ਜਾਹ ਨੀ ਰੋਟੀਏ ਖੋਟੀਏ ਜ਼ੁਲਮ ਕੀਤਾ (ਭਾਗ 3)
ਦੂਜੇ ਦਿਹਾੜੇ ਰਾਣੀ ਦੀ ਅੰਮਾਂ ਜੀ ਦੀ ਖ਼ਬਰ ਲੈਣ ਗਏ ਤੇ ਜਾਣ ਕੇ ਐਮਰਜੈਂਸੀ ਵਾਰਡ ਵਿਚੋਂ ਲੰਘੇ। ਸਬੱਬ ਨਾਲ ਉਹ ਕਰਮਾ ਮਾਰੀ ਕੁੜੀ ਵਿਚਾਰੀ ਇਕੱਲੀ ਹੀ ਸੁੱਜੀਆਂ ...
ਦੂਜੇ ਦਿਹਾੜੇ ਰਾਣੀ ਦੀ ਅੰਮਾਂ ਜੀ ਦੀ ਖ਼ਬਰ ਲੈਣ ਗਏ ਤੇ ਜਾਣ ਕੇ ਐਮਰਜੈਂਸੀ ਵਾਰਡ ਵਿਚੋਂ ਲੰਘੇ। ਸਬੱਬ ਨਾਲ ਉਹ ਕਰਮਾ ਮਾਰੀ ਕੁੜੀ ਵਿਚਾਰੀ ਇਕੱਲੀ ਹੀ ਸੁੱਜੀਆਂ ਹੋਈਆਂ ਅੱਖਾਂ ਨਾਲ ਇਕ ਟੱਕ ਛੱਤ ਵਲ ਵੇਖ ਰਹੀ ਸੀ। ਰਾਣੀ ਨੇ ਸਿਰ ਤੇ ਹੱਥ ਫੇਰ ਕੇ ਹਮਦਰਦੀ ਦੇ ਦੋ ਹੀ ਸ਼ਬਦ ਆਖੇ ਤਾਂ ਮੁੱਦਤਾਂ ਦੀ ਰੁਕੀ ਹੋਈ ਘਟਾ ਵਰ੍ਹਣ ਲੱਗ ਪਈ।
ਅਵਾਜ਼ ਬੰਦ ਹੋ ਜਾਣ ਦੀ ਵਜ੍ਹਾ ਨਾਲ ਟੁੱਟੇ ਫੁੱਟੇ ਲਫ਼ਜ਼ਾਂ ਵਿਚ ਆਖਣ ਲਗੀ, ''ਆਂਟੀ, ਮੇਰਾ ਪਿਉ ਮਰ ਗਿਆ ਏ। ਮੇਰਾ ਅੱਗੇ ਪਿਛੇ ਕੋਈ ਨਹੀਂ। ਦੋ ਵਰ੍ਹੇ ਪਹਿਲਾਂ ਇਹ ਲੋਕ ਮੈਨੂੰ ਨਿੱਕੇ ਜਹੇ ਪਿੰਡ ਵਿਚੋਂ ਵਿਆਹ ਕੇ ਲਿਆਏ ਸਨ।'' ਇਸ ਤੋਂ ਪਹਿਲਾਂ ਕਿ ਹੰਝੂਆਂ ਦਾ ਵਹਿਣ ਸਾਰਾ ਕੁੱਝ ਰੋੜ੍ਹ ਕੇ ਲੈ ਜਾਂਦਾ ਜਾਂ ਗ਼ਮ ਦੀ ਇਹ ਦਾਸਤਾਨ ਅੱਗੇ ਵਧਦੀ, ਮੈਂ ਰਾਣੀ ਨੂੰ ਆਖਿਆ ਵਿਜ਼ੇਟਰ ਆਉਣ ਲੱਗ ਪਏ ਨੇ। ਅਜੇ ਮੈਂ ਐਨਾ ਹੀ ਆਖਿਆ ਕਿ ਮੰਜੀ 'ਤੇ ਪਈ ਦੁਖਿਆਰੀ ਨੇ ਮਿੰਨਤ ਪਾ ਕੇ ਆਖਿਆ, ''ਰਾਤ ਦੇ ਦਸ ਵਜੇ ਤੋਂ ਬਾਅਦ ਮੇਰੇ ਕੋਲ ਕੋਈ ਨਹੀਂ ਹੁੰਦਾ।
ਆਂਟੀ ਜੀ ਤੁਸੀ ਮੇਰੀ ਗੱਲ ਜ਼ਰੂਰ ਸੁਣਿਉ। ਮੇਰਾ ਇਥੇ ਰੱਬ ਤੋਂ ਸਿਵਾ ਕੋਈ ਵੀ ਨਹੀਂ।'' ਇਹ ਸੁਣ ਕੇ ਰਾਣੀ ਨੇ ਅਪਣੀ ਚੁੰਨੀ ਨਾਲ ਨੱਕ ਪੂੰਝਿਆ ਤੇ ਮੈਨੂੰ ਪਤਾ ਲੱਗ ਗਿਆ ਕਿ ਜਦੋਂ ਅੱਖਾਂ ਦੀਆਂ ਟਿੰਡਾਂ ਵਰ੍ਹ ਪੈਣ ਤਾਂ ਨੱਕ ਦੀ ਆਡ ਵੀ ਵਗਣ ਲੱਗ ਪੈਂਦੀ ਏ। ਮੇਰੇ ਖ਼ਿਆਲ ਵਿਚ ਰਾਣੀ ਵਲੋਂ ਲੱਗੇ ਮੇਰੇ ਉਪਰ ਇਲਜ਼ਾਮ ਤੇ ਦਾਗ਼ ਧੱਬੇ ਵੀ ਇਸ ਪਾਣੀ ਨਾਲ ਹੀ ਧੋਤੇ ਗਏ ਹੋਣਗੇ। ਇਹ ਵੀ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਹਰ ਪਰਾਈ ਅੱਗ ਵਿਚ ਅਪਣੇ ਅਹਿਸਾਸ ਦਾ ਪੱਟ ਭੁੰਨ ਕੇ ਭੁੱਖੀ ਰੂਹ ਨੂੰ ਕਿਉਂ ਚਾਰਦਾ ਰਹਿੰਦਾ ਹਾਂ। ਇਨਸਾਨੀਅਤ ਦੀ ਤਾਣੀ ਸਿੱਧੀ ਰੱਖਣ ਲਈ ਹਰ ਇਕ ਨਾਲ ਤਾਅਲੁਕਾਤ ਦੀ ਤੰਦ ਕਿਉੁਂ ਜੋੜ ਲੈਂਦਾ ਹਾਂ?
ਰਾਣੀ ਦੀ ਮਾਂ ਦੇ ਸਰਹਾਣੇ ਕਈ ਗੁਲਦਸਤੇ, ਰੰਗ ਬਰੰਗੇ ਫੁੱਲ ਤੇ ਸ਼ਰਬਤ ਦੀਆਂ ਬੋਤਲਾਂ ਵੇਖ ਕੇ ਖ਼ਿਆਲ ਆਇਆ ਕਿ ਵਸਦਿਆਂ ਦੇ ਸੱਭ ਸਾਕ ਨੇ ਇਥੇ। ਰੱਜੇ ਹੋਏ ਲਈ ਬੜੀਆਂ ਰੋਟੀਆਂ ਤੇ ਪਟਾ ਪਏ ਹੋਏ ਕੁੱਤੇ ਨੂੰ ਕੋਈ ਵੱਟਾ ਵੀ ਨਹੀਂ ਮਰਦਾ। ਕਾਂ ਵੀ ਰੋਟੀ ਯਤੀਮ ਦੇ ਹੱਥੋਂ ਹੀ ਖਂੋਹਦਾ ਹੈ।
''ਅੰਮਾਂ ਜੀ ਦਸ ਵੱਜਣ ਵਾਲੇ ਹਨ ਤੇ ਅਸੀ ਹੁਣ ਚਲਦੇ ਹਾਂ।''
ਰਾਣੀ ਨੇ ਅੰਮਾਂ ਤੋਂ ਆਗਿਆ ਲਈ ਤੇ ਮੈਂ ਵੀ ਦੁਨੀਆਂਦਾਰੀ ਵਾਲਾ ਸਲਾਮ ਮਾਰ ਦਿਤਾ। ਵਾਰਡ ਵਿਚੋਂ ਨਿਕਲ ਕੇ ਰਾਣੀ ਨੇ ਮੇਰੇ ਤੋਂ ਵੀ ਪਹਿਲਾਂ ਐਮਰਜੈਂਸੀ ਵਾਰਡ ਦਾ ਰੁਖ਼ ਕੀਤਾ। ਕਿਉਂ ਨਾ ਕਰਦੀ? ਦੋ ਜਵਾਨ ਧੀਆਂ ਦੀ ਮਾਂ ਸੀ। ਇਸ ਪੱਥਰ ਵਰਗੇ ਦੇਸ਼ ਦੀ ਬੰਜਰ ਜ਼ਮੀਨ ਵਿਚ ਹਮਦਰਦੀ ਵਰਗੀ ਕੋਮਲ ਕਲੀ ਤੇ ਹੁਣ ਕੋਈ ਨਹੀਂ ਉਗਦੀ ਪਰ ਇਨਸਾਨੀਅਤ ਉਪਰ ਮਰਨ ਵਾਲੇ ਟਾਵੇਂ ਟਾਵੇਂ ਜੀਅ ਅੱਜ ਵੀ ਜੀਉਂਦੇ ਹਨ।ਆਲੇ ਦੁਆਲੇ ਝਾਤੀ ਮਾਰ ਕੇ ਅਸੀ ਕੁੜੀ ਦੇ ਬੈੱਡ ਕੋਲ ਰਖੀਆਂ ਕੁਰਸੀਆਂ ਉਤੇ ਜਾ ਬੈਠੇ।
ਕਿੰਨਾ ਚੰਗਾ ਹੁੰਦਾ ਕਿ ਇਹ ਸਾਰਾ ਕੁੱਝ ਝੂਠ ਤੇ ਇਕ ਘੜੀ ਹੋਈ ਕਹਾਣੀ ਜਾਂ ਇਕ ਫ਼ਰਜ਼ੀ ਕਿੱਸਾ ਹੁੰਦਾ ਪਰ ਇਹ ਸਾਰਾ ਕੁੱਝ ਸੱਚ ਸੀ। ਉਸ ਗ਼ਰੀਬ ਦੇ ਇਕ ਇਕ ਹੰਝੂ ਵਿਚ ਸੌ ਸੌ ਹਾੜੇ ਤੇ ਪੈਰ ਪੈਰ 'ਤੇ ਇਨਸਾਨੀਅਤ ਦਾ ਕਤਲ ਸੀ। ਸੋਚਦਾ ਹਾਂ ਇਸ ਦੁਨੀਆਂ ਵਿਚ ਕੀ ਕੀ ਹੋਣ ਲੱਗ ਪਿਆ ਹੈ। ਸਾਨੂੰ ਵੇਖਦਿਆਂ ਹੀ ਉਸ ਨੇ ਅਪਣੀ ਧੌਣ ਤੋਂ ਲੀੜਾ ਚੁੱਕ ਕੇ ਅਪਣੇ ਜ਼ਖ਼ਮ ਤੇ ਡੂੰਘੇ ਨੀਲ ਵਿਖਾਏ। ਸਾਫ਼ ਪਤਾ ਲਗਦਾ ਸੀ ਕਿ ਕਿਸੇ ਨੇ ਗੱਲ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ।
ਮੈਂ ਜਦੋਂ ਇਸ ਦਾ ਕਾਰਨ ਪੁਛਿਆ ਤਾਂ ਅਵਾਜ਼ ਤੋਂ ਪਹਿਲਾਂ ਅਥਰੂ ਬੋਲ ਪਏ। ਰਾਣੀ ਨੇ ਸਿਰ ਤੇ ਪਿਆਰ ਦੇ ਕੇ ਹੌਂਸਲਾ ਦਿਤਾ ਤੇ ਕੁੜੀ ਨੇ ਬੋਲਣ ਦੀ ਕੋਸ਼ਿਸ ²ਕੀਤੀ। ਪਰ ਬੜੀ ਹੀ ਔਖਿਆਈ ਨਾਲ ਟੁੱਟ ਟੁੱਟ ਕੇ ਅਵਾਜ਼ ਨਿਕਲਦੀ ਸੀ। ਦੂਰ ਬੈਠੀ ਨਰਸ ਨੇ ਮਰੀਜ਼ ਦੀ ਔਖਿਆਈ ਵੇਖੀ ਤੇ ਸਾਡੇ ਕੋਲ ਆ ਕੇ ਆਖਣ ਲੱਗੀ, ''ਮਿਹਰਬਾਨੀ ਕਰ ਕੇ ਮਰੀਜ਼ ਨੂੰ ਤੰਗ ਨਾ ਕਰੋ। ਇਸ ਦੇ ਸੰਘ ਵਿਚੋਂ ਖ਼ੂਨ ਦਾ ਲੋਥੜਾ ਅਜੇ ਪੂਰੀ ਤਰ੍ਹਾਂ ਨਹੀਂ ਨਿਕਲਿਆ'' ਨਰਸ ਦੀ ਗੱਲ ਨੂੰ ਸੁਣ ਕੇ ਇਸ ਬੁਝਾਰਤ ਨੂੰ ਬੁੱਝਣ ਦੀ ਜ਼ਰੂਰਤ ਹੋਰ ਵੀ ਗਲ ਗਲ ਆ ਗਈ।
ਇਸ ਰਾਜ਼ ਨੂੰ ਜਾਣਨ ਦੀ ਅਚਿਉਂ ਵੱਢ ਵੱਢ ਖਾਣ ਲੱਗ ਪਈ। ਇਕ ਪਾਸੇ ਗੋਰੀ ਨਰਸ ਦਾ ਡਰ ਤੇ ਦੂਜੇ ਪਾਸੇ ਘਸਮੈਲੇ ਲੋਕਾਂ ਦੀ ਕਾਲੀ ਕਰਤੂਤ ਜਾਣਨ ਦੀ ਤਾਂਘ। ਹਸਪਤਾਲ ਦਾ ਸਮਾਂ ਵੀ ਮੁੱਕ ਗਿਆ ਸੀ ਪਰ ਨਰਸ ਇਧਰ ਉਧਰ ਹੋਈ ਤਾਂ ਅਸੀ ਕੁੜੀ ਨੂੰ ਫਿਰ ਹੱਲਾਸ਼ੇਰੀ ਦਿਤੀ। ਸਮੇਂ ਨੇ ਮਿਹਰਬਾਨੀ ਕੀਤੀ ਤੇ ਅਸੀ ਮਾਮਲੇ ਦੀ ਅਸਲੀਅਤ ਤਕ ਅੱਪੜ ਗਏ।18 ਵਰ੍ਹਿਆਂ ਦੀ ਖ਼ੂਬਸੂਰਤ ਮਾਸੂਮ ਜਹੀ ਕੁੜੀ ਨੇ ਰੋ ਰੋ ਕੇ ਦਸਿਆ ਕਿ ਉਹ ਕਿਵੇਂ ਭੇੜੀਏ ਦੇ ਹੱਥੇ ਚੜ੍ਹੀ? ਆਖਣ ਲੱਗੀ, ''ਆਂਟੀ, ਅਸੀ ਕੋਹ ਮਰੀ ਨੇੜੇ ਇਕ ਪਿੰਡ ਗੋਂਦਲਪੁਰ ਦੇ ਵਾਸੀ ਹਾਂ। ਅਜੇ ਨਿੱਕੀ ਹੀ ਸਾਂ ਜਦੋਂ ਪਿਉ ਚਲਾਣਾ ਕਰ ਗਿਆ।
ਮਾਮੇ ਦੇ ਘਰ ਹੀ ਉਸ ਦੀਆਂ ਬਕਰੀਆਂ ਚਾਰਦੀ ਚਾਰਦੀ ਪੱਟ ਪਠੂਰਿਆਂ ਨਾਲ ਮੈਂ ਵੀ ਜਵਾਨ ਹੋ ਗਈ। ਪੁੱਤ ਦੀ ਜਵਾਨੀ ਮਾਪਿਆਂ ਦਾ ਮਾਣ ਤੇ ਧੀ ਦੀ ਜਵਾਨੀ ਮਾਪਿਆਂ ਲਈ ਮੁਸੀਬਤ ਬਣ ਜਾਂਦੀ ਹੈ। ਮਾਮੇ ਦੇ ਮੋਢੇ ਮੇਰਾ ਭਾਰ ਨਾ ਸਹਾਰ ਸਕੇ ਤੇ ਉਸ ਨੇ ਪਹਾੜਾਂ ਦੀ ਗ਼ਰੀਬੀ ਵਿਚੋਂ ਹੀ ਮੇਰੇ ਲਈ ਇਕ ਸਾਕ ਭਾਲ ਲਿਆ। ਬਕਰੀਆਂ ਦੀ ਛੇੜ ਲਈ ਮਾਮੇ ਨੇ ਮੱਝਾਂ ਦਾ ਵਾਗੀ ਲੱਭ ਲਿਆ। ਇਹ ਵੇਖ ਕੇ ਮਾਂ ਨੂੰ ਹੌਲ ਪੈ ਗਿਆ।
ਉਸ ਨੇ ਰੋ ਕੇ ਮਾਮੇ ਨੂੰ ਆਖਿਆ ਕਿ ਅੱਜ ਮੇਰੇ ਸਿਰ ਦਾ ਸਾਈਂ ਤੇ ਧੀ ਦਾ ਪਿਉ ਨਹੀਂ ਹੈਗਾ, ਇਸੇ ਕਰ ਕੇ ਹੀ ਮੇਰੀ ਹੀਰੇ ਜਹੀ ਧੀ ਨੂੰ ਰੋੜ੍ਹ ਦੇਣ ਲੱਗਾ ਏਂ। ਮਾਂ ਤੇ ਮਾਮਾ ਅਜੇ ਲੜਦੇ ਭਿੜਦੇ ਹੀ ਸਨ ਕਿ ਵਲਾਇਤੋਂ ਮਾਸ ਅਤੇ ਮਾਇਆ ਦੇ ਵਪਾਰੀ ਆ ਗਏ। ਕੋਹ ਮਰੀ ਤੋਂ ਫੁੱਫੀ ਖ਼ੈਰਾਂ ਹਸਦੀ ਖੇਡਦੀ ਆਈ ਤੇ ਮੇਰੀ ਮਾਂ ਦੇ ਕੰਨ ਵਿਚ ਕੋਈ ਬੜੀ ਖ਼ੁਸ਼ੀ ਦੀ ਖ਼ਬਰ ਪਾਈ ਜਿਸ ਨੂੰ ਸੁਣ ਕੇ ਮਾਂ ਖਿੜ ਉਠੀ। ਘਰ ਵਿਚ ਭਾਜੜ ਪੈ ਗਈ। ਮਾਂ ਤੇ ਮਾਮੇ ਨੇ ਫੁੱਫੀ ਖ਼ੈਰਾਂ ਦੇ ਗੋਡੇ ਫੜ ਕੇ ਆਖਿਆ, ''ਨੀ ਖ਼ੈਰਾਂ ਜੇ ਤੇਰੇ ਹੱਥੋਂ ਸਾਡਾ ਇਹ ਭਲਾ ਹੋ ਜਾਏ ਤਾਂ ਸਮਝੋ ਕੁਲਾਂ ਤਰ ਗਈਆਂ।''
ਖ਼ੈਰਾਂ ਨੇ ਤਸੱਲੀ ਦੇਂਦਿਆਂ ਆਖਿਆ, ''ਤੁਸੀ ਵਹਿਮ ਨਾ ਕਰੋ, ਕੁੜੀ ਚੰਗੀ ਭਲੀ ਮੂੰਹ ਮੱਥੇ ਲਗਦੀ ਏ ਤੇ ਮੈਨੂੰ ਆਸ ਹੈ ਕਿ ਲੰਦਨ ਤੋਂ ਆਏ ਹੋਏ ਲੋੜਵੰਦਾਂ ਦੇ ਦਿਲ ਵਿਚ ਖੁੱਭ ਜਾਏਗੀ।''ਤੀਜੇ ਦਿਹਾੜੇ ਸਾਡੇ ਬੂਹੇ ਅੱਗੇ ਇਕ ਕਾਰ ਆਣ ਖਲੋਤੀ ਤੇ ਵਪਾਰੀਆਂ ਮੈਨੂੰ ਸੌਦਾਗਰਾਂ ਦੀ ਅੱਖ ਨਾਲ ਅੱਗੋਂ ਪਿਛੋਂ ਵੇਖਿਆ ਤੇ ਲਾਲਚ ਦੀ ਤਕੜੀ ਵਿਚ ਤੋਲਿਆ। ਮੈਂ ਜਿਵੇਂ ਕਿਸੇ ਮੰਡੀ ਦਾ ਭਾਰੂ ਸਾਂ। ਕੋਈ ਨਿੱਕੀ ਮੋਟੀ ਗੱਲਬਾਤ ਮੇਰੀ ਮਾਂ ਤੇ ਮਾਮੇ ਨਾਲ ਹੋਈ ਤੇ ਉਹ ਚਲੇ ਗਏ। ਉਹ ਲੰਮੀ ਕਾਰ ਇਕ ਵਾਰ ਫਿਰ ਆਈ ਤੇ ਸੌਦਾ ਪੱਕਾ ਹੋ ਗਿਆ।
ਚੌਥੇ ਦਿਹਾੜੇ ਇਕ ਅਧਖੜ ਜਹੇ ਬੰਦੇ ਨਾਲ ਮਸੀਤ ਵਿਚ ਮੇਰਾ ਨਿਕਾਹ ਪੜ੍ਹਿਆ ਗਿਆ। ਵਪਾਰੀ ਨੇ ਇਸਲਾਮਾਬਾਦ ਤੋਂ ਮੇਰਾ ਵੀਜ਼ਾ ਲਗਵਾਇਆ ਤੇ ਮੇਰੀ ਮਾਂ ਨੇ ਮੈਨੂੰ ਰੋਟੀ ਤੋਂ ਸਾਂਵੀਂ ਤੋਲ ਕੇ ਮੇਰੇ ਪਿਉ ਜਿੱਡੇ ਖ਼ਾਵੰਦ ਨਾਲ ਜਹਾਜ਼ 'ਤੇ ਚਾੜ੍ਹ ਦਿਤਾ। ਲੰਦਨ ਆ ਕੇ ਪਤਾ ਲੱਗਾ ਕਿ ਮੈਂ ਵੀ ਉਸ ਮੰਡੀ ਵਿਚ ਆ ਗਈ ਹਾਂ ਜਿਥੇ ਇਨਸਾਨਾਂ ਦੀ ਬੇਵਸੀ ਦਾ ਮੁੱਲ ਵਟਿਆ ਜਾਂਦਾ ਏ, ਜਿਥੇ ਮਾਲ ਬਦਲੇ ਮਾਸ ਵਿਕਦਾ ਹੈ, ਜਿਥੇ ਰੋਟੀ ਲਈ ਸ਼ਰਾਫ਼ਤ ਤੇ ਇਨਸਾਨੀਅਤ ਨੂੰ ਬਾਲ ਕੇ ਸੇਕਿਆ ਜਾਂਦਾ ਹੈ।
ਮੈਨੂੰ ਲੰਦਨ ਆ ਕੇ ਖ਼ਬਰ ਹੋਈ ਕਿ ਮੇਰਾ ਖ਼ਾਵੰਦ ਮਜਬੂਰ ਮਾਪਿਆਂ ਕੋਲੋਂ ਰਕਮ ਲੈ ਕੇ ਗ਼ਰੀਬਾਂ ਦੀਆਂ ਧੀਆਂ ਨਾਲ ਵਿਆਹ ਕਰ ਕੇ ਲੰਦਨ ਲੈ ਆਉਂਦਾ ਹੈ। ਫਿਰ ਉਨ੍ਹਾਂ ਦੀ ਪੱਕੀ ਸਟੇਅ ਲਈ ਸ਼ਰਤ ਉਪਰ ਲਿਖਵਾਉਂਦਾ ਹੈ ਕਿ ਕੁੜੀ ਨੂੰ ਤਲਾਕ ਦੇਣ ਤੋਂ ਬਾਅਦ ਉਹ ਕਿਸੇ ਅਪਣੀ ਮਰਜ਼ੀ ਦੇ ਬੰਦੇ ਨਾਲ ਦੁਬਾਰਾ ਵਿਆਹ ਕਰਾ ਦੇਵੇਗਾ।
ਫਿਰ ਪਾਕਿਸਤਾਨ ਤੋਂ ਕਿਸੇ ਜ਼ਰੂਰਤਮੰਦ ਬੰਦੇ ਨਾਲ ਸੱਤ ਤੋਂ ਦਸ ਲੱਖ ਰੁਪਏ ਦਾ ਸੌਦਾ ਕਰ ਕੇ ਇਸ ਲੀਗਲ ਕੁੜੀ ਨਾਲ ਵਿਆਹ ਲਈ ਵੀਜ਼ਾ ਲਗਾ ਕੇ ਇੰਗਲੈਂਡ ਬੁਲਾਉਂਦਾ ਹੈ। ਮੇਰੇ ਤੋਂ ਪਹਿਲਾਂ ਦੋ ਕੁੜੀਆਂ ਦਾ ਕਾਰੋਬਾਰ ਇਹ ਕਰ ਚੁਕਿਆ ਹੈ।''ਗੱਲ ਪੂਰੀ ਦੀ ਪੂਰੀ ਸਾਡੀ ਸਮਝ ਵਿਚ ਆ ਗਈ ਪਰ ਕੁੜੀ ਦੀ ਇਮਦਾਦ ਕਰਨਾ ਬੜਾ ਔਖਾ ਲੱਗਾ ਕਿਉਂਕਿ ਇਹ ਪੇਸ਼ਾਵਰ ਮੁਜਰਮ ਖ਼ਤਰਨਾਕ ਵੀ ਹੁੰਦੇ ਨੇ। ਮੈਂ ਰਾਣੀ ਨਾਲ ਸਲਾਹ ਕੀਤੀ ਤੇ ਉਸ ਨੇ ਨਿਘਰਿਆ ਜਿਹਾ ਹੁੰਗਾਰਾ ਭਰਿਆ।
ਬਚ ਬਚਾਅ ਕੇ ਕਰਨ ਵਾਲੀ ਕਮਜ਼ੋਰ ਜਹੀ ਮਦਦ ਇਹ ਸੀ ਕਿ ਮਹਿਕਮਾ ਸੋਸ਼ਲ ਸਰਵਸਿਜ਼ ਨੂੰ ਦਸਿਆ ਜਾਵੇ। ਇਹ ਕੰਮ ਕਰ ਕੇ ਡਰਦੇ ਮਾਰੇ ਤਿੰਨ ਦਿਨ ਉਸ ਵਾਰਡ ਵਿਚ ਅਸੀ ਨਾ ਵੜੇ। ਪਰ ਚੌਥੇ ਦਿਨ ਨਰਸ ਤੋਂ ਪਤਾ ਲੱਗਾ ਕਿ ਸਾਰੇ ਮਾਮਲੇ ਦਾ ਭੇਤ ਖੁਲ੍ਹ ਗਿਆ ਹੈ। ਕੁੜੀ ਨੂੰ ਸੋਸ਼ਲ ਸਰਵਸਿਜ਼ ਵਾਲੇ ਲੈ ਗਏ ਤੇ ਬੰਦੇ ਨੂੰ ਗਲਾ ਘੁੱਟਣ ਦੇ ਜ਼ੁਰਮ ਵਿਚ ਪੁਲਿਸ ਨੇ ਫੜ ਲਿਆ ਹੈ।
ਇਹ ਕੋਈ ਘੜਿਆ ਹੋਇਆ ਕਿੱਸਾ ਜਾਂ ਬੁਣੀ ਹੋਈ ਕਹਾਣੀ ਨਹੀਂ। ਇਹ ਮੇਰੇ ਆਜ਼ਾਦ ਦੇਸ਼ ਦੀ ਗ਼ਰੀਬੀ ਦਾ ਇਕ ਦਰਦਨਾਕ ਵੈਣ ਹੈ ਜੋ ਸਿਰਫ਼ ਮਹਿਸੂਸ ਕਰਨ ਵਾਲੇ ਨੂੰ ਹੀ ਸੁਣਾਈ ਦੇਂਦਾ ਹੈ। ਇਹ ਮੇਰੇ ਦੇਸ਼ ਦੀ ਬੇਟੀ ਦੇ ਟੁੱਟੇ ਹੋਏ ਅਰਮਾਨਾਂ ਦੀਆਂ ਚਿੱਪਰਾਂ ਹਨ ਜੋ ਸਿਰਫ਼ ਅਹਿਸਾਸ ਦੇ ਪੈਰਾਂ ਨੂੰ ਹੀ ਜ਼ਖ਼ਮੀ ਕਰਦੀਆਂ ਹਨ। ਇਕ ਰੋਟੀ ਦੇ ਰੱਸੇ ਵਿਚੋਂ ਗਰਦਨ ਬਚਾਉਣ ਲਈ ਮੇਰਾ ਦੇਸ਼ ²ਟੋਰ ਦੇਂਦਾ ਹੈ ਦਿਲ ਦੇ ਟੁਕੜੇ ਨੂੰ ਬੇਯਕੀਨੀ ਦੇ ਗੁੰਗੇ ਖ਼ੂਹ ਵਲ।
ਰੱਬ ਸ਼ਰਮਾਂ ਰੱਖੇ ਇਸ ਧੀ ਦੀਆਂ।
-43 ਆਕਲੈਂਡ ਰੋਡ,
ਲੰਡਨ-ਈ 15-2ਏਐਨ,
ਫ਼ੋਨ : 0208-519 21 39