ਜਾਹ ਨੀ ਰੋਟੀਏ ਖੋਟੀਏ ਜ਼ੁਲਮ ਕੀਤਾ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜੇ  ਹਰ ਕਿਸੇ ਤੋਂ ਵੱਖੀ ਵੱਟ ਕੇ ਲੰਘ ਜਾਈਏ, ਜਾਂ ਅਪਣੇ ਆਲੇ ਦੁਆਲੇ ਤੋਂ ਬੇ-ਸੁਰਤ ਹੋ ਕੇ ਅੱਖਾਂ ਮੀਟੀ ਰਖੀਏ ਤਾਂ ਕੋਈ ਡਿੱਗਾ ਢੱਠਾ ਕਿਵੇਂ ਨਜ਼ਰ ਆਵੇਗਾ?ਹਰ ਕਿਸੇ ਲਈ ...

Amin Malik

ਜੇ  ਹਰ ਕਿਸੇ ਤੋਂ ਵੱਖੀ ਵੱਟ ਕੇ ਲੰਘ ਜਾਈਏ, ਜਾਂ ਅਪਣੇ ਆਲੇ ਦੁਆਲੇ ਤੋਂ ਬੇ-ਸੁਰਤ ਹੋ ਕੇ ਅੱਖਾਂ ਮੀਟੀ ਰਖੀਏ ਤਾਂ ਕੋਈ ਡਿੱਗਾ ਢੱਠਾ ਕਿਵੇਂ ਨਜ਼ਰ ਆਵੇਗਾ? ਹਰ ਕਿਸੇ ਲਈ ਕੰਨਾਂ ਵਿਚ ਉਂਗਲੀ ਦੇ ਕੇ ਜਿਊਣ ਵਾਲੇ ਨੂੰ ਕਿਸੇ ਵਿਲਕਣ ਵਾਲੇ ਦੁਖੀਏ ਦੀ ਚੀਕ ਕਿਵੇਂ ਸੁਣਾਈ ਦੇਵੇਗੀ? ਅਪਣੀ ਹੀ ਜ਼ਾਤ ਦੀਆਂ ਗ਼ਰਜ਼ਾਂ ਵਿਚ ਡੁੱਬ ਕੇ ਹਯਾਤੀ ਗੁਜ਼ਾਰਨ ਵਾਲੇ ਖ਼ੁਦਗ਼ਰਜ਼ ਤਾਰੂ ਨੂੰ ਡੁੱਬ ਮਰਨਾ ਚਾਹੀਦਾ ਹੈ।

ਕੀ ਇਹ ਜ਼ਿੰਦਗੀ ਸਿਰਫ਼ ਅਪਣੀ ਜ਼ਾਤ ਲਈ ਚਾਰ ਦਿਹਾੜੇ ਜੀਅ ਕੇ ਮਰ ਜਾਣਾ ਦਾ ਨਾਂ ਹੈ? ਅਪਣੇ ਬੱਚੇ ਤਾਂ ਕਾਂ, ਕੁੱਤਾ ਜਾਂ ਗਿੱਦੜ ਵੀ ਬੜੇ ਧਿਆਨ ਨਾਲ ਪਾਲਦਾ ਹੈ। ਕਾਂ ਵੀ ਕਿਸੇ ਬਾਲ ਹੱਥੋਂ ਰੋਟੀ ਖੋਹ ਕੇ ਅਪਣੇ ਬੱਚਿਆਂ ਨੂੰ ਪਾ ਦੇਂਦਾ ਹੈ।ਅਰਜ਼ ਇਹ ਕਰਨ ਲੱਗਾ ਸਾਂ ਕਿ ਕੁੱਝ ਚਿਰ ਪਹਿਲਾਂ ਮੇਰਾ ਲੇਖ ''ਮੇਰੇ ਦੇਸ਼ ਦੀ ਬੇਟੀ ਰੋਂਦੀ ਹੈ'' ਛਪਿਆ ਤਾਂ ਅਨੇਕਾਂ ਚਿੱਠੀਆਂ ਅਤੇ ਫ਼ੋਨ ਆਏ। ਪਿੰਡ ਘੱਗਾ ਤੋਂ ਇਕ ਧੀ ਬੇਅੰਤ ਕੌਰ ਨੇ ਲਿਖਿਆ ''ਅਮੀਨ ਜੀ! ਇਸ ਦੌੜ ਭੱਜ ਦੇ ਦੌਰ ਵਿਚ ਕਿਸੇ ਬੇ-ਸਹਾਰਾ ਨੂੰ ਘਰ ਲੈ ਜਾਂਦੇ ਹੋ, ਸ਼ਾਇਦ ਤੁਹਾਡੇ ਕੋਲ ਪੈਸਾ ਵੀ ਹੈ ਤੇ ਸਮਾਂ ਵੀ।''

ਇਸ ਆਪੋ-ਧਾਪੀ ਅਤੇ ਖੋਹ ਖਾਈ ਦੇ ਦੌਰ ਵਿਚ ਬੇਅੰਤ ਕੌਰ ਦਾ ਇਹ ਸਵਾਲ ਕੋਈ ਅਲੋਕਾਰ ਜਾਂ ਅਨੋਖਾ ਨਹੀਂ ਸੀ। ਇਸ ਵਿਚਾਰੀ ਨੇ ਧੁੱਪੇ ਸੜਦੀ, ਪੈਰੋਂ ਨੰਗੀ, ਕੀਰਨੇ ਪਾਉੁਂਦੀ ਅੱਜ ਦੀ ਜ਼ਿੰਦਗੀ ਨੂੰ ਇੰਜ ਹੀ ਵੇਖਿਆ ਹੋਵੇਗਾ। ਇਸ ਨੇ ਵੇਲੇ ਦੇ ਬੇ-ਦੀਦ ਸ਼ਿਕਰੇ ਨੂੰ ਘੁੱਗੀ ਦਾ ਭੇਸ ਵਟਾ ਕੇ, ਮਮੋਲੇ ਦਾ ਸ਼ਿਕਾਰ ਕਰਦੇ ਹੋਏ ਡਿੱਠਾ ਹੋਵੇਗਾ। ਇਸ ਵਿਚਾਰੀ ਬੇਅੰਤ ਕੌਰ ਦੇ ਤਜਰਬੇ ਨੇ ਇਹ ਦਸਿਆ ਹੋਵੇਗਾ ਕਿ ਅੱਜ ਤਾਂ ਅੱਖਾਂ ਵਾਲੇ ਲੋਕ ਮਨਾਖੇ ਦੀ ਕਸ਼ਕੌਲ ਵਿਚੋਂ ਪੈਸੇ ਚੁਰਾ ਲੈਂਦੇ ਹਨ। ਹੁਣ ਤੇ ਹਰ ਰੱਸੀ ਸੱਪ ਅਤੇ ਹੀਰਾ ਮੋਤੀ ਚੰਗਿਆੜਾ ਲਗਦੇ ਹਨ।

ਬੇਅੰਤ ਕੌਰ ਦਾ ਸਵਾਲ ਅਪਣੀ ਥਾਂ ਠੀਕ ਹੀ ਸਹੀ ਪਰ ਮੈਂ ਵੀ ਅਪਣੀਆਂ ਧੀਆਂ ਵਰਗੀ ਬੇਅੰਤ ਕੌਰ ਨੂੰ ਦਸ ਦੇਵਾਂ ਕਿ ਕਿਸੇ ਨਾਲ ਭਲਾਈ ਕਰਨ ਲਈ ਸਮਾਂ ਅਤੇ ਦੌਲਤ ਦੀ ਥੁੜ ਰਾਹ ਨਹੀਂ ਰੋਕਦੀ। ਬੰਦਾ ਚੰਗੇ ਰਾਹ 'ਤੇ ਪੈ ਜਾਏ ਤਾਂ ਕਿਸੇ ਤਰਿਹਾਏ ਨੂੰ ਪਾਣੀ ਪਿਆਣਾ, ਕਿਸੇ ਬਾਲ ਦੇ ਅਥਰੂ ਪੂੰਝਣਾ ਅਤੇ ਕਿਸੇ ਬੇਵਾ ਦਾ ਸਿਰ ਢਕਣ ਲਈ ਮਾਇਆ ਦੀ ਨਹੀਂ, ਸਿਰਫ਼ ਅੰਦਰ ਦੀ ਕਾਇਆ ਅਤੇ ਇਨਸਾਨੀਅਤ ਦੀ ਲੋੜ ਹੈ।

ਮੈਂ ਤੇ ਲੰਦਨ ਵਿਚ ਅੱਜ ਵੀ ਕਿਰਾਏ ਦੇ ਸਰਕਾਰੀ ਮਕਾਨ ਵਿਚ ਰਹਿ ਰਿਹਾ ਹਾਂ। ਸਫ਼ਰ ਕਰਨ ਲਈ ਅੱਜ ਵੀ ਕੋਲ ਕਿਰਾਇਆ ਨਹੀਂ ਹੁੰਦਾ। ਕਦੀ ਕਦੀ ਮਨ ਦੀ ਆਕੜੀ ਹੋਈ ਧੌਣ ਮਰੋੜ ਕੇ ਤਨ ਦੇ ਨਿੱਘ ਲਈ ਚੈਰਿਟੀ ਸ਼ਾਪ ਤੋਂ ਕੋਟ ਖ਼ਰੀਦ ਲੈਂਦਾ ਹਾਂ ਕਿ ਗ਼ਰੀਬਾਂ ਦੀ ਮਦਦ ਕਰ ਕੇ ਅਪਣੇ ਗਲ ਵੀ ਗ਼ਰੀਬੀ ਪਾ ਕੇ ਵੇਖਾਂ। ਉਸ ਅਧੂਰੇ ਕੋਟ ਵਿਚ ਦੋ ਨਿੱਘਾਂ ਹੁੰਦੀਆਂ ਹਨ। ਨਾ ਮਨ ਤਪਦਾ ਏ, ਨਾ ਤਨ ਠਰਦਾ ਏ।

ਐਨਾ ਬੇਵਸ ਵੀ ਨਹੀਂ ਹਾਂ। ਬਸ 'ਤੇ ਚੜ੍ਹਨ ਲਈ ਕੋਲ ਸਰਕਾਰੀ ਪਾਸ ਵੀ ਹੈ। ਭੁੱਖਾ ਨੰਗਾ ਵੀ ਨਹੀਂ। ਜੋ ਚਾਹਵਾਂ ਖਾ ਸਕਦਾ ਹਾਂ, ਜੋ ਚਾਹਵਾਂ ਪਾ ਸਕਦਾ ਹਾਂ। ਸਿਰ 'ਤੇ ਛੱਤ ਤੇ ਬੁੱਲ੍ਹਾਂ 'ਤੇ ਹਾਸਾ ਵੀ ਹੈ। ਦੌਲਤ ਐਨੀ ਹੈ ਕਿ ਤਿੰਨੇ ਬਾਲ ਯੂਨੀਵਰਸਿਟੀਆਂ ਵਿਚੋਂ ਮਾਸਟਰ ਦੀ ਡਿਗਰੀ ਕਰ ਕੇ ਅਪਣੇ ਅਪਣੇ ਕੰਮਾਂ 'ਤੇ ਖ਼ੁਸ਼ ਹਨ। ਇਹ ਦੌਲਤ ਕਾਫ਼ੀ ਹੈ। ਇਸ ਤੋਂ ਵੱਧ ਦੌਲਤ ਹੁੰਦੀ ਤਾਂ ਡਾਕਟਰ ਨੇ ਲੂਣ, ਘਿਉ ਤੇ ਖੰਡ ਮਨ੍ਹਾਂ ਕਰ ਦੇਣੀ ਸੀ। ਨੀਂਦਰ ਉੱਡ ਜਾਣੀ ਸੀ ਤੇ ਭੁੱਖ ਮਰ ਜਾਣੀ ਸੀ। ਮੈਂ ਪੈਸੇ ਨੂੰ ਗਲ ਲਾ ਕੇ ਰੋਜ਼ ਮਰਿਆ ਕਰਨਾ ਸੀ... ਜਿਊਣ ਲਈ।

ਇਹ ਤੇ ਜਵਾਬ ਸੀ ਪਿੰਡ ਘੱਗਾ ਦੀ ਬੇਅੰਤ ਕੌਰ ਦੇ ਸਵਾਲ ਦਾ। ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ Mind your own 2usiness ਵਾਲੇ ਸਮਾਜ ਵਿਚ ਰਹਿ ਕੇ ਵੀ ਇਨਸਾਨਾਂ ਨਾਲੋਂ ਨਾਤਾ ਨਹੀਂ ਤੋੜ ਸਕਿਆ। ਮੈਨੂੰ ਅੱਜ ਵੀ ਕਿਸੇ ਬੇਵਸ ਦੇ ਅੱਥਰੂ ਰੋੜ੍ਹ ਕੇ ਲੈ ਜਾਂਦੇ ਹਨ। ਇਸ ਪੱਥਰ ਜ਼ਮਾਨੇ ਨਾਲ ਠੇਡਾ ਖਾ ਕੇ ਡਿੱਗੇ ਹੋਏ ਕਿਸੇ ਬਦਨਸੀਬ ਦਾ ਗੁੱਟ ਕਿਵੇਂ ਨਾ ਫੜਾਂ?

ਮੈਨੂੰ ਆਪ ਪਤਾ ਨਹੀਂ ਕਿ ਇਹ ਸਾਰਾ ਕੁੱਝ ਕਿਉਂ ਕਰਦਾ ਹਾਂ ਜਦ ਕਿ ਨਾ ਜੱਗ ਤੋਂ ਸ਼ੋਭਾ ਅਤੇ ਨਾ ਰੱਬ ਤੋਂ ਸਵਰਗ ਲੈਣ ਦਾ ਲਾਲਚ ਹੈ। ਸ਼ਾਇਦ ਇਹ ਦੁੱਖ ਦਾ ਟੁੱਕ ਮੇਰਾ ਬਚਪਨ ਵਿਚ ਹੀ ਮੈਨੂੰ ਚਾਰ ਗਿਆ ਸੀ। ਪਤਾ ਨਹੀਂ ਉਹ ਕਿਹੜੇ ਲੋਕ ਹਨ ਜਿਹੜੇ ਅਤੀਤ ਦੇ ਗ਼ਮਾਂ ਨੂੰ ਭੁੱਲ ਕੇ ਹੁਣ ਸੜਕ ਦੇ ਰੋਂਦੇ ਹੋਏ ਬਾਲ ਕੋਲੋਂ ਰੋਣ ਦਾ ਕਾਰਨ ਵੀ ਨਹੀਂ ਪੁਛਦੇ। ਕਿਸੇ ਮਨਾਖੇ ਨੂੰ ਸੜਕ ਪਾਰ ਕਰਾਉਣ ਦਾ ਵਿਹਲ ਨਹੀਂ।

ਇੰਜ ਦੇ ਲੋਕ ਜ਼ਮਾਨੇ ਤੋਂ ਬਦਲਾ ਲੈ ਰਹੇ ਹੁੰਦੇ ਹਨ। ਮੇਰਾ ਅਤੀਤ ਮੇਰੇ ਗਲੋਂ ਕਦੀ ਨਹੀਂ ਲੱਥਾ। ਖ਼ੌਰੇ ਇਸੇ ਲਈ ਹਰ ਦੁਖੀਏ ਨੂੰ ਗਲ ਲਾ ਲੈਂਦਾ ਹਾਂ। ਮੈਂ ਹਨੇਰਾ ਦੂਰ ਤਾਂ ਨਹੀਂ ਕਰ ਸਕਦਾ ਪਰ ਜੁਗਨੂੰ ਵਾਂਗ ਕੋਸ਼ਿਸ਼ ਤਾਂ ਕਰਦਾ ਹਾਂ। ਯੂਸਫ਼ ਤੇ ਨਹੀਂ ਸੀ ਖ਼ਰੀਦ ਸਕਦੀ ਪਰ ਇਕ ਬੁਢੜੀ ਅੱਟੀ ਫੜ ਕੇ ਮਿਸਰ ਦੇ ਬਾਜ਼ਾਰ ਵਿਚ ਤਾਂ ਗਈ ਸੀ।

ਉਸ ਦੀ ਅਵਾਜ਼ ਨਾਲ ਬੰਦਾ ਤੇ ਨਹੀਂ ਜਾਗ ਸਕਦਾ ਪਰ ਚਿੜੀ ਤਾਂ ਚੂਕਦੀ ਹੈ ਕਿ ਉੱਠ ਕਾਫ਼ਰਾ ਲੋਅ ਲੱਗ ਗਈ ਏ।
ਪੈਰ ਪੈਰ 'ਤੇ ਅੱਖੀਆਂ ਰੋਂਦੀਆਂ ਨੇ, ਕਦੀ ਅੱਥਰੂ ਕਿਸੇ ਦੇ ਪੀ ਤੇ ਸਹੀ।
ਕਦੀ ਆਲੇ ਦੁਆਲੇ 'ਤੇ ਮਾਰ ਝਾਤੀ, ਫੱਟ ਤੂੰ ਵੀ ਕਿਸੇ ਦੇ ਸੀ ਤੇ ਸਹੀ। (ਚਲਦਾ) 

-43 ਆਕਲੈਂਡ ਰੋਡ, 
ਲੰਡਨ-ਈ 15-2ਏਐਨ,  
ਫ਼ੋਨ : 0208-519 21 39​