ਬਰਸਾਤ ਦੇ ਮੌਸਮ ਵਿਚ ਬਿਮਾਰੀਆਂ ਤੋਂ ਕਿਵੇਂ ਬਚਾਅ ਕਰੀਏ ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਰਸਾਤ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇਸ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ...............

Fever

ਬਰਸਾਤ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇਸ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਬਰਸਾਤ ਦੇ ਮੌਸਮ ਵਿਚ ਚਾਰੇ ਪਾਸੇ ਮੱਛਰ ਹੋਣ ਕਰ ਕੇ ਉਸ ਨਾਲ ਜੁੜੀਆਂ ਬਿਮਾਰੀਆਂ ਫੈਲਣ ਲਗਦੀਆਂ ਹਨ। ਇਨ੍ਹਾਂ ਵਿਚ ਡੇਂਗੂ, ਮਲੇਰੀਆ ਤੇ ਕਾਮਨ ਫ਼ਲੂ ਵਰਗੀਆਂ ਬਿਮਾਰੀਆਂ ਆਮ ਹਨ। ਡੇਂਗੂ ਮਾਦਾ ਏਡੀਜ਼ ਮੱਛਰ ਤੋਂ  ਫ਼ੈਲਦਾ ਹੈ, ਜੋ ਸਾਫ਼ ਪਾਣੀ ਵਿਚ ਪੈਦਾ ਹੁੰਦੇ ਹਨ। ਇਸ ਮੱਛਰ ਦੀ ਉਮਰ ਦੋ ਤਿੰਨ ਹਫ਼ਤੇ ਹੀ ਹੁੰਦੀ ਹੈ।

ਇਸ ਦੇ ਕੱਟਣ ਨਾਲ ਦੋ ਤਿੰਨ ਦਿਨਾਂ ਵਿਚ ਹੀ ਡੇਂਗੂ ਦੀ ਬਿਮਾਰੀ ਦੇ ਲੱਛਣ ਦਿਸਣ ਲਗਦੇ ਹਨ ਤੇ ਬੁਖਾਰ ਹੋਣਾ, ਅੱਖਾਂ ਦੇ ਪਿਛਲੇ ਹਿਸੇ ਵਿਚ ਦਰਦ, ਕਮਜ਼ੋਰੀ ਮਹਿਸੂਸ ਹੋਣੀ, ਮੂੰਹ ਦਾ ਸਵਾਦ ਖ਼ਰਾਬ, ਭੁੱਖ ਨਾ ਲਗਣਾ, ਗਲੇ ਵਿਚ ਹਲਕਾ ਦਰਦ, ਸਿਰ ਪੱਠਿਆਂ ਤੇ ਜੋੜਾਂ ਵਿਚ ਦਰਦ ਹੋਣਾ ਵਗੈਰਾ ਵਗੈਰਾ। ਮੂਲ ਰੂਪ ਵਿਚ ਡੇਂਗੂ ਤਿੰਨ ਕਿਸਮ ਦਾ ਹੁੰਦਾ ਹੈ। ਸਾਧਾਰਣ ਡੇਂਗੂ ਬੁਖ਼ਾਰ, ਹੈਂਮਰੇਜਿਕ ਬੁਖਾਰ ਤੇ ਡੇਂਗੂ ਸ਼ੌਕ ਸਿੰਡਰੋਮ।

ਇਨ੍ਹਾਂ ਵਿਚ ਸਧਾਰਣ ਡੇਂਗੂ ਤਾਂ ਜਲਦੀ ਠੀਕ ਹੋ ਜਾਂਦਾ ਹੈ ਪਰ ਬਾਕੀ ਦੋਵੇਂ ਬੁਖ਼ਾਰ ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਮੌਤ ਵੀ ਹੋ ਸਕਦੀ ਹੈ। ਜੇ ਤੇਜ਼ ਬੁਖ਼ਾਰ ਤੇ ਜੋੜਾਂ ਦਾ ਦਰਦ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ, ਉਹ ਡੇਂਗੂ ਦੇ ਟੈਸਟ ਕਰਵਾਉਂਦੇ ਹਨ। ਬੱਚਿਆਂ ਵਿਚ ਡੇਂਗੂ ਹੋਣ ਦਾ ਖ਼ਤਰਾ ਸੱਭ ਤੋਂ ਵੱਧ ਹੁੰਦਾ ਹੈ ਕਿਉਂਕਿ ਉਹ ਖੁੱਲ੍ਹੇ ਵਾਤਾਵਰਣ ਵਿਚ ਜ਼ਿਆਦਾ ਰਹਿੰਦੇ ਹਨ। ਬੱਚਿਆਂ ਵਿਚ ਇਸ ਦੇ ਲੱਛਣ ਨਜ਼ਰ ਆਉਂਦਿਆਂ ਹੀ ਤੁਰੰਤ ਡਾਕਟਰ ਨੂੰ ਮਿਲੋ।

ਕਾਮਨ-ਫ਼ਲੂ : ਆਮ ਜ਼ੁਕਾਮ ਆਦਿ (ਕਾਮਨ ਫ਼ਲੂ) ਵੀ ਬਾਰਿਸ਼ ਦੇ ਦਿਨਾਂ ਵਿਚ ਹੀ ਫੈਲਦਾ ਹੈ। ਇਸ ਫਲੂ ਦੇ ਵਾਇਰਸ ਤਿੰਨ ਤਰ੍ਹਾਂ ਦੇ (ਏ, ਬੀ ਤੇ ਸੀ) ਹੁੰਦੇ ਹਨ। 'ਏ' ਵਾਇਰਸ ਜਾਨਵਰਾਂ ਤੇ ਇਨਸਾਨਾਂ ਵਿਚ ਹੁੰਦਾ ਹੈ ਪਰ ਬੀ ਤੇ ਸੀ ਸਿਰਫ਼ ਇਨਸਾਨਾਂ ਵਿਚ ਹੀ ਹੁੰਦੇ ਹਨ। 'ਏ' ਵਾਰਸ ਸੱਭ ਤੋਂ ਵੱਧ ਖ਼ਤਰਨਾਕ ਹੁੰਦਾ ਹੈ। ਏ ਟਾਈਪ ਵਾਇਰਸ ਤੋਂ ਪ੍ਰਭਾਵਤ ਵਿਅਕਤੀ ਨੂੰ ਛਿੱਕਾਂ ਆਉਣੀਆਂ, ਸਿਰਦਰਦ, ਖਾਂਸੀ, ਨੱਕ ਵਗਣਾ ਤੇ ਤੇਜ਼ ਬੁਖ਼ਾਰ ਵਰਗੇ ਲੱਛਣ ਹੁੰਦੇ ਹਨ।

ਟਾਈਪ-ਸੀ ਪ੍ਰਭਾਵਤ ਲੋਕਾਂ ਵਿਚ ਸਪੱਸ਼ਟ ਲੱਛਣ ਨਹੀਂ ਦਿਸਦੇ। ਬਰਸਾਤੀ ਮੌਸਮ ਵਿਚ ਟਾਈਪ-ਸੀ ਵਾਇਰਸ ਵੱਧ ਫੈਲਦਾ ਹੈ। ਇਸ ਲਈ ਲੋਕਾਂ ਨੂੰ ਕਾਮਨ ਫ਼ਲੂ ਹੋਣ ਤੇ ਸਹੀ ਤਰ੍ਹਾਂ ਠੀਕ ਵਿਚ ਇਕ ਹਫ਼ਤਾ ਲੱਗ ਜਾਂਦਾ ਹੈ। ਨੱਕ ਤੋਂ ਪਾਣੀ ਵਗਣਾ, ਗਲੇ ਵਿਚ ਖ਼ਰਾਸ਼ ਸੁੱਕੀ ਜਾਂ ਬਲਗਮ ਵਾਲੀ ਖਾਂਸੀ ਵਰਗੇ ਲੱਛਣ ਦਿਸਣ ਤੇ ਡਾਕਟਰ ਦੀ ਸਲਾਹ ਨਾਲ ਐਂਟੀਬਾਏਟਿਕ ਲਉ।

ਆਈ ਫ਼ਲੂ (ਕੰਜ਼ਕਟੈਵਾਈਟਸ) : ਬਾਰਸ਼ ਵਿਚ ਆਈ ਫਲੂ (ਅੱਖਾਂ ਲਾਲ ਹੋਣੀਆਂ, ਕੰਜ਼ਕਟੈਵਾਈਟਸ ਜਾਂ ਪਿੰਕ ਆਈ) ਨਾਂ ਨਾਲ ਜਾਣੀ ਜਾਣ ਵਾਲੀ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ। ਇਸ ਦੇ ਬਚਾਅ ਲਈ ਅੱਖਾਂ ਨੂੰ ਸਾਫ਼ ਸੁਥਰਾ ਰੱਖੋ। ਇਸ ਇਨਫ਼ੈਕਸ਼ਨ ਤੋਂ ਪ੍ਰਭਾਵਤ ਵਿਅਕਤੀਆਂ ਦੇ ਹੱਥਾਂ ਨਾਲ ਇਸ ਦੀ ਇਨਫ਼ੈਕਸ਼ਨ ਫੈਲਦੀ ਹੈ। ਇਸ ਲਈ ਅੱਖਾਂ ਨੂੰ ਸਾਫ਼ ਪਾਣੀ ਨਾਲ ਵਾਰ-ਵਾਰ ਧੋਵੋ ਜਾਂ ਬੋਰਿਕ ਏਸਿਡ ਵਾਲੇ ਪਾਣੀ ਦੀ ਵਰਤੋਂ ਕਰੋ।

ਇਨਫੈਕਸ਼ਨ ਹੋਣ ਤੇ ਅੱਖਾਂ ਵਾਰ-ਵਾਰ ਮਸਲੋ ਨਾ। ਡਾਕਟਰ ਨੂੰ ਮਿਲ ਕੇ ਇਲਾਜ ਕਰਵਾਉ। ਕੰਜਕਟੈਵਾਈਟਿਸ ਤਿਨ ਤਰ੍ਹਾਂ ਦਾ ਹੁੰਦਾ ਹੈ-ਵਾਇਰਲ, ਅਲਰਜਿਕ ਤੇ ਬੈਕਟੀਰੀਅਲ। ਇਸ ਦੀ ਕਿਸਮ (ਟਾਈਪ) ਦੀ ਜਾਂਚ ਲਈ ਇਸ ਨਾਲ ਸਬੰਧਤ ਟੈਸਟ ਕਰਵਾਉ। ਇਹ ਇਕ ਹਫ਼ਤੇ ਦੇ ਵਿਚ-ਵਿਚ ਠੀਕ ਹੋ ਜਾਂਦਾ ਹੈ। ਵੱਖ-ਵੱਖ ਤਰ੍ਹਾਂ ਦੀ ਇਨਫ਼ੈਕਸ਼ਨ ਲਈ ਡਾਕਟਰ ਆਈ ਡਰਾਪਸ ਪਾਉਣ ਦੀ ਸਲਾਹ ਦਿੰਦੇ ਹਨ।

ਪੇਟ ਦੀਆਂ ਬਿਮਾਰੀਆਂ :  ਬਰਸਾਤ ਵਿਚ ਦੂਸ਼ਿਤ ਖਾਣੇ ਤੇ ਪਾਣੀ ਨਾਲ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਅਜਿਹਾ ਹੋਣ ਤੇ ਬੰਦੇ ਨੂੰ ਵਾਰ-ਵਾਰ ਉਲਟੀ ਆਉਣੀ, ਪੇਟ ਦਰਦ, ਸ੍ਰੀਰ ਵਿਚ ਦਰਦ, ਬੁਖ਼ਾਰ ਹੋ ਸਕਦਾ ਹੈ। ਇਸ ਮੌਸਮ ਵਿਚ ਦਸਤ ਹੁੰਦੇ ਹਨ ਜਿਸ ਨੂੰ ਉਲਟੀ ਤੇ ਦਸਤ ਦੋਵੇਂ ਵੀ ਹੋ ਸਕਦੇ ਹਨ ਜਾਂ ਅਜਿਹਾ ਵੀ ਹੋ ਸਕਦਾ ਹੈ ਕਿ ਉਲਟੀ ਨਾ ਆਵੇ, ਸਿਰਫ਼ ਦਸਤ ਲੱਗ ਜਾਣ। ਇਸ ਮੌਸਮ ਵਿਚ ਬੱਚੇ ਤੇ ਬਜ਼ੁਰਗ ਇਸ ਇਨਫੈਕਸ਼ਨ ਦੀ ਮਾਰ ਹੇਠ ਵੱਧ ਆਉਂਦੇ ਹਨ। ਤੇਜ਼ ਬੁਖਾਰ, ਪਿਸ਼ਾਬ ਘੱਟ ਆਉਣਾ, ਮਲ ਦੇ ਨਾਲ  ਮਵਾਦ (ਰਾਧ) ਜਾਂ ਖ਼ੂਨ ਆਉਣਾ, ਸੱਭ ਲੱਛਣ ਇਸ ਬਿਮਾਰੀ ਦੀ ਹੁੰਦੇ ਹਨ।

ਡਾਇਰੀਆ ਵਾਇਰਲ ਬੈਕਟੀਰੀਆ ਪ੍ਰੋਟੋਜੋਅਲ ਤਿੰਨ ਕਿਸਮ ਦਾ ਹੁੰਦਾ ਹੈ। ਜੇ ਡਾਇਰੀਆ ਵਾਇਰਲ ਹੈ ਤਾਂ ਮਰੀਜ਼ ਨੂੰ ਓ.ਆਰ.ਐਸ ਦਾ ਘੋਲ ਜਾਂ ਚੀਨੀ ਨਮਕ ਵਾਲੀ ਸ਼ਿਕੰਜਵੀ ਲਗਾਤਾਰ ਦਿੰਦੇ ਰਹੋ। ਜੇ ਪੂਰਾ ਇਕ ਦਿਨ ਦਸਤ ਨਹੀਂ ਰੁਕਦੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਕਿਉਂਕਿ ਇਸ ਨਾਲ ਸ੍ਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ। ਨਾਰੀਅਲ ਪਾਣੀ, ਨਿੰਬੂ ਦਾ ਪਾਣੀ, ਲੱਸੀ, ਦਾਲ ਦਾ ਪਾਣੀ, ਪਤਲੀ ਖਿਚੜੀ, ਦਲੀਆ ਆਦਿ ਮਰੀਜ਼ ਨੂੰ ਦਿਉ।     ਸੰਪਰਕ : 98156-29301