‘ਘਰਾਂ ’ਚ ਪੈ ਰਹੀਆਂ ਤਰੇੜਾਂ’ : ਆਖ਼ਰ ਕਿਉਂ ਖ਼ੂਨ ਦੇ ਰਿਸ਼ਤੇ ਹੋ ਰਹੇ ਹਨ ਖ਼ਤਮ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਆਖ਼ਰ ਕਿਉਂ ਖ਼ੂਨ ਦੇ ਰਿਸ਼ਤੇ ਹੋ ਰਹੇ ਹਨ ਖ਼ਤਮ?

Why are blood relations ending?

ਸਾਡਾ ਅਜੋਕਾ ਸਮਾਜ ਗ਼ਲਤ ਰਸਮਾਂ ਤੇ ਰਿਵਾਜਾਂ ਦਾ ਸ਼ਿਕਾਰ ਹੋ ਗਿਆ ਹੈ ਤੇ ਦਿਨੋ-ਦਿਨ ਬੁਰਾਈ ਦੀਆਂ ਡੂੰਘੀਆਂ ਖੱਡਾਂ ’ਚ ਡਿਗਦਾ ਜਾ ਰਿਹਾ ਹੈ। ਇਨ੍ਹਾਂ ਗ਼ਲਤ ਰਸਮਾਂ ਦੀ ਜੜ੍ਹ ਹੈ ਭਿ੍ਰਸ਼ਟਾਚਾਰ, ਪੈਸਾ, ਮਨੁੱਖ ਦੀ ਸੋਚ, ਪਿਛਾਂਹ-ਖਿੱਚੂ ਖ਼ਿਆਲ, ਸ਼ਿਸ਼ਟਾਚਾਰ ’ਚ ਗਿਰਾਵਟ ਤੇ ਲੋਕ ਵਿਖਾਵਾ ਆਦਿ। ਦੇਸ਼ ਨੂੰ ਅਜ਼ਾਦ ਹੋਇਆਂ 75 ਸਾਲ ਬੀਤ ਗਏ ਹਨ।

ਕਈ ਖੇਤਰਾਂ ’ਚ ਤਰੱਕੀ ਵੀ ਹੋਈ ਹੈ ਪਰ ਇਹ ਤਰੱਕੀ ਸਮਾਜਕ ਬੁਰਾਈਆਂ ਸਾਹਮਣੇ ਨਾਂ-ਮਾਤਰ ਹੀ ਜਾਪਦੀ ਹੈ ਕਿਉਂਕਿ ਸਾਡਾ ਸਮਾਜ ਸਮਾਜਕ ਬੁਰਾਈਆਂ ਨਾਲ ਭਰਿਆ ਪਿਆ ਹੈ। ਅੱਜਕਲ ਜ਼ਿਆਦਾਤਰ ਲੋਕ ਲਾਲਚੀ ਤੇ ਮੌਕਾਪ੍ਰਸਤ ਹੋ ਗਏ ਹਨ। ਜ਼ਮੀਨਾਂ, ਜਾਇਦਾਦਾਂ ਤੇ ਪੈਸਿਆਂ ਪਿੱਛੇ ਖ਼ੂਨ ਦੇ ਪਵਿੱਤਰ ਰਿਸ਼ਤੇ ਖ਼ਤਮ ਹੋ ਰਹੇ ਹਨ। ਭੈਣ-ਭਰਾਵਾਂ ਦਾ ਪਿਆਰ ਨਹੀਂ ਰਿਹਾ।

ਪਤੀ-ਪਤਨੀਆਂ ਨੂੰ ਮਾਰ ਰਹੇ ਹਨ ਤੇ ਪਤਨੀਆਂ ਪਤੀਆਂ ਦਾ ਕਤਲ ਕਰ ਰਹੀਆਂ ਹਨ। ਪਿਉ, ਪੁੱਤ ਨੂੰ ਤੇ ਪੁੱਤ ਪਿਉ ਨੂੰ ਮਾਰ ਰਿਹਾ ਹੈ, ਮਾਵਾਂ ਅਪਣੇ ਹੀ ਬੱਚਿਆਂ ਨੂੰ ਮਾਰ ਰਹੀਆਂ ਹਨ, ਘੋਰ ਕਲਯੁੱਗ ਆ ਗਿਆ ਹੈ। ਅਪਣੇ ਬੇਗਾਨੇ ਹੋ ਗਏ ਹਨ ਤੇ ਬਸ ਪੈਸਾ ਹੀ ਮੁੱਖ ਰਹਿ ਗਿਆ ਹੈ। ਲੋਕ ਵਿਸ਼ਵਾਸ਼ਘਾਤ ਕਰ ਰਹੇ ਹਨ। ਧੋਖੇ, ਠੱਗੀ ਦਾ ਦੌਰ ਚੱਲ ਰਿਹਾ ਹੈ। ਇਕ ਪਾਸੇ ਦੇਸ਼  ਅਜ਼ਾਦੀ ਦੀ ਡਾਇਮੰਡ ਜੁਬਲੀ ਅਰਥਾਤ 75ਵੀਂ ਵਰ੍ਹੇਗੰਢ ਨੂੰ ਵੱਡੇ ਤੌਰ ’ਤੇ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ ਪਰ ਦੂਜੇ ਪਾਸੇ ਦੇਸ਼ ਦੇ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਜਾਂ ਮੱਧ-ਵਰਗੀ ਲੋਕਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ, ਚੁਣੌਤੀਆਂ ਘਟਣ ਦਾ ਨਾਮ ਨਹੀਂ ਲੈ ਰਹੀਆਂ।

ਜਬਰ ਜਿਨਾਹ ਦੀਆਂ ਘਟਨਾਵਾਂ ਸਮਾਜ ਲਈ ਘਾਤਕ : ਜਬਰ ਜਿਨਾਹ ਦੀਆਂ ਘਟਨਾਵਾਂ ’ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਕੋਈ ਵੀ ਔਰਤ ਸੁਰੱਖਿਅਤ ਨਹੀਂ, ਇੱਥੋਂ ਤਕ ਕਿ ਮਾਸੂਮ ਕੰਜਕਾਂ ਅਰਥਾਤ ਨਿੱਕੀਆਂ ਨਿੱਕੀਆਂ ਬਾਲੜੀਆਂ ਵੀ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ। ਅਖ਼ਬਾਰਾਂ ਦੀਆਂ ਅਕਸਰ ਬਣਦੀਆਂ ਸੁਰਖ਼ੀਆਂ ਮੁਤਾਬਕ ਅਪਣਿਆਂ ਹੱਥੋਂ ਹੀ ਬਾਲੜੀਆਂ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ ਤਾਂ ਸਿਰ ਸ਼ਰਮ ਨਾਲ ਝੁਕਣਾ ਸੁਭਾਵਕ ਹੈ। ਜੇਕਰ ਬੱਚੀਆਂ, ਲੜਕੀਆਂ, ਔਰਤਾਂ ਆਪੋ ਅਪਣੇ ਘਰਾਂ, ਸਕੂਲਾਂ, ਕਾਲਜਾਂ ਜਾਂ ਧਾਰਮਕ ਸਥਾਨਾਂ ’ਚ ਵੀ ਸੁਰੱਖਿਅਤ ਨਹੀਂ ਤਾਂ ਇਹ ਬਹੁਤ ਹੀ ਦੁਖਦਾਇਕ ਤੇ ਗੰਭੀਰ ਸਮੱਸਿਆ ਹੈ, ਜਿਸ ਦੇ ਹੱਲ ਲਈ ਸਾਨੂੰ ਬਿਨਾ ਦੇਰੀ ਸੋਚਣਾ ਪਵੇਗਾ।

ਇਕ ਸਰਵੇ ਰੀਪੋਰਟ ਮੁਤਾਬਕ ਅਜਿਹੀਆਂ ਘਟਨਾਵਾਂ ’ਚ ਵਾਧਾ ਕਾਨੂੰਨ ਦੀ ਢਿੱਲੀ ਕਾਰਗੁਜ਼ਾਰੀ ਕਰ ਕੇ ਹੀ ਹੋ ਰਿਹਾ ਹੈ, ਕਿਉਂਕਿ ਬਲਾਤਕਾਰੀਆਂ ਨੂੰ ਸਖ਼ਤ ਸਜ਼ਾ ਨਹੀਂ ਦਿਤੀ ਜਾਂਦੀ ਜਿਸ ਕਰ ਕੇ ਉਹ ਅਪਣੀ ਹਵਸ ਦੀ ਪੂਰਤੀ ਲਈ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਬੇਗਾਨੀ ਔਰਤ, ਲੜਕੀ ਜਾਂ ਬੱਚੀ ਨੂੰ ਅਜਿਹੇ ਹੈਵਾਨ ਕਿਸਮ ਦੇ ਲੋਕ ਕੀ ਬਖ਼ਸ਼ਣਗੇ, ਜੋ ਅਪਣੀਆਂ ਘਰ ’ਚ ਰਹਿੰਦੀਆਂ ਬੱਚੀਆਂ ਜਾਂ ਲੜਕੀਆਂ ਦੇ ਵੀ ਸਕੇ ਨਹੀਂ।

ਵਿਆਹ ਸਮਾਗਮਾਂ ਮੌਕੇ ਹੁੰਦੀ ਹੈ ਸੌਦੇਬਾਜ਼ੀ : ਅੱਜ ਸਭ ਤੋਂ ਪ੍ਰਮੁੱਖ ਕੁਰੀਤੀ ਜੋ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ, ਉਹ ਹੈ ਦਾਜ ਦਾ ਦੈਂਤ। ਅਨੇਕਾਂ ਹੀ ਕੀਮਤੀ ਜਾਨਾਂ ਇਸ ਦੀ ਭੇਟ ਚੜ੍ਹ ਚੁਕੀਆਂ ਹਨ। ਅੱਜ ਵਿਆਹ ਸੌਦੇਬਾਜ਼ੀ ਹੋ ਗਿਆ ਹੈ। ਲੜਕੀਆਂ ਨੂੰ ਚਾਹੀਦਾ ਹੈ ਕਿ ਉਹ ਦਾਜ ਦੇ ਲੋਭੀਆਂ ਦਾ ਡੱਟ ਕੇ ਮੁਕਾਬਲਾ ਕਰਨ ਨਾਕਿ ਦਾਜ ਦੀ ਬਲੀ ਚੜ੍ਹਨ। ਵਿਆਹ ਸਮੇਂ ਫ਼ਜ਼ੂਲ-ਖ਼ਰਚੀ ਐਨੀ ਕੁ ਵੱਧ ਗਈ ਹੈ ਕਿ ਲੜਕੇ-ਲੜਕੀ ਵਾਲੇ ਅਪਣੀ ਫੋਕੀ ਸ਼ਾਨੋ-ਸ਼ੌਕਤ ਖ਼ਾਤਰ ਬੇਲੋੜਾ ਪੈਸਾ ਖ਼ਰਚ ਕਰਦੇ ਹਨ। ਲੋਕ-ਵਿਖਾਵੇ ਦੀ ਖ਼ਾਤਰ ਵਿਆਹ ਤੇ ਵਿਆਹ ਤੋਂ ਪਹਿਲਾਂ ਮੰਗਣੀ, ਸ਼ਗਨ ’ਤੇ ਵੀ ਖੁੱਲ੍ਹ ਕੇ ਪਾਣੀ ਵਾਂਗ ਪੈਸਾ ਰੋੜ੍ਹਦੇ ਹਨ।

ਮਹਿੰਗੇ ਤੋਂ ਮਹਿੰਗੇ ਪੈਲੇਸ, ਤਰ੍ਹਾਂ-ਤਰ੍ਹਾਂ ਦੇ ਖਾਣੇ, ਤਰ੍ਹਾਂ-ਤਰ੍ਹਾਂ ਦੇ ਸ਼ਾਮਿਆਨੇ, ਬੇਲੋੜੀਆਂ ਲਾਈਟਾਂ, ਵੱਡੀ ਗਿਣਤੀ ’ਚ ਬਰਾਤ ਆਦਿ ਇਹ ਸਾਰੀ ਫ਼ਜ਼ੂਲ ਖ਼ਰਚੀ ਹੈ ਤੇ ਇਕ ਸਮਾਜਕ ਬੁਰਾਈ ਹੈ। ਇਕ ਦੂਜੇ ਦੀ ਰੀਸ ਨਾਲ ਵਿਆਹ ਸਮਾਗਮਾਂ ਮੌਕੇ ਕੀਤਾ ਜਾਂਦਾ ਖ਼ਰਚਾ ਵੀ ਮੁਸੀਬਤ ਦਾ ਸਬੱਬ ਬਣਦਾ ਹੈ। ਜੇਕਰ ਮੰਗਣਾ ਇਕ ਬੁਰਾਈ ਮੰਨੀ ਗਈ ਹੈ ਤਾਂ ਦਾਜ ਦੇ ਰੂਪ ’ਚ ਮੰਗਤਾ ਬਣ ਜਾਣਾ ਵੀ ਕੋਈ ਸਿਆਣਪ ਨਹੀਂ, ਬਲਕਿ ਹੋਛਾਪਨ ਹੈ। ਫੁਕਰਪਣਾ ਹੀ ਕਈ ਵਾਰ ਕਰਜ਼ਾ ਚੜ੍ਹਾ ਜਾਂਦਾ ਹੈ, ਘਰਾਂ ’ਚ ਕਲੇਸ਼ ਪੈਦਾ ਹੋਣਾ ਤਾਂ ਸੁਭਾਵਕ ਹੈ ਪਰ ਕਈ ਵਾਰ ਉਕਤ ਕਰਜ਼ਾ ਖ਼ੁਦਕੁਸ਼ੀਆਂ ਦਾ ਕਾਰਨ ਵੀ ਬਣ ਜਾਂਦਾ ਹੈ, ਇਸ ਲਈ ਵਿਆਹ-ਸ਼ਾਦੀਆਂ ਜਾਂ ਕਿਸੇ ਵੀ ਖ਼ੁਸ਼ੀ ਗ਼ਮੀ ਦੇ ਮੌਕੇ ’ਤੇ ਖ਼ਰਚਾ ਸੰਕੋਚਵਾਂ ਤੇ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ।

ਭਰੂਣ-ਹਤਿਆ: ਕਾਨੂੰਨੀ ਜੁਰਮ ਹੋਣ ਦੇ ਬਾਵਜੂਦ ਵੀ ਭਰੂਣ-ਹਤਿਆ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤੀਆਂ ਦੀ ਮਾਨਸਿਕਤਾ ’ਚ ਜੀਵ-ਹਤਿਆ ਪਾਪ ਹੈ, ਸ਼ਾਇਦ ਭਰੂਣ-ਹਤਿਆ ਨਹੀਂ। ਅੱਜ ਮਾਦਾ ਭਰੂਣ-ਹਤਿਆ ਦੇ ਕਹਿਰ ਨੇ ਲੜਕੀਆਂ ਦੀ ਗਿਣਤੀ ਬਹੁਤ ਘਟਾ ਦਿਤੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਜਿਸ ਰਫ਼ਤਾਰ ਨਾਲ ਇਹ ਭਰੂਣ-ਹਤਿਆ ਹੋ ਰਹੀ ਹੈ ਤੇ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਉਹ ਸਮਾਂ ਨੇੜੇ ਆ ਰਿਹਾ ਹੈ, ਜਦੋਂ ਬਹੁਤੇ ਮੁੰਡੇ ਕੁਆਰੇ ਹੀ ਰਹਿਣਗੇ।

ਕਿਸੇ ਸਮੇਂ ਪੰਜਾਬੀਆਂ ਦੇ ਮੱਥੇ ’ਤੇ ਕੁੜੀ ਮਾਰ ਹੋਣ ਦਾ ਕਲੰਕ ਲੱਗਾ, ਬੁੱਧੀਜੀਵੀਆਂ ਤੇ ਚਿੰਤਕਾਂ ਨੂੰ ਇਸ ਦੀ ਚਿੰਤਾ ਹੋਈ, ਜਾਗਰੂਕਤਾ ਸੈਮੀਨਾਰ ਹੋਣ ਦਾ ਦੌਰ ਸ਼ੁਰੂ ਹੋਇਆ, ਲੋਕਾਂ ’ਚ ਜਾਗਰੂਕਤਾ ਆਈ ਪਰ ਭਰੂਣ ਹਤਿਆ ਵਰਗੀ ਬੁਰਾਈ ’ਤੇ ਨੱਥ ਪਾਉਣ ਲਈ ਸਰਕਾਰਾਂ, ਸਿਹਤ ਵਿਭਾਗ ਤੇ ਸਥਾਨਕ ਪ੍ਰਸ਼ਾਸ਼ਨ ਬੁਰੀ ਤਰ੍ਹਾਂ ਫ਼ੇਲ੍ਹ ਹੋਏ ਕਿਉਂਕਿ ‘‘ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ’’ ਵਾਲੇ ਬੋਰਡ ਹਸਪਤਾਲਾਂ ਦੇ ਬਾਹਰ ਲਵਾ ਕੇ ਸਿਹਤ ਵਿਭਾਗ ਨੇ ਖ਼ਾਨਾਪੂਰਤੀ ਕਰ ਲਈ ਜਾਂ ਅਪਣਾ ਪੱਲਾ ਝਾੜ ਲਿਆ ਪਰ ਅਜਿਹੇ ਕਈ ਨਿੱਜੀ ਹਸਪਤਾਲਾਂ ਦੀਆਂ ਅਲਟਰਾਂ ਸਾਊਂਡ ਮਸ਼ੀਨਾਂ ਦੀ ਕਿਸੇ ਇਮਾਨਦਾਰ ਅਫ਼ਸਰ ਵਲੋਂ ਚੈਕਿੰਗ ਹੋਣ ਤੋਂ ਬਾਅਦ ਹਸਪਤਾਲ ਸੰਚਾਲਕਾਂ ਖ਼ਿਲਾਫ਼ ਮਾਮਲੇ ਵੀ ਦਰਜ ਹੋਏ।

ਵਹਿਮਾਂ-ਭਰਮਾਂ ਦਾ ਸ਼ਿਕਾਰ ਲੋਕ : ਕੰਪਿਊਟਰ ਤੇ ਸਾਇੰਸ ਦਾ ਯੁੱਗ ਹੋਣ ਦੇ ਬਾਵਜੂਦ ਲੋਕ ਵਹਿਮਾਂ-ਭਰਮਾਂ ਦਾ ਸ਼ਿਕਾਰ ਹਨ। ਕੋਈ ਛਿੱਕ-ਨਿੱਛ ਮਾਰ ਦੇਵੇ, ਬਿੱਲੀ ਰਸਤਾ ਕੱਟ ਜਾਵੇ, ਕੋਈ ਪਿੱਛੋਂ ਆਵਾਜ਼ ਮਾਰ ਦੇਵੇ ਤਾਂ ਅਸ਼ੁੱਭ ਮੰਨਿਆ ਜਾਂਦਾ ਹੈ। ਪੰਡਤ, ਜੋਤਸ਼ੀ, ਤਾਂਤਰਿਕ, ਮੁੱਲਾਂ-ਮੌਲਵੀ, ਵਾਸਤੂ-ਸ਼ਾਸ਼ਤਰ ਵਾਲੇ ਆਦਿ ਲੋਕਾਂ ਦੀ ਮਾਨਸਿਕਤਾ ਦਾ ਫ਼ਾਇਦਾ ਉਠਾ ਰਹੇ ਹਨ। ਅੱਜ ਟੀ.ਵੀ. ਦੇ ਹਰ ਚੈਨਲ ’ਤੇ ਜੋਤਸ਼ੀਆਂ ਦਾ ਬੋਲਬਾਲਾ ਹੈ।

ਉਹ ਗ੍ਰਹਿ ਚਾਲ, ਦਿਸ਼ਾਵਾਂ, ਰਾਸ਼ੀਫ਼ਲ, ਨਗ ਤੇ ਕਈ ਹੋਰ ਬੇਲੋੜੇ ਉਪਾਅ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਹੁਣ ਤਾਂ ਤਾਂਤਰਿਕਾਂ ਨੇ ਬਕਾਇਦਾ ਇਸ਼ਤਿਹਾਰ ਛਪਵਾ ਕੇ ਤੇ ਪੰਜਾਬ ਦੇ ਅਨੇਕਾਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਵੱਡੇ-ਵੱਡੇ ਬੋਰਡ ਲਵਾ ਕੇ ਅਪਣੀ ਗ਼ੈਬੀ ਸ਼ਕਤੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਹੈ। ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਜਾਂ ਬਾਂਝਪਣ ਵਾਲੀਆਂ ਔਰਤਾਂ ਅਕਸਰ ਅਜਿਹੇ ਤਾਂਤਰਿਕਾਂ ਦੀਆਂ ਚੌਕੀਆਂ ਭਰਦੀਆਂ ਦੇਖੀਆਂ ਜਾ ਸਕਦੀਆਂ ਹਨ।

ਰਿਸ਼ਵਤਖ਼ੋਰੀ ਤੇ ਮਿਲਾਵਟਖ਼ੋਰੀ ਦਾ ਬੋਲਬਾਲਾ : ਭਾਰਤ ’ਚ ਮਿਲਾਵਟਖ਼ੋਰਾਂ, ਜਮ੍ਹਾਂਖ਼ੋਰਾਂ, ਰਿਸ਼ਵਤਖ਼ੋਰਾਂ, ਚੋਰ-ਬਜ਼ਾਰੀ ਤੇ ਸੀਨਾ-ਜ਼ੋਰਾਂ ਦਾ ਬੋਲਬਾਲਾ ਹੈ, ਜਿਸ ਕਾਰਨ ਖ਼ੂਨ ਦੇ ਰਿਸ਼ਤੇ ਵੀ ਅਪਣੇ ਨਹੀਂ ਬਣ ਰਹੇ ਕਿਉਂਕਿ ਦੁੱਧ ਤੋਂ ਲੈ ਕੇ ਜ਼ਹਿਰ ਤਕ ਹਰ ਚੀਜ਼ ’ਚ ਮਿਲਾਵਟ ਹੋ ਰਹੀ ਹੈ। ਇਸ ਲਈ ਚੀਜ਼ਾਂ ’ਚ ਮਿਲਾਵਟ ਕਰਨ ਵਾਲਿਆਂ ਵਿਰੁਧ ਕਤਲ ਕੇਸ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਹ ਪੈਸੇ ਦੇ ਲਾਲਚ ’ਚ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਭਿ੍ਰਸ਼ਟਾਚਾਰੀ ਤੇ ਰਿਸ਼ਵਤਖ਼ੋਰ ਅਪਣੀ ਇਸ ਕਮਾਈ ਨੂੰ ਹੱਕ-ਹਲਾਲ ਦੀ ਕਮਾਈ ਸਮਝਦੇ ਹਨ।

ਉਹ ਅਪਣੀਆਂ ਜੇਬਾਂ ਭਰਨ ਲਈ ਲੋਕਾਂ ਦਾ ਖ਼ੂਨ ਨਿਚੋੜਦੇ ਹਨ। ਦੇਸ਼ ਭਰ ’ਚ ਖੁਰਾਕ ਸਪਲਾਈ ਵਿਭਾਗ ਦਾ ਵੱਡਾ ਸਟਾਫ਼ ਤੇ ਖ਼ੁਰਾਕ ਸੁਰੱਖਿਆ ਯਕੀਨੀ ਬਣਾਉਣ ਵਾਲੇ ਵਿਭਾਗ ਦੇ ਸਟਾਫ਼ ਵਲੋਂ ਆਪੋ ਅਪਣੇ ਤੌਰ ’ਤੇ ਮਿਲਾਵਟਖ਼ੋਰਾਂ  ਵਿਰੁਧ ਕਾਰਵਾਈ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਰ ਖਾਧ ਪਦਾਰਥ ਮਿਲਾਵਟੀ ਹੀ ਵਿਕ ਰਿਹਾ ਹੈ। ਜੇਕਰ ਇਸੇ ਤਰ੍ਹਾਂ ਕੈਮੀਕਲ ਯੁਕਤ ਮਿਲਾਵਟੀ ਵਸਤੂਆਂ ਦੀ ਵਿਕਰੀ ਸ਼ਰੇਆਮ ਰਹਿਣੀ ਹੈ ਤਾਂ ਉਕਤ ਅਫ਼ਸਰਸ਼ਾਹੀ ਲਈ ਕਰੋੜਾਂ ਰੁਪਿਆ ਤਨਖ਼ਾਹ ਦੇ ਰੂਪ ’ਚ ਵੰਡਣਾ ਵੀ ਕਿੱਥੋਂ ਦੀ ਸਿਆਣਪ ਹੈ? ਕਿਉਂਕਿ ਅਫ਼ਸਰਸ਼ਾਹੀ ਨੂੰ ਦਿਤੀ ਜਾਂਦੀ ਤਨਖ਼ਾਹ ਟੈਕਸਾਂ ਦੇ ਰੂਪ ’ਚ ਆਮ ਨਾਗਰਿਕਾਂ ਦੀ ਜੇਬ ’ਚੋਂ ਹੀ ਨਿਕਲਦੀ ਹੈ।

ਵੱਡੀ ਸਮੱਸਿਆ ਬੇਰੁਜ਼ਗਾਰੀ: ਬੇਰੁਜ਼ਗਾਰੀ, ਗ਼ਰੀਬੀ, ਅਨਪੜ੍ਹਤਾ ਆਦਿ ਬੁਰਾਈਆਂ ਉਦੋਂ ਜਨਮ ਲੈਂਦੀਆਂ ਹਨ, ਜਦੋਂ ਅਬਾਦੀ ’ਚ ਬੇਹਿਸਾਬਾ ਵਾਧਾ ਹੋ ਰਿਹਾ ਹੋਵੇ। ਕਾਬਲ ਤੇ ਯੋਗ ਲੋਕ ਨੌਕਰੀਆਂ ਲਈ ਥਾਂ-ਥਾਂ ਭਟਕ ਰਹੇ ਹਨ ਤੇ ਭਿ੍ਰਸ਼ਟਾਚਾਰ ਦੀ ਭੇਟ ਚੜ੍ਹ ਰਹੇ ਹਨ। ਬੇਰੁਜ਼ਗਾਰ, ਚੋਰੀ, ਡਾਕੇ, ਕਤਲ, ਹੇਰਾਫੇਰੀਆਂ, ਲੁੱਟਾਂ-ਖੋਹਾਂ ਦੀਆਂ ਘਟਨਾਵਾਂ ’ਚ ਲਗਾਤਾਰ ਗ੍ਰਸਤ ਹੁੰਦਾ ਜਾ ਰਿਹਾ ਹੈ। ਅਨੇਕਾਂ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋਏ ਪਏ ਹਨ ਤੇ ਨਸ਼ਿਆਂ ਨਾਲ ਨਿੱਤ ਰੋਜ਼ ਮੌਤਾਂ ਹੋ ਰਹੀਆਂ ਹਨ। ਨਸ਼ਾਪੂਰਤੀ ਲਈ ਨਸ਼ੇੜੀਆਂ ਨੂੰ ਪੈਸਾ ਚਾਹੀਦਾ ਹੈ। ਇਸ ਲਈ ਉਨ੍ਹਾਂ ਵਲੋਂ ਹਰ ਨਜਾਇਜ਼ ਢੰਗ-ਤਰੀਕੇ ਨਾਲ ਪੈਸਾ ਹੜੱਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜਕਲ ਬਜ਼ਾਰਾਂ, ਘਰਾਂ, ਦੁਕਾਨਾਂ ਆਦਿ ’ਚ ਦਿਨ-ਦਿਹਾੜੇ ਚੋਰੀਆਂ, ਲੁੱਟਾਂ-ਖੋਹਾਂ ਤੇ ਕਤਲ ਹੋ ਰਹੇ ਹਨ। ਇਸ ਬੁਰਾਈ ਨੇ ਜਨਤਾ ’ਚ ਬਹੁਤ ਜ਼ਿਆਦਾ ਦਹਿਸ਼ਤ ਫੈਲਾਈ ਹੋਈ ਹੈ।

ਫੋਕੀ ਸ਼ੋਹਰਤ ’ਚ ਅੰਨ੍ਹਾ ਮਨੁੱਖ : ਪੰਜਾਬੀ ਸਭਿਆਚਾਰ ਦੇ ਨਾਂ ’ਤੇ ਨੰਗੇਜ ਪਰੋਸਿਆ ਜਾ ਰਿਹਾ ਹੈ, ਅਸ਼ਲੀਲਤਾ, ਭੜਕਾਊ ਪਹਿਰਾਵਾ, ਲਚਰ ਗੀਤ ਆਦਿ ਚੱਲ ਰਹੇ ਹਨ। ਅੱਜ ਦਾ ਮਨੁੱਖ ਪੈਸੇ ਤੇ ਫੋਕੀ ਸ਼ੋਹਰਤ ’ਚ ਅੰਨ੍ਹਾ ਹੋਇਆ ਪਿਆ ਹੈ। ਅਪਣੀ ਮਰਿਆਦਾ, ਧਰਮ, ਵਿਰਸਾ, ਇਖਲਾਕ ਭੁੱਲ ਗਿਆ ਹੈ। 
ਹੀਰ-ਰਾਂਝਾ ਜਾਂ ਸੱਸੀ-ਪੁੰਨੂੰ ਸਾਡਾ ਇਤਿਹਾਸ ਨਹੀਂ, ਸਾਡਾ ਇਤਿਹਾਸ ਗੈਰਾਂ ਦੀਆਂ ਧੀਆਂ ਨੂੰ ਸੁਰੱਖਿਅਤ ਬਚਾਅ ਕੇ ਉਨ੍ਹਾਂ ਦੇ ਮਾਪਿਆਂ ਤਕ ਸੁਰੱਖਿਅਤ ਪਹੁੰਚਾਉਣਾ ਹੈ, ਇਸ ਬਾਰੇ ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਜ਼ਿੰਮੇਵਾਰ ਸੰਸਥਾਵਾਂ ਤੇ ਜਥੇਬੰਦੀਆਂ ਦੇ ਆਗੂ ਖ਼ੁਦ ਫੋਕੀ ਸ਼ੋਹਰਤ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ।

ਅਨੇਕਾਂ ਹੋਰ ਹਨ ਬੁਰਾਈਆਂ : ਇਸ ਤੋਂ ਇਲਾਵਾ ਪ੍ਰਵਾਰਕ ਰਿਸ਼ਤਿਆਂ ’ਚ ਤਰੇੜਾਂ, ਅਸਹਿਣਸ਼ੀਲਤਾ, ਅਪਣਿਆਂ ਹਥੋਂ ਅਪਣਿਆਂ ਦਾ ਬੇਰਹਿਮੀ ਨਾਲ ਕਤਲ, ਬਜ਼ੁਰਗਾਂ ਦਾ ਅਪਮਾਨ, ਬਿਰਧ-ਆਸ਼ਰਮਾਂ ਵਲ ਮੁਹਾਰਾਂ, ਕਲੱਬਾਂ ਤੇ ਹੋਟਲਾਂ ਨਾਲ ਲਗਾਅ, ਛੂਤਛਾਤ, ਜਾਤ-ਪਾਤ, ਧਰਮ ਦੇ ਨਾਂ ’ਤੇ ਦੰਗੇ-ਫਸਾਦ, ਰਾਜਨੀਤੀ ’ਚ ਗਿਰਾਵਟ, ਪੈਸੇ ਦੀ ਪੂਜਾ ਆਦਿ ਬੁਰਾਈਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਸ ਦੇਸ਼ ’ਚ ਸਹੂਲਤਾਂ ਘੱਟ ਤੇ ਬੁਰਾਈਆਂ ਵੱਧ ਹਨ। ਕੀ ਬਣੇਗਾ ਉਸ ਦੇਸ਼ ਦਾ ਜਿੱਥੇ ਭੁੱਖ ਖ਼ਾਤਰ ਮਾਵਾਂ ਅਪਣੇ ਬੱਚੇ ਵੇਚਦੀਆਂ ਹਨ ਤੇ ਇਨਸਾਨ ਅਪਣਾ ਇਮਾਨ ਤੇ ਸ੍ਰੀਰਕ ਅੰਗ ਵੇਚਦੇ ਹਨ। ਜਿੱਥੇ ਚਪੜਾਸੀ ਤੋਂ ਲੈ ਕੇ ਵੱਡੇ ਹਾਕਮਾਂ ਤਕ ਭਿ੍ਰਸ਼ਟ ਹਨ, ਅਮੀਰਾਂ ਦੀ ਦੌਲਤ ਦਾ ਕੋਈ ਹਿਸਾਬ ਨਹੀਂ ਤੇ ਗ਼ਰੀਬ ਦੌਲਤ ਦੇ ਦਰਸ਼ਨਾਂ ਨੂੰ ਤਰਸ ਰਹੇ ਹਨ। ਇੱਥੇ ਵਿਦਿਆ ਦਾ ਵਪਾਰੀਕਰਨ ਹੋ ਰਿਹਾ ਹੈ। 

ਸਮਾਜਸੇਵੀ ਸੰਸਥਾਵਾਂ, ਧਾਰਮਕ ਜਥੇਬੰਦੀਆਂ, ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਕਾਰਜਸ਼ੀਲ ਸਖ਼ਸੀਅਤਾਂ ਮੁਤਾਬਕ ਪਤਨ ਵਲ ਜਾ ਰਹੇ ਸਮਾਜ ਤੇ ਦੇਸ਼ ਨੂੰ ਬਚਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ ਕਿਉਂਕਿ ਇਹ ਮਾਮਲਾ ਬੜਾ ਗੰਭੀਰ ਹੈ। ਸਮਾਜਕ ਕੁਰੀਤੀਆਂ ਦਾ ਵਧਣਾ ਮੰਦਭਾਗਾ ਹੈ। ਚੰਗੀ ਸੋਚ ਵਾਲਿਆਂ ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਨੂੰ ਸਮਾਜ ਸੁਧਾਰ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਜਿੰਨਾ ਮੋਹ-ਪਿਆਰ ਕਿਧਰੇ ਵੀ ਨਹੀਂ ਰਿਹਾ। ਹੁਣ ਉਸਾਰੂ ਸੋਚ ਤੇ ਹਾਂ-ਪੱਖੀ ਨਜ਼ਰੀਆ ਰੱਖਣ ਵਾਲੇ ਪ੍ਰਚਾਰਕ ਤੇ ਚਿੰਤਕ ਅਪਣੀ ਜ਼ਿੰਮੇਵਾਰੀ ਸਮਝਣ, ਨੌਜਵਾਨਾਂ ਤੇ ਬੱਚਿਆਂ ਨੂੰ ਸਮਾਜਕ ਕੁਰੀਤੀਆਂ ਤੋਂ ਬਚਾਅ ਕੇ ਮੁੱਖ ਧਾਰਾ ਨਾਲ ਜੋੜਨ ਤੇ ਚੰਗੇ ਰਸਤੇ ਤੋਰਨ ਵਾਲੇ ਉਪਰਾਲਿਆਂ ਦੀ ਬਹੁਤ ਜ਼ਰੂਰਤ ਹੈ।

ਗੁਰਿੰਦਰ ਸਿੰਘ ਕੋਟਕਪੂਰਾ
ਮੋਬਾਈਲ : 98728-10153