ਪੰਜਾਬ ਦੇ ਇਤਿਹਾਸ ਦਾ ਵਿਵਾਦ ਆਉ ਆਪਾਂ ਅਪਣੇ ਘਰ ਦੀ ਸਵੈ-ਪੜਚੋਲ ਕਰੀਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਸਕੂਲ ਸਿਖਿਆ ਬੋਰਡ ਦੇ ਸਕੂਲਾਂ ਦੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਹੋਣ ਦੀ ਗੱਲ ਕਰੀਏ ਤਾਂ ਕੁੱਝ ਲੋਕ ਇਲਜ਼ਾਮ ਲਗਾ ਰਹੇ ਹਨ ਅਤੇ ਕੁੱਝ ਲੋਕ ...

Gurudwara

ਪੰਜਾਬ ਸਕੂਲ ਸਿਖਿਆ ਬੋਰਡ ਦੇ ਸਕੂਲਾਂ ਦੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਹੋਣ ਦੀ ਗੱਲ ਕਰੀਏ ਤਾਂ ਕੁੱਝ ਲੋਕ ਇਲਜ਼ਾਮ ਲਗਾ ਰਹੇ ਹਨ ਅਤੇ ਕੁੱਝ ਲੋਕ ਉਨ੍ਹਾਂ ਨੂੰ ਝੂਠ ਤੇ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਹਨ। ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਉਪਰ ਲੋਕਾਂ ਨੂੰ ਦਸਿਆ ਜਾ ਰਿਹਾ ਹੈ। ਤਰ੍ਹਾਂ-ਤਰ੍ਹਾਂ ਦੇ ਮਸਾਲੇ ਲਗਾ ਕੇ ਟੀ.ਵੀ. ਚੈਨਲ ਉਸ ਨੂੰ ਬਹਿਸ ਦਾ ਮੁੱਦਾ ਬਣਾ ਰਹੇ ਹਨ। ਕਈ ਵੀਰ ਤਾਂ ਇਸ ਬਹਿਸ ਨੂੰ ਇਸ ਹੱਦ ਤਕ ਲੈ ਜਾਂਦੇ ਹਨ ਕਿ ਪੰਜਾਬ ਨੂੰ ਦੁਬਾਰਾ ਅੱਗ ਵਿਚ ਸੁੱਟਣ ਤਕ ਦੀ ਗੱਲ ਕਹਿ ਜਾਂਦੇ ਹਨ, ਜੋ ਕਿ ਬਹੁਤ ਮੰਦਭਾਗੀ ਗੱਲ ਹੈ।

ਜਦੋਂ ਕਿਸੇ ਕੌਮ ਦੇਸ਼ ਦੀ ਚੜ੍ਹਤ ਹੁੰਦੀ ਹੈ ਤਾਂ ਉਸ ਉਪਰ ਬਾਹਰੀ ਹਮਲੇ ਹੋਣੇ ਤੈਅ ਹੀ ਹੁੰਦੇ ਹਨ। ਸਾਡੇ ਪੰਜਾਬੀਆਂ ਅਤੇ ਸਿੱਖ ਇਤਿਹਾਸ ਦੀ ਦੁਨੀਆਂ ਭਰ ਵਿਚ ਚੜ੍ਹਤ ਹੈ ਤਾਂ ਵੇਖਣ ਵਾਲੀ ਗੱਲ ਹੈ ਕਿ ਅਸੀ ਸਾਰੀਆਂ ਧਾਰਮਕ ਜਥੇਬੰਦੀਆਂ, ਕਥਾਵਾਚਕਾਂ, ਖ਼ਾਲਸਾ ਯੂਨੀਵਰਸਟੀਆਂ ਅਤੇ ਕਾਨੂੰਨ ਅਨੁਸਾਰ ਬਣੀਆਂ ਸੰਸਥਾਵਾਂ ਨੇ ਕੀ-ਕੀ ਯੋਗਦਾਨ ਪਾਇਆ ਹੈ ਤਾਕਿ ਸਾਡੇ ਮਾਣਮੱਤੇ ਇਤਿਹਾਸ ਦੀ ਜਾਣਕਾਰੀ ਲੋਕਾਂ ਨੂੰ ਮਿਲ ਸਕੇ? ਅੱਜ ਦੀ ਨਵੀਂ ਸੂਚਨਾ ਤਕਨੀਕ ਨਾਲ ਬਹੁਤ ਕੁੱਝ ਕੀਤਾ ਜਾ ਸਕਦਾ ਸੀ ਪਰ ਆਪਾਂ ਇਸ ਮਸਲੇ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੇ ਹਾਂ।

ਪਹਿਲੀ ਗੱਲ ਸਕੂਲ ਦੀ ਕਿਤਾਬ ਬਾਰੇ ਜੋ ਸਕੂਲ ਪੰਜਾਬ ਵਿਚ ਸਥਿਤ ਹਨ ਪੰਜਾਬ ਦਾ ਇਤਿਹਾਸ, ਸਿੱਖ ਇਤਿਹਾਸ ਦੀ ਜਾਣਕਾਰੀ ਹੋਣਾ ਸੱਭ ਵਿਦਿਆਰਥੀ ਵਾਸਤੇ ਲਾਹੇਵੰਦ ਹੈ, ਭਾਵੇਂ ਉਹ ਵੀਰ ਕਿਸੇ ਧਰਮ ਜਾਤ ਨਾਲ ਸਬੰਧ ਰਖਦਾ ਹੋਵੇ।ਸਿੱਖ ਇਤਿਹਾਸ ਬੱਚਿਆਂ ਨੂੰ ਆਤਮਵਿਸ਼ਵਾਸ, ਸਵੈਰਖਿਆ ਤੇ ਚੜ੍ਹਦੀਕਲਾ ਵਾਲਾ ਸੱਚਾ-ਸੁੱਚਾ ਇਨਸਾਨ ਬਣਾਉਣ ਲਈ ਮਾਹਰ ਇਤਿਹਾਸਕਾਰਾਂ, ਬੁੱਧੀਜੀਵੀਆਂ ਦੀ ਕਮੇਟੀ ਹੋਣੀ ਚਾਹੀਦੀ ਹੈ ਨਾਕਿ ਸਿਆਸਤਦਾਨਾਂ ਦੀ। ਸਲੇਬਸ ਨੂੰ ਅਕਾਦਮਿਕ ਤਰੀਕੇ ਨਾਲ ਲੈਣਾ ਚਾਹੀਦਾ ਹੈ ਨਾਕਿ ਵੋਟ ਰਾਜਨੀਤੀ ਵਾਸਤੇ।

ਸਲੇਬਸ ਜੋੜਨਾ ਜਾਂ ਮਨਫ਼ੀ ਕਰਨਾ, ਇਸ ਲਈ ਤਾਂ ਅਸੀ ਸਰਕਾਰ ਉਪਰ ਨਿਰਭਰ ਹਾਂ ਪਰ ਆਉ ਆਪਾਂ ਅਪਣੀ ਕਾਰਗੁਜ਼ਾਰੀ ਵਲੋਂ ਨਜ਼ਰ ਮਾਰੀਏ।
ਸਾਡੇ ਕੋਲ ਸਿੱਖ ਇਤਿਹਾਸ ਨੂੰ ਜਾਂ ਪੰਜਾਬ ਦੇ ਇਤਿਹਾਸ ਨੂੰ, ਲੋਕਾਂ ਤਕ ਪਹੁੰਚਾਉਣ ਵਾਸਤੇ ਸੱਭ ਦੁਨੀਆਂ ਨਾਲੋਂ ਵੱਡੀ ਸਟੇਜ ਹੈ, ਸਾਡੇ ਪਵਿੱਤਰ ਗੁਰਦਵਾਰੇ। ਅੱਜ ਆਮ ਇਨਸਾਨ ਜੇਕਰ ਗੁਰਦਵਾਰੇ ਜਾਂਦਾ ਹੈ ਤਾਂ ਉਹ ਇਕ ਪ੍ਰੋਗਰਾਮ ਅਨੁਸਾਰ ਜੋੜੇ ਲਾਹ ਕੇ, ਸਿਰ ਢੱਕ ਕੇ ਅਤੇ ਪੈਰ ਧੋ ਕੇ ਅੰਦਰ ਜਾਂਦਾ ਹੈ। ਉਹ ਇਨਸਾਨ ਕੜਾਹ ਪ੍ਰਸ਼ਾਦ ਲੈਂਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ, ਜੇਕਰ ਲੰਗਰ ਹੈ ਤਾਂ ਪ੍ਰਸ਼ਾਦਾ ਛੱਕ ਕੇ ਬਾਹਰ ਆ ਜਾਂਦਾ ਹੈ।

ਜ਼ਰਾ ਧਿਆਨ ਨਾਲ ਸੋਚਣਾ ਕਿ ਇਸ ਸਾਰੇ ਪ੍ਰੋਗਰਾਮ ਵਿਚ ਕਿੱਥੇ ਹੈ ਸਾਡਾ ਸਿੱਖੀ ਇਤਿਹਾਸ ਜਾਂ ਪੰਜਾਬ ਦਾ ਇਤਿਹਾਸ? ਅਸੀ ਇਕ ਵਧੀਆ ਪਲੇਟਫ਼ਾਰਮ ਨੂੰ ਗਵਾ ਰਹੇ ਹਾਂ।ਜਿਸ ਕਿਸੇ ਗੁਰਦਵਾਰਾ ਸਾਹਿਬ ਵਿਚ ਅਸੀ ਜਾਂਦੇ ਹਾਂ, ਉਥੇ ਪਹਿਲੀ ਗੱਲ ਤਾਂ ਉਸ ਗੁਰਦਵਾਰੇ ਨਾਲ ਸਬੰਧਤ ਇਤਿਹਾਸ ਦੀ ਕਿਤਾਬ ਮਿਲਦੀ ਹੀ ਨਹੀਂ। ਕਿਤਾਬਾਂ ਦੀ ਦੁਕਾਨ ਵੱਡੇ ਤੋਂ ਵੱਡੇ ਇਤਿਹਾਸਕ ਗੁਰਦਵਾਰਿਆਂ ਵਿਚ ਵੀ ਇਕ ਪਾਸੇ ਜਹੇ ਕੋਨੇ ਵਿਚ ਲਾਈ ਹੁੰਦੀ ਹੈ, ਜਿਵੇਂ ਕਿਤਾਬਾਂ ਸਿੱਖਾਂ ਨਾਲ ਰੁੱਸੀਆਂ ਹੋਣ ਜਾਂ ਪ੍ਰਬੰਧਕ ਸਾਨੂੰ ਉਸ ਪੱਕੇ ਪ੍ਰੋਗਰਾਮ ਵਿਚ ਹੀ ਰਹਿਣ ਲਈ ਲੋਚ ਰਹੇ ਹਨ।

ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਕਿਤਾਬ ਬਾਕੀ ਕੁੱਝ ਬਾਅਦ ਵਿਚ ਪਰ ਕਿਤਾਬ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੀ। ਫਿਰ ਅਸੀ ਦੂਜਿਆਂ ਉਪਰ ਕਿਉਂ ਦੋਸ਼ ਮੜ੍ਹ ਰਹੇ ਹਾਂ? ਸਾਡੇ ਗੁਰਦਵਾਰਾ ਸਾਹਿਬ ਬਹੁਤ ਚੰਗੇ ਕੰਮ ਵੀ ਕਰ ਰਹੇ ਹਨ ਪਰ ਇਸ ਪੱਖ ਤੋਂ ਅਸੀ ਬਹੁਤ ਪਿਛੜ ਚੁੱਕੇ ਹਾਂ। ਗੁਰਦਵਾਰਾ ਸਾਹਿਬ ਨੂੰ ਪਹਿਲਾਂ ਪਾਠਸ਼ਾਲਾ ਦੇ ਤੌਰ ਤੇ ਹੋਣਾ ਚਾਹੀਦਾ ਹੈ ਜਿਸ ਨੂੰ ਅਸੀ ਬਣਾ ਨਹੀਂ ਸਕੇ। ਜੇਕਰ ਕਿਤੇ ਗੁਰਦਵਾਰਾ ਸਾਹਿਬ ਵਿਚ ਕਿਤਾਬ ਮਿਲ ਵੀ ਜਾਵੇ ਤਾਂ ਉਸ ਦੀ ਕੀਮਤ ਏਨੀ ਹੁੰਦੀ ਹੈ ਕਿ ਇਕ ਗ਼ਰੀਬ ਸਿੱਖ ਖ਼ਰੀਦ ਹੀ ਨਹੀਂ ਸਕਦਾ।

ਦੂਜੀ ਗੱਲ ਬਹੁਤ ਘੱਟ ਗੁਰਦਵਾਰਿਆਂ ਵਿਚ ਯੋਗ ਪੜ੍ਹੇ-ਲਿਖੇ ਗ੍ਰੰਥੀ ਨਹੀਂ ਹਨ, ਜਿਨ੍ਹਾਂ ਨੂੰ ਗੁਰਬਾਣੀ ਦਾ ਸਹੀ ਉਚਾਰਣ ਹੀ ਨਹੀਂ ਆਉਂਦਾ। ਜੇਕਰ ਗੁਰਬਾਣੀ ਦਾ ਅਸੀ ਗ਼ਲਤ ਉਚਾਰਣ ਕਰ ਰਹੇ ਹਾਂ ਜਾਂ ਉਸ ਦੇ ਗ਼ਲਤ ਅਰਥ ਲੋਕਾਂ ਤਕ ਪੁਜਦੇ ਕਰ ਰਹੇ ਹਾਂ ਤਾਂ ਗੁਰਬਾਣੀ ਦੀ ਬੇਅਦਬੀ ਹੈ, ਜੋ ਬਾਹਰੀ ਤਾਕਤਾਂ ਨੇ ਕੀ ਕਰਨੀ ਹੈ ਅਸੀ ਖ਼ੁਦ ਹੀ ਕਰਵਾਈ ਜਾ ਰਹੇ ਹਾਂ। ਇਕ ਵਾਰ ਮੈਂ ਬਾਹਰੋਂ ਆਏ ਕੁੱਝ ਬੱਚਿਆਂ ਨੂੰ ਨਾਲ ਲੈ ਕੇ ਇਕ ਇਤਿਹਾਸਕ ਗੁਰਦਵਾਰਾ ਸਾਹਿਬ ਗਿਆ।

ਮੇਰੀ ਦਿਲਚਸਪੀ ਇਸ ਗੱਲ ਵਿਚ ਸੀ ਕਿ ਉਹ ਬੱਚੇ ਸਾਡੇ ਗੁਰਦਵਾਰਿਆਂ ਬਾਰੇ ਅਤੇ ਸਿੱਖ ਇਤਿਹਾਸ ਬਾਰੇ ਉਤਸ਼ਾਹਿਤ ਹੋਣ ਪਰ ਚਾਰ-ਪੰਜ ਥਾਵਾਂ ਤੇ ਮੱਥਾ ਟੇਕਣ ਅਤੇ ਪ੍ਰਸ਼ਾਦ ਲੈਣ ਤੋਂ ਬਾਅਦ ਬਾਹਰ ਆ ਗਏ। ਉਨ੍ਹਾਂ ਨੇ ਇੰਗਲਿਸ਼ ਵਿਚ ਕਿਤਾਬਾਂ ਦੀ ਮੰਗ ਕੀਤੀ ਪਰ ਉਥੇ ਪੰਜਾਬੀ ਵਿਚ ਵੀ ਨਾ ਮਿਲੀਆਂ। ਉਨ੍ਹਾਂ ਬੱਚਿਆਂ ਦੀਆਂ ਅੱਖਾਂ ਵਿਚ ਇਕ ਸਵਾਲ ਸੀ ਕਿ ਇਥੇ ਅਸੀ ਕੀ ਕਰਨ ਆਏ ਹਾਂ? ਬਸ! ਬਹੁਤ ਸੋਹਣੇ ਪੱਥਰਾਂ ਨਾਲ ਬਣੀ ਇਮਾਰਤ ਦੇ ਦਰਸ਼ਨ ਹੋ ਗਏ? 

ਕਿੰਨਾ ਚੰਗਾ ਹੁੰਦਾ ਜੇ ਚੰਗੀ ਅੰਗਰੇਜ਼ੀ ਬੋਲਣ ਵਾਲਾ ਇਕ ਸੇਵਾਦਾਰ ਉਥੇ ਮੌਜੂਦ ਹੁੰਦਾ ਅਤੇ ਉਨ੍ਹਾਂ ਬੱਚਿਆਂ ਨੂੰ ਇਸ ਇਤਿਹਾਸ ਦੀ ਜਾਣਕਾਰੀ ਦਿੰਦਾ ਤਾਂ ਬੱਚਿਆਂ ਦੀਆਂ ਅੱਖਾਂ ਅਤੇ ਮਨ ਕੁੱਝ ਹੋਰ ਕਹਿ ਰਿਹਾ ਹੁੰਦਾ। ਅਜਕਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ ਕਿ ਪੰਜਾਬ ਦੇ ਸਾਰੇ ਪਿੰਡਾਂ ਵਿਚ ਹਰ ਪਿੰਡ ਵਿਚ ਇਕ ਗੁਰਦਵਾਰਾ ਸਾਹਿਬ ਹੋਵੇ। ਇਹ ਬਹੁਤ ਹੀ ਵਧੀਆ ਅਗਵਾਈ ਹੈ। 

ਸਾਨੂੰ ਸਾਰਿਆਂ ਨੂੰ ਇਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ  ਕਮੇਟੀ ਦੀ ਇਕ ਨੇਕ ਰਾਏ ਹੈ ਕਿ ਤੁਹਾਡੇ ਪ੍ਰਬੰਧ ਅਧੀਨ ਚਲਦੇ ਗੁਰਦਵਾਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਕ ਥਾਂ ਕੀਤਾ ਜਾਵੇ। ਹਰ ਥਾਂ ਜੋ ਉਸੇ ਨਗਰ ਵਿਚ ਇਤਿਹਾਸ ਨਾਲ ਸਬੰਧਤ ਹੈ, ਉਥੇ ਸਨਮਾਨਯੋਗ ਸ਼ਹੀਦ ਦੇ ਇਤਿਹਾਸ ਨਾਲ ਸਬੰਧਤ ਆਡੀਟੋਰੀਅਮ ਹੋਵੇ ਜਿਸ ਵਿਚ ਸ਼ਹੀਦ ਨਾਲ ਸਬੰਧਤ ਜਾਣਕਾਰੀ ਦਿਤੀ ਹੋਵੇ। ਇਸ ਨਾਲ ਲੋਕਾਂ ਵਿਚ ਦਿਲਚਸਪੀ ਵਧੇਗੀ। 

ਉੱਚੀਆਂ ਇਮਾਰਤਾਂ ਬਣਾਉਣ ਨਾਲ ਕੋਈ ਵਾਧਾ ਨਹੀਂ ਹੋ ਰਿਹਾ ਅਤੇ ਸਿੱਖ ਇਤਿਹਾਸ ਤੋਂ ਸਾਡੇ ਬੱਚੇ ਕੋਰੇ ਹੋ ਰਹੇ ਹਨ। ਮੈਂ ਅਪਣੀ ਤੁੱਛ ਬੁੱਧੀ ਅਨੁਸਾਰ ਲਿਖ ਦਿਤਾ ਹੈ ਕਿ ਸੱਭ ਤੋਂ ਪਹਿਲਾਂ ਅਸੀ ਅਪਣੇ ਗੁਰਦਵਾਰਿਆਂ ਦਾ ਸੁਧਾਰ ਕਰੀਏ। ਗੁਰਦਵਾਰੇ ਸਾਡੇ ਪੂਜਨੀਕ ਹਨ ਪਰ ਸਿੱਖੀ ਦੇ ਪ੍ਰਚਾਰ ਲਈ ਸਾਨੂੰ ਗੁਰਦਵਾਰਿਆਂ ਵਿਚ ਚਲਾਏ ਜਾਂਦੇ ਸੈੱਟ ਪ੍ਰੋਗਰਾਮ ਤੋਂ ਬਾਹਰ ਆਉਣਾ ਪਵੇਗਾ। ਉਂਜ ਬੁੱਧੀਜੀਵੀ ਸਿੱਖਾਂ ਨੂੰ 'ਉਚਾ ਦਰ ਬਾਬੇ ਨਾਨਕ ਦਾ' ਜੋ ਬਣਨ ਜਾ ਰਿਹਾ ਹੈ ਤੋਂ ਕਾਫ਼ੀ ਆਸਾਂ ਹਨ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਲੋਕਾਂ ਦੀਆਂ ਇਹ ਆਸਾਂ ਜਲਦ ਹੀ ਪੂਰੀਆਂ ਹੋਣ।
ਸੰਪਰਕ : 94173-57156