ਦੁਨੀਆਂ ਲਈ ਵੱਡੀ ਚੁਨੌਤੀ ਬਣਿਆ ਕੋਰੋਨਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਫੈਲ ਚੁੱਕਾ ਹੈ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਹੈ ਜੋ ਕਿ ਇਕ ਨਵੇਂ ਉਤਪੰਨ ਹੋਏ ਵਿਸ਼ਾਣੂ ਤੋਂ ਪੈਦਾ ਹੋਈ ਹੈ।

File Photo

ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਫੈਲ ਚੁੱਕਾ ਹੈ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਹੈ ਜੋ ਕਿ ਇਕ ਨਵੇਂ ਉਤਪੰਨ ਹੋਏ ਵਿਸ਼ਾਣੂ ਤੋਂ ਪੈਦਾ ਹੋਈ ਹੈ। ਇਹ ਬੀਮਾਰੀ ਆਪਸੀ ਸੰਪਰਕ ਨਾਲ ਅੱਗੇ ਵਧਦੀ ਹੈ। ਸਾਡੇ ਦੇਸ਼ ਵਿਚ ਇਹ ਬੀਮਾਰੀ ਪ੍ਰਵਾਸੀ ਭਾਰਤੀਆਂ ਦੀ ਆਮਦ ਨਾਲ ਆਈ ਹੈ। ਦੁਨੀਆਂ ਵਿਚ ਇਸ ਬੀਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ 50 ਲੱਖ ਨੂੰ ਪਾਰ ਕਰ ਚੁੱਕੀ ਹੈ ਤੇ ਚਾਰ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਹ ਗਿਣਤੀ ਅਤੇ ਅੰਕੜੇ ਅੰਤਿਮ ਨਹੀਂ ਹਨ। ਇਹ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ।

ਸਾਡੇ ਅਪਣੇ ਦੇਸ਼ ਵਿੱਚ ਹੀ ਹੁਣ ਤਕ ਸਵਾ ਇਕ ਲੱਖ ਤੋਂ ਉਪਰ ਇਸ ਬੀਮਾਰੀ ਤੋਂ ਪੀੜਤ ਲੋਕਾਂ ਦੇ ਕੇਸ ਸਾਹਮਣੇ ਆਏ ਹਨ ਤੇ ਹਜ਼ਾਰਾਂ ਵੀ ਗਿਣਤੀ ਵਿਚ ਮੌਤਾਂ ਹੋ ਚੁੱਕੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਅਸੀ ਸਾਵਧਾਨੀ ਨਾ ਵਰਤਦੇ ਤਾਂ ਇਸ ਬੀਮਾਰੀ ਨਾਲ ਪੀੜਤਾਂ ਦੀ ਗਿਣਤੀ ਸਾਡੇ ਦੇਸ਼ ਵਿੱਚ ਸੱਭ ਦੇਸ਼ਾਂ ਨਾਲੋਂ ਵੱਧ ਹੋਣੀ ਸੀ। ਸਾਡੇ ਦੇਸ਼ ਵਿਚ ਇਸ ਬੀਮਾਰੀ ਦਾ ਪਹਿਲਾ ਕੇਸ 30 ਜਨਵਰੀ ਨੂੰ ਕੇਰਲਾ ਵਿਚ ਮਿਲਿਆ ਸੀ। ਚੀਨ ਵਿਚ ਸਾਡੇ ਤੋਂ  ਮਹੀਨਾ ਪਹਿਲਾਂ 31 ਦਸੰਬਰ ਨੂੰ ਪਹਿਲਾ ਕੇਸ ਵੁਹਾਨ ਸੂਬੇ ਵਿਚ ਪਾਇਆ ਗਿਆ ਸੀ।

31 ਜਨਵਰੀ ਨੂੰ ਤਾਂ ਵਿਸ਼ਵ ਸਿਹਤ ਸੰਸਥਾ ਨੇ ਅੰਤਰਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿਤਾ ਸੀ। ਉਸ ਤੋਂ ਬਾਅਦ 11 ਮਾਰਚ 2020 ਨੂੰ ਵਿਸ਼ਵ ਸਿਹਤ ਸੰਸਥਾ ਨੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦਿਤਾ ਸੀ। ਅੱਜ ਇਹ ਬੀਮਾਰੀ ਘਾਤਕ ਰੂਪ ਧਾਰਨ ਕਰ ਚੁੱਕੀ ਹੈ। ਇਸ ਬੀਮਾਰੀ ਦੀ ਵਜ੍ਹਾ ਕਰ ਕੇ ਪੂਰੇ ਭਾਰਤ ਵਿਚ ਤਾਲਾਬੰਦੀ ਲਗਾਈ ਗਈ, ਜੋ ਅਤਿ ਵੱਡਾ ਅਤੇ ਮਜਬੂਰੀਵਸ ਲਿਆ ਗਿਆ ਫ਼ੈਸਲਾ ਸੀ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਜਦੋਂ ਪੂਰਾ ਦੇਸ਼ ਬਿਲਕੁਲ ਬੰਦ ਕਰ ਦਿਤਾ ਗਿਆ ਹੋਵੇ। ਦੂਜੇ ਦੇਸ਼ਾਂ ਨੇ ਵੀ ਤਾਲਾਬੰਦੀ ਦਾ ਫ਼ੈਸਲਾ ਲਿਆ। ਸਰਕਾਰਾਂ ਲਈ, ਪ੍ਰਸ਼ਾਸਨ ਲਈ, ਲੋਕਾਂ ਲਈ ਇਹ ਬੜਾ ਹੀ ਗੰਭੀਰ ਮੁੱਦਾ ਬਣ ਗਿਆ ਹੈ।

ਲੋਕ ਇਥੋਂ ਤਕ ਖ਼ੌਫ਼ਜ਼ਦਾ ਹੋ ਗਏ ਕਿ ਹਰ ਇਕ ਚੀਜ਼ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਦੇ ਹਨ। ਏਨਾ ਵਹਿਮ ਹੋ ਗਿਆ ਹੈ ਕਿ ਲੋਕ ਇਕ ਦੂਜੇ ਤੋਂ ਦੂਰ ਰਹਿੰਦੇ ਹਨ। ਇਮਾਰਤਾਂ, ਰੇਲਗੱਡੀਆਂ ਤੇ ਪੇਡ-ਪੌਦਿਆਂ ਤਕ ਨੂੰ ਦਵਾਈ ਛਿੜਕ ਕੇ ਸਾਫ਼ ਕੀਤਾ ਗਿਆ। ਲੋਕਾਂ ਨੇ ਅਪਣੇ ਸਕੇ ਸਬੰਧੀਆਂ ਦੀਆਂ ਮ੍ਰਿਤਕ ਦੇਹਾਂ ਵੀ ਲੈਣੋਂ ਇਨਕਾਰ ਕਰ ਦਿਤਾ। ਇਹ ਕਿਹਾ ਜਾ ਰਿਹਾ ਹੈ ਕਿ ਇਸ ਬੀਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤੇ ਬਿਨਾਂ ਇਸ ਦਾ ਹੱਲ ਨਹੀਂ ਹੋ ਸਕਦਾ, ਇਕ ਵੀ ਕੇਸ ਰਹਿ ਗਿਆ ਤਾਂ ਬੀਮਾਰੀ ਦੁਬਾਰਾ ਫੈਲ ਸਕਦੀ ਹੈ। ਅੱਗੇ ਕੀ ਹੁੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਅੱਜ ਇਹ ਬੀਮਾਰੀ ਇਕ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ।

ਸਾਡੇ ਦੇਸ਼ ਵਿਚ ਇਹ ਬੀਮਾਰੀ ਸਾਡੇ ਅਵੇਸਲੇਪਨ ਕਰ ਕੇ ਵੀ ਆਈ ਹੈ। ਜਦੋਂ ਇਹ ਬੀਮਾਰੀ ਬਾਕੀ ਦੇਸ਼ਾਂ ਨੂੰ ਲਪੇਟ ਵਿਚ ਲੈ ਰਹੀ ਸੀ ਤਾਂ ਉਸ ਸਮੇਂ ਸਾਨੂੰ ਚੁਕੰਨੇ ਹੋਣ ਦੀ ਜ਼ਰੂਰਤ ਸੀ ਪਰ ਅਸੀ ਧਿਆਨ ਹੀ ਨਾ ਦਿਤਾ। ਅਸੀ ਉਸ ਸਮੇਂ ਸੋਚਣਾ ਸ਼ੁਰੂ ਕੀਤਾ ਜਦੋਂ ਇਹ ਬੀਮਾਰੀ ਦੈਂਤ ਰੂਪ ਧਾਰਨ ਕਰ ਗਈ। ਅੱਜ ਸਾਰਾ ਦੇਸ਼ ਬੁਰੀ ਤਰ੍ਹਾਂ ਇਸ ਦੀ ਲਪੇਟ ਵਿਚ ਆ ਚੁੱਕਾ ਹੈ। ਬੜੇ ਸ਼ਰਮ ਤੇ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਪਾਸ ਇਸ ਬੀਮਾਰੀ ਨਾਲ ਲੜਨ ਲਈ ਸਾਜ਼ੋ ਸਮਾਨ ਹੀ ਨਹੀਂ ਹੈ। ਭਾਵੇਂ ਬੀਮਾਰੀ ਨਵੀਂ ਹੈ, ਪਰ ਸਾਡੇ ਪਾਸ ਤਾਂ ਲੋੜੀਂਦੀਆਂ ਸੇਫਟੀ ਕਿੱਟਾਂ ਤਕ ਵੀ ਨਹੀਂ ਹਨ। ਸਾਡੇ ਪਾਸ ਸਿਰਫ਼ 40 ਹਜ਼ਾਰ ਵੈਂਟੀਲੇਟਰ ਹੀ ਸਨ ਜਦੋਂ ਕਿ ਸਾਡੀ ਅਬਾਦੀ ਸਵਾ ਅਰਬ ਤੋਂ ਉਪਰ ਹੈ। ਸੁਣਿਆ ਹੈ ਕਿ ਹੁਣ ਅਸੀ ਹੋਰ ਵੈਂਟੀਲੇਟਰ ਖ਼ਰੀਦ ਰਹੇ ਹਾਂ।

ਇਹ ਵੀ ਸੁਣਿਆ ਹੈ ਕਿ ਦੇਸ਼ ਦੀ ਸਰਕਾਰ ਮੋਟਾ ਖ਼ਰਚ ਚੁੱਕਣ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਸਾਡੇ ਪਾਸ ਕੁੱਝ ਹੈ ਹੀ ਨਹੀਂ ਸੀ। ਅਸੀਂ ਐਵੇਂ ਫੋਕੀਆਂ ਟੌਹਰਾਂ ਮਾਰਦੇ ਰਹੇ ਹਾਂ। ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ ਸਾਡੀ ਕੋਈ ਤਿਆਰੀ ਨਹੀਂ ਸੀ। ਸਾਡੇ ਬਜਟ ਵਿਚ ਸਿਹਤ ਖੇਤਰ ਲਈ ਘਰੇਲੂ ਉਤਪਾਦਨ ਦਾ ਸਿਰਫ਼ 1.2 ਫ਼ੀ ਸਦੀ ਹੀ ਰਖਿਆ ਹੈ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਬੜੇ ਅਹਿਮ ਪੱਖਾਂ ਪ੍ਰਤੀ ਵੀ ਅਸੀ ਸੰਜੀਦਾ ਨਹੀਂ ਹਾਂ। ਸਾਡੇ ਕੋਲ ਹਸਪਤਾਲਾਂ ਦੀ ਵੀ ਘਾਟ ਹੈ। ਰੇਲਗੱਡੀ ਦੇ ਡੱਬਿਆਂ, ਸਰਾਵਾਂ, ਭਵਨਾਂ, ਸਕੂਲਾਂ ਤੇ ਧਰਮਸ਼ਾਲਾਵਾਂ, ਹੋਸਟਲਾਂ ਨੂੰ ਅਸੀਂ ਆਰਜ਼ੀ ਹਸਪਤਾਲ ਬਣਾ ਰਹੇ ਹਾਂ। ਇਸ ਸੱਭ ਵੇਖ ਕੇ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ। ਨੇਪਾਲ, ਭੂਟਾਨ ਤੇ ਅਫ਼ਗਾਨਿਸਤਾਨ ਵਗੈਰਾ ਨੂੰ ਅਸੀ ਕਰਜ਼ਾ ਦੇ ਰਹੇ ਹਾਂ। 

ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਵਖਤ ਪਾ ਦਿਤਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਸ ਬੀਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਹੈ ਤੇ ਸਿਰਫ਼ ਸਾਵਧਾਨੀ ਨਾਲ ਹੀ ਬਚਿਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਸਥਾ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਮਿਲਣ ਦੀ ਕੋਈ ਗਰੰਟੀ ਨਹੀਂ ਹੈ। ਸਾਰੀ ਦੁਨੀਆਂ ਇਸ ਬੀਮਾਰੀ ਨਾਲ ਜੂਝ ਰਹੀ। ਇੰਗਲੈਂਡ ਤੇ ਕੈਨੇਡਾ ਵਰਗੇ ਵਿਕਸਤ ਦੇਸ਼ਾਂ ਦੇ ਮੁਖੀਆਂ ਤਕ ਨੂੰ ਇਸ ਬੀਮਾਰੀ ਨਾਲ ਜੂਝਣਾ ਪਿਆ ਹੈ। ਸਾਡੇ ਦੇਸ਼ ਵਿਚ ਵੀ ਇਸ ਬੀਮਾਰੀ ਨਾਲ ਨਿੱਪਟਣ ਲਈ ਪੂਰਾ ਦੇਸ਼ ਬੰਦ ਕੀਤਾ ਗਿਆ। ਭਾਵੇਂ ਬੀਮਾਰੀ ਤੋਂ ਬਚਾਅ ਲਈ ਇਕਾਂਤਵਾਸ ਗ਼ਲਤ ਨਹੀਂ ਪਰ ਜੇਕਰ ਲੋਕਾਂ ਨੂੰ ਪਹਿਲਾਂ ਚੌਕਸ ਕਰ ਦਿਤਾ ਜਾਂਦਾ ਤਾਂ ਖੱਜਲ-ਖੁਆਰੀ ਤੋਂ ਬਚਿਆ ਜਾ ਸਕਦਾ ਸੀ।

ਅਚਾਨਕ ਤਾਲਾਬੰਦੀ ਨਾਲ ਲੋਕਾਂ ਨੂੰ ਵੱਡੀ ਬਿਪਤਾ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਤਕ ਕਰ ਰਹੇ ਹਨ। ਸੱਭ ਤੋਂ ਵੱਡੀ ਮਾਰ ਮਜ਼ਦੂਰਾਂ ਤੇ ਰੋਜ਼ਾਨਾ ਦਿਹਾੜੀ ਕਰ ਕੇ ਖਾਣ ਵਾਲਿਆਂ ਨੂੰ ਪਈ ਹੈ ਜੋ ਛੋਟੇ ਮੋਟੇ ਕੰਮ ਧੰਦੇ ਕਰਦੇ ਹਨ। ਉਨ੍ਹਾਂ ਦਾ ਕੰਮ ਇਕ ਦਿਨ ਵੀ ਬੰਦ ਹੋ ਜਾਵੇ ਤਾਂ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੰਦਾ ਹੈ। ਦੇਸ਼ ਵਿਚ ਬੱਝਵੀਂ ਤਨਖ਼ਾਹ ਤਾਂ 10 ਫ਼ੀ ਸਦੀ ਦੀ ਵੀ ਨਹੀਂ ਹੈ। ਕੁੱਝ ਹੋਰ ਗੁਜ਼ਾਰੇ ਵਾਲੇ ਹੋ ਸਕਦੇ ਹਨ ਬਾਕੀ ਤਾਂ ਅਨਿਸ਼ਚਤ ਕਾਰੋਬਾਰਾਂ ਨਾਲ ਸਬੰਧਤ ਹੀ ਹਨ। ਉਨ੍ਹਾਂ ਦੀ ਆਮਦਨ ਵੀ ਅਨਿਸ਼ਚਤ ਹੈ। ਠੀਕ ਇਸ ਕਰ ਕੇ ਕੁੱਝ ਦਿਨ ਦੇ ਬੰਦ ਨੇ ਹੀ ਸਾਰਿਆਂ ਨੂੰ ਹਾਲੋਂ ਬੇਹਾਲ ਕਰ ਦਿਤਾ ਹੈ। ਬੰਦ ਨਾਲ ਸਾਰੇ ਕੰਮ ਠੱਪ ਹੋ ਗਏ ਹਨ। ਗ਼ਰੀਬ ਆਦਮੀ ਰੋਜ਼ੀ ਰੋਟੀ ਲਈ ਪ੍ਰਵਾਸ ਵੀ ਕਰਦੇ ਹਨ।

ਇਕ ਅੰਦਾਜ਼ੇ ਮੁਤਾਬਕ ਦੇਸ਼ ਵਿਚ 45 ਕਰੋੜ ਦੇ ਲਗਭਗ ਪ੍ਰਵਾਸੀ ਮਜ਼ਦੂਰ ਹਨ। ਇਕੱਲੀ ਮੁੰਬਈ ਵਿਚ ਹੀ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ 20 ਲੱਖ ਤੋਂ ਉਪਰ ਹੈ। ਉਹ ਸਾਰੇ ਰੁਲ ਗਏ। ਸਰਕਾਰਾਂ ਨੇ ਉਨ੍ਹਾਂ ਨੂੰ ਗੱਲਾਂ ਨਾਲ ਹੀ ਧ੍ਰਵਾਸ ਦਿਤਾ। ਮਜ਼ਦੂਰ ਲੱਖਾਂ ਦੀ ਗਿਣਤੀ ਵਿਚ ਵਾਪਸ ਘਰਾਂ ਨੂੰ ਜਾ ਰਹੇ ਹਨ। ਸਰਕਾਰਾਂ ਨੇ ਉਨ੍ਹਾਂ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ। ਉਹ ਬੀਵੀ-ਬੱਚਿਆਂ ਸਮੇਤ ਪੈਦਲ ਹੀ ਸੈਂਕੜੇ ਮੀਲਾਂ ਦਾ ਸਫ਼ਰ ਤਹਿ ਕਰ ਕੇ ਜਾ ਰਹੇ ਹਨ। ਇਕ ਵਾਰੀ ਫਿਰ ਸਾਬਤ ਹੋ ਗਿਆ ਹੈ ਕਿ ਗ਼ਰੀਬ ਹਰ ਆਫ਼ਤ ਸਮੇਂ ਮਾਰੇ ਜਾਂਦੇ ਹਨ। ਭਾਰਤੀ ਰੇਲਵੇ ਦੀ ਰੋਜ਼ਾਨਾ ਦੀ ਸਮਰੱਥਾ ਦੋ ਕਰੋੜ ਮੁਸਾਫ਼ਰਾਂ ਦੀ ਹੈ ਪਰ ਉਹ ਗ਼ਰੀਬ ਹਨ। ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਬਾਕੀਆਂ ਨਾਲ ਕੀ ਸਬੰਧ ਹੈ? 

ਕੇਂਦਰ ਸਰਕਾਰ ਨੇ ਸ਼ੁਰੂ ਵਿਚ ਇਕ ਲੱਖ 70 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ। ਭਾਵੇਂ ਇਹ ਰਕਮ ਨਿਗੁਣੀ ਸੀ ਪਰ ਸੱਭ ਤੋਂ ਵੱਡੀ ਸਮੱਸਿਆ ਇਹ ਰਾਹਤ ਰਾਸ਼ੀ ਅਸਲ ਲੋੜਵੰਦਾਂ ਤਕ ਪਹੁੰਚਾਉਣ ਦੀ ਹੈ। ਗ਼ਰੀਬਾਂ ਨਾਲ ਤਾਂ ਹਮੇਸ਼ਾਂ ਠੱਗੀ ਹੀ ਹੁੰਦੀ ਹੈ। ਹੁਣ ਫਿਰ ਅਜਿਹਾ ਹੀ ਹੋਇਆ। ਕੇਂਦਰ ਸਰਕਾਰ ਨੇ ਦੁਬਾਰਾ ਫਿਰ 20 ਲੱਖ ਕਰੋੜ ਦਾ ਪੈਕਜ ਜਾਰੀ ਕੀਤਾ ਹੈ। ਪਰ ਇਸ ਪੈਸੇ ਨਾਲ ਕੀ ਲਾਭ ਹੁੰਦਾ ਹੈ ਜਾਂ ਕਿਸ ਨੂੰ ਲਾਭ ਪਹੁੰਚੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੋਰੋਨਾ ਮਹਾਂਮਾਰੀ ਨਾਲ ਨਜਿੱਠਣਾ ਇਕ ਵੱਡੀ ਚੁਨੌਤੀ ਬਣ ਗਿਆ ਹੈ। ਤਾਲਾਬੰਦੀ ਗ਼ਲਤ ਨਹੀਂ ਸੀ ਪਰ ਜ਼ਿੰਦਗੀ ਕਿਸ ਤਰ੍ਹਾਂ ਚਲੇਗੀ? ਲਗਾਤਾਰ ਬੰਦ ਤਾਂ ਦੇਸ਼ ਦੇ 90 ਫ਼ੀ ਸਦੀ ਲੋਕਾਂ ਨੂੰ ਰੋਲ ਦੇਵੇਗਾ।

ਦੇਸ਼ ਦੇ ਧਨਾਢ ਤਾਂ ਚੁੱਪ ਹਨ ਜਦੋਂ ਕਿ ਫਾਇਦੇ ਉਹ ਲੈ ਰਹੇ ਹਨ। ਸਿਆਸੀ ਵਿਅਕਤੀ ਔਖੇ ਵਕਤ ਵੀ ਸਿਆਸਤ ਕਰ ਰਹੇ ਹਨ। ਬੀਮਾਰੀ ਨਾਲ ਨਿਪਟਣ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਬੀਮਾਰੀ ਤੇ ਕਾਬੂ ਪਾਉਣ ਲਈ ਹਰ ਇਕ ਦਾ ਟੈਸਟ ਕੀਤਾ ਜਾਣਾ ਜ਼ਰੂਰੀ ਹੈ ਪਰ ਦੇਸ਼ ਦੇ 90 ਫ਼ੀ ਸਦੀ ਲੋਕ ਤਾਂ ਗ਼ਰੀਬ ਹਨ। ਉਹ ਪੈਸਾ ਕਿਥੋਂ ਲਾਉਣਗੇ? ਉਹ ਤਾਂ ਵਿਹਲੇ ਹਨ। ਉਨ੍ਹਾਂ ਨੂੰ ਤਾਂ ਅਪਣੀ ਰੋਜ਼ੀ ਚਲਾਉਣ ਦਾ ਫਿਕਰ ਬਣ ਗਿਆ ਹੈ। ਸਰਕਾਰਾਂ ਨੂੰ ਅਜਿਹਾ ਭਾਰ ਚੁੱਕਣਾ ਚਾਹੀਦਾ ਹੈ  ਕਿ ਲੋਕਾਂ ਦਾ ਪੈਸਾ ਲੋਕਾਂ ਤੇ ਹੀ ਲਗਾਇਆ ਜਾਵੇ। ਪਰ ਆਸ ਨਹੀਂ ਕਿ ਸਰਕਾਰਾਂ ਅਜਿਹਾ ਕਰਨਗੀਆਂ। ਉਨ੍ਹਾਂ ਨੇ ਤਾਂ ਪੈਸਾ ਇਕੱਠਾ ਕਰਨ ਲਈ ਸ਼ਰਾਬ ਦੀ ਵਿਕਰੀ ਵਧਾਉਣ ਉਤੇ ਜ਼ੋਰ ਲਗਾ ਦਿਤਾ ਹੈ।

ਇਸ ਮਕਸਦ ਲਈ ਹੋਰ ਖ਼ਰਚ ਵੀ ਘੱਟ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਾਵਧਾਨੀ ਵਰਤਣੀ ਤਾਂ ਜ਼ਰੂਰੀ ਹੈ ਹੀ ਪਰ ਜੇਕਰ ਦੇਸ਼ ਵਾਸੀਆਂ ਦੇ ਡਾਕਟਰੀ ਟੈਸਟ ਨਾ ਕੀਤੇ ਗਏ ਤਾਂ ਬੀਮਾਰੀ ਜੜ੍ਹ ਤੋਂ ਕਿਸ ਤਰ੍ਹਾਂ ਖ਼ਤਮ ਹੋਵੇਗੀ ਜੋ ਜ਼ਰੂਰੀ ਹੈ। ਆਪ ਹੀ ਤਾਂ ਸਰਕਾਰ ਤੇ ਅੱਛੇ ਮਾਹਰ ਡਾਕਟਰ ਕਹਿ ਰਹੇ ਹਨ ਕਿ ਬੀਮਾਰੀ ਦਾ ਜੜ੍ਹੋਂ ਖ਼ਾਤਮਾ ਕਰਨਾ ਜ਼ਰੂਰੀ ਹੈ। ਬਿਨਾਂ ਸ਼ੱਕ ਸਾਡੀ ਸੋਚ ਉਸਾਰੂ ਨਹੀਂ ਹੈ। ਅਸੀ ਮੂਰਤੀਆਂ ਤੇ ਬੁੱਤਾਂ ਤੇ ਧਾਰਮਕ ਸਥਾਨਾਂ ਉਤੇ ਤਾਂ ਕੋਰੋੜਾਂ, ਅਰਬਾਂ ਖ਼ਰਚ ਕਰ ਸਕਦੇ ਹਾਂ ਪਰ ਵਧੀਆ ਹਸਪਤਾਲ ਤੇ ਸਿਖਿਆ ਸੰਸਥਾਵਾਂ ਬਣਾਉਣ ਤੇ ਅਸੀ ਪੈਸਾ ਨਹੀਂ ਖ਼ਰਚਦੇ। ਸਾਡੇ ਧਾਰਮਕ ਗੁਰੂ ਵੀ ਸਾਨੂੰ ਪਹਿਲੇ ਸਮੇਂ ਤੇ ਆਉਣ ਵਾਲੇ ਸਮੇਂ ਬਾਰੇ ਤਾਂ ਬਹੁਤ ਕੁੱਝ ਦਸਦੇ ਹਨ ਪਰ ਵਰਤਮਾਨ ਨੂੰ ਚੰਗਾ ਬਣਾਉਣ ਬਾਰੇ ਗੱਲ ਨਹੀਂ ਕਰਦੇ। ਕਹਿਣ ਦਾ ਭਾਵ ਕਿ ਸਾਨੂੰ ਉਸਾਰੂ ਸਿਖਿਆ ਕਿਸੇ ਪਾਸੇ ਤੋਂ ਵੀ ਨਹੀਂ ਮਿਲ ਰਹੀ। 

ਭਾਵੇਂ ਤਾਲਾਬੰਦੀ ਦੇ ਲਾਭ ਹੋਏ ਹਨ ਪਰ ਬਿਨਾਂ ਕਿਸੇ ਚੇਤਾਵਨੀ ਦੇ ਇਕ ਅਰਬ ਪੈਂਤੀ ਕਰੋੜ ਦੀ ਆਬਾਦੀ ਨੂੰ ਅੰਦਰ ਬੰਦ ਕਰ ਦਿਤਾ ਗਿਆ ਜਦੋਂ ਕਿ ਦੇਸ਼ ਵਿਚ ਲੱਖਾਂ ਕਰੋੜਾਂ ਲੋਕ ਬੇ-ਘਰ ਹਨ। ਉਹ ਕਿੱਥੇ ਜਾਣ, ਉਹ ਤਾਂ ਕਸੂਤੇ ਫੱਸ ਗਏ, ਮਜ਼ਦੂਰ ਕਸੂਤੇ ਫੱਸ ਗਏ। ਬਿਨਾਂ ਕੰਮ ਤੋਂ ਉਨ੍ਹਾਂ ਦਾ ਗੁਜ਼ਾਰਾ ਹੀ ਨਹੀਂ ਹੋ ਸਕਦਾ। ਦੇਸ਼ ਵਿਚ ਭੁੱਖਮਰੀ ਵਾਲੀ ਸਥਿਤੀ ਪੈਦਾ ਹੋ ਗਈ ਹੈ। ਅਸਲ ਵਿਚ ਅਸੀ ਬੀਮਾਰੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ। ਅਸੀ ਕੁੰਭ ਦੇ ਮੇਲੇ ਵਾਸਤੇ ਪ੍ਰਬੰਧ ਕਰ ਸਕਦੇ ਹਾਂ ਜਿਥੇ ਵੀਹ ਕਰੋੜ ਤੋਂ ਉਪਰ ਲੋਕ ਆਉਂਦੇ ਹਨ, ਮੌਜੂਦਾ ਹਾਲਾਤ ਵਿਚ ਅਸੀ ਪ੍ਰਬੰਧ ਨਹੀਂ ਕਰ ਪਾਏ। ਇਥੋਂ ਤਕ ਕਿ ਅਸੀ ਲੋੜਵੰਦਾਂ ਨੂੰ ਚੰਗੀ ਤਰ੍ਹਾਂ ਦੋ ਡੰਗ ਦਾ ਭੋਜਨ ਵੀ ਨਹੀਂ ਦੇ ਸਕੇ।

ਦੇਸ਼ ਵਿਚ ਅੰਨ ਭੰਡਾਰਾਂ ਦੀ ਕੋਈ ਕਮੀ ਨਹੀਂ। ਇਥੋਂ ਤਕ ਕਿ ਲੱਖਾਂ ਟਨ ਅਨਾਜ ਹਰ ਸਾਲ ਸੜ ਗਲ ਜਾਂਦਾ ਹੈ ਪਰ ਆਫ਼ਤ ਮੌਕੇ ਵੀ ਅਸੀ ਅਨਾਜ ਭੰਡਾਰਾਂ ਦੇ ਮੂੰਹ ਨਹੀਂ ਖੋਲ੍ਹੇ। ਸੁਣਿਆ ਹੈ ਕਿ ਆਟਾ ਦਾਲ ਵਰਤਾਇਆ ਹੈ ਪਰ ਅਜਿਹੇ ਸਮੇਂ ਤੇ ਮੁਨਾਫ਼ਾ ਨਹੀਂ ਸੀ ਵੇਖਣਾ ਚਾਹੀਦਾ। ਇਹ ਰਾਹਤ ਹਰ ਇਕ ਨੂੰ ਦੇਣੀ ਬਣਦੀ ਸੀ ਜੋ ਨਹੀਂ ਕੀਤਾ ਗਿਆ।ਸਾਰਾ ਸੰਸਾਰ ਬਿਪਤਾ ਵਿਚ ਹੈ। ਕੌਮਾਂਤਰੀ ਮੁਦਰਾ ਕੋਸ ਦੇ ਮੁਖੀ ਨੇ ਤਾਂ ਇਥੋਂ ਤਕ ਕਹਿ ਦਿਤਾ ਹੈ ਕਿ ਮੌਜੂਦਾ ਮੰਦਵਾੜਾ 2009 ਦੇ ਆਰਥਕ ਮੰਦਵਾੜੇ ਤੋਂ ਵੀ ਭਿਆਨਕ ਹੈ। ਉਨ੍ਹਾਂ ਨੇ ਸਾਫ਼ ਕਹਿ ਦਿਤਾ ਹੈ ਕਿ ਨਵੇਂ ਸਿਰੇ ਤੋਂ ਉਭਾਰ ਲਈ ਢਾਈ ਹਜ਼ਾਰ ਅਰਬ ਡਾਲਰ ਤੋਂ ਵੀ ਅਧਿਕ ਰਾਸ਼ੀ ਦੀ ਜ਼ਰੂਰਤ ਪਵੇਗੀ। ਕਹਿਣ ਦਾ ਭਾਵ ਕਿ ਇਸ ਮਹਾਂਮਾਰੀ ਨੇ ਸਾਨੂੰ ਨਾ ਪੂਰਿਆ ਨਾ ਸਕਣ ਵਾਲਾ ਨੁਕਸਾਨ ਪਹੁੰਚਾਇਆ ਹੈ।

ਸਾਡੇ ਦੇਸ਼ ਵਿਚ ਹੀ ਇਕ ਦਿਨ ਦੇ ਬੰਦ ਨੇ ਹੀ 120 ਬਿਲੀਅਨ ਡਾਲਰ ਦਾ ਨੁਕਸਾਨ ਕੀਤਾ ਸੀ। ਪੰਜਾਬ ਸਰਕਾਰ ਨੂੰ ਹਰ ਦਿਨ ਡੇਢ ਸੌ ਕਰੋੜ ਦਾ ਵਿੱਤੀ ਨੁਕਸਾਨ ਹੋਇਆ ਹੈ। ਦੇਸ਼ ਦੇ 21 ਪ੍ਰਮੁੱਖ ਸੂਬਿਆਂ ਨੂੰ ਅਪ੍ਰੈਲ ਮਹੀਨੇ ਵਿਚ 97100 ਕਰੋੜ ਰੁਪਏ ਦਾ ਘਾਟਾ ਪਿਆ ਹੈ। ਅੰਕੜਿਆਂ ਤੋਂ ਜ਼ਾਹਰ ਹੈ ਕਿ ਜੇਕਰ ਇਹ ਬੀਮਾਰੀ ਨਾਲ ਸਾਨੂੰ ਲੰਮਾ ਸਮਾਂ ਜੂਝਣਾ ਪੈ ਗਿਆ ਤਾਂ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ। ਕਈ ਸਾਲ ਠੀਕ ਠਾਕ ਹੋਣ ਲਈ ਲੱਗ ਜਾਣਗੇ। ਉਘੇ ਮਨੋਵਿਗਿਆਨੀ ਤਾਂ ਇਹ ਵੀ ਆਖ ਰਹੇ ਹਨ ਕਿ ਜੇਕਰ ਲੰਮਾ ਸਮਾਂ ਇਸ ਬੀਮਾਰੀ ਨਾਲ ਲੜਨਾ ਪੈ ਗਿਆ ਤਾਂ ਲੋਕਾਂ ਵਿਚ ਹੋਰ ਬੀਮਾਰੀਆਂ ਜਿਵੇਂ ਮਾਨਸਕ ਤਣਾਅ, ਚਿੰਤਾ, ਡਰ ਅਤੇ ਹੋਰ ਸ੍ਰੀਰਕ ਬੀਮਾਰੀਆਂ ਆ ਜਾਣਗੀਆਂ।

ਲੰਮਾ ਸਮਾਂ ਅਜਿਹੇ ਹਾਲਾਤ ਵਿਚ ਜਿਊਣਾ ਸੌਖਾ ਨਹੀਂ ਹੋਵੇਗਾ। ਇਸ ਬੀਮਾਰੀ ਨਾਲ ਨਜਿੱਠਣ ਲਈ ਇਕ ਦੂਜੇ ਨਾਲ ਸਹਿਯੋਗ ਕਰਨ ਤੇ ਹੀ ਚੰਗੇ ਨਤੀਜੇ ਆ ਸਕਦੇ ਹਨ। ਭਾਵੇਂ ਅਸੀ ਹੁਣ ਹੌਲੀ-ਹੌਲੀ ਸੰਭਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀ ਅਹਿਸਤਾ-ਅਹਿਸਤਾ ਕਰ ਕੇ ਕੰਮ ਧੰਦੇ ਵੀ ਸ਼ੁਰੂ ਕਰ ਰਹੇ ਹਾਂ, ਪਰ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। 
ਸੰਪਰਕ : 98141-25593