ਸਾਡੇ ਕੋਲ ਬਾਦਲ ਵਿਰੁਧ ਪੂਰੇ ਸਬੂਤ ਹਨ, ਉਹ ਬੱਚ ਨਹੀਂ ਸਕੇਗਾ
ਹਾਈ ਕੋਰਟ ਦਾ ਫ਼ੈਸਲਾ ਸਿਆਸੀ ਹੈ, ‘ਨਿਆਂ ਆਧਾਰਤ ਨਹੀ’
ਸਵਾਲ : ਤੁਹਾਡੀ ਸਰਕਾਰ ਦੇ ਕਾਰਜਕਾਲ ਦੇ ਸਾਢੇ 4 ਸਾਲ ਪੂਰੇ ਹੋ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿਚ ਤੁਸੀਂ ਕਿਹੜੇ ਮੁੱਦਿਆਂ ’ਤੇ ਲੋਕਾਂ ਕੋਲ ਵੋਟਾਂ ਮੰਗਣ ਜਾਉਗੇ?
ਜਵਾਬ : ਅਸੀਂ ਪੰਜਾਬ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਨਾਲੋਂ 4 ਗੁਣਾਂ ਵੱਧ ਵਿਕਾਸ ਕਾਰਜ ਕੀਤੇ ਹਨ। ਅਸੀਂ ਅਪਣੇ ਕੰਮਾਂ ਦਾ ਪੂਰਾ ਰਿਕਾਰਡ ਰਖਿਆ ਹੋਇਆ ਹੈ ਜਿਸ ਨੂੰ ਇਸ ਸਾਲ ਦੇ ਅੰਤ ਤਕ ਕਿਤਾਬਚੇ ਦੇ ਰੂਪ ਵਿਚ ਲੋਕਾਂ ਅੱਗੇ ਪੇਸ਼ ਕਰ ਦਿਤਾ ਜਾਵੇਗਾ। ਕੋਰੋਨਾ ਕਾਰਨ ਸਾਡੀ ਸਰਕਾਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਵੀ ਅਸੀਂ ਕਿਸੇ ਖੇਤਰ ਵਿਚ ਕੋਈ ਕਮੀ ਨਹੀਂ ਰਹਿਣ ਦਿਤੀ।
ਸਵਾਲ : ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਬਣੀ ਐਸਆਈਟੀ ਨੂੰ ਹਾਈ ਕੋਰਟ ਨੇ ਰੱਦ ਕਰ ਦਿਤਾ ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ?
ਜਵਾਬ : ਇਹ ਕਹਿਣਾ ਗ਼ਲਤ ਹੈ ਕਿ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿਚ ਕੋਈ ਕਾਰਵਾਈ ਨਹੀਂ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਅਤੇ ਪੰਨੇ ਪਾੜੇ ਜਾਣ ਦੀਆਂ ਘਟਨਾਵਾਂ ਵਿਚ ਮਾਮਲੇ ਦਰਜ ਹੋਏ ਹਨ ਅਤੇ ਗਿ੍ਰਫ਼ਤਾਰੀਆਂ ਵੀ ਹੋਈਆਂ ਸਨ। ਸਿਰਫ਼ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਵਿਚ ਹੀ ਕਾਰਵਾਈ ਬਾਕੀ ਹੈ।
ਬੇਅਦਬੀ ਵਾਲੇ ਮਾਮਲਿਆਂ ਵਿਚ ਜਾਂਚ ਸਿਰੇ ਪਹੁੰਚਣ ਨੇੜੇ ਹੈ। ਹਾਈ ਕੋਰਟ ਵਲੋਂ ਸੁਣਾਇਆ ਫ਼ੈਸਲਾ ਨਿਆਂਇਕ ਨਹੀਂ, ਸਿਆਸੀ ਫ਼ੈਸਲਾ ਹੈ। ਭਾਵੇਂ ਮੇਰੀ ਇਸ ਟਿਪਣੀ ਲਈ ਜੱਜ ਮੈਨੂੰ ਅਦਾਲਤ ਵਿਚ ਸੱਦ ਲਵੇ, ਮੈਂ ਉਥੇ ਜਾ ਕੇ ਵੀ ਇਹੀ ਕਹਾਂਗਾ। ਜੇ ਹਾਈ ਕੋਰਟ ਵਲੋਂ ਜਾਰੀ ਕੀਤੇ ਫ਼ੈਸਲੇ ਦੀ ਕਾਪੀ ਪੜ੍ਹੀਏ ਤਾਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਇਹ ਇਕਪਾਸੜ ਫ਼ੈਸਲਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੱਜਾਂ ਨੇ ਬਗ਼ੈਰ ਸੁਣੇ ਬਾਦਲਾਂ ਨੂੰ ਬਰੀ ਕਰ ਦਿਤਾ। ਮੈਂ ਇਸ ਫ਼ੈਸਲੇ ਨਾਲ ਬਿਲਕੁਲ ਸਹਿਮਤ ਨਹੀਂ।
ਸਵਾਲ : ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐਸਆਈਟੀ ’ਚੋਂ ਬਾਹਰ ਕੱਢ ਦਿਤਾ ਅਤੇ ਉਨ੍ਹਾਂ ਦੀ ਜਾਂਚ ’ਤੇ ਸਵਾਲ ਚੁਕਿਆ ਗਿਆ?
ਜਵਾਬ : ਪਹਿਲਾਂ ਜਦੋਂ ਅਕਾਲੀਆਂ ਦਾ ਭਾਜਪਾ ਨਾਲ ਗਠਜੋੜ ਸੀ, ਉਦੋਂ ਇਨ੍ਹਾਂ ਨੇ ਖ਼ੁਦ ਨੂੰ ਬਚਾਉਣ ਲਈ ਇਹ ਕੇਸ ਸੀਬੀਆਈ ਨੂੰ ਸੌਂਪ ਦਿਤਾ। ਅਸੀ ਐਸਆਈਟੀ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਹਾਈਕੋਰਟ ਵੀ ਗਏ ਅਤੇ ਬਾਅਦ ਵਿਚ ਸੁਪਰੀਮ ਕੋਰਟ। ਕਾਫ਼ੀ ਮੁਸ਼ਕਲਾਂ ਮਗਰੋਂ ਇਹ ਕੇਸ ਸਾਡੇ ਕੋਲ ਆਇਆ ਅਤੇ ਹੁਣ ਅਸਲ ਜਾਂਚ ਸ਼ੁਰੂ ਹੋਈ ਸੀ। ਇਸੇ ਕਾਰਨ ਇਸ ਕੇਸ ਦੀ ਜਾਂਚ ਵਿਚ ਦੇਰੀ ਹੋਈ। ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਹੁਣ ਤਕ ਸਜ਼ਾ ਨਾ ਹੋਣ ਦਾ ਕਾਰਨ ਅਕਾਲੀ ਦਲ ਹੀ ਹੈ, ਕਿਉਂਕਿ ਇਨ੍ਹਾਂ ਨੇ ਪੰਜਾਬ ਪੁਲਿਸ ਕੋਲੋਂ ਜਾਂਚ ਕਰਵਾਉਣ ਦੀ ਬਜਾਏ ਮਾਮਲਾ ਸੀਬੀਆਈ ਨੂੰ ਸੌਂਪ ਦਿਤਾ ਸੀ।
ਸਵਾਲ : ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਐਡਵੋਕੇਟ ਜਨਰਲ ਅਤੁਲ ਨੰਦਾ ’ਤੇ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਨੇ ਜਾਂਚ ’ਚ ਸਹਿਯੋਗ ਨਹੀਂ ਦਿਤਾ?
ਜਵਾਬ : ਨਹੀਂ, ਅਜਿਹੀ ਕੋਈ ਗੱਲ ਨਹੀਂ। ਹੁਣ ਅਸੀਂ ਨਵੀਂ ਐਸਆਈਟੀ ਬਣਾਉਣ ਜਾ ਰਹੇ ਹਾਂ। ਬਤੌਰ ਗ੍ਰਹਿ ਮੰਤਰੀ ਮੈਂ ਇਸ ਨੂੰ ਛੇਤੀ ਹੀ ਮਨਜ਼ੂਰੀ ਦੇ ਦਿਆਂਗਾ। ਇਸ ਤੋਂ ਬਾਅਦ ਕੋਈ ਵੀ ਇਸ ਵਿਸ਼ੇਸ਼ ਜਾਂਚ ਟੀਮ ਦੀ ਕਾਰਵਾਈ ਵਿਚ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ। ਜਿਹੜੀ ਐਸਆਈਟੀ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਲ ਸਨ, ਉਨ੍ਹਾਂ ਦੀ ਪੈਰਵੀ ਲਈ ਅਸੀਂ ਸੁਪਰੀਮ ਕੋਰਟ ਦੇ ਦੋ ਸੱਭ ਤੋਂ ਵਧੀਆ ਵਕੀਲਾਂ ਨੂੰ ਲਗਾਇਆ ਸੀ। ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸਾਡੀ ਨੀਯਤ ਬਿਲਕੁਲ ਸਾਫ਼ ਹੈ। ਇਸ ’ਤੇ ਕੋਈ ਸਵਾਲ ਨਹੀਂ ਚੁਕ ਸਕਦਾ। ਜੱਜ ਦਾ ਫ਼ੈਸਲਾ ਹਕੀਕਤ ਤੋਂ ਕੋਹਾਂ ਦੂਰ ਹੈ ਅਤੇ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ।
ਸਵਾਲ : ਐਸਆਈਟੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੋਟਕਪੂਰਾ ਗੋਲੀਕਾਂਡ ਵਿਚ ਜ਼ਖ਼ਮੀ ਹੋਏ ਕਈ ਲੋਕਾਂ ਦੀ ਐਫ਼ਆਈਆਰ ਤਕ ਨਹੀਂ ਹੋਈ?
ਜਵਾਬ : ਜਦੋਂ ਇਹ ਗੋਲੀਕਾਂਡ ਵਾਪਰਿਆ ਸੀ ਤਾਂ ਅਗਲੇ ਦਿਨ ਮੈਂ ਪੀੜਤਾਂ ਨੂੰ ਮਿਲਣ ਗਿਆ ਸੀ। ਜਦੋਂ ਲੋਕ ਭੱਜ ਰਹੇ ਸਨ ਤਾਂ ਉਨ੍ਹਾਂ ਨੂੰ ਪਿਛਿਉਂ ਗੋਲੀਆਂ ਮਾਰੀਆਂ ਗਈਆਂ। ਕੋਟਕਪੂਰਾ ਵਿਚ ਜਦੋਂ ਲੋਕ ਬੈਠੇ ਰੋਸ ਪ੍ਰਦਰਸ਼ਨ ਕਰ ਰਹੇ ਸਨ ਉਦੋਂ ਤਤਕਾਲੀ ਡਿਪਟੀ ਕਮਿਸ਼ਨਰ ਨੇ ਦੁਪਹਿਰ 12 ਵਜੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫ਼ੋਨ ਕਰ ਕੇ ਹਾਲਾਤ ਦਸੇ ਸਨ।
ਇਸ ਮਗਰੋਂ ਦੁਪਹਿਰ 2 ਵਜੇ ਅਕਾਲੀ ਆਗੂ ਮਨਤਾਰ ਬਰਾੜ ਨੇ ਬਾਦਲ ਨੂੰ ਫ਼ੋਨ ਕਰ ਕੇ ਕਿਹਾ ਸੀ ਕਿ ਇਥੇ ਹਾਲਾਤ ਖ਼ਰਾਬ ਹੋਣ ਵਾਲੇ ਹਨ। ਸ਼ਾਮ 4 ਵਜੇ ਤਕ ਬਾਦਲ, ਮਨਤਾਰ ਬਰਾੜ ਅਤੇ ਸੁਮੇਧ ਸਿੰਘ ਸੈਣੀ ਇਕ-ਦੂਜੇ ਨਾਲ ਫ਼ੋਨ ’ਤੇ ਸੰਪਰਕ ਵਿਚ ਸਨ। ਸੁਮੇਧ ਸਿੰਘ ਸੈਣੀ ਨੇ ਬਾਦਲ ਨੂੰ ਕਿਹਾ ਸੀ ਕਿ ਉਹ ਹੁਕਮ ਦੇਣ ਅਤੇ ਇਨ੍ਹਾਂ ਲੋਕਾਂ ਨੂੰ ਇਥੋਂ 10 ਮਿੰਟ ਵਿਚ ਇਥੋਂ ਖਦੇੜ ਦਿਤਾ ਜਾਵੇਗਾ। ਕੋਈ ਡੀਜੀਪੀ ਬਗ਼ੈਰ ਮੁੱਖ ਮੰਤਰੀ ਦੇ ਹੁਕਮ ਕਿਵੇਂ ਲਾਠੀਚਾਰਜ ਜਾਂ ਗੋਲੀ ਚਲਾ ਸਕਦਾ ਹੈ?
ਸਵਾਲ : ਕਈਆਂ ਵਲੋਂ ਦੋਸ਼ ਲਗਾਏ ਜਾਂਦੇ ਹਨ ਕਿ ਤੁਹਾਡੀ ਅਕਾਲੀਆਂ ਨਾਲ ਅੰਦਰਖਾਤੇ ਸਾਂਝ ਹੈ ਅਤੇ ਉਨ੍ਹਾਂ ਦਾ ਬਚਾਅ ਕਰਦੇ ਹੋ?
ਜਵਾਬ : ਜਦੋਂ ਸਾਲ 2007 ਵਿਚ ਸਾਡੀ ਸਰਕਾਰ ਗਈ ਅਤੇ ਅਕਾਲੀ-ਭਾਜਪਾ ਸੱਤਾ ਵਿਚ ਆਏ ਤਾਂ ਇਨ੍ਹਾਂ ਨੇ ਮੇਰੇ ਵਿਰੁਧ ਕਈ ਮਾਮਲੇ ਦਰਜ ਕੀਤੇ। ਇਨ੍ਹਾਂ ਮਾਮਲਿਆਂ ਵਿਚੋਂ ਰਿਹਾਅ ਹੋਣ ’ਚ ਮੈਨੂੰ 14 ਸਾਲ ਲੱਗ ਗਏ। ਅਜਿਹੇ ਵਿਚ ਮੈਂ ਇਨ੍ਹਾਂ ਨੂੰ ਕਿਵੇਂ ਬਖ਼ਸ਼ਾਂਗਾ? ਮੈਂ ਕਿਸੇ ਦੇ ਕਹਿਣ ’ਤੇ ਕਿਵੇਂ ਇਨ੍ਹਾਂ ਨੂੰ ਫੜ ਕੇ ਜੇਲ ਵਿਚ ਬੰਦ ਕਰ ਦੇਵਾਂ? ਇਹ ਤਾਂ ਕਾਨੂੰਨ ਦਾ ਕੰਮ ਹੈ। ਮੈਂ ਦਾਅਵੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਨਵੀਂ ਐਸਆਈਟੀ ਦੀ ਜਾਂਚ ਵਿਚ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਵੇਗਾ। ਬਾਦਲ ਵਿਰੁਧ ਪੂਰੇ ਸਬੂਤ ਹਨ, ਉਹ ਬਚ ਨਹੀਂ ਸਕਦਾ।
ਸਵਾਲ : ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਵਿਰੁਧ ਬਿਆਨਬਾਜ਼ੀ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ : ਨਵਜੋਤ ਸਿੰਘ ਸਿੱਧੂ ਮੌਕਾਪ੍ਰਸਤ ਹੈ। ਸਿੱਧੂ ਪਹਿਲਾਂ ਜਦੋਂ ਅਕਾਲੀ ਦਲ ਵਿਚ ਸੀ, ਉਦੋਂ ਅਕਾਲੀਆਂ ਨਾਲ ਲੜਦਾ ਸੀ। ਇਸ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋਇਆ ਤਾਂ ਉਨ੍ਹਾਂ ਨਾਲ ਲੜਦਾ ਸੀ। ਹੁਣ ਜਦੋਂ ਕਾਂਗਰਸ ’ਚ ਹੈ ਤਾਂ ਰੋਜ਼ ਮੇਰੇ ਵਿਰੁਧ ਟਵੀਟ ਕਰਦਾ ਹੈ ਅਤੇ ਬਿਆਨ ਦਿੰਦਾ ਹੈ। ਸਿੱਧੂ ਅਪਣੇ ਆਪ ਨੂੰ ਸਮਝਦਾ ਕੀ ਹੈ, ਇਹ ਮੇਰੀ ਸਮਝ ਤੋਂ ਬਾਹਰ ਹੈ।
ਮੇਰੀ ਸੂਚਨਾ ਮੁਤਾਬਕ ਸਿੱਧੂ ਨੇ 3-4 ਵਾਰ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕੀਤੀ ਹੈ। ਸਿੱਧੂ ਪਟਿਆਲਾ ਤੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ, ਜਦਕਿ ਇਥੋਂ ਮੈਂ ਕਾਂਗਰਸ ਦਾ ਉਮੀਦਵਾਰ ਹਾਂ। ਅਜਿਹੇ ਵਿਚ ਉਹ ਕਿਵੇਂ ਇਥੋਂ ਚੋਣ ਲੜ ਸਕਦਾ ਹੈ? ਇਸ ਦਾ ਸਾਫ਼ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ’ਚ ਜਾਣਾ ਚਾਹੁੰਦਾ ਹੈ। ਸਿੱਧੂ ਨੂੰ ਅਕਾਲੀ ਅਤੇ ਭਾਜਪਾ ਵਾਲੇ ਅਪਣੀ ਪਾਰਟੀ ’ਚ ਸ਼ਾਮਲ ਨਹੀਂ ਕਰਨਗੇ ਅਤੇ ਉਹ ਅੰਤ ’ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਵੇਗਾ ਅਤੇ ਮੇਰੇ ਵਿਰੁਧ ਚੋਣ ਲੜੇਗਾ।
ਸਿੱਧੂ ਮੈਦਾਨ ’ਚ ਆ ਜਾਵੇ, ਮੈਂ ਉਸ ਦੀ ਜ਼ਮਾਨਤ ਜ਼ਬਤ ਕਰ ਕੇ ਵਾਪਸ ਭੇਜਾਂਗਾ। ਪਹਿਲਾਂ ਸਿੱਧੂ ਨੇ ਅਪਣੇ ਅੰਮਿ੍ਰਤਸਰ ਹਲਕੇ ਵਿਚ ਕੰਮ ਨਹੀਂ ਕੀਤੇ, ਹੁਣ ਕਾਂਗਰਸ ਪ੍ਰਧਾਨ ਦੀ ਕੁਰਸੀ ਦੀ ਮੰਗ ਕਰ ਰਿਹਾ ਹੈ। ਅਸੀਂ ਕਿਉਂ ਸੁਨੀਲ ਜਾਖੜ ਦੀ ਥਾਂ ਸਿੱਧੂ ਨੂੰ ਪ੍ਰਧਾਨ ਬਣਾਈਏ? ਨਵਜੋਤ ਸਿੱਧੂ ਰੋਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗੱਲਾਂ ਕਰਦਾ ਹੈ, ਅਜਿਹੇ ਵਿਚ ਮੈਂ ਕਿਵੇਂ ਉਸ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇ ਸਕਦਾ ਹਾਂ।
ਸਵਾਲ : ਕੀ ਕਾਂਗਰਸ ਵਲੋਂ ਨਵਜੋਤ ਸਿੱਧੂ ਲਈ ਦਰਵਾਜ਼ੇ ਬੰਦ ਹਨ?
ਜਵਾਬ : ਮੇਰੇ ਵਲੋਂ ਨਵਜੋਤ ਸਿੱਧੂ ਲਈ ਕਾਂਗਰਸ ਦੇ ਦਰਵਾਜ਼ੇ ਬੰਦ ਹਨ। ਇਸ ਬਾਰੇ ਕਾਂਗਰਸ ਹਾਈਕਮਾਨ ਨੂੰ ਸੱਭ ਪਤਾ ਹੈ ਅਤੇ ਮੈਂ ਅਪਣੀ ਗੱਲ ਉੱਥੇ ਵੀ ਰੱਖਾਂਗਾ।
ਸਵਾਲ : ਸੂਬੇ ਵਿਚ ਬਾਰਦਾਨੇ ਦੀ ਕਮੀ ਲਈ ਕੌਣ ਜ਼ਿੰਮੇਵਾਰ ਹੈ?
ਜਵਾਬ : ਬਾਰਦਾਨੇ ਦੀ ਕਮੀ ਲਈ ਪੂਰੀ ਤਰ੍ਹਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਸਾਨੂੰ 20 ਕਰੋੜ ਬੋਰੀਆਂ ਦੀ ਲੋੜ ਹੈ। ਕੇਂਦਰ ਸਰਕਾਰ ਵਲੋਂ ਉਦੋਂ ਬਾਰਦਾਨਾ ਦੇਣਾ ਸ਼ੁਰੂ ਕੀਤਾ ਗਿਆ, ਜਦੋਂ ਫ਼ਸਲ ਮੰਡੀਆਂ ਵਿਚ ਪਹੁੰਚ ਚੁੱਕੀ ਸੀ। ਬਾਰਦਾਨਾ ਦੇਣ ਦਾ ਕੰਮ ਕੇਂਦਰ ਸਰਕਾਰ ਕਰਦੀ ਹੈ। ਜਦੋਂ ਉਹ ਇਸ ਸਪਲਾਈ ਨੂੰ ਪੂਰਾ ਕਰਨ ’ਚ ਅਸਮਰੱਥ ਰਹੇ ਤਾਂ ਕੇਂਦਰ ਸਰਕਾਰ ਨੇ ਸਾਨੂੰ ਕਹਿ ਦਿਤਾ ਕਿ ਤੁਸੀਂ ਪਹਿਲਾਂ ਵਰਤੇ ਗਏ ਬਾਰਦਾਨੇ ਖ਼ਰੀਦ ਲਉ।
ਸਰਕਾਰ ਨੂੰ ਹਰ ਵਾਰ ਪਤਾ ਹੁੰਦਾ ਹੈ ਕਿ ਵਿਸਾਖੀ ਤੋਂ ਬਾਅਦ ਮੰਡੀਆਂ ਵਿਚ ਫ਼ਸਲ ਆਉਂਦੀ ਹੈ। ਕੇਂਦਰ ਸਰਕਾਰ ਨੂੰ ਇਸ ਦਾ ਪਹਿਲਾਂ ਹੀ ਪ੍ਰਬੰਧ ਕਰਨਾ ਚਾਹੀਦਾ ਸੀ। ਹੁਣ ਤਕ ਮੰਡੀਆਂ ਵਿਚ 52 ਲੱਖ ਮੀਟਿ੍ਰਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਮੌਜੂਦਾ ਸਮੇਂ ਸੂਬੇ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ ਅਤੇ 48 ਘੰਟੇ ਵਿਚ ਕਿਸਾਨਾਂ ਨੂੰ ਅਦਾਇਗੀ ਹੋ ਰਹੀ ਹੈ।
ਸਵਾਲ : ਧਰਨੇ ਵਿਚ ਬੈਠੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਅੜੇ ਹੋਏ ਹਨ, ਕੀ ਇਹ ਠੀਕ ਹੈ?
ਜਵਾਬ : ਮੈਂ ਪਹਿਲੇ ਦਿਨ ਤੋਂ ਕਿਸਾਨਾਂ ਨਾਲ ਹਾਂ। ਇਹ ਤਿੰਨੇ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਇਸ ਮੁੱਦੇ ਤੇ ਸਮਝੌਤਾ ਕਰਨਾ ਕੋਈ ਹੱਲ ਨਹੀਂ ਹੋ ਸਕਦਾ। ਸਰਕਾਰ ਨੂੰ ਮੰਡੀ ਤੇ ਆੜ੍ਹਤੀਆ ਸਿਸਟਮ ਨਹੀਂ ਖ਼ਤਮ ਕਰਨਾ ਚਾਹੀਦਾ। ਇਸ ਸਮੇਂ ਵੀ ਤਾਂ ਪ੍ਰਾਈਵੇਟ ਅਦਾਰੇ ਫ਼ਸਲਾਂ ਖ਼ਰੀਦ ਰਹੇ ਹਨ। ਕੇਂਦਰ ਸਰਕਾਰ ਅਜਿਹੇ ਕਾਨੂੰਨ ਨਾਲ ਕਿਉਂ 100 ਸਾਲ ਪੁਰਾਣੇ ਕਿਸਾਨਾਂ ਅਤੇ ਆੜ੍ਹਤੀਏ ਦੇ ਰਿਸ਼ਤੇ ਨੂੰ ਤੋੜਨਾ ਚਾਹੁੰਦੀ ਹੈ? ਇਸੇ ਕਾਰਨ ਅਸੀਂ ਇਨ੍ਹਾਂ ਕਾਨੂੰਨਾਂ ਦਾ ਡਟਵਾਂ ਵਿਰੋਧ ਕੀਤਾ ਅਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕੀਤਾ।
ਸਵਾਲ : ਕਿਸਾਨਾਂ ਦਾ ਕਹਿਣਾ ਹੈ ਕਿ ਤੁਸੀਂ ਉਨ੍ਹਾਂ ਦੇ ਹੱਕ ’ਚ ਕੇਂਦਰ ਸਰਕਾਰ ਅੱਗੇ ਪੈਰਵੀ ਨਹੀਂ ਕੀਤੀ?
ਜਵਾਬ : ਇਹ ਸਵਾਲ ਅਕਾਲੀਆਂ ਨੂੰ ਪੁਛਣਾ ਬਣਦਾ ਹੈ, ਜਿਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਸੜਕਾਂ ’ਤੇ ਬਿਠਾ ਦਿਤਾ ਹੈ। ਜੇ ਸਾਡੇ ਕੋਲ 20-22 ਐਮ.ਪੀ. ਹੁੰਦੇ ਤਾਂ ਅਸੀਂ ਉਨ੍ਹਾਂ ਅੱਗੇ ਬੋਲਦੇ। ਸਾਡੇ 8 ਐਪ.ਪੀਜ਼. ਨੂੰ ਉਹ ਨਜ਼ਰਅੰਦਾਜ਼ ਕਰ ਰਹੇ ਹਨ। ਜੇ ਅਕਾਲੀਆਂ ਨੇ ਸੱਤਾ ਦੀ ਕੁਰਸੀ ਹਾਸਲ ਕਰਨ ਲਈ ਪੰਜਾਬ ਦੇ ਟੋਟੇ ਨਾ ਕੀਤੇ ਹੁੰਦੇ ਤਾਂ ਅੱਜ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਐਮ.ਪੀਜ਼. ਦੀ ਗਿਣਤੀ ਸੰਸਦ ਵਿਚ 20-22 ਹੋਣੀ ਸੀ। ਇੰਨੀ ਵੱਡੀ ਗਿਣਤੀ ਵਿਚ ਐਮ.ਪੀਜ਼ ਦੀ ਆਵਾਜ਼ ਸਰਕਾਰ ਨੂੰ ਸੁਣਨੀ ਪੈਣੀ ਸੀ।
ਸਵਾਲ : ਅੱਜ ਜ਼ਿਆਦਾਤਰ ਮੌਤਾਂ ਆਕਸੀਜਨ ਦੀ ਘਾਟ ਕਾਰਨ ਹੋ ਰਹੀਆਂ ਹਨ, ਕੀ ਸੂਬਾ ਸਰਕਾਰ ਅਜਿਹੇ ਹਾਲਾਤ ਲਈ ਤਿਆਰ ਸੀ?
ਜਵਾਬ : ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਕਿਸੇ ਨੂੰ ਨਹੀਂ ਪਤਾ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਖ਼ਤਰਨਾਕ ਰੂਪ ਵਿਚ ਆਵੇਗੀ। ਕੇਂਦਰ ਸਰਕਾਰ ਨੂੰ ਆਕਸੀਜਨ ਦਾ ਪ੍ਰਬੰਧ ਕਰਨਾ ਚਾਹੀਦਾ ਸੀ। ਇਸ ਨੂੰ ਕੇਂਦਰ ਸਰਕਾਰ ਦੀ ਨਾਕਾਮੀ ਕਿਹਾ ਜਾ ਸਕਦਾ ਹੈ। ਸਾਨੂੰ ਇਸ ਸਮੇਂ 300 ਟਨ ਆਕਸੀਜਨ ਦੀ ਲੋੜ ਹੈ।
ਪੰਜਾਬ ਵਿਚ 32 ਟਨ ਆਕਸੀਜਨ ਬਣਦੀ ਹੈ ਅਤੇ 104 ਟਨ ਸਾਨੂੰ ਦੂਜੇ ਸੂਬਿਆਂ ਤੋਂ ਸਪਲਾਈ ਆਉਂਦੀ ਹੈ। ਸਾਡੇ ਵਲੋਂ ਵਾਰ-ਵਾਰ ਅਪੀਲਾਂ ਕੀਤੇ ਜਾਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਸਾਨੂੰ ਬੋਕਾਰੋ ਤੋਂ ਆਕਸੀਜਨ ਦੀ ਸਪਲਾਈ ਭੇਜ ਰਹੀ ਹੈ। ਪੰਜਾਬ ’ਚ ਇਸ ਸਮੇਂ 7000 ਦੇ ਕਰੀਬ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਸਿਰਫ਼ ਇਕ ਦਿਨ ਦੀ ਵੈਕਸੀਨ ਬਚੀ ਹੈ। ਜੇ ਸਾਨੂੰ ਪੂਰੀ ਮਾਤਰਾ ’ਚ ਵੈਕਸੀਨ ਮਿਲ ਜਾਵੇ ਤਾਂ ਅਸੀਂ ਅਪਣੇ ਸਾਰੇ ਸੂਬਾ ਵਾਸੀਆਂ ਦਾ ਵੈਕਸੀਨੇਸ਼ਨ ਤੇਜ਼ੀ ਨਾਲ ਕਰ ਸਕਦੇ ਹਾਂ।
ਸਵਾਲ : ਪੰਜਾਬ ਵਿਚ ਆਕਸੀਜਨ ਦੀ ਕਮੀ ਪੂਰੀ ਕਰਨ ਲਈ ਕੀ ਕਦਮ ਚੁਕੇ ਗਏ ਹਨ?
ਜਵਾਬ : ਅਸੀਂ ਮੌਜੂਦਾ ਸਮੇਂ ਸੂਬੇ ਵਿਚ ਉਦਯੋਗਾਂ ਨੂੰ ਆਕਸੀਜਨ ਦੀ ਸਪਲਾਈ ਬਿਲਕੁਲ ਬੰਦ ਕਰ ਦਿਤੀ ਹੈ। ਇਨ੍ਹਾਂ ਵਿਚ ਮੁੱਖ ਤੌਰ ’ਤੇ ਸਟੀਲ ਦੀਆਂ ਫ਼ੈਕਟਰੀਆਂ ਵਿਚ ਇਸ ਸਮੇਂ ਆਕਸੀਜਨ ਤਿਆਰ ਹੋ ਰਹੀ ਹੈ, ਜੋ ਹਸਪਤਾਲਾਂ ਵਿਚ ਭੇਜੀ ਜਾ ਰਹੀ ਹੈ। ਇਸ ਨਾਲ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ’ਚ ਕਾਫ਼ੀ ਮਦਦ ਮਿਲੀ ਹੈ। ਇਸ ਤੋਂ ਇਲਾਵਾ ਬੰਦ ਪਈਆਂ ਇਕਾਈਆਂ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਜਿਵੇਂ ਬੀਤੇ ਦਿਨੀਂ ਮੰਡੀ ਗੋਬਿੰਦਗੜ੍ਹ ਵਿਚ ਬੰਦ ਪਏ ਇਕ ਆਕਸੀਜਨ ਪਲਾਂਟ ਨੂੰ ਫ਼ੌਜ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਦੁਬਾਰਾ ਚਾਲੂ ਕੀਤਾ ਜਾ ਰਿਹਾ ਹੈ।
ਸਵਾਲ : ਪਾਕਿਸਤਾਨ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ, ਪਰ ਭਾਰਤ ਸਰਕਾਰ ਨੇ ਕੋਈ ਜਵਾਬ ਨਾ ਦਿਤਾ?
ਜਵਾਬ : ਪੰਜਾਬ-ਹਰਿਆਣਾ ਚੈਂਬਰ ਆਫ਼ ਕਾਮਰਸ ਨੇ ਲਾਹੌਲ ’ਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਆਕਸੀਜਨ ਦੀ ਸਪਲਾਈ ਦੇਣ ਲਈ ਤਿਆਰ ਹਨ। ਜੇ ਸਾਨੂੰ ਉੱਥੋਂ ਆਕਸੀਜਨ ਮਿਲ ਜਾਂਦੀ ਤਾਂ ਅਸੀਂ ਮਾਝੇ ’ਚ ਆਕਸੀਜਨ ਦੀ ਕਮੀ ਨੂੰ ਪੂਰਾ ਕਰ ਸਕਦੇ ਸੀ, ਪਰ ਕੇਂਦਰ ਸਰਕਾਰ ਨੇ ਮਦਦ ਲੈਣ ਦੀ ਮਨਜ਼ੂਰੀ ਨਾ ਦਿਤੀ।
ਸਵਾਲ : ਪੰਜਾਬ ’ਚ ਜੇ ਕੋਰੋਨਾ ਕਾਰਨ ਹਾਲਾਤ ਹੋਰ ਖ਼ਰਾਬ ਹੁੰਦੇ ਹਨ ਤਾਂ ਕੀ ਤਿਆਰੀਆਂ ਹਨ?
ਜਵਾਬ : ਪੰਜਾਬ ਵਿਚ ਇਸ ਸਮੇਂ ਹਸਪਤਾਲਾਂ ’ਚ ਪੁਖ਼ਤਾ ਪ੍ਰਬੰਧ ਹਨ। ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ ਬੈੱਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਅਤੇ 22 ਹਜ਼ਾਰ ਬੈੱਡਾਂ ਨੂੰ ਵਧਾਇਆ ਜਾਵੇਗਾ। ਪੰਜਾਬ ’ਚ ਦੂਜੇ ਸੂਬਿਆਂ ਦੇ ਲੋਕ ਵੀ ਇਲਾਜ ਕਰਵਾਉਣ ਆ ਰਹੇ ਹਨ। ਸਾਰਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮੋਹਾਲੀ ਦਾ ਇਕ ਹਸਪਤਾਲ ਫ਼ੌਜ ਹਵਾਲੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੂਬੇ ਵਿਚ ਜਿਥੇ ਵੀ ਸਟਾਫ਼ ਦੀ ਕਮੀ ਹੈ, ਉੱਥੇ ਫ਼ੌਜ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।