International Everest Day: ਜਦੋਂ ਨੋਰਗੇ ਤੇ ਹਿਲੇਰੀ ਨੇ ਐਵਰੇਸਟ ਫ਼ਤਿਹ ਕਰਕੇ ਰਚਿਆ ਸੀ ਇਤਿਹਾਸ
1953 ਵਿਚ ਇਸ ਦਿਨ ਨੇਪਾਲ ਦੇ ਤੇਨਜਿੰਗ ਨੋਰਗੇ ਅਤੇ ਨਿਉਜੀਲੈਂਡ ਦੇ ਸਰ ਐਡਮੰਡ ਹਿਲੇਰੀ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਨੂੰ ਫ਼ਤਿਹ ਕਰਕੇ ਇਤਿਹਾਸ ਰਚਿਆ ਸੀ।
ਨਵੀਂ ਦਿੱਲੀ: ਦੇਸ਼ ਅਤੇ ਦੁਨੀਆਂ ਦੇ ਇਤਿਹਾਸ ਵਿਚ 29 ਮਈ ਦਾ ਦਿਨ ਕਾਫ਼ੀ ਖ਼ਾਸ ਹੈ। 1953 ਵਿਚ ਇਸ ਦਿਨ ਨੇਪਾਲ ਦੇ ਤੇਨਜਿੰਗ ਨੋਰਗੇ ਅਤੇ ਨਿਉਜੀਲੈਂਡ ਦੇ ਸਰ ਐਡਮੰਡ ਹਿਲੇਰੀ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਨੂੰ ਫ਼ਤਿਹ ਕਰਕੇ ਇਤਿਹਾਸ ਰਚਿਆ ਸੀ। ਉਂਝ ਤਾਂ ਹਰ ਸਾਲ ਦੁਨੀਆਂ ਭਰ ਤੋਂ ਹਜ਼ਾਰਾਂ ਲੋਕ ਮਾਊਂਟ ਐਵਰੈਸਟ ਦੀ ਚੋਟੀ ’ਤੇ ਚੜਨ ਦੀ ਕੋਸ਼ਿਸ਼ ਕਰਕੇ ਹਨ ਪਰ ਇਹਨਾਂ ਵਿਚੋਂ ਕੁਝ ਲੋਕ ਹੀ ਸਫ਼ਲ ਹੁੰਦੇ ਹਨ।
ਅੱਜ ਤੋਂ 68 ਸਾਲ ਪਹਿਲਾਂ 29 ਮਈ 1953 ਨੂੰ ਤੇਨਜਿੰਗ ਨੋਰਗੇ ਅਤੇ ਐਡਮੰਡ ਹਿਲੇਰੀ ਮਾਊਂਟ ਐਵਰੇਸ ਦੀ ਚੋਟੀ ਉੱਤੇ ਪਹੁੰਚੇ ਸਨ। ਇਹੀ ਕਾਰਨ ਹੈ ਕਿ ਇਸ ਦਿਨ ਨੂੰ ਦੁਨੀਆਂ ਭਰ ਵਿਚ ਅੰਤਰਰਾਸ਼ਟਰੀ ਮਾਊਂਟ ਐਵਰੇਸਟ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਨੇਪਾਲ ਨੇ ਸਾਲ 2008 ਵਿਚ ਕੀਤੀ ਸੀ ਕਿਉਂਕਿ 11 ਜਨਵਰੀ 2008 ਨੂੰ ਐਡਮੰਡ ਹਿਲੇਰੀ ਦਾ ਦੇਹਾਂਤ ਹੋਇਆ ਸੀ।
ਹਰ ਸਾਲ ਇਸ ਦਿਨ ਕਾਠਮਾਂਡੂ ਅਤੇ ਐਵਰੈਸਟ ਖੇਤਰ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਚੀਨ ਅਤੇ ਨੇਪਾਲ ਅਨੁਸਾਰ ਅਧਿਕਾਰਿਕ ਰੂਪ ਤੋਂ ਮਾਊਂਟ ਐਵਰੈਸਟ ਦੀ ਉਚਾਈ 8,848 ਮੀਟਰ ਦੱਸੀ ਜਾਂਦੀ ਹੈ। ਚੀਨ ਅਤੇ ਨੇਪਾਲ ਵੱਲੋਂ ਸਾਲ 2020 ਵਿਚ ਚੋਟੀ ਦੀ ਸਮੀਖਿਆ ਕਰਨ ਤੋਂ ਬਾਅਦ ਇਸ ਦੀ ਮੌਜੂਦਾ ਉਚਾਈ 8,848.86 ਮੀਟਰ ਹੈ। ਇਹ ਪਹਿਲੀ ਵਾਰ ਹੈ ਜਦੋਂ ਚੀਨ ਅਤੇ ਨੇਪਾਲ ਇਸ ਦੀ ਅਸਲ ਉਚਾਈ ਨੂੰ ਲੈ ਕੇ ਸਹਿਮਤ ਹੋਏ ਹਨ। ਮਾਊਂਟ ਐਵਰੈਸਟ ਚੋਟੀ ਸਮੁੰਦਰੀ ਤਲ ਤੋਂ 29,029 ਫੁੱਟ ਉਚਾਈ ’ਤੇ ਹੈ।
ਇਸ ਚੋਟੀ ’ਤੇ ਚੜ੍ਹਨ ਦੀ ਸਭ ਤੋਂ ਪਹਿਲੀ ਕੋਸ਼ਿਸ਼ ਸਾਲ 1922 ਵਿਚ ਅੰਗਰੇਜ਼ਾਂ ਨੇ ਕੀਤੀ ਸੀ। ਇਸ ਤੋਂ ਬਾਅਦ 6 ਬ੍ਰਿਟਿਸ਼ ਮੁਹਿੰਮਾਂ ਤਹਿਤ ਚੋਟੀ ਦੇ ਸਿਖਰ ਉੱਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਕੋਸ਼ਿਸ਼ ਅਸਫ਼ਲ ਰਹੀ। ਇਸ ਤੋਂ ਬਾਅਦ ਸਾਲ 1952 ਵਿਚ ਏਡੋਰਡ ਵਾਈਸ ਡੁਨੇਂਟ ਦੀ ਅਗਵਾਈ ਵਿਚ ਇਕ ਸਵੀਡਿਸ਼ ਐਵਰੈਸਟ ਚੋਟੀ ਦੇ ਕਰੀਬ ਪਹੁੰਚਣ ’ਚ ਕਾਮਯਾਬ ਰਿਹਾ ਪਰ ਖਰਾਬ ਮੌਸਮ ਕਾਰਨ ਉਸ ਨੂੰ ਚੋਟੀ ਤੋਂ ਸਿਰਫ਼ 250 ਮੀਟਰ ਦੀ ਦੂਰੀ ਤੋਂ ਵਾਪਸ ਆਉਣਾ ਪਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਚੋਟੀ 'ਤੇ ਚੜ੍ਹਨ ਲਈ ਅਨੇਕ ਕੋਸ਼ਿਸ਼ਾਂ ਹੋਈਆਂ ਪਰ ਕੋਈ ਵੀ ਫਤਿਹ ਹਾਸਲ ਨਾ ਕਰ ਸਕਿਆ। ਇਸ ਚੋਟੀ 'ਤੇ ਚੜ੍ਹਨ ਦੀ ਇੱਛਾ 'ਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਸਨ ਤਾਂ ਕਈ ਲੋਕਾਂ ਨੇ ਇਸ ਦੇ ਬਾਅਦ ਵੀ ਆਪਣੀ ਜਾਨ ਗੁਆਈ।