ਮੁੜ ਆਉ ਕੂੰਜੋ, ਪੰਜਾਬ ਉਡੀਕਦੈ
ਦੋ ਕੁ ਦਹਾਕੇ ਪਹਿਲਾਂ ਪੰਜਾਬ ਵਿਚ ਨਵੰਬਰ ਦੇ ਅੱਧ ਤੋਂ ਲੈ ਕੇ ਫ਼ਰਵਰੀ ਮਹੀਨੇ ਦੇ ਆਖ਼ਰ ਤਕ ਖੇਤਾਂ ਵਿਚ ਵੱਡੇ-ਵੱਡੇ ਪੰਛੀਆਂ ਦੇ ਝੁੰਡ ਘੁੰਮਦੇ ਇੰਜ ਲਗਦੇ ਜਿਵੇਂ .........
ਪੰਜਾਬ : ਦੋ ਕੁ ਦਹਾਕੇ ਪਹਿਲਾਂ ਪੰਜਾਬ ਵਿਚ ਨਵੰਬਰ ਦੇ ਅੱਧ ਤੋਂ ਲੈ ਕੇ ਫ਼ਰਵਰੀ ਮਹੀਨੇ ਦੇ ਆਖ਼ਰ ਤਕ ਖੇਤਾਂ ਵਿਚ ਵੱਡੇ-ਵੱਡੇ ਪੰਛੀਆਂ ਦੇ ਝੁੰਡ ਘੁੰਮਦੇ ਇੰਜ ਲਗਦੇ ਜਿਵੇਂ ਫ਼ੌਜੀ ਪਰੇਡ ਕਰ ਰਹੇ ਹੋਣ। ਅਨੁਸ਼ਾਸਨ ਵਿਚ ਬੱਝੇ ਇਨ੍ਹਾਂ ਪੰਛੀਆਂ ਨੂੰ 'ਕੂੰਜ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਅੱਜ ਤੋਂ 25-30 ਸਾਲ ਪੁਰਾਣੇ ਪੰਜਾਬੀ ਸਾਹਿਤ ਵਿਚ 'ਕੂੰਜ' ਸ਼ਬਦ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਕਿਉਂਕਿ ਉਸ ਸਮੇਂ ਹਰ ਇਕ ਵਿਅਕਤੀ ਕੂੰਜਾਂ ਨੂੰ ਬੜੇ ਹੀ ਚਾਅ ਨਾਲ ਦੇਖ ਦਾ ਸੀ। ਇਕ ਕਤਾਰ ਵਿਚ ਅਸਮਾਨ ਵਿਚ ਉਡਦੀਆਂ ਕੂੰਜਾਂ ਨੂੰ ਦੇਖ ਕੇ ਨਵ ਵਿਆਹੀਆਂ ਮੁਟਿਆਰਾਂ ਨੂੰ ਅਪਣੇ ਪੇਕਿਆਂ ਦੀ ਯਾਦ ਆ ਜਾਂਦੀ, ਜਿਨ੍ਹਾਂ ਦੇ ਮਾਹੀ ਪ੍ਰਦੇਸ਼ ਗਏ ਹੁੰਦੇ ਉਹ ਕੂੰਜਾਂ ਹੱਥ ਸੁਨੇਹੇ ਘਲਦੀਆਂ। ਉਸ ਵੇਲੇ ਸੋਹਣੀਆਂ, ਪਤਲੀਆਂ, ਕੋਮਲ, ਨਾਜ਼ੁਕ, ਅੱਲ੍ਹੜ, ਉੱਚੀਆਂ-ਲੰਮੀਆਂ ਮੁਟਿਆਰਾਂ ਦੀ ਤੁਲਨਾ ਕੂੰਜਾਂ ਨਾਲ ਕੀਤੀ ਜਾਂਦੀ ਸੀ। ਪੰਜਾਬੀ ਦੇ ਪੁਰਾਣੇ ਗੀਤਾਂ ਵਿਚ ਕੂੰਜਾਂ ਬਾਰੇ ਕਈ ਥਾਵਾਂ 'ਤੇ ਜ਼ਿਕਰ ਮਿਲ ਜਾਂਦਾ ਹੈ ਕਿਉਂਕਿ ਕੁਰਲਾਉਂਦੀ ਕੂੰਜ ਵਿਚੋਂ ਹਰ ਇਕ ਨੂੰ ਅਪਣਾ ਬਿਰਹਾ ਨਜ਼ਰ ਆਉਂਦਾ ਸੀ। ਭਾਵੇਂ ਕਈ ਨਵੇਂ ਗੀਤਾਂ 'ਚ ਵੀ ਕੂੰਜਾਂ ਦਾ ਜ਼ਿਕਰ ਆਉਂਦਾ ਹੈ ਪਰ ਅਫ਼ਸੋਸ ਨਵੀਂ ਪੀੜ੍ਹੀ ਨੂੰ ਨਾ ਕੂੰਜ ਬਾਰੇ ਪਤਾ ਹੈ ਤੇ ਨਾ ਹੀ ਉਸ ਦੀ ਮਹੱਤਤਾ ਬਾਰੇ--ਇਸੇ ਲਈ ਅੱਜ ਦੀ ਪੀੜ੍ਹੀ ਦੇ ਨੌਜਵਾਨ ਗ਼ੈਰ ਅਨੁਸ਼ਾਸਿਤ ਹੋ ਕੇ ਬੇਲਗਾਮ ਹੋਏ ਫਿਰਦੇ ਹਨ।