ਮਹਾਰਾਣੀ ਜਿੰਦ ਕੌਰ ਦੀ ਮਸੀਬਤਾਂ ਭਰੀ ਜ਼ਿੰਦਗੀ ਦੀ ਦਾਸਤਾਨ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਹਾਰਾਣੀ ਜਿੰਦ ਕੌਰ ਦਾ ਜਨਮ ਪਿੰਡ ਚਾੜ੍ਹ ਤਹਿਸੀਲ ਜ਼ਫ਼ਰਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਸ੍ਰ. ਮੰਨਾ ਸਿੰਘ ਔਲਖ਼ ਜ਼ਿੰਮੀਦਾਰ ਪ੍ਰਵਾਰ ਵਿਚ 1817 ਨੂੰ ਹੋਇਆ।

Maharani Jind Kaur

ਮਹਾਰਾਣੀ ਜਿੰਦ ਕੌਰ ਦਾ ਜਨਮ ਪਿੰਡ ਚਾੜ੍ਹ ਤਹਿਸੀਲ ਜ਼ਫ਼ਰਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਸ੍ਰ. ਮੰਨਾ ਸਿੰਘ ਔਲਖ਼ ਜ਼ਿੰਮੀਦਾਰ ਪ੍ਰਵਾਰ ਵਿਚ 1817 ਨੂੰ ਹੋਇਆ। ਮਹਾਰਾਣੀ ਜਿੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀਆ ਹੋਰ ਵੀ ਰਾਣੀਆਂ ਸਨ ਪਰ ਮਹਾਰਾਣੀ ਦਾ ਖ਼ਿਤਾਬ ਸਿਰਫ਼ ਜਿੰਦ ਕੌਰ ਨੂੰ ਹੀ ਮਿਲਿਆ ਕਿਉਂਕਿ ਜਿੰਦ ਕੌਰ ਸਿਆਣੀ, ਤੀਖਣ ਬੁਧੀ ਦੀ ਮਾਲਕ, ਦਲੇਰ ਤੇ ਸਿੱਖ ਰਾਜ ਦੀ ਅਖ਼ੀਰ ਤਕ ਲੜਾਈ ਲੜਨ ਵਾਲੀ ਔਰਤ ਸੀ। ਇਹ ਮਹਾਰਾਜੇ ਦੀ ਸੱਭ ਤੋਂ ਛੋਟੀ ਰਾਣੀ ਸੀ।

ਮਹਾਰਾਣੀ ਜਿੰਦ ਕੌਰ ਨੇ 4 ਸਤੰਬਰ 1838 ਵਿਚ ਪੁੱਤਰ ਦਲੀਪ ਸਿੰਘ ਨੂੰ ਜਨਮ ਦਿਤਾ। ਦਲੀਪ ਸਿੰਘ 9 ਮਹੀਨੇ 24 ਦਿਨ ਦਾ ਸੀ ਜਦ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦੇਹਾਂਤ ਹੋ ਗਿਆ। ਮਹਾਰਾਣੀ ਜਿੰਦਾਂ ਵਿਆਹ ਤੋਂ ਢਾਈ ਸਾਲ ਬਾਅਦ ਹੀ ਵਿਧਵਾ ਹੋ ਗਈ ਸੀ। ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਜੋ ਰਾਜ ਤਖ਼ਤ ਉਤੇ ਬੈਠਾ ਸੀ ਅਤੇ ਉਸ ਦਾ ਅੱਠ ਸਾਲ ਦਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਨੂੰ ਲਹਿਣਾ ਸਿੰਘ ਤੇ ਉਸ ਦੇ ਭਤੀਜੇ ਅਜੀਤ ਸਿੰਘ ਨੇ ਗੋਲੀ ਮਾਰ ਕੇ ਮਾਰ ਦਿਤਾ।

ਇਸ ਤੋਂ ਬਾਅਦ ਧਿਆਨ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿਤਾ ਤਾਕਿ ਧਿਆਨ ਸਿੰਘ ਨਵੇਂ ਮਹਾਰਾਜੇ ਦਾ ਵਜ਼ੀਰ ਨਾ ਬਣ ਜਾਵੇ। ਲਹਿਣਾ ਸਿੰਘ ਨੇ ਮਹਾਰਾਣੀ ਜਿੰਦ ਕੌਰ ਕੋਲੋਂ ਦਲੀਪ ਸਿੰਘ ਨੂੰ ਲਿਆ ਕੇ 16 ਸਤੰਬਰ 1843 ਨੂੰ ਤਖ਼ਤ ਤੇ ਬਿਠਾ ਦਿਤਾ ਉਸ ਸਮੇਂ ਦਲੀਪ ਸਿੰਘ ਦੀ ਉਮਰ ਪੰਜ ਸਾਲ ਗਿਆਰਾਂ ਦਿਨ ਦੀ ਸੀ। ਲਹਿਣਾ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖ਼ੂਨ ਨਾਲ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਉਤੇ ਟਿੱਕਾ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾ ਦਿਤੀ।

ਮਹਾਰਾਣੀ ਜਿੰਦਾਂ ਨੂੰ ਸਰਪ੍ਰਸਤ ਲਗਾ ਦਿਤਾ ਲਹਿਣਾ ਸਿੰਘ ਆਪ ਵਜ਼ੀਰ ਬਣ ਗਿਆ। ਨਾਬਾਲਗ਼ ਬੱਚੇ ਦੇ ਮੱਥੇ ਤੇ ਖ਼ੂਨ ਦਾ ਲੱਗਾ ਟਿੱਕਾ ਵੇਖ ਕੇ ਮਹਾਰਾਣੀ ਜਿੰਦ ਕੌਰ ਚਿੰਤਤ ਹੋ ਗਈ। ਇਹ ਸੱਭ ਕੁੱਝ ਹੋਣ ਤੋਂ ਬਾਅਦ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਗੁੱਸੇ ਵਿਚ ਆ ਕੇ ਲਾਹੌਰ ਦਰਬਾਰ ਉਪਰ ਫ਼ੌਜ ਚਾੜ੍ਹ ਲਿਆਇਆ। ਫ਼ੌਜ ਨੇ ਲਹਿਣਾ ਸਿੰਘ ਤੇ ਉਸ ਦੇ ਭਤੀਜੇ ਅਜੀਤ ਸਿੰਘ ਨੂੰ ਮਾਰ ਦਿਤਾ।

ਹੀਰਾ ਸਿੰਘ ਨੇ ਫਿਰ ਦਲੀਪ ਸਿੰਘ ਨੂੰ ਤਖ਼ਤ ਉਤੇ ਬਿਠਾ ਕੇ ਲਹਿਣਾ ਸਿੰਘ ਦੇ ਖ਼ੂਨ ਦੀ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਖ਼ੂਨ ਦਾ ਟਿੱਕਾ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾਈ। ਆਪ ਵਜ਼ੀਰ ਬਣ ਗਿਆ ਤੇ ਮਹਾਰਾਣੀ ਜਿੰਦ ਕੌਰ ਨੂੰ ਸਰਪ੍ਰਸਤ ਲਗਾਇਆ ਗਿਆ। ਹੀਰਾ ਸਿੰਘ ਡੋਗਰਾ ਮਹਾਰਾਣੀ ਨਾਲ ਖਾਰ ਖਾਂਦਾ ਸੀ। ਉਹ ਮਹਾਰਾਣੀ ਨੂੰ ਜ਼ਹਿਰ ਦੇ ਕੇ ਮਾਰਨ ਲੱਗਾ ਸੀ। ਜਦ ਸਾਜ਼ਿਸ਼ ਦਾ ਪਤਾ ਲੱਗਾ ਤਾਂ ਅਪਣੇ ਸਾਥੀਆਂ ਸਮੇਤ ਜੰਮੂ ਨੂੰ ਭੱਜ ਗਿਆ ਜਿਸ ਨੂੰ ਰਸਤੇ ਵਿਚ ਘੇਰ ਕੇ 21 ਦਸੰਬਰ 1844 ਨੂੰ ਮਾਰ ਦਿਤਾ ਗਿਆ। ਫਿਰ ਮਹਾਰਾਣੀ ਜਿੰਦ ਕੌਰ ਨੇ ਅਪਣੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਬਣਾ ਦਿਤਾ।

30 ਅਗੱਸਤ 1845 ਨੂੰ ਇਕ ਸਾਜ਼ਸ਼ ਤਹਿਤ ਕੰਵਰ ਪਿਸ਼ੌਰਾ ਸਿੰਘ ਦਾ ਕਤਲ ਹੋ ਗਿਆ। ਇਸ ਕਤਲ ਦਾ ਇਲਜ਼ਾਮ ਜਵਾਹਰ ਸਿੰਘ ਦੇ ਸਿਰ ਲੱਗ ਗਿਆ। ਭੜਕੇ ਹੋਏ ਲੋਕਾਂ ਦੇ ਇਕੱਠ ਨੇ ਜਵਾਹਰ ਸਿੰਘ ਦਾ ਕਤਲ ਕਰ ਦਿਤਾ। ਇਸ ਕਤਲ ਨਾਲ ਮਹਾਰਾਣੀ ਜਿੰਦ ਕੌਰ ਦਾ ਸਹਾਰਾ ਟੁੱਟ ਗਿਆ। 10 ਫ਼ਰਵਰੀ 1846  ਨੂੰ ਸਭਰਾਵਾਂ ਵਿਚ ਹੋਈ ਸਿੱਖਾਂ ਤੇ ਅੰਗਰੇਜ਼ਾਂ ਦੀ ਆਖ਼ਰੀ ਜੰਗ ਸੀ। ਇਸ ਜੰਗ ਵਿਚ ਡੋਗਰਿਆਂ ਦੀਆਂ ਬਦਨੀਤ ਚਾਲਾਂ ਕਰ ਕੇ ਸਿੱਖ ਹਾਰ ਗਏ। ਇਸ ਲੜਾਈ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਸਦਾ ਲਈ ਡੁੱਬ ਗਿਆ।

ਅੰੰਗਰੇਜ਼ਾਂ ਨੇ 12 ਦਸੰਬਰ 1846 ਨੂੰ ਮਹਾਰਾਣੀ ਜਿੰਦਾਂ ਦੀ ਸਰਕਾਰੀ ਕੰਮਾਂ ਕਾਰਾਂ ਵਿਚ ਦਖ਼ਲ ਅੰਦਾਜ਼ੀ ਬੰਦ ਕਰ ਦਿਤੀ। ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਵਿਚ ਨਜ਼ਰਬੰਦ ਕਰ ਦਿਤਾ। 19 ਅਗੱਸਤ 1847 ਨੂੰ ਸੇਖੂਪੁਰਾ ਕਿਲ੍ਹੇ ਵਿਚ ਕੈਦ ਕਰ ਦਿਤਾ। 29 ਮਾਰਚ 1849 ਨੂੰ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ। 16 ਮਈ 1848 ਨੂੰ ਇਕ ਕੈਦੀ ਦੇ ਤੌਰ ਉਤੇ ਮਹਾਰਾਣੀ ਜਿੰਦਾਂ ਨੂੰ ਪੰਜਾਬ ਤੋਂ ਬਨਾਰਸ ਭੇਜ ਦਿਤਾ। ਉਥੇ ਉਸ ਦਾ ਸੰਪਰਕ ਮਹਾਰਾਜਾ ਸਿੰਘ ਤੇ ਚਤਰ ਸਿੰਘ ਅਟਾਰੀਵਾਲਾ ਨਾਲ ਹੋਇਆ ਜਦ ਅੰਗਰੇਜ਼ਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਨ੍ਹਾਂ ਮਾਰਚ 1849 ਵਿਚ ਮਹਾਰਾਣੀ ਜਿੰਦਾਂ ਨੂੰ ਚਿਨਾਰ ਕਿਲ੍ਹੇ ਵਿਚ ਭੇਜਣ ਦਾ ਫ਼ੈਸਲਾ ਲੈ ਲਿਆ।                      

4 ਅਪ੍ਰੈਲ 1849 ਨੂੰ ਭਾਰੀ ਸੁਰੱਖਿਆ ਹੇਠ ਯੂ.ਪੀ ਦੇ ਚਿਨਾਰ ਕਿਲ੍ਹੇ ਵਿਚ ਭੇਜ ਦਿਤਾ। ਉਥੋਂ ਨੌਕਰਾਣੀ ਦੇ ਸਹਿਯੋਗ ਨਾਲ ਮਹਾਰਾਣੀ ਜਿੰਦ ਕੌਰ ਨੌਕਰਾਣੀ ਵਾਲੇ ਕਪੜੇ ਪਾ ਕੇ ਤੇ ਚਿਹਰੇ ਤੇ ਕਾਲਖ਼ ਮਲ ਕੇ ਕਿਲ੍ਹੇ ਵਿਚੋਂ ਬਾਹਰ ਨਿਕਲ ਗਈ। ਜ਼ਿੰਦਗੀ ਨਾਲ ਸੰਘਰਸ਼ ਕਰਦੀ 29 ਅਪ੍ਰੈਲ 1849 ਨੂੰ ਨੇਪਾਲ ਦੇ ਰਾਜੇ ਜੰਗ ਬਹਾਦਰ ਕੋਲ ਪਹੁੰਚ ਗਈ। ਉਸ ਨੇ ਰਾਜੇ ਕੋਲ ਜਾ ਕੇ ਫ਼ਰਿਆਦ ਕੀਤੀ ਕਿ ਮੇਰੇ ਕਪੜੇ ਵੇਖ ਕੇ ਮੇਰਾ ਅੰਦਾਜ਼ਾ ਨਾ ਲਗਾਵੀਂ ਤੂੰ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਦਾ ਨਾਮ ਸੁਣਿਆ ਹੈ ਤਾਂ ਜੰਗ ਬਹਾਦਰ ਨੇ ਹਾਂ ਵਿਚ ਸਿਰ ਹਿਲਾ ਦਿਤਾ ਫਿਰ ਜਿੰਦ ਕੌਰ ਨੇ ਕਿਹਾ, ''ਮੈਂ ਉਸ ਮਹਾਰਾਜੇ ਦੀ ਰਾਣੀ ਹਾਂ ਮੇਰਾ ਅੰਗਰੇਜ਼ਾਂ ਨੇ ਰਾਜ ਭਾਗ ਖੋਹ ਲਿਆ ਹੈ। ਮੇਰੇ 9 ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਮੇਰੇ ਕੋਲੋਂ ਵੱਖ ਕਰ ਦਿਤਾ ਹੈ।''

ਮਹਾਰਾਣੀ ਦੇ ਦੁੱਖ ਸੁਣ ਕੇ ਨੇਪਾਲ ਦੇ ਰਾਜੇ ਨੇ ਜਿੰਦ ਕੌਰ ਨੂੰ ਕਿਹਾ, ''ਮੈਂ ਤੇਰਾ ਦੁੱਖ ਤਾਂ ਨਹੀਂ ਵੰਡਾ ਸਕਦਾ ਨਾ ਹੀ ਮੈਂ ਫ਼ੌਜ ਭੇਜ ਕੇ ਤੇਰੀ ਮਦਦ ਕਰ ਸਕਦਾ ਹਾਂ। ਪਰ ਤੈਨੂੰ ਸ਼ਰਨ ਦੇ ਸਕਦਾ ਹਾਂ।'' ਰਾਜੇ ਜੰਗ ਬਹਾਦਰ ਨੇ ਮਹਾਰਾਣੀ ਨੂੰ ਨੇਪਾਲ ਵਿਚ ਸ਼ਰਨ ਦੇ ਕੇ ਕਾਠਮਾਂਡੂ ਵਿਚ ਰਹਿਣ ਦੀ ਆਗਿਆ ਦੇ ਦਿਤੀ। ਮਹਾਰਾਣੀ ਜਿੰਦ ਕੌਰ ਨੂੰ ਬੰਦੀ ਬਣਾਉਣ ਤੋਂ ਕੁੱਝ ਸਮੇਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਡ ਭੇਜ ਦਿਤਾ। ਉਥੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਦਿਤਾ।

ਨੇਪਾਲ ਦੇ ਰਾਜੇ ਜੰਗ ਬਹਾਦਰ ਨੇ ਮਾਂ-ਪੁੱਤਰ ਦੇ ਮਿਲਾਪ ਵਾਸਤੇ ਅੰਗਰੇਜ਼ ਸਰਕਾਰ ਨੂੰ ਚਿੱਠੀ ਲਿਖ ਦਿਤੀ। ਅੰਗਰੇਜ਼ਾਂ ਨੇ ਮਿਲਣ ਦੀ ਆਗਿਆ ਦੇ ਦਿਤੀ ਪਰ ਸ਼ਰਤ ਰੱਖ ਦਿਤੀ ਇਹ ਕਲੱਕਤੇ ਵਿਚ ਮਿਲ ਸਕਦੇ ਹਨ। ਜਨਵਰੀ 1861 ਵਿਚ ਦਲੀਪ ਸਿੰਘ ਇੰਗਲੈਂਡ ਤੋਂ ਕਲੱਕਤੇ ਆ ਗਿਆ। ਉਸ ਦੀ ਮਾਂ 13 ਸਾਲ ਬਾਅਦ ਪੁੱਤਰ ਨੂੰ ਮਿਲਣ ਵਾਸਤੇ ਕਲੱਕਤੇ ਆ ਗਈ। ਕਲੱਕਤੇ ਸਪੈਨਿਸ਼ ਹੋਟਲ ਵਿਚ ਮਾਂ-ਪੁੱਤਰ ਦਾ ਮਿਲਾਪ ਹੋਇਆ।  

ਮਹਾਰਾਣੀ ਜਿੰਦਾਂ ਦੀ ਪੁੱਤਰ ਦੇ ਵਿਛੋੜੇ ਵਿਚ ਵਿਰਲਾਪ ਕਰਦੀ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ। ਉਸ ਨੇ ਪੁੱਤਰ ਨੂੰ ਗਲਵਕੜੀ ਵਿਚ ਲੈ ਕੇ ਪਿਆਰ ਕੀਤਾ। ਹੌਲੀ-ਹੌਲੀ ਅਪਣੇ ਪੁੱਤਰ ਦੀ ਪਛਾਣ ਕਰਦੀ-ਕਰਦੀ ਅਪਣਾ ਹੱਥ ਉਸ ਦੇ ਸਿਰ ਉਤੇ ਲੈ ਗਈ। ਮਹਾਰਾਣੀ ਉਸ ਦੇ ਸਿਰ ਤੇ ਜੂੜਾ ਅਪਣੇ ਹੱਥੀਂ ਕਰਿਆ ਕਰਦੀ ਸੀ ਤੇ ਅੱਜ ਉਸ ਦੇ ਸਿਰ ਤੇ ਕੀਤੇ ਜੂੜੇ ਨੂੰ ਤੇ ਪੱਗ ਬੰਨੀ ਨੂੰ ਵੇਖਣਾ ਚਾਹੁੰਦੀ ਸੀ ਪਰ ਵਾਲ ਕੱਟੇ ਹੋਏ ਹੋਣ ਕਰ ਕੇ ਨਾ ਪੱਗ ਨਾ ਜੂੜਾ ਹੱਥ ਵਿਚ ਆਇਆ।

ਜਦ ਮੂੰਹ ਤੇ ਹੱਥ ਫੇਰਿਆ ਤਾਂ ਉਹ ਵੀ ਸਾਫ਼ ਸੀ। ਫਿਰ ਧਾਹਾਂ ਮਾਰ-ਮਾਰ ਰੋਂਦੀ ਹੋਈ ਕਹਿਣ ਲੱਗੀ, ''ਮੇਰੀ ਏ ਕਿਸਮਤੇ ਤੂੰ ਇਹ ਕੀ ਕੀਤਾ! ਮੇਰੇ ਸਿਰ ਦਾ ਤਾਜ ਵੀ ਖੋਹ ਲਿਆ, ਰਾਜ ਭਾਗ ਵੀ ਖੋਹ ਲਿਆ, ਮੇਰਾ ਪੰਜਾਬ ਵੀ ਖੋਹ ਲਿਆ। ਮੇਰਾ ਪੁੱਤ ਵੀ ਵਿਛੋੜ ਦਿਤਾ, ਮੇਰੀ ਜਾਨ ਤੋਂ ਪਿਆਰੀ ਸਿੱਖੀ ਵੀ ਖੋਹ ਲਈ। ਮੈਂ ਲਾਹੌਰ ਕਿਲ੍ਹੇ ਦੇ ਬਾਹਰ ਖਲੋ ਕੇ ਸਵੇਰ ਵੇਲੇ ਹੀਰੇ ਜਵਾਹਰਤ ਦੇ ਭਰੇ ਥਾਲ ਵੰਡਣ ਵਾਲੀ ਅੱਜ ਨਰਕ ਭਰੀ ਜ਼ਿੰਦਗੀ ਭੋਗ ਰਹੀ ਹਾਂ।''

ਕਲਕੱਤੇ ਤੋਂ ਵਾਪਸ ਜਾਣ ਸਮੇਂ ਦਲੀਪ ਸਿੰਘ ਅਪਣੀ ਮਾਤਾ ਨੂੰ ਨਾਲ ਹੀ ਇੰਗਲੈਡ ਲੈ ਗਿਆ। ਪਰ ਉਥੇ ਮਾਂ-ਪੁੱਤਰ ਨੂੰ ਇਕੱਠੇ ਨਾ ਰਹਿਣ ਦਿਤਾ ਗਿਆ। ਦਲੀਪ ਸਿੰਘ ਨੂੰ ਲੰਡਨ ਵਿਚ ਰਖਿਆ ਗਿਆ। ਜਿੰਦ ਕੌਰ ਨੂੰ ਕੈਨਸਿੰਗਟਨ ਵਿਚ ਰਖਿਆ ਗਿਆ। ਮਹਾਰਾਣੀ ਜਿੰਦ ਕੌਰ ਨੇ ਅਪਣੇ ਪੁੱਤਰ ਦਲੀਪ ਸਿੰਘ ਨੂੰ ਕਿਹਾ, ''ਪੁੱਤਰ! ਜਦ ਮੈਂ ਮਰ ਗਈ ਤਾਂ ਮੇਰਾ ਸ੍ਰੀਰ ਇਥੋਂ ਲਿਜਾ ਕੇ ਮੇਰੇ ਸਿਰ ਦੇ ਸਾਈਂ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਵਿਚ ਰੱਖ ਦੇਵੀਂ। ਮੇਰਾ ਸਸਕਾਰ ਵੀ ਮੇਰੇ ਸਿਰ ਦੇ ਸਾਈ ਦੀ ਯਾਦਗਰ ਕੋਲ ਹੀ ਕਰ ਦੇਵੀ ਵੇਖੀ ਕਿਤੇ ਮੇਰੇ ਸ੍ਰੀਰ ਦੀ ਮਿੱਟੀ ਇਥੇ  ਸਸਕਾਰ ਕਰ ਕੇ ਇਸ ਨਿਰਦਈ ਜਾਲਮਾਂ ਦੀ ਮਿੱਟੀ ਵਿਚ ਨਾ ਮਿਲਾ ਦੇਵੀਂ।''

ਮਹਾਰਾਣੀ ਜਿੰਦਾਂ ਦੀ ਇਕ ਅਗੱਸਤ 1863 ਨੂੰ ਕੈਨਸਿੰਗਟਨ (ਲੰਡਨ) ਵਿਖੇ ਮੌਤ ਹੋ ਗਈ। ਇਸ ਨੂੰ ਕੇਨਸਲ ਰਕੀਨ ਕਬਰਿਸਤਾਨ ਵਿਖੇ ਆਰਜ਼ੀ ਤੌਰ ਤੇ ਰਖਿਆ ਗਿਆ। ਦਲੀਪ ਸਿੰਘ ਨੂੰ ਅਪਣੀ ਮਾਤਾ ਦਾ ਸ੍ਰੀਰ ਭਾਰਤ ਲਿਆਉਣ ਦੀ ਮਨਜ਼ੂਰੀ ਛੇ ਮਹੀਨੇ ਬਾਅਦ ਇਸ ਸ਼ਰਤ ਉਤੇ ਮਿਲੀ ਕਿ ਤੂੰ ਇਸ ਦਾ ਸਸਕਾਰ ਪੰਜਾਬ ਵਿਚ ਨਹੀਂ ਕਰ ਸਕਦਾ। ਦਲੀਪ ਸਿੰਘ ਅਪਣੀ ਮਾਤਾ ਦੀ ਮ੍ਰਿਤਕ ਦੇਹ ਲੈ ਕੇ ਮੁੰਬਈ ਪਹੁੰਚ ਗਿਆ।

ਨਾਸਿਕ ਵਿਚ ਨਰਬਦਾ ਦਰਿਆ ਦੇ ਕੰਢੇ ਤੇ ਉਸ ਦਾ ਸਸਕਾਰ ਕਰ ਕੇ ਵਾਪਸ ਮੁੜ ਗਿਆ। ਮਹਾਰਾਜਾ ਦਲੀਪ ਸਿੰਘ ਦੀ ਲੜਕੀ ਸਹਿਜ਼ਾਦੀ ਬੰਬਾ ਦਾ ਜਨਮ 29 ਸਤੰਬਰ 1869 ਨੂੰ ਲੰਡਨ ਵਿਚ ਹੋਇਆ। ਵਿਆਹ ਤੋਂ ਬਾਅਦ ਉਸ ਨੇ ਅਪਣੀ ਰਿਹਾਇਸ਼ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਵਿਖੇ 'ਗੁਲਜ਼ਾਰ' ਨਾਮੀ ਬੰਗਲੇ ਵਿਚ ਕਰ ਲਈ। ਜੋ ਕੰਮ ਉਸ ਦੇ ਪਿਤਾ ਦਲੀਪ ਸਿੰਘ ਤੋਂ ਨਾ ਹੋ ਸਕਿਆ, ਉਹ ਕੰਮ ਉਸ ਨੇ ਕਰ ਵਿਖਾਇਆ। ਉਸ ਨੇ ਅਪਣੀ ਦਾਦੀ ਦੀ ਅੰਤਮ ਇੱਛਾ ਨੂੰ ਪੂਰਾ ਕਰਦਿਆਂ ਜਿੰਦ ਕੌਰ ਦੀ ਨਾਸਿਕ ਵਿਚ ਬਣੀ ਸਮਾਧ ਨੂੰ ਪੁੱਟ ਕੇ ਉਸ ਵਿਚੋਂ ਅਸਥੀਆਂ ਕੱਢ ਕੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਦੱਬ ਦਿਤੀਆਂ। ਇਸ ਤਰ੍ਹਾਂ ਮਹਾਰਾਣੀ ਜਿੰਦਾਂ ਦੀ ਦੁਖਦਾਈ ਜ਼ਿੰਦਗੀ ਦਾ ਅੰਤ ਹੋਇਆ।            

ਸੰਪਰਕ : 99141-84794
ਸੁਖਵਿੰਦਰ ਸਿੰਘ ਮੁੱਲਾਂਪੁਰ