ਪੰਥਕ ਏਕਤਾਵਾਦੀ : ਅਕਾਲੀ ਦਲ ਸਨਮੁੱਖ ਪ੍ਰਮੁੱਖ ਚੁਨੌਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਅੰਦਰ ਸਮੁੱਚੀ ਰਾਜਨੀਤੀ ਅੱਜ ਚੌਰਾਹੇ ’ਤੇ ਖੜੀ ਹੈ

Parkash Singh Badal and Sukhbir Singh Badal

ਪੰਜਾਬ ਅੰਦਰ ਸਮੁੱਚੀ ਰਾਜਨੀਤੀ ਅੱਜ ਚੌਰਾਹੇ ’ਤੇ ਖੜੀ ਹੈ। ਰਾਜ ਅੰਦਰ ਕੋਵਿਡ-19 ਮਹਾਂਮਾਰੀ ਦੇ ਦੂਜੇ ਭਿਆਨਕ ਹਮਲੇ ਕਰ ਕੇ ਰਾਜਨੀਤਕ ਗਤੀਵਿਧੀਆਂ ਲਗਭਗ ਠੱਪ ਨਜ਼ਰ ਆ ਰਹੀਆਂ ਹਨ। ਪਰ ਇਸੇ ਦੌਰਾਨ ਸੰਨ 2015 ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਭਾਜਪਾ ਸਰਕਾਰ ਵੇਲੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਇਨਸਾਫ਼ ਲਈ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਗਠਤ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਰੀਪੋਰਟ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਰੱਦ ਕਰਨ ਦੇ ਫ਼ੈਸਲੇ ਨੇ ਜ਼ਬਰਦਸਤ ਰਾਜਨੀਤਕ ਖ਼ਲਬਲੀ ਮਚਾ ਦਿਤੀ।

ਪ੍ਰੋ. ਪੂਰਨ ਸਿੰਘ ਨੇ ਬੜੀ ਭਾਵਪੂਰਤ ਸੱਚਾਈ ਨੂੰ ਸਦੀਵੀ ਤੌਰ ’ਤੇ ਪ੍ਰਮਾਣਿਤ ਕਰਦੇ ਬੇਬਾਕੀ ਨਾਲ ਅਪਣੀ ਕਵਿਤਾ ਵਿਚ ਕਿਹਾ ਸੀ ‘ਪੰਜਾਬ ਜਿਊਂਦਾ ਗੁਰਾਂ ਦੇ ਨਾਂ ’ਤੇ।’ ਦੇਸ਼ ਦੀ ਫ਼ਿਰਕੂ ਹਿੰਸਕ ਸੰਨ 1947 ਦੀ ਵੰਡ, ਪਹਿਲੀ ਨਵੰਬਰ, 1966 ਨੂੰ ਭਾਸ਼ਾ ਤੇ ਸਭਿਆਚਾਰਕ ਆਧਾਰ ਤੇ ਵੰਡ, ਸੰਨ 1984 ਦੇ ਨੀਲਾ ਤਾਰਾ ਸਾਕਾ ਤੇ ਨਵੰਬਰ ਕਤਲੇ-ਆਮ, 10-12 ਸਾਲਾ ਰਾਜਕੀ ਤੇ ਗ਼ੈਰ-ਰਾਜਕੀ ਅਤਿਵਾਦੀ ਤ੍ਰਾਸਦੀ ਆਦਿ ਪੰਜਾਬ ਨੂੰ ਵਲੂੰਧਰਨ ਤੇ ਲਹੂ-ਲੁਹਾਨ ਕਰਨ ਵਾਲੀਆਂ ਘਟਨਾਵਾਂ ਵੀ ਪੰਜਾਬੀਆਂ ਤੇ ਖ਼ਾਸ ਕਰ ਕੇ ਸਿੱਖ ਪੰਥ ਅੰਦਰੋਂ ਇਸ ਅਹਿਸਾਸ ਨੂੰ ਜ਼ਰਾ ਵੀ ਨਹੀਂ ਘਟਾ ਸਕੀਆਂ ਕਿ ‘ਪੰਜਾਬ ਜਿਊਂਦਾ ਗੁਰਾਂ ਦੇ ਨਾਂਅ ’ਤੇ।’ ਬਾਵਜੂਦ ਵੱਡੀ ਪੱਧਰ ਤੇ ਸਾਜ਼ਸ਼ਾਂ, ਤਾਕਤਵਰ ਰਾਸ਼ਟਰੀ ਤੇ ਇਲਾਕਾਈ ਫ਼ਿਰਕੂ, ਸਮਾਜਕ ਸੰਗਠਨਾਂ, ਡੇਰੇਦਾਰਾਂ ਤੇ ਸੰਪਰਦਾਵਾਂ ਵਲੋਂ ਲਗਾਤਾਰ ਜਾਰੀ ਰਹੀਆਂ। ਪਰ ਇਸ ਦਿਸ਼ਾ ਵਲ ਅਤਿ ਸ਼ਰਮਨਾਕ ਘਟਨਾਵਾਂ ਦਾ ਵਾਪਰਨਾ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰਾਂ ਕਾਇਮ ਸਨ।

ਸੱਤਾਧਾਰੀ ਅਕਾਲੀ ਲੀਡਰਸ਼ਿਪ ਪੰਜਾਬ ਉਤੇ 25 ਸਾਲ ਏਕਾਧਿਕਾਰ-ਪ੍ਰਵਾਰਵਾਦੀ ਸੱਤਾ ਕਾਇਮ ਕਰਨ ਲਈ ਪੰਥਕ ਸੰਸਥਾਵਾਂ ਤੇ ਸ਼ਖ਼ਸੀਅਤਾਂ ਨੂੰ ਡੇਰੇਦਾਰਾਂ ਤੇ ਰਾਸ਼ਟਰੀ ਫ਼ਿਰਕੂ ਸੰਗਠਨਾਂ ਦੀ ਮਿਲੀ-ਭੁਗਤ ਨਾਲ ਗੋਲੀਆਂ ਬਣਾ ਚੁੱਕੀ ਸੀ। ਇਸ ਲੀਡਰਸ਼ਿਪ ਨੇ ਕੁਰਬਾਨੀਆਂ ਦੇ ਸ਼ਾਂਨਾਮੱਤੇ ਇਤਿਹਾਸ ਦੀ ਅਲੰਬਰਦਾਰ ਪਾਰਟੀ ਅਕਾਲੀ ਦਲ ਦੇ ਨਾਮਵਰ ਪ੍ਰਧਾਨਾਂ ਜਿਵੇਂ ਮਾਸਟਰ ਤਾਰਾ ਸਿੰਘ, ਸੰਨ ਫਤਿਹ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ ਆਦਿ ਤੇ ਕਰੀਬ 25 ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਕ ਤੋਂ ਬਾਅਦ ਇਕ ਨੂੰ ਬੇਇਜ਼ਤ ਕਰ ਕੇ ਲਾਂਭੇ ਕੀਤਾ ਤੇ ਸੰਪੂਰਨ ਪੰਥਕ ਸੰਸਥਾਵਾਂ ਦੀ ਸੱਤਾ ਹਥਿਆ ਲਈ। ਪਰ ਪੰਥਕ ਪ੍ਰੰਪਰਾਵਾਂ, ਮਰਿਯਾਦਾਵਾਂ, ਸਿਧਾਂਤਾਂ ਉਲਟ ਇਸ ਏਕਾਧਿਕਾਰ ਵਿਰੁਧ ਪੰਥ ਅੰਦਰ ਤੀਬਰ ਵਿਰੋਧ ਵੀ ਜਾਰੀ ਰਿਹਾ।

ਪੰਜਾਬ ਅੰਦਰ ਨਸ਼ੀਲੇ ਪਦਾਰਥਾਂ ਦੀ ਭਰਮਾਰ, ਗੁਰੂ ਗੋਬਿੰਦ ਸਿੰਘ ਜੀ ਦੀ ਸਵਾਂਗ ਰਚਨਾ, ਸੌਦਾ ਸਾਧ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਤੇ ਫਿਰ ਵਾਪਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਸ ਦਾ ਇਨਸਾਫ਼ ਨਾ ਮਿਲਣਾ ਸੱਭ ‘ਪੰਜਾਬ ਜਿਊਂਦਾ ਗੁਰਾਂ ਦੇ ਨਾਂ ’ਤੇ’ ਦੇ ਅਹਿਸਾਸ ਨੂੰ ਕਮਜ਼ੋਰ ਕਰਨ ਦੀ ਸਾਜ਼ਸ਼ ਖੇਡ ਰਹੇ ਹਨ। ਪੰਜਾਬੀਆਂ ਤੇ ਖ਼ਾਸ ਕਰ ਕੇ ਸਿੱਖ ਪੰਥਕ ਸ਼ਕਤੀਆਂ ਨੇ ਅਕਾਲੀ ਦਲ ਤੇ ਭਾਜਪਾ ਲੀਡਰਸ਼ਿਪ ਨੂੰ ਬੇਅਦਬੀ ਕਾਂਡ ਕਰ ਕੇ ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਸਜ਼ਾ ਦਿਤੀ ਸੀ ਪਰ ਲੀਡਰਸ਼ਿਪ ਨੇ ਜਦੋਂ ਫਿਰ ਸਬਕ ਨਾ ਸਿਖਿਆ, ਪਾਰਟੀ ਤੇ ਪੰਥਕ ਸੰਸਥਾਵਾਂ ਤੇ ਮੂਰਖਾਨਾ ਏਕਾਧਿਕਾਰ ਜਾਰੀ ਰਖਿਆ ਤਾਂ ਪੰਥਕ ਲੀਡਰਸ਼ਿਪ ਬਾਹਰ ਆਉਣੀ ਸ਼ੁਰੂ ਹੋ ਗਈ। ਪਹਿਲਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਆਦਿ ਜਹੇ ਪ੍ਰੋਢ ਪੰਥਕ ਆਗੂ ਅਤੇ ਫਿਰ ਸੁਖਦੇਵ ਸਿੰਘ ਢੀਂਡਸਾ ਆਦਿ ਬਾਹਰ ਆ ਗਏ।

ਪਰ ਪਾਰਟੀ ਦਾ ਵੱਡਾ ਕਾਡਰ, ਸ਼੍ਰੋਮਣੀ ਗੁਰਦਵਾਰਾ ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖ ਸਰਵਉੱਚ ਸੰਸਥਾਵਾਂ ਸੁਖਬੀਰ ਸਿੰਘ ਬਾਦਲ ਦੇ ਏਕਾਧਿਕਾਰਵਾਦੀ ਕਬਜ਼ੇ ਹੇਠ ਰਹੇ। ਦਾਗ਼ੀ ਆਗੂ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮਟੀ ਦੀ ਪ੍ਰਧਾਨਗੀ ਸੌਂਪ ਕੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਮਿਲੀਭੁਗਤ ਰਾਹੀਂ ਬੇਅਦਬੀ ਕਾਂਡ ਦੀ ਵਿਸ਼ੇਸ਼ ਜਾਂਚ ਟੀਮ ਮੁਖੀ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦੀ ਸ਼ਿਕਾਇਤ ਅਨੁਸਾਰ ਉਨ੍ਹਾਂ ਨੂੰ ਧਮਕਾਉਣ, ਹੁਣ ਤੋਂ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਏਕਾਧਿਕਾਰਵਾਦੀ ਉਮੀਦਵਾਰਾਂ ਸਬੰਧੀ ਐਲਾਨ ਕਰ ਕੇ ਧਾਰਮਕ ਤੇ ਰਾਜਨੀਤਕ ਗ਼ਲਤੀਆਂ ਜਾਰੀ ਰਖੀਆਂ।
ਇਸੇ ਦੌਰਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਜਿਹੇ ਪ੍ਰੌਢ ਪੰਥਕ ਆਗੂਆਂ ਵਿਚ ਏਕਾ, ਸੁਖਦੇਵ ਸਿੰਘ ਢੀਂਡਸਾ ਨੂੰ ਨਵੇਂ ਪੰਥਕ ਅਕਾਲੀ ਦਲ ਦਾ ਪ੍ਰਧਾਨ ਨਾਮਜ਼ਦ ਕਰਨਾ ਪੰਥਕ ਸ਼ਕਤੀਆਂ ਲਈ ਅਤੇ ਪੰਜਾਬ ਦੇ ਅਵਾਮ ਲਈ ਇਕ ਨਵੀਂ ਆਸ ਦੀ ਕਿਰਨ ਲੈ ਕੇ ਆਇਆ ਹੈ।

ਖ਼ੁਦ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ‘ਪੰਥ ਦਾ ਦਿਮਾਗ਼’ ਮੰਨੇ ਜਾਂਦੇ ਪ੍ਰੌਢ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਨਵੇਂ ਪੰਥਕ ਸੰਗਠਨ ਦਾ ਅਹਿਮ ਹਿੱਸਾ ਹੋਣਾ ਸ਼ੁੱਭ ਸੰਕੇਤ ਹੈ। ਅਕਾਲੀ ਦਲ ਦਾ ਕੁਰਬਾਨੀਆਂ ਭਰਿਆ ਡੀ.ਐਨ.ਏ. ਪੰਜਾਬੀਆਂ ਤੇ ਸਿੱਖ ਪੰਥ ਦੀਆਂ ਰਗਾਂ ਵਿਚ ਕਾਇਮ ਹੈ। ਪੰਜਾਬ ਦੇ ਰਾਜਨੀਤਕ, ਧਾਰਮਕ, ਆਰਥਕ, ਸਮਾਜਕ, ਸਭਿਆਚਾਰਕ ਅਤੇ ਸੰਵਿਧਾਨਕ ਹਿਤਾਂ ਦੀ ਰਾਖੀ, ਭਾਰਤੀ ਫ਼ੈਡਰਲ ਢਾਂਚੇ ਵਿਚ ਰਾਜਾਂ ਦੇ ਵੱਧ ਅਧਿਕਾਰਾਂ, ਘੱਟ-ਗਿਣਤੀਆਂ ਤੇ ਦਲਿਤ ਵਰਗਾਂ ਦੀ ਰਾਖੀ, ਔਰਤ ਵਰਗ ਦੇ ਸਵੈਮਾਣ ਤੇ ਬਰਾਬਰੀ ਦਾ ਇਹ ਅਲੰਬਰਦਾਰ ਰਿਹਾ ਹੈ।

ਜਿਸ ਗੁਰਾਂ ਦੇ ਨਾਂਅ ਤੇ ਪੰਜਾਬ ਜਿਊਂਦਾ ਹੈ, ਉਸ ਸਿਧਾਂਤ ਦੀ ਇਹ ਦਲ ਤਰਜਮਾਨੀ ਕਰਦਾ ਹੈ। ਡੈਮੋਕ੍ਰੈਟਿਕ ਪੰਚ ਪ੍ਰਧਾਨੀ ਰਾਜਨੀਤਕ ਵਿਵਸਥਾ, ਭਾਈਚਾਰਕ ਏਕਤਾ ਅਤੇ ਸਾਂਝ, ਰਾਸ਼ਟਰੀ ਏਕਤਾ ਤੇ ਸਰਬੱਤ ਦੇ ਭਲੇ ਦਾ ਹਾਮੀ ਹੈ। ਸੌ ਹੱਥ ਰੱਸਾ, ਸਿਰੇ ਤੇ ਗੰਢ ਇਹ ਦਲ ਪੰਜਾਬ ਦੀ ਰਾਜਨੀਤੀ ਦਾ ਪ੍ਰਮੁੱਖ ਧੁਰਾ ਹੈ। ਸੌ ਨਵੇਂ ਪੰਥ ਏਕਤਾਵਾਦੀ ਅਕਾਲੀ ਦਲ ਸਨਮੁੱਖ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਵੱਡੀਆਂ ਚੁਨੌਤੀਆਂ ਦਰਪੇਸ਼ ਹਨ।

ਰਾਜਨੀਤਕ ਚੁਨੌਤੀ : ਇਸ ਦਲ ਨੂੰ ਅਕਾਲੀ ਦਲ ਦੇ ਕਾਡਰ ਠਾਲ ਜੋੜਨ ਦੀ ਲੋੜ ਹੈ। ਇਸ ਪਾਰਟੀ ਨੂੰ ਪੰਚ ਪ੍ਰਧਾਨੀ ਲੋਕਤੰਤਰ ਵਿਵਸਥਾ ਰਾਹੀਂ ਨਾਮਜ਼ਦਗੀਆਂ ਵਾਲੇ ਮਾਰੂ ਜਗੀਰਦਾਰੂ ਸਾਮੰਤਵਾਦੀ ਰਾਜਨੀਤਕ ਸਭਿਆਚਾਰ ਵਿਚੋਂ ਨਰੋਏ ਅੰਦਰੂਨੀ ਲੋਕਤੰਤਰੀ ਸਿਧਾਂਤਾਂ ਰਾਹੀਂ ਉਸਾਰਨ ਦੀ ਲੋੜ ਹੈ। ਪੰਜਾਬ ਹਿਤੂ ਤੇ ਉਸਾਰੂ ਸੋਚ ਵਾਲੇ ਹਮਖ਼ਿਆਲ ਗੁਟਾਂ ਤੇ ਦਲਾਂ ਨਾਲ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸੱਤਾ ਪ੍ਰਾਪਤੀ ਲਈ ਰਾਜਸੀ ਗਠਜੋੜ ਰਾਹੀਂ ਰੋਡ ਮੈਪ ਤਿਆਰ ਕਰਨਾ ਚਾਹੀਦਾ ਹੈ।

ਆਮ ਆਦਮੀ ਪਾਰਟੀ ਪੰਜਾਬ ਅੰਦਰ ਇਕ ਅਸਫ਼ਲ ਰਾਜਨੀਤਕ ਸ਼ਕਤੀ ਸਾਬਤ ਹੋਈ ਹੈ। ਉਸ ਦੇ ਸਿਧਾਂਤ ਪੰਜਾਬ ਅਨੁਕੂਲ ਨਹੀਂ। ਪੰਜਾਬੀਆਂ ਨੇ ਉਸ ਨੂੰ ਅਕਾਲੀ ਦਲ ਤੇ ਕਾਂਗਰਸ ਦੇ ਕੁਸ਼ਾਸਨ ਦੇ ਬਦਲ ਵਜੋਂ ਸੰਨ 2014 ਵਿਚ ਸੰਸਦੀ ਚੋਣਾਂ ਅਤੇ ਸੰਨ 2017 ਵਿਚ ਵਿਧਾਨ ਸਭਾ ਚੋਣਾਂ ਵਿਚ ਅੱਗੇ ਲਿਆਉਣ ਦਾ ਯਤਨ ਕੀਤਾ ਸੀ। ਇਸ ਦੇ ਚਾਰੇ ਸੰਸਦ ਮੈਂਬਰ ਤੇ 20 ਵਿਧਾਇਕ ਵੱਖ-ਵੱਖ ਖ਼ੇਮਿਆਂ ਵਿਚ ਚੌਧਰਾਂ ਖ਼ਾਤਰ ਬਚਗਾਨੀ ਸੋਚ ਅਧੀਨ ਵੰਡੇ ਜਾਣ ਕਰ ਕੇ ਅਪਣਾ ਰਾਜਨੀਤਕ ਜਨਾਜ਼ਾ ਕਢਦੇ ਵੇਖੇ ਗਏ। ਨਵੇਂ ਪੰਥਕ ਅਕਾਲੀ ਦਲ ਨੂੰ ਇਸ ਦੇ ਨਿਰਾਸ਼ ਕਾਡਰ ਨੂੰ ਅਪਣੀ ਆਗੋਸ਼ ਵਿਚ ਲੈਣ ਦੀ ਲੋੜ ਹੈ।

ਧਾਰਮਕ ਚੁਨੌਤੀ:- ਤਾਕਤਵਰ ਅਕਾਲੀ ਦਲ ਉਹੀ ਹੁੰਦਾ ਹੈ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਹੋਵੇ। ਸੋ ਨਵੇਂ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੋ ਕੇ ਸਿੱਖ ਸੰਸਥਾਵਾਂ ਦਾ ਵਕਾਰ ਬਹਾਲ ਕਰਨ ਦੀ ਲੋੜ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ, ਨਿਰਪਖਤਾ, ਦਾਗੀ ਕਮੇਟੀ ਪ੍ਰਧਾਨ ਦੀ ਥਾਂ ਧਾਰਮਿਕ ਬਿਰਤੀ ਵਾਲੀਆ ਸਖ਼ਸੀਅਤਾਂ ਦੀ ਚੋਣ, ਇਵੇਂ ਵਧੀਆਂ ਮੈਬਰਾਂ ਦੀ ਚੋਣ, ਭ੍ਰਿਸ਼ਟਾਚਾਰ ਰਹਿਤ ਪਾਰਦਰਸ਼ੀ ਪ੍ਰਸ਼ਾਸਨ, ਸਿੱਖ ਮਰਿਯਾਦਾਵਾਂ ਅਤੇ ਪ੍ਰੰਪਰਾਵਾਂ ਦੀ ਬਹਾਲੀ ਯਕੀਨੀ ਬਣਾਈ ਜਾਏ। ਚਰਨਜੀਤ ਸਿੰਘ ਚੱਢਾ ਦੀ ਪੰਥ ਵਿਚ ਵਾਪਸੀ, ਬਲਾਤਕਾਰੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਨੂੰ ਪੰਥ ਵਿਚੋਂ ਛੇਕੇ ਜਾਣ ਬਾਵਜੂਦ ਸ਼੍ਰੀ ਅਕਾਲ ਤਖ਼ਤ ਸਮਾਗਮਾਂ ਵਿਚ ਉਸ ਦੀ ਮੌਜੂਦਗੀ ਜਿਹੀਆਂ ਕਲੰਕਿਤ ਘਟਨਾਵਾਂ ਤੋਂ ਪੰਥ ਨੂੰ ਬਚਾਉਣ ਦੀ ਲੋੜ ਹੈ। ਵਿਦੇਸ਼ੀ ਸਿੱਖ ਭਾਈਚਾਰੇ ਦੀ ਕਮੇਟੀ ਵਿਚ ਪ੍ਰਤੀਨਿਧਤਾ ਯਕੀਨੀ ਬਣਾ ਕੇ ਉਸ ਨੂੰ ਪੰਥ ਦੀ ਮੁੱਖ ਧਾਰਾ ਵਿਚ ਜੋੜਨ ਦੀ ਲੋੜ ਹੈ। ਦੂਸਰੇ ਧਰਮਾਂ ਨਾਲ ਮੇਲਜੋਲ ਤੇ ਸਹਿਨਸ਼ੀਲਤਾ ਕਾਇਮ ਕੀਤੀ ਜਾਣੀ ਚਾਹੀਦੀ ਹੈ। 

ਬੇਅਦਬੀ ਇਨਸਾਫ਼ :- ‘ਪੰਜਾਬ ਜਿਊਂਦਾ ਗੁਰਾਂ ਦੇ ਨਾਂ ’ਤੇ’ ਦਾ ਪੱਕਾ ਅਹਿਸਾਸ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮਹਿਸੂਸ ਕਰਦੇ ਹੋਏ ਬੇਅਦਬੀ ਦਾ ਇਨਸਾਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਚਹਿਰੀ ਵਿਚ ਛੱਡ ਦਿਤਾ ਹੈ। ਉਸ ਨੇ ਸੰਨ 1919 ਦੇ ਜਲ੍ਹਿਆਂ ਵਾਲਾ ਕਾਂਡ ਗੋਲੀਬਾਰੀ ਲਈ ਜ਼ਿੰਮੇਵਾਰ ਜਨਰਲ ਐਡਵਾਇਰ ਤੇ ਲੈਫ. ਗਵਰਨਰ ਮਾਈਕਲ ਐਡਵਾਇਰ ਵਾਂਗ ਕੋਟਕਪੂਰਾ-ਬਰਗਾੜੀ ਗੋਲੀਬਾਰੀ ਕਾਂਡ ਲਈ ਜ਼ਿੰਮੇਵਾਰਾਂ ਦੀ ਨਿਸ਼ਾਨਦੇਹੀ ਕਰ ਦਿਤੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਅੱਜ ਪੰਥ ਪ੍ਰਤੀਨਿਧਤਾ ਕਰਦਾ ਹੈ। ਨਵੇਂ ਅਕਾਲੀ ਦਲ ਨੂੰ ਬੇਅਦਬੀ ਦਾ ਇਨਸਾਫ਼ ਸਿੱਖ ਪੰਥ ਦੀ ਕਚਹਿਰੀ ਤੋਂ ਲੈਣਾ ਯਕੀਨੀ ਬਣਾਉਣਾ ਹੋਵੇਗਾ। ਗੁਟਕਾ ਸਾਹਬ ਦੀ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਕਚਹਿਰੀ ਵਿਚ ਨੰਗਾ ਕਰਨਾ ਹੋਵੇਗਾ। 

ਕਿਸਾਨੀ ਨਾਲ ਡਟਣਾ :- ਪੰਜਾਬ ਤੇ ਭਾਰਤ ਦੀ ਕਿਸਾਨੀ ਨੂੰ ਕਾਰਪੋਰੇਟਰਾਂ ਦੀ ਮਿਲੀਭੁਗਤ ਨਾਲ ਸ਼੍ਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਦੇ ਆਤੰਕ ਤੇ ਜ਼ੁਲਮ-ਜਬਰ ਤੋਂ ਬਚਾਉਣ ਲਈ ਇਕ ਵਫ਼ਦ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਹੈ। ਜੇ ਤਿੰਨੇ ਮਾਰੂ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤਾਂ ਐਮਰਜੈਂਸੀ ਵਿਰੁਧ ਪੰਥਕ ਮੋਰਚੇ ਦੀ ਤਰਜ਼ ਤੇ ਮੋਰਚਾ ਲਗਾਉਣੋਂ ਵੀ ਗ਼ੁਰੇਜ਼ ਨਹੀਂ ਕਰਨਾ ਚਾਹੀਦਾ। ਆਸ ਹੈ ਨਵਾਂ ਅਕਾਲੀ ਦਲ ਪੰਜਾਬ, ਪੰਜਾਬੀਆਂ ਤੇ ਪੰਥਕ ਸ਼ਕਤੀਆਂ ਦੀਆਂ ਆਸਾਂ, ਉਮੀਦਾਂ ਤੇ ਅਭਿਲਾਸ਼ਾਵਾਂ ਉਤੇ ਖ਼ਰਾ ਉਤਰੇਗਾ। ਪੰਜਾਬ ਦੀ ਧਰਤੀ ਤੇ ਨਵਾਂ ਸੂਰਜ ਰੁਸ਼ਨਾਏਗਾ।
ਦਰਬਾਰਾ ਸਿੰਘ ਕਾਹਲੋਂ
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ,ਸੰਪਰਕ : +1-289-829-2929