸੀ. ਨਾਨ ਮੈਡੀਕਲ ਪਾਸ ਹੈ ਤਾਂ ਉਸ ਆਖਿਆ, ‘‘ਉਏ, ਆਹ ਸੱਭ +2 ਪਾਸ ਨੇ, ਤੂੰ ਇਥੇ ਕੀ ਕਰ ਰਿਹਾ ਏਂ। ਇਹ ਮਜ਼ਦੂਰੀ ਤੇਰਾ ਕੰਮ ਨਹੀਂ। ਤੂੰ ਤਾਂ ਕੁੱਝ ਵੱਡਾ ਕਰ।’’ ਫਿਰ ਉਸ ਨੇ ਸਪਨ ਨੂੰ ਕੈਮੀਕਲ ਵਿੰਗ ’ਚ ਲਿਜਾ ਕੇ ਕੁੱਝ ਪੁੱਛ ਗਿਛ ਕੀਤੀ ਤਾਂ ਉਥੇ ਕੈਮਿਸਟਰੀ ਦਾ ਮਾਹਰ ਸਪਨ ਪੂਰਾ ਖਰਾ ਉੱਤਰਿਆ। ਇਕ ਦਿਨ ਉਸ ਨੂੰ ਉੱਥੇ ਕੁੱਝ ਕਰਨ ਘਲਿਆ। ਉਹ ਦੋ ਕੰਮ ਹੋਰ ਵਿਗੜੇ ਸੰਵਾਰ ਆਇਆ ਤਾਂ ਰੰਜਨ ਖਿੜ ਗਿਆ। ਇਕ ਦਿਨ ਉਹ ਤੇ ਸਹਾਇਕ ਮੈਡਮ ਕੰਪਿਊਟਰ ਤੇ ਕੁੱਝ ਕਰ ਰਹੇ ਸਨ ਤਾਂ ਕੰਮ ਅੜ ਗਿਆ। ਕੋਲ ਵੇਖ ਰਹੇ ਸਪਨ ਨੇ ਅੱਖ ਝਪਕਦਿਆਂ ਹੀ ਉਹ ਹੱਲ ਕਰ ਵਿਖਾਇਆ। ਰੰਜਨ ਅਸ਼-ਅਸ਼ ਕਰ ਉੱਠਿਆ ਤੇ ਆਂਹਦੈ, ‘‘ਮਾਈ ਸਨ! ਤੇਰੇ ’ਚ ਕਿਹੜੇ-ਕਿਹੜੇ ਗੁਣ ਨੇ। ਤੂੰ ਇਕੋ ਦਿਨ ਹੀ ਮੈਨੂੰ ਦੱਸ ਦੇ।’’ ਤੇ ਹੁਣ ਉਸ ਨੇ ਸਪਨ ਨੂੰ ਤਿੰਨ ਘੰਟੇ ਓਵਰ-ਟਾਈਮ ਦੇ ਦਿਤਾ ਤੇ ਫਿਰ ਐਤਵਾਰ ਵੀ ਕੰਮ ਦੇ ਦਿਤਾ।

ਆਉ ਹੁਣ ਦੂਜਾ ਪਾਸਾ ਵੇਖੀਏ। ਕਈ ਵਾਰ ਸੁਣਨ ਵਿਚ ਆਇਆ ਕਿ ਬਾਹਰ ਰਹਿੰਦੇ ਪੰਜਾਬੀ, ਨਵੇਂ ਜਾਣ ਵਾਲੇ ਮੁੰਡਿਆਂ ਨੂੰ ਚੰਗਾ ਨਹੀਂ ਸਮਝਦੇ। ਨਫ਼ਰਤ ਕਰਦੇ ਨੇ ਉਨ੍ਹਾਂ ਨੂੰ। ਉਹ ਨਹੀਂ ਚਾਹੁੰਦੇ ਕਿ ਨਵੇਂ ਮੁੰਡੇ ਆਉਣ। ਇਹ ਸੁਣ ਕੇ ਮੈਂ ਹੈਰਾਨ ਵੀ ਹੁੰਦਾ ਤੇ ਬਾਹਰਲਿਆਂ ’ਤੇ ਗੁੱਸਾ ਵੀ ਆਉਂਦਾ। ਕਮਾਲ ਏ, ਆਪ ਇਹ ਬੰਦੇ ਕਾਮਯਾਬ ਹੋ ਗਏ ਤੇ ਹੁਣ ਨੌਜਵਾਨਾਂ ਦੇ ਰੋਜ਼ਗਾਰ ’ਤੇ ਲੱਤ ਮਾਰਦੇ ਨੇ। ਪਰ ਸਿਆਣੇ ਆਂਹਦੈ ਨੇ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ।

ਸਪਨ ਅਪਣੀ ਧੁਨ ’ਚ ਅਪਣਾ ਕੰਮ ਕਰਦਾ ਗਿਆ ਤੇ ਹੌਲੀ-ਹੌਲੀ ਉਸ ਨੂੰ ਇੰਸਪੈਕਟਰ ਬਣਾ ਕੇ ਚੈਕਿੰਗ ਤੇ ਲਗਾ ਦਿਤਾ ਗਿਆ। ਪਹਿਲੇ 15 ਦਿਨਾਂ ਬਾਅਦ ਹੀ ਜਦ ਰੰਜਨ ਦਾ ਪਿਆਰ ਸਪਨ ਲਈ ਪ੍ਰਗਟ ਹੋਣ ਲੱਗਾ ਤਾਂ ਉੱਥੇ ਕੰਮ ਕਰਦੇ ਪੰਜਾਬੀ ਭਰਾ ਪਤਾ ਨਹੀਂ ਕਿਉਂ ਤਕਲੀਫ਼ ਮਹਿਸੂਸ ਕਰਨ ਲੱਗ ਪਏ। ਉਹ ਅਪਣਾ ਸਾੜਾ ਲੁਕਾਉਂਦੇ ਵੀ ਨਾ ਤੇ ਚਿਹਰਿਆਂ ’ਤੇ ਈਰਖਾ ਦੇ ਚਿੰਨ੍ਹ ਚਿਪਕਾ ਕੇ ਗੱਲਬਾਤ ਕਰਦੇ। ਉਹ ਆਂਹਦੈ, ‘‘ਇਹ ਤੇ ਜਾਣ ਲੱਗਾ ਵੀ ਸਿਰ ਝੁਕਾ ਕੇ ਜਾਂਦਾ ਏ। ਸਾਰਾ ਦਿਨ ਕੰਮ ਤੇ ਫਾਹੇ ਲੱਗਾ ਰਹਿੰਦਾ ਏ। ਸਰ ਜੀ, ਸਰ ਜੀ ਕਰਦੇ ਰਹਿਣ ਦੀ ਕੀ ਲੋੜ ਏ।’’

ਆਦਿ ਐਹੋ ਜਿਹੀ ਬਿਆਨਬਾਜ਼ੀ। ਹੱਦ ਹੋ ਗਈ। ਪਾਠਕ ਸਾਹਿਬਾਨ! ਤੁਸੀਂ ਹੀ ਦੱਸੋ ਕੀ ਸਾਊ ਹੋਣਾ ਗੁਨਾਹ ਹੈ? ਕੀ ਅਪਣੇ ਅਫ਼ਸਰ ਨੂੰ ਇੱਜ਼ਤ ਸਨਮਾਨ ਦੇਣਾ ਚਮਚਾਗਿਰੀ ਹੈ? ਉਸ ਨੂੰ ਸਤਿਕਾਰ ਨਾਲ ਬੁਲਾਉਣਾ ਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨਾ ਚਾਪਲੂਸੀ ਹੈ? ਕੀ ਅਪਣੇ ਕੰਮ ਨੂੰ ਪੂਰੀ ਈਮਾਨਦਾਰੀ ਨਾਲ, ਪੂਰੀ ਜੀ ਜਾਨ ਨਾਲ ਕਰਨਾ ਬੇਵਕੂਫ਼ੀ ਹੈ? ਸਾਡੇ ਤਾਂ ਪ੍ਰਵਾਰ ਦੀ ਪਰੰਪਰਾ ਹੀ ਹੈ - ਅਪਣੇ ਕੰਮ ਨੂੰ ਧਰਮ, ਪੂਜਾ ਸਮਝਣਾ। ਪਹਿਲਾਂ ਪਿੰਡਾਂ ’ਚ ਕੰਮਾਂ ਲਈ ‘ਵੰਗਾਰ’ ਪਿਆ ਕਰਦੀ ਸੀ। ਕਿਸੇ ਜ਼ੋਰ ਵਾਲੇ ਕੰਮ ਲਈ ਹਰ ਘਰ ਚੋਂ ਇਕ ਬੰਦੇ ਨੂੰ ਕੰਮ ਕਰਵਾਉਣ ਲਈ ਸੱਦਾ ਦਿਤਾ ਜਾਂਦਾ ਸੀ। ਮੇਰੇ ਵੱਡੇ ਭਰਾਵਾਂ ਨੇ ਜਾਣਾ ਤਾਂ ਪਿਤਾ ਨੇ ਆਖਣਾ, ‘‘ਜਵਾਨਾ! ਆਵਦਾ ਕੰਮ ਤਾਂ ਛੱਡ ਕੇ ਚੱਲੇ ਜੇ, ਹੁਣ ਅਗਲੇ ਦਾ 


ਕੁੱਝ ਸਵਾਰ ਕੇ ਮੁੜਿਆ ਜੇ।’’ ਤੇ ਇਥੇ ਤਾਂ ਕੰਮ ਬਦਲੇ ਤਨਖ਼ਾਹ ਮਿਲਦੀ ਹੈ, ਫਿਰ ਬੇਈਮਾਨੀ ਕਿਉਂ? ਪਿਤਾ ਨੇ ਇਕੋ ਗੱਲ ਪੱਲੇ ਬੰਨ੍ਹੀ ਏ ਕਿ, ‘‘ਇਸ ਦੇਹੀ ਨੇ ਆਖ਼ਰ ਨੂੰ ਮਿੱਟੀ ਹੋਣਾ ਹੈ, ਇਹਤੋਂ ਜਿੰਨਾ ਕੰਮ ਲਿਆ ਜਾ ਸਕਦਾ ਹੈ ਲੈ ਲਉ।’’ ਫਿਰ ਸਪਨ ਤਾਂ ਉਨ੍ਹਾਂ ਸਾੜਾ ਕਰਨ ਵਾਲਿਆਂ ਨੂੰ ਵੀ ਪੂਰਾ ਆਦਰ ਮਾਣ ਦਿੰਦਾ ਏ। ਨਾਲੇ ਤੁਹਾਨੂੰ ਕਦੋਂ ਉਹ ਚੰਗੇ ਬਣਨ ਤੋਂ ਰੋਕਦਾ ਹੈ? ਫਿਰ ਤੁਸੀ ਕਿਉਂ ਉਸ ਦੇ ਗੁਣਾਂ ਨੂੰ ਵਰਤਣਾ ਉਹਦਾ ਗੁਨਾਹ ਮੰਨਦੇ ਜੇ?

ਆਖ਼ਰ ਉਨ੍ਹਾਂ ਈਰਖਾਵਾਦੀਆਂ ਨੇ ਲਗਾਤਾਰ ਮੈਨੇਜਮੈਂਟ ਨੂੰ ਸ਼ਿਕਾਇਤਾਂ ਕਰ-ਕਰ ਕੇ ਪੰਜਾਬੀ ਮੈਨੇਜਰ, ਜੋ ਉਨ੍ਹਾਂ ਪੁਰਾਣਿਆਂ ਦੇ ਪ੍ਰਭਾਵ ਥੱਲੇ ਹੈ, ਤੋਂ ਸਪਨ ਦਾ ਓਵਰਟਾਈਮ ਕਟਵਾ ਦਿਤਾ। ਫਿਰ ਹੌਲੀ-ਹੌਲੀ ਐਤਵਾਰ-ਸ਼ਨਚਿਰਵਾਰ ਦੋ ਛੁਟੀਆਂ ਵੀ ਕਰਵਾ ਦਿਤੀਆਂ ਤੇ ਫਿਰ ਸਪਨ ਦੇ ਇਕ ਨੇੜਲੇ ਸਾਥੀ ਨੂੰ ਆਖਿਆ, ‘‘ਕਿਉਂ, ਖੁੱਸ ਗਿਆ ਸਰਦਾਰ ਸਾਹਬ ਦਾ ਓਵਰਟਾਈਮ?’’ ਬਹੁਤ ਥੱਕੀ ਹੋਈ ਆਵਾਜ਼ ’ਚ ਸਪਨ ਨੇ ਮੈਨੂੰ ਦੱਸਿਆ, ‘‘ਡੈਡੀ! ਓਵਰਟਾਈਮ ਗਿਆ। ਫ਼ੀਸਾਂ ਪੂਰੀਆਂ ਹੋਣੀਆਂ ਔਖੀਆਂ ਹੋ ਜਾਣੀਆਂ ਨੇ। ਦੱਸੋ ਮੈਂ ਮਾੜਾ ਕੀ ਕੀਤਾ ਏ ਕਿਸੇ ਦਾ? ਮੇਰੀ ਸੁਚੱਜੀ ਜੀਵਨ ਜਾਚ ਹੀ ਮੇਰਾ ਗੁਨਾਹ ਬਣ ਗਿਆ? ਮੈਂ ਕਦੇ ਕਿਸੇ ਦੇ ਕੰਮ ’ਚ ਦਖ਼ਲ ਨਹੀਂ ਦਿਤਾ। ਕਿਸੇ ਨੂੰ ਇਕ ਸ਼ਬਦ ਵੀ ਫ਼ਾਲਤੂ ਨਹੀਂ ਆਂਹਦਾ। ਹਰ ਇਕ ਨੂੰ ਪੂਰਾ ਸਤਿਕਾਰ ਦਿੱਤਾ। ਮੈਂ ਤਾਂ ਸੋਚਦਾ ਸਾਂ ਅਸੀ ਸਾਰੇ ਪੰਜਾਬੀ ਵੀਰਾਂ ਵਾਂਗ ਰਹਿੰਦਿਆਂ ਇਕ ਦੂਜੇ ਦੀਆਂ ਬਾਹਵਾਂ ਬਣਾਂਗੇ, ਇਕ ਦੂਜੇ ਨੂੰ ਉੱਚਾ ਚੁਕਾਂਗੇ। ਪਰ ਇਹ ਤਾਂ ਬਾਹਵਾਂ ਭੰਨਣ ਲੱਗ ਪਏ ਨੇ। ਇਹ ਕੀ ਹੋ ਗਿਐ ਸਾਡੇ ਲੋਕਾਂ ਨੂੰ?’’ ਉਹ ਮਨ ਭਰ ਬੋਲਿਆ। 

‘‘ਇਹ ਸੱਭ ਕਰਤਾਰ ਦੇ ਹੁਕਮ ’ਚ ਏ ਸ਼ੇਰਾ। ਚੰਗੇ-ਮੰਦੇ ਸੱਭ ਓਸੇ ਦੇ ਬੰਦੇ ਨੇ। ਤੇਰੀ ਗੁਣ ਭਰਪੂਰ ਸ਼ਖ਼ਸੀਅਤ ਅੱਗੇ ਉਨ੍ਹਾਂ ਨੂੰ ਅਪਣਾ-ਆਪ ਬੌਣਾ ਲਗਦੈ। ਤੇਰੀ ਤਰੱਕੀ, ਅਪਣੇ ਤੋਂ ਅੱਗੇ ਲੰਘ ਜਾਣ ਦਾ ਤੈਅ। ਕੋਈ ਨਹੀਂ ਸਬਰ, ਸਿਦਕ ਨਾਲ ਜੋ ਮਿਲਦਾ ਏ ਕਰਦਾ ਜਾ। ਇਨ੍ਹਾਂ ਕਿਸੇ ਦੇ ਵੀ ਖਿਲਾਫ਼  ਨਾ ਹੀ ਇਕ ਵੀ ਸ਼ਬਦ ਬੋਲਣਾ ਏ ਤੇ ਨਾ ਹੀ ਮਨ ’ਚ ਰੱਖਣਾ ਏ। ਬਸ ਚੇਤੇ ਰੱਖ ਸਤਿਗੁਰਾਂ ਦਾ ਹੁਕਮ, ‘ਪਰ ਕਾ ਬੁਰਾ ਨਾ ਰਾਖਹੁ ਚੀਤ॥ ਤੁਮ ਕਉ ਦੁਖ ਨਹੀਂ ਭਾਈ ਮੀਤ॥3॥ ਬਸ ਸਰਬਤ ਦਾ ਭਲਾ ਸਾਡਾ ਸਿਧਾਂਤ ਹੈ। ਰੋਜ਼ੀ ਦੇਣ ਵਾਲਾ ਵਾਹਿਗੁਰੂ ਹੈ। ‘ਇਕ ਦਰ ਬੱਧਾ ਸੌ ਦਰ ਖੁੱਲ੍ਹੇ’ ਦਾਤਾ ਕਿਸੇ ਹੋਰ ਪਾਸਿਉਂ ਦੇਵੇਗਾ। ਬਸ ‘ਵਾਹਿਗੁਰੂ’ ਨਾ ਵਿਸਰੇ।’’ ਤੇ ਉਹ ਹਮੇਸ਼ਾ ਹੀ ਇਸ ਸੋਚ ਦਾ ਧਾਰਨੀ ਸੀ।

ਵੇਖੋ, ਉਸ ਦੀ ਤਰੱਕੀ ਨਾਲ ਕਿਸੇ ਗੋਰੇ ਨੂੰ, ਕਿਸੇ ਮੈਕਸੀਕਨ, ਕਿਸੇ ਹੋਰ ਮੁਲਕ ਵਾਸੀ ਨੂੰ ਕੋਈ ਇਤਰਾਜ਼ ਨਹੀਂ, ਸਿਰਫ਼ ਸਾਡੇ ਪੰਜਾਬੀਆਂ ਨੂੰ ਹੀ ਔਖਿਆਈ ਏ। ਅਸਲ ਵਿਚ ਪਹਿਲਾਂ ਜਿਹੜੇ ਪੰਜਾਬੀ ਵਿਦੇਸ਼ ਜਾਂਦੇ ਸਨ ਉਹ ਰੋਟੀ ਕਮਾਉਣ ਲਈ, ਦਿਨ-ਰਾਤ ਇਕ ਕਰ ਕੇ ਘਰ ਦੇ ਹਾਲਾਤ ਸੁਧਾਰਨ ਜਾਂਦੇ ਸਨ। ਜਿਨ੍ਹਾਂ ਨੂੰ ਪਿੱਛੇ ਛੱਡੇ ਪ੍ਰਵਾਰ ਦਾ ਹੇਰਵਾ, ਮੋਹ, ਅਪਣੀ ਮਿੱਟੀ ਦੀ ਖਿੱਚ, ਅਪਣੇ ਤੇ ਲਗੀਆਂ ਸਾਰੇ ਪ੍ਰਵਾਰ ਦੀਆਂ ਆਸਾਂ ਸਦਾ ਯਾਦ ਰਹਿੰਦੀਆਂ ਸੀ ਤੇ ਉਹ ਵਿਦੇਸ਼ ਵਿਚ ਅਪਣੇ ਭਰਾਵਾਂ ਨਾਲ ਵੈਰ ਨਹੀਂ ਸੀ ਪਾਲਦੇ ਸਗੋਂ ਇਕ ਦੂਜੇ ਦੀ ਧਿਰ ਬਣਦੇ ਸਨ। ਉਹ ਆਂਹਦੈ ਸੀ, ‘‘ਬਿਗਾਨੇ ਦੇ ਥੱਲੇ ਲੱਗ ਕੇ ਜ਼ਰੂਰ ਕੰਮ ਕਰਨਾ ਏ। ਆਵਦਾ ਭਰਾ ਅਫ਼ਸਰ ਹੋਵੇਗਾ ਤਾਂ ਕੋਈ ਸਾਡਾ ਵੀ ਭਲਾ ਕਰੇਗਾ।

ਤੇ ਮਾਫ਼ ਕਰਿਉ! ਹੁਣ ਬਹੁਤੇ ਜਾਣ ਵਾਲੇ ਫੁਕਰੇ, ਵਿਹਲੜ, ਐਸ਼ਪ੍ਰਸਤ, ਕੰਮਚੋਰ ਤੇ ਵਿਦੇਸ਼ ਜਾ ਕੇ ਸਿਰਫ਼ ਐਸ਼ ਆਯਾਸ਼ੀ ਕਰਨਾ ਹੀ ਮਕਸਦ ਬਣਾ ਲੈਂਦੇ ਨੇ। ਕਾਕੇ ਕੋਲ ਹੀ ਕਈਆਂ ਨੇ ਆਖਿਆ, ‘‘ਬਾਈ! ਐਸ਼ ਕਰਦੇ ਹਾਂ। ਘਰ ਦਾ ਕੋਈ ਕੋਲ ਹੀ ਨਹੀਂ, ਨਾ ਕੋਈ ਪੁੱਛਣ ਵਾਲਾ, ਨਾ ਹਟਕਣ ਵਾਲਾ, ਸਾਰੇ ਪੈਸੇ ਆਵਦੇ ਹੱਥ ’ਚ ਹੁੰਦੇ ਨੇ। ਜਿਵੇਂ ਮਰਜ਼ੀ ਖਾਈਏ, ਪੀਏ, ਜਿਥੇ ਮਰਜ਼ੀ ਜਾਈਏ, ਘੁੰਮੀਏ, ਫੁੱਲ ਆਜ਼ਾਦੀ ਬਾਈ, ਮੌਜਾਂ ਹੀ ਮੌਜਾਂ।’’ ਹੱਦ ਏ ਸੱਜਣੋ! ਪ੍ਰਵਾਰ ਦਾ ਕੋਈ ਜੀਅ ਕੋਲ ਨਹੀਂ ਇਸ ਕਰ ਕੇ ਮੌਜਾ ਹੀ ਮੌਜਾਂ ਨੇ। ਇਕ ਪਾਸੇ ਸਪਨ ਆਂਹਦਾ, ‘‘ਜੇ ਕੰਮ ਤੇ ਜਾਈਦੈ ਤਾਂ ਸਾਰੇ ਬਿਗਾਨੇ, ਜੇ ਮੁੜ ਕੇ ਗੁਫ਼ਾ ’ਚ ਆਈਦੈ ਫਿਰ ਸਾਰੇ ਬਿਗਾਨੇ। ਬੀਮਾਰ ਹੋਵੋ ਜਾਂ ਉਦਾਸ, ਕੋਈ ਅਪਣਾ ਕੋਲ ਨਹੀਂ, ਜਿਹੜਾ ਅਪਣੱਤ ਨਾਲ ਮੋਢੇ ਜਾਂ ਸਿਰ ਤੇ ਹੱਥ ਰੱਖ ਕੇ ਆਖੇ ‘ਫ਼ਿਕਰ ਨਾ ਕਰ ਸੋਹਣਿਆ! ਮੈਂ ਹਾਂ ਨਾ ਤੇਰੇ ਕੋਲ।’ ਨਹੀਂ ਦਿਲ ਲਗਦਾ ਡੈਡੀ ਤੁਹਾਡੇ ਬਿਨਾਂ। ਜੀਅ ਕਰਦੈ ਸਾਰੇ ਕੱਠੇ ਰਹੀਏ।

ਬਿਗਾਨਿਆਂ ਨੂੰ ਤੁਹਾਡਾ ਕੋਈ ਦਰਦ ਨਹੀਂ। ਉਹ ਵੀ ਇਸ ਪਥਰਾਂ ਦੇ ਮੁਲਕ ’ਚ ਜਿੱਥੇ ਹਰ ਕਿਸੇ ਦਾ ਮਕਸਦ ਡਾਲਰ ਹੀ ਡਾਲਰ ਏ। ਹਾਂ ਇਹ ਯਾਦ ਰੱਖਣ ਯੋਗ ਹੈ ਕਿ ਸਾਰੇ ਬਾਹਰ ਜਾਣ ਵਾਲੇ ਮੁੰਡੇ-ਕੁੜੀਆਂ ਐਹੋ ਜਿਹੇ ਨਹੀਂ। ਇਨ੍ਹਾਂ ’ਚ ਉਹ ਵੀ ਨੇ ਜੋ ਘਰ ਦੇ ਆਰਥਕ ਹਾਲਾਤ ਨੂੰ ਸਵਾਰਨ ਲਈ, ਛੋਟੇ ਭੈਣਾਂ-ਭਰਾਵਾਂ ਨੂੰ ਚੰਗੀ ਪੜ੍ਹਾਈ ਕਰਵਾਉਣ ਲਈ, ਪ੍ਰਵਾਰ ਦੇ ਜੀਆਂ ਦਾ ਇਲਾਜ ਕਰਵਾਉਣ ਲਈ ਆਦਿ ਨੂੰ ਮੁੱਖ ਰੱਖ ਕੇ ਜਾ ਕੇ ਦਿਨ-ਰਾਤ ਮਿਹਨਤ ਕਰਦੇ ਅਪਣਾ ਖਾਣ ਪੀਣ ਵੀ ਵਿਸਰ ਜਾਂਦੇ ਨੇ ਜੋ ਉਸ ਬਿਗਾਨੇ ਮੁਲਕ ’ਚ ਮਾਂ-ਪਿਉ ਦੀ ਨਜ਼ਰ ਤੋਂ ਹਜ਼ਾਰਾਂ ਕੋਹਾਂ ਦੂਰ ਵੀ ਅਪਣੀਆਂ ਰਵਾਇਤਾਂ, ਪ੍ਰੰਪਰਾਵਾਂ, ਅਪਣੀਆਂ ਖਾਨਦਾਨੀ ਕਦਰਾਂ-ਕੀਮਤਾਂ ਦਾ ਲੜ ਕਿਸੇ ਹਾਲਤ ਵਿਚ ਵੀ ਨਹੀਂ ਛੱਡਦੇ। 

ਪਰ ਆਮਤੌਰ ਤੇ ਨਵੇਂ ਜਾਣ ਵਾਲੇ ਸੱਭ ਤੋਂ ਪਹਿਲਾਂ ਤਾਂ ਅਪਣੇ ਆਪ ਨੂੰ ਆਜ਼ਾਦ ਸਮਝਦੇ ਹੋਏ ਕੇਸਾਂ ਦਾ ਤਿਆਗ ਕਰਦੇ ਨੇ। ਗੁਰਮਤਿ, ਗੁਰਸਿੱਖੀ ਜੀਵਨ ਤਾਂ ਉਨ੍ਹਾਂ ਨੂੰ ‘ਪੁਰਾਣੇ ਜਿਹੇ’ ਬੰਦਿਆਂ ਦੇ ਕਰਨ ਵਾਲੀਆਂ ਗੱਲਾਂ ਲੱਗਦੀਆਂ ਨੇ। ਅੱਜਕਲ ਦੇ ਪੜ੍ਹੇ-ਲਿਖੇ ਤੇ ਸਿਆਣੇ ਮੁੰਡੇ-ਕੁੜੀਆਂ ਨੂੰ ਭਲਾ ਰੱਬ ਦੀ ਕੀ ਲੋੜ? ਹਾਲਾਂਕਿ ਉੱਥੇ ਪੁਰਾਣੇ ਵੱਸਣ ਵਾਲਿਆਂ ਦਾ ਗੁਰੂ ਘਰ ਨਾਲ ਅੰਦਰੋਂ ਪੇ੍ਰਮ ਹੈ ਤੇ ਉਹ ਬੱਚਿਆਂ ਨੂੰ ਵੀ ਪੰਜਾਬੀ ਪੜ੍ਹਾ ਕੇ ਗੁਰਬਾਣੀ ਦੀ ਸੰਥਿਆ ਦਿਵਾਉਂਦੇ ਹਨ।
ਬਸ, ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿੰਨ੍ਹਾਂ ਕੋਲ ਖੁਲ੍ਹੀਆਂ ਜ਼ਾਇਦਾਦਾਂ, ਜ਼ਮੀਨਾਂ, ਵੱਡੇ ਘਰ-ਹਵੇਲੀਆਂ, ਗੱਡੀਆਂ ਸੱਭ ਕੁੱਝ ਏ ਤੇ ਹੈ ਵੀ ਮਾਪਿਆਂ ਦੀ ਇਕਲੌਤੀ ਔਲਾਦ ਉਨ੍ਹਾਂ ਨੂੰ ਮਾਪੇ ਬਾਹਰ ਕਿਉਂ ਘੱਲਦੇ ਨੇ?

ਉਹ ਉੱਥੇ ਇਕੱਲੇ, ਮਾਪੇ ਇੱਥੇ ਇਕੱਲੇ। ਕਿੰਨੀ ਕੁ ਲੰਮੀ ਚੌੜੀ ਏ ਜ਼ਿੰਦਗੀ? ਜਿਹੜੇ ਚਾਰ ਦਿਨ ਹੈ ਨੇ ਉਹ ਵੀ ਬਸ, ਫੋਨਾਂ ਤੇ ਫੋਟੋਆਂ ਵੇਖ-ਵੇਖ ਗੁਜ਼ਾਰਨੇ? ਕਿਸ ਚੀਜ਼ ਮਗਰ ਭੱਜ ਰਹੇ ਹਾਂ ਅਸੀਂ? ਕਿਹੜੀ ਭੁੱਖ ਏ ਜੋ ਸੱਭ ਕੁੱਝ ਹੁੰਦਿਆਂ ਵੀ ਪੂਰੀ ਨਹੀਂ ਹੁੰਦੀ? ਕਿਉਂ ਅਪਣੇ ਜਿਗਰ ਦੇ ਟੋਟਿਆਂ ਨੂੰ ਐਨੇ-ਐਨੇ ਸਾਲ ਦੂਰ ਰੱਖ ਕੇ ਮੂੰਹ ਵੇਖਣ ਲਈ ਵੀ ਤਰਸਦੇ ਓ? ਅਸੀਂ ਤਾਂ ਦਿਨ ਗਿਣ-ਗਿਣ ਕੇ ਪੂਰੇ ਕਰਦੇ ਹਾਂ ਕਦੋਂ ਉਸ ਦੀ ਪੜ੍ਹਾਈ ਪੂਰੀ ਹੋਵੇ ਤੇ ਉਹ ਪੀ.ਆਰ. ਲੈ ਕੇ ਮੁੜੇ ਤੇ ਫਿਰ ਰਲ-ਮਿਲ ਕੇ ਕੁਦਰਤੀ ਖੇਤੀ ਕਰਦਿਆਂ ਸਾਰਾ ਦਿਨ ’ਕੱਠੇ ਖੇਤ ਮਿੱਟੀ ’ਚ ਮਿੱਟੀ ਹੋਈਏ, ਦੁਪਹਿਰ ਦੀ ਰੋਟੀ ਟਾਹਲੀਆਂ ਥੱਲੇ ਖਾਈਏ ਤੇ ਰਾਤ ਤਾਰਿਆਂ ਦੀ ਛਾਵੇਂ ਮੰਜਿਆਂ ’ਤੇ  ਪਏ ਅੱਧੀ-ਅੱਧੀ ਰਾਤ ਤਕ ਗੱਲਾਂ ਕਰਦਿਆਂ ‘ਸੋਹਿਲਾ ਸਾਹਬ’ ਪੜ੍ਹ ਕੇ ਸੌਂਈਏਂ। ਬਸ ਸਿਰਫ਼ ਰੋਟੀ ਦਾ ਸਾਧਨ ਬਣੇ, ਦੂਜਿਆਂ ਤੋਂ ਅਮੀਰ ਹੋਣ ਦੀ ਕੋਈ ਲਾਲਸਾ ਨਹੀਂ। ਪੁੱਤ ਸੁੱਖੀ-ਸਾਂਦੀਂ ਪ੍ਰਦੇਸੋਂ ਮੁੜੇ, ਇਹੀ ਅਰਦਾਸ ਏ।     

ਗੁਰਚਰਨ ਸਿੰਘ ‘ਚੰਨ’
ਫ਼ੋਨ 98721-77754