ਜੇ ਦੋਹਾਂ ਪੰਜਾਬਾਂ ਦੇ ਪੰਜਾਬੀ ਇਕੱਠੇ ਹੁੰਦੇ ਤਾਂ ਪੰਜਾਬੀ ਨੰਬਰ ਇਕ ਤੇ ਹੁੰਦੀ...2

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬੰਗਾਲੀ ਨੰਬਰ ਦੋ ਤੇ ਅਤੇ ਹਿੰਦੀ ਨੰਬਰ ਤਿੰਨ ਤੇ

Punjabi language

ਪੰਜਾਬੀ ਭਾਸ਼ਾ ਦੇ ਕੁੱਝ ਮਸਲੇ ਤੇ ਹੱਲ (2) 
(ਕੱਲ੍ਹ ਤੋਂ ਅੱਗੇ)

ਲਹਿੰਦੇ ਪੰਜਾਬ ਵਿਚ ਸਿਰਫ਼ ਪੰਜਾਬੀ ਭਾਸ਼ਾ ਦਾ ਵਿਕਾਸ ਹੀ ਘੱਟ ਨਹੀਂ ਹੋਇਆ, ਉਥੇ ਸਿਆਸੀ ਜਾਗਰੂਕਤਾ ਦੀ ਵੀ ਕਮੀ ਜਾਪਦੀ ਹੈ। ਜਿਵੇਂ ਭਾਰਤ ਵਿਚ ਅੰਗਰੇਜ਼ੀ ਤੇ ਹਿੰਦੀ ਸਰਕਾਰੀ ਭਾਸ਼ਾਵਾਂ ਹਨ, ਉਸੇ ਤਰ੍ਹਾਂ ਪਾਕਿਸਤਾਨ ਵਿਚ ਅੰਗਰੇਜ਼ੀ ਤੇ ਉਰਦੂ ਸਰਕਾਰੀ ਭਾਸ਼ਾਵਾਂ ਹਨ ਤੇ ਪੜ੍ਹਨੀਆਂ ਲਾਜ਼ਮੀ ਹਨ। ਭਾਰਤ ਵਿਚ ਭਾਵੇਂ ਕਈ ਦੂਜੀਆਂ ਭਾਸ਼ਾਵਾਂ ਨੂੰ ਦਬਾ ਕੇ ਹਿੰਦੀ ਬਣਾਈ ਤੇ ਠੋਸੀ ਜਾ ਰਹੀ ਹੈ, ਫਿਰ ਵੀ ਹਿੰਦੀ ਬੋਲਣ ਵਾਲੇ ਦੂਜੀਆਂ ਭਾਸ਼ਾਵਾਂ ਨਾਲੋਂ ਜ਼ਿਆਦਾ ਗਿਣਤੀ ਵਿਚ ਤਾਂ ਹਨ ਪਰ ਪਾਕਿਸਤਾਨ ਵਿਚ ਤਾਂ ਉਰਦੂ ਬੋਲਣ ਵਾਲੇ ਸਿਰਫ਼ ਸੱਤ ਫ਼ੀ ਸਦੀ ਹੀ ਹਨ।

ਫਿਰ ਵੀ ਕਈ ਕਾਰਨਾਂ ਕਰ ਕੇ ਉਨ੍ਹਾਂ ਨੇ ਉਰਦੂ ਨੂੰ ਸਰਕਾਰੀ ਤੇ ਕੌਮੀ ਭਾਸ਼ਾ ਬਣਾ ਰਖਿਆ ਹੈ। ਖ਼ੈਰ, ਇਹ ਉਨ੍ਹਾਂ ਦਾ ਹੱਕ ਹੈ ਪਰ ਹਿੰਦੂਆਂ ਤੇ ਮੁਸਲਮਾਨਾਂ ਦਾ ਧਾਰਮਕ ਕਾਰਨਾਂ ਕਰ ਕੇ ਮਾਤਭਾਸ਼ਾ ਪੰਜਾਬੀ ਤੇ ਇਸ ਦੀ ਨਿਵੇਕਲੀ ਲਿਪੀ ਤੋਂ ਭੱਜਣਾ ਬੇਦਲੀਲਾ ਹੈ ਕਿਉਂਕਿ ਹਿੰਦੀ ਤੇ ਉਰਦੂ ਦਾ ਸਰਕਾਰੀ ਭਾਸ਼ਾ ਹੋਣਾ ਤਰਤੀਬਵਾਰ ਹਿੰਦੂਆਂ ਤੇ ਮੁਸਲਮਾਨਾਂ ਨੂੰ ਉਨ੍ਹਾਂ ਦੇ ਧਾਰਮਕ ਗ੍ਰੰਥਾਂ ਦੀ ਲਿਪੀ ਨਾਲ ਬਾਖ਼ੂਬੀ ਜੋੜੀ ਰਖਦਾ ਹੈ। ਫਿਰ ਕੀ ਪੰਜਾਬੀ ਜਾਂ ਇਸ ਦੀ ਵਾਜਬ ਲਿਪੀ ਤੋਂ ਭੱਜਣਾ ਮਾਤਭਾਸ਼ਾ ਨਾਲ ਗ਼ੱਦਾਰੀ ਨਹੀਂ?

ਪਹਿਲਾਂ ਹੀ ਗ਼ੈਰ-ਪੰਜਾਬੀਆਂ ਦੀਆਂ ਵਾਹੀਆਂ ਲੀਕਾਂ ਨਾਲ ਪੰਜਾਬੀਆਂ ਨੇ ਪੰਜਾਬ ਨੂੰ ਲਹੂ ਲੁਹਾਨ ਕਰ ਕੇ ਵੰਡ ਲਿਆ ਹੈ, ਘੱਟੋ ਘੱਟ ਅਪਣੀ ਮਾਦਰੀ ਜ਼ੁਬਾਨ ਹੀ ਵੰਡਣੋਂ ਬਚਾ ਲੈਣ। ਬੇਗਾਨਿਆਂ ਦੇ ਕਹਿਣ ਤੇ ਪੰਜਾਬ ਨੂੰ ਵੰਡ ਲੈਣਾ ਪੰਜਾਬ ਨਾਲ ਗ਼ੱਦਾਰੀ ਸੀ। ਜੇਕਰ ਪੰਜਾਬੀ ਨੂੰ ਵੰਡਣੋਂ ਬਚਾਉਣ ਲਈ ਵੀ ਪੰਜਾਬੀ ਕੁੱਝ ਨਹੀਂ ਕਰਦੇ ਤਾਂ ਇਹ ਗ਼ੱਦਾਰੀ ਦਾ ਹੀ ਦੂਜਾ ਰੂਪ ਹੋਵੇਗਾ ਜਿਹੜੀ ਉਸ ਅਖਾਣ ਤੋਂ ਚਲੀ ਹੈ ਕਿ 'ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ'। ਪੰਜਾਬੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅੱਜ ਦੇ 'ਅਹਿਮਦ ਸ਼ਾਹ' ਅਬਦਾਲੀ ਕੱਲਾ ਖਾਣ ਪੀਣ ਦਾ ਸਾਮਾਨ ਹੀ ਨਹੀਂ ਲੁੱਟਦੇ ਉਹ ਹੌਲੀ ਹੌਲੀ ਸਾਰਾ ਕੁਝ ਲੁੱਟ ਲੈਂਦੇ ਹਨ। ਧਰਮ, ਭਾਸ਼ਾ, ਸਭਿਆਚਾਰ, ਆਰਥਕਤਾ ਆਦਿ ਸੱਭ ਕੁੱਝ।

ਪੰਜਾਬੀ ਨੂੰ ਜਿਹੜਾ ਮਸਲਾ ਇਧਰਲੇ ਪਾਸੇ ਹਿੰਦੀ ਦੀ ਘੁਸਪੈਠ ਤੋਂ ਹੈ, ਉਹੀ ਮਸਲਾ ਉਧਰਲੇ ਪਾਸੇ ਉਰਦੂ ਤੋਂ ਹੈ। ਜਿੰਨਾ ਇਧਰਲੇ ਵਿਦਵਾਨ ਹਿੰਦੀ ਤੋਂ ਦੁਖੀ ਹਨ ਉਨਾ ਹੀ ਉਧਰਲੇ ਉਰਦੂ ਤੋਂ ਦੁਖੀ ਹਨ। ਲਹਿੰਦੀ ਪੰਜਾਬੀ ਨੂੰ ਗੁਰਮੁਖੀ ਵਿਚ ਲਿਖਣ ਨਾਲ ਇਕ ਫ਼ਾਇਦਾ ਇਹ ਹੋਵੇਗਾ ਕਿ ਉਰਦੂ/ਅਰਬੀ ਦੀ ਬੇ-ਲੋੜੀ ਘੁਸਪੈਠ ਨੂੰ ਠੱਲ੍ਹ ਪੈ ਜਾਵੇਗੀ ਤੇ ਪੰਜਾਬੀ ਦੀ ਸ਼ੁੱਧਤਾ ਕਿਸੇ ਹੱਦ ਤਕ ਬਣੀ ਰਹੇਗੀ। ਉਧਰਲੇ ਪੰਜਾਬੀ ਉਰਦੂ ਦੀ ਮਾਰ ਤੋਂ ਬਚ ਨਹੀਂ ਸਕਦੇ ਜਦ ਤਕ ਉਹ ਉਰਦੂ ਵਾਲੀ ਲਿਪੀ ਨਹੀਂ ਛਡਦੇ। ਉਧਰਲੇ ਪਾਸੇ ਜੇ ਪੰਜਾਬੀ ਕਦੇ ਖ਼ਤਮ ਹੋਈ ਤਾਂ ਉਸ ਦਾ ਸੱਭ ਤੋਂ ਵੱਡਾ ਕਾਰਨ ਪੰਜਾਬੀ ਦੀ ਅਪਣਾਈ ਗਈ ਸ਼ਾਹਮੁਖੀ ਲਿਪੀ ਹੋਵੇਗਾ।

ਇਧਰਲੇ ਪਾਸੇ ਹਿੰਦੀ ਤੋਂ ਬਚਣ ਲਈ ਇਕ ਤਰੀਕਾ ਇਹ ਹੈ ਕਿ ਪੰਜਾਬ ਵਿਚ ਉਰਦੂ ਨੂੰ ਉਤਸ਼ਾਹਤ ਕਰਨ ਲਈ ਕੋਈ ਬੋਰਡ ਜਾਂ ਕਮਿਸ਼ਨ ਬਣਾਇਆ ਜਾਏ ਤੇ ਉਪਰਲੀਆਂ ਕਲਾਸਾਂ ਵਿਚ ਵਿਦਿਆਰਥੀਆਂ ਨੂੰ ਉਰਦੂ ਨੂੰ ਚੋਣਵੇਂ ਵਿਸ਼ੇ ਦੇ ਤੌਰ ਤੇ ਪੜ੍ਹਨ ਲਈ ਉਤਸ਼ਾਹਤ ਕੀਤਾ ਜਾਵੇ ਤੇ ਵਜ਼ੀਫ਼ੇ ਦਿਤੇ ਜਾਣ। ਇਸ ਨਾਲ ਅਸੀ ਪੰਜਾਬ ਦਾ ਪੁਰਾਣਾ ਅਦਬ ਤੇ ਤਵਾਰੀਖ਼ ਜੋ ਉਰਦੂ ਤੇ ਫ਼ਾਰਸੀ ਆਦਿ ਬੋਲੀਆਂ ਵਿਚ ਲਿਖੇ ਹੋਏ ਹਨ, ਉਹ ਵੀ ਸਮਝਣ ਜੋਗੇ ਰਹਾਂਗੇ ਤੇ ਨਾਲ ਦੀ ਨਾਲ ਭਾਰਤੀ ਪੰਜਾਬ ਦੇ ਪੱਛਮ ਵਾਲੇ ਪਾਸੇ ਦੇ ਮੁਲਕਾਂ ਵਿਚ ਰਹਿ ਗਏ ਇਤਿਹਾਸਕ ਸਥਾਨਾਂ ਨਾਲ ਵੀ ਰਾਬਤਾ ਬਣ ਸਕੇਗਾ।

ਇਸ ਤਰ੍ਹਾਂ ਪੰਜਾਬੀ ਦੇ ਵਿਕਾਸ ਵਿਚ ਇਕ ਸੰਤੁਲਨ ਆ ਜਾਵੇਗਾ ਤੇ ਹਿੰਦੀ ਤੇ ਉਰਦੂ ਦੋਹਾਂ ਭਾਸ਼ਾਵਾਂ ਵਿਚੋਂ ਕੋਈ ਵੀ ਪੰਜਾਬੀ ਉੱਤੇ ਹੱਦੋਂ ਵੱਧ ਗ਼ਲਬਾ ਨਹੀਂ ਪਾ ਸਕੇਗੀ। ਇਸ ਨਾਲ ਆਮ ਸਿੱਖਾਂ ਦਾ ਹਿੰਦੂਆਂ ਵਲ ਉਲਾਰਪਣ ਤੇ ਮੁਸਲਮਾਨਾਂ ਤੇ ਹੋਰਾਂ ਤੋਂ ਗ਼ੈਰ ਜ਼ਰੂਰੀ ਫ਼ਾਸਲਾ ਇਕ ਸੰਤੁਲਨ ਫੜੇਗਾ। ਇਹ ਗੱਲ ਬਾਬੇ ਨਾਨਕ ਨੂੰ ਅਪਣੇ ਇਕ ਪੀਰ ਵਾਂਗ ਪਿਆਰ ਕਰਨ ਵਾਲੇ ਪੰਜਾਬੀ ਮੁਸਲਮਾਨਾਂ ਨੂੰ ਵੀ ਚੰਗੀ ਲੱਗੇਗੀ ਤੇ ਨੇੜਤਾ ਵਧੇਗੀ।

ਪਰ ਇਹ ਕਰੇ ਕੌਣ? ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਦੋਹਾਂ ਪਾਸਿਆਂ ਦੇ ਅਜਕਲ ਦੇ ਪੰਜਾਬੀ ਪੜ੍ਹਾਈ, ਲਿਖਾਈ ਤੋਂ ਬਹੁਤ ਭਜਦੇ ਹਨ। ਇਸੇ ਕਰ ਕੇ ਉਹ ਵਿਦਵਾਨਾਂ ਦੀ ਬਹੁਤੀ ਕਦਰ ਨਹੀਂ ਕਰਦੇ ਤੇ ਵਿਦਵਾਨਾਂ ਦੀ ਗੱਲ ਸੁਣਨ ਦੀ ਬਜਾਏ ਬਹੁਤ ਹੱਦ ਤਕ ਸਿਆਸੀ ਆਗੂਆਂ ਦੇ ਭੇਡੂ ਬਣ ਚੁੱਕੇ ਹਨ। ਇਸ ਕਰ ਕੇ ਇਹ ਕੰਮ ਵੀ ਉਨ੍ਹਾਂ ਦੇ ਸਿਆਸੀ ਆਗੂਆਂ ਨੂੰ ਹੀ ਕਰਨਾ ਬਣਦਾ ਹੈ। ਇਸ ਕੰਮ ਲਈ ਦੋ ਉਮੀਦਵਾਰ ਢੁਕਵੇਂ ਜਾਪਦੇ ਹਨ। ਇਕ ਹਨ ਮਨਪ੍ਰੀਤ ਸਿੰਘ ਬਾਦਲ ਤੇ ਦੂਜੇ ਨਵਜੋਤ ਸਿੰਘ ਸਿੱਧੂ। ਜਿਥੇ ਪਹਿਲਾ ਉਮੀਦਵਾਰ ਪੰਜਾਬ ਦਾ ਵਿੱਤ ਮੰਤਰੀ ਹੈ ਤੇ ਅਪਣੇ ਜਨਤਕ ਭਾਸ਼ਣਾਂ ਵਿਚ ਉਰਦੂ ਦੀ ਬੜੀ ਮੁਹਾਰਤ ਨਾਲ ਵਰਤੋਂ ਕਰਦਾ ਹੈ, ਉਥੇ ਦੂਜੇ ਨੇ ਕਰਤਾਰਪੁਰ ਲਾਂਘੇ ਨੂੰ ਸਿਰੇ ਚੜ੍ਹਾਉਣ ਵਿਚ ਵਡਿਆਈਯੋਗ ਹਿੱਸਾ ਪਾਉਣ ਕਰ ਕੇ ਦੋਵੇਂ ਪਾਸੇ ਚੰਗੀ ਸਦਭਾਵਨਾ ਬਣਾ ਲਈ ਹੈ।

ਇਨ੍ਹਾਂ ਨੂੰ ਵਿਦਵਾਨਾਂ ਦੀ ਇਕ ਕਮੇਟੀ ਬਣਾ ਕੇ ਉਧਰਲੇ ਪਾਸੇ ਦੇ ਪੰਜਾਬੀ ਵਿਦਵਾਨਾਂ ਤੇ ਸਿਆਸੀ ਆਗੂਆਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਸੱਭ ਨੂੰ ਪਤਾ ਹੈ ਕਿ ਇਹ ਕੰਮ ਏਨਾ ਸੌਖਾ ਹੁੰਦਾ ਤਾਂ ਕਦੋਂ ਦਾ ਕੁੱਝ ਹੋ ਗਿਆ ਹੁੰਦਾ। ਲੇਖਕ ਨੂੰ ਇਸ ਕੰਮ ਦੀ ਪੇਚੀਦਗੀ ਬਾਰੇ ਗਿਆਨ ਹੈ ਪਰ ਕੋਈ ਵੀ ਅਜਿਹਾ ਕੰਮ ਸਿਰੇ ਨਹੀਂ ਲਗਦਾ ਜਿਸ ਨੂੰ ਸ਼ੁਰੂ ਹੀ ਨਾ ਕੀਤਾ ਜਾਵੇ। ਜੇਕਰ ਅੱਧ ਪਚਧੀ ਸਫ਼ਲਤਾ ਵੀ ਮਿਲੇ ਜਾਂ ਇਸ ਕਾਰਜ ਵਿਚੋਂ ਕੋਈ ਨਵਾਂ ਤੇ ਵਧੀਆ ਹੱਲ ਵੀ ਨਿਕਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਉਦਮ ਨੂੰ ਯਾਦ ਰੱਖਣਗੀਆਂ।

ਮਿਸਾਲ ਦੇ ਤੌਰ ਤੇ ਜੇਕਰ ਦੋਵੇਂ ਪਾਸੇ ਪੰਜਾਬੀਆਂ ਦੀ ਅਪਣੀ ਭਾਸ਼ਾ ਅਤੇ ਲਿਪੀ ਬਾਰੇ ਜਾਣਕਾਰੀ ਵਧੇ ਤਾਂ ਅਸੀ ਇਕ ਦੂਜੇ ਨੂੰ ਪੰਜਾਬੀ ਵਿਚ ਹੋ ਰਹੀ ਹਿੰਦੀ ਤੇ ਉਰਦੂ ਦੀ ਘੁਸਪੈਠ ਤੋਂ ਹੀ ਚੇਤੰਨ ਕਰ ਲਈਏ, ਪੰਜਾਬੀ ਦਾ ਇਕ ਸਾਂਝਾ ਰੂਪ ਚਲਦਾ ਰੱਖਣ ਲਈ ਕੋਈ ਸਾਂਝਾ ਅਦਾਰਾ ਜਾਂ ਤਾਲਮੇਲ ਹੀ ਬਣਾ ਲਈਏ ਜਾਂ ਪੰਜਾਬੀ ਨੂੰ ਉਸ ਦਾ ਢੁਕਵਾਂ ਸਥਾਨ ਦਿਵਾਉਣ ਲਈ ਦੋਵੇਂ ਪਾਸੇ ਇਕ ਲਹਿਰ ਹੀ ਚਲਾ ਲਈਏ ਜੋ ਸਾਂਝੀ ਜਾਪੇ ਤਾਂ ਮੁਢਲੇ ਤੌਰ ਤੇ ਇਹ ਵੀ ਕੋਈ ਛੋਟੇ ਹਾਸਲ ਨਹੀਂ ਹੋਣਗੇ।

ਇਸੇ ਤਰ੍ਹਾਂ ਜਦੋਂ ਬਾਕੀ ਬਚੇ ਪੰਜਾਬ ਦੇ ਸਿੱਖ ਪੰਜਾਬੀ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ ਤਾਂ ਪੰਜਾਬੀ ਹਿੰਦੂਆਂ ਨੇ ਵੀ ਅਪਣੀ ਮਾਂ-ਬੋਲੀ ਨੂੰ ਛੱਡ ਕੇ ਪੂਰਬੀ ਪ੍ਰਦੇਸ਼ਾਂ ਦੀ ਹਿੰਦੀ ਭਾਸ਼ਾ ਨੂੰ ਵਧੇਰੇ ਮਹੱਤਵ ਦਿਤਾ। ਉਨ੍ਹਾਂ ਨੇ ਇਸ ਤਰ੍ਹਾਂ ਇਕ ਸਿਆਸੀ ਖ਼ੁਦਕੁਸ਼ੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਜਿਸ ਦਾ ਖ਼ਮਿਆਜ਼ਾ ਉਨ੍ਹਾਂ ਸਮੇਤ ਅਜੇ ਤਕ ਇਧਰਲਾ ਪੰਜਾਬ ਭੁਗਤ ਰਿਹਾ ਹੈ, ਬਾਵਜੂਦ ਇਸ ਦੇ ਕਿ ਪੰਜਾਬੀ ਹਿੰਦੂਆਂ ਵਿਚੋਂ ਹੀ ਸ਼ਿਵ ਕੁਮਾਰ ਬਟਾਲਵੀ, ਧਨੀ ਰਾਮ ਚਾਤ੍ਰਿਕ, ਤੇ ਨੰਦਲਾਲ ਨੂਰਪੁਰੀ ਵਰਗੇ ਕਈ ਹੋਰ ਪੰਜਾਬੀ ਕਵੀ ਨਿਕਲੇ ਸਨ। ਕਈ ਪੰਜਾਬੀ ਹਿੰਦੂ ਨਾਵਲਕਾਰ ਤੇ ਨਾਟਕਕਾਰ ਵੀ ਹੋਏ ਹਨ।

ਪਰ ਹੁਣ ਦਿੱਲੀ ਰਹਿੰਦੇ ਤੇ ਮੁੰਬਈ ਦੀ ਫ਼ਿਲਮ ਸਨਅਤ ਵਿਚ ਕੰਮ ਕਰਦੇ ਪੰਜਾਬੀ ਹਿੰਦੂ ਜਦੋਂ ਅਪਣੇ ਆਪ ਨੂੰ ਪੰਜਾਬੀ ਦਸਦੇ ਹਨ ਤਾਂ ਮਜ਼ਾਕ ਕਰਦੇ ਲਗਦੇ ਹਨ। ਇਕ ਦੋ ਪੀੜ੍ਹੀਆਂ ਬਾਅਦ ਉਹ ਪੂਰਬੀਏ ਭਈਏ ਹੀ ਲੱਗਣ ਲੱਗ ਪੈਣਗੇ। ਬੰਗਾਲੀ ਤੇ ਦਖਣੀ ਭਾਰਤ ਦੇ ਲੋਕ ਅਪਣੀ ਭਾਸ਼ਾ ਕਿਤੇ ਵੀ ਜਾ ਕੇ ਨਹੀਂ ਛੱਡਦੇ ਜਦਕਿ ਪੰਜਾਬੀ ਹਿੰਦੂਆਂ ਨੇ ਦਿੱਲੀ ਤੇ ਮੁੰਬਈ ਜਾਂਦਿਆਂ ਹੀ ਅਪਣੀ ਭਾਸ਼ਾ ਛੱਡ ਦਿਤੀ। ਦਿੱਲੀ ਵਿਚ ਪੰਜਾਬੀ ਦੀ ਪੜ੍ਹਾਈ ਸਿਰਫ਼ ਸਿੱਖਾਂ ਦੇ ਸਕੂਲਾਂ ਵਿਚ ਹੀ ਹੁੰਦੀ ਹੈ।

ਮੁੰਬਈ ਦੇ ਪੰਜਾਬੀ ਹਿੰਦੂਆਂ, ਜਿਨ੍ਹਾਂ ਨੇ ਪਹਿਲਾਂ ਲਾਹੌਰ ਵਿਚ ਪੰਜਾਬੀ ਫ਼ਿਲਮਾਂ ਬਣਾਈਆਂ ਸਨ, 1947 ਤੋਂ ਬਾਅਦ ਇਕਦੰਮ ਪਲਟੀ ਮਾਰੀ ਤੇ ਉਰਦੂ ਗਾਣਿਆਂ ਨਾਲ ਭਰੀਆਂ ਹਿੰਦੀ ਫ਼ਿਲਮਾਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਤਰ੍ਹਾਂ ਨਵੇਂ ਭਾਰਤ ਵਿਚ ਜ਼ਬਰਦਸਤ ਆਰਥਕ ਤਰੱਕੀ ਕੀਤੀ ਪਰ ਅਪਣੀ ਭਾਸ਼ਾ ਨੂੰ ਅਪਣੇ ਘਰਾਂ ਵਿਚੋਂ ਵੀ ਕੱਢ ਮਾਰਿਆ। ਇਸ ਨਾਲ ਪੰਜਾਬੀ ਹਿੰਦੂਆਂ ਦਾ ਬਹੁਤ ਵੱਡਾ ਘਾਟਾ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਅਪਣੀ ਪਛਾਣ ਨੂੰ ਪੰਜਾਬੀਆਂ ਦੇ ਬਰਾਬਰੀ ਤੇ ਭਾਈਚਾਰੇ ਵਾਲੇ ਸ਼ਾਨਦਾਰ ਸਿਧਾਂਤਾਂ ਤੇ ਇਤਿਹਾਸ ਨਾਲ ਜੋੜੀ ਰੱਖਣ ਦੀ ਬਜਾਏ ਪਛੜੀ ਸੋਚ ਵਾਲੇ ਤੇ ਜਾਤ-ਪਾਤ ਦੇ ਨਰਕ ਵਿਚ ਗ਼ਰਕੇ ਹੋਏ ਪੂਰਬੀ ਤੇ ਪਹਾੜੀ ਹਿੰਦੂਆਂ ਨਾਲ ਜੋੜ ਲਿਆ। ਕੀ ਪੰਜਾਬੀ ਹਿੰਦੂਆਂ ਦੀਆਂ ਆਉਣ ਵਾਲੀਆਂ ਨਸਲਾਂ ਅਪਣੇ ਆਪ ਨੂੰ ਪੰਜਾਬੀ ਆਖ ਵੀ ਸਕਣਗੀਆਂ?

ਆਖ਼ਰ ਸਿੱਖ ਹੀ ਪੰਜਾਬੀ ਅਖਵਾਉਣ ਵਾਲੇ ਰਹਿ ਗਏ। ਪਰ ਹੁਣ ਸਿੱਖ ਵੀ ਅਪਣੀ ਬੋਲੀ ਕਾਫ਼ੀ ਹੱਦ ਤਕ ਛੱਡ ਰਹੇ ਹਨ। ਫ਼ਰਕ ਸਿਰਫ਼ ਇਹ ਹੈ ਕਿ ਦੂਜੀਆਂ ਦੋਵਾਂ ਧਿਰਾਂ ਨੇ ਇਹ ਕੰਮ ਸਿਰਫ਼ ਧਾਰਮਕ ਕਾਰਨਾਂ ਕਰ ਕੇ ਕੀਤਾ ਜਦਕਿ ਸਿੱਖ ਇਸ ਨੂੰ ਅਪਣੀ ਆਰਥਕ ਤਰੱਕੀ ਵਿਚ ਅੜਿੱਕਾ ਸਮਝਣ ਲੱਗ ਪਏ ਹਨ। ਆਰਥਕ ਲਾਭ ਦਾ ਏਨਾ ਚਾਅ ਹੈ ਕਿ ਹੁਣ ਤਾਂ ਸਿੱਖ ਸਵੇਰੇ ਜਿਸ ਨੂੰ ਗਾਲ੍ਹਾਂ ਕਢਦੇ ਹਨ ਸ਼ਾਮ ਨੂੰ ਉਸੇ ਨੂੰ ਵੋਟਾਂ ਪਾ ਦਿੰਦੇ ਹਨ ਤੇ ਜਿਨ੍ਹਾਂ ਸਰਕਾਰਾਂ ਨੂੰ ਸਿੱਖ ਵੋਟਾਂ ਪਾਉਂਦੇ ਹਨ, ਉਹ ਇਸ ਤਰ੍ਹਾਂ ਵਿਹਾਰ ਕਰਦੀਆਂ ਹਨ ਜਿਵੇਂ ਕਿ ਪੰਜਾਬੀ ਦੇ ਹੱਕ ਵਿਚ ਕੁੱਝ ਕਰਨ ਨਾਲ ਖ਼ਾਲਿਸਤਾਨ ਦੀ ਮੰਗ ਮਜ਼ਬੂਤ ਹੋ ਜਾਵੇਗੀ ਤੇ ਅਜਿਹਾ ਕਰਨ ਨਾਲ ਕੇਂਦਰ ਸਰਕਾਰ ਅੰਦਰ ਕਰ ਦਵੇਗੀ!

ਜੇ ਤੱਤੇ ਦੁਧ ਨੇ ਹੱਥ ਸਾੜ ਦਿਤਾ ਤਾਂ ਕੀ ਲੱਸੀ ਨੂੰ ਵੀ ਫ਼ੂਕਾਂ ਮਾਰਨ ਦੀ ਲੋੜ ਹੈ? ਇਹ ਸੱਭ ਪਹਿਲਾਂ ਹਰੇ ਇਨਕਲਾਬ ਤੇ ਬਾਅਦ ਵਿਚ ਆਰਥਕਤਾ ਦੇ ਉਦਾਰੀਪਨ ਨੇ ਵਿਖਾਈ ਮਾਇਆ ਦੇ ਨਜ਼ਾਰੇ ਲਗਦੇ ਹਨ। ਹਰੇ ਇਨਕਲਾਬ ਵਿਚੋਂ ਮਿਲੇ ਲਾਭ ਨੇ ਸਾਨੂੰ ਰਜਵੇਂ ਦਾਰੂ ਦੇ ਗਲ ਲਗਾਇਆ ਤੇ ਮਗਰਲੀ ਖ਼ੁਸ਼ਹਾਲੀ ਨੇ ਨਵੀਆਂ ਦਵਾਈਆਂ ਨਾਲ ਪਛਾਣ ਕਰਵਾਈ। ਦੋਵਾਂ ਖ਼ੁਸ਼ਹਾਲੀਆਂ ਵਿਚੋਂ ਹੀ ਅਸੀ ਅਪਣੇ ਬੱਚਿਆਂ ਦੀ ਸਿਹਤ ਤੇ ਸਿਖਿਆ ਲਈ ਕੁੱਝ ਨਵਾਂ ਨਾ ਕਰ ਸਕੇ। ਕੇਂਦਰ ਦੀਆਂ ਸਰਕਾਰਾਂ ਨੇ ਸਾਡੇ ਨਾਲ ਜੋ ਕਰਨੀ ਸੀ ਉਸ ਦਾ ਤਾਂ ਸਾਨੂੰ ਪਤਾ ਹੀ ਹੋਣਾ ਚਾਹੀਦਾ ਸੀ।

ਗੁਰੂਆਂ ਵਲੋਂ ਸਮਝਾਈ ਸਾਦਗੀ ਤੇ ਸਮਝਦਾਰੀ ਤਾਂ ਸਾਡੇ ਬਰਾਬਰੀ ਤੇ ਭਾਈਚਾਰੇ ਵਾਲੇ ਸਮਾਜ ਦੇ ਸਿਰ ਤੇ ਬੈਠੇ ਜਗੀਰਦਾਰੀ ਮਾਹੌਲ ਨੇ ਮੰਗਲ ਗ੍ਰਹਿ ਤੇ ਪਹੁੰਚਾ ਦਿਤੀ ਹੈ। ਪੰਜਾਬੀ ਪੜ੍ਹਾਈ ਦੇ ਪੱਧਰ ਬਾਰੇ ਲਗਦਾ ਹੈ ਕਿ 40-50 ਸਾਲ ਪਹਿਲਾਂ ਤਕ ਪੰਜਾਬੀ ਬਿਹਤਰ ਲਿਖੀ ਜਾਂਦੀ ਸੀ। ਇੰਜ ਜਾਪਦਾ ਹੈ ਕਿ ਉਸ ਸਮੇਂ ਤਕ ਪੰਜਾਬੀ ਪੜ੍ਹਾਈ ਦਾ ਪੱਧਰ ਠੀਕ ਸੀ। ਅਖ਼ਬਾਰਾਂ ਵਿਚ ਵੀ ਬਹੁਤ ਘੱਟ ਗ਼ਲਤੀਆਂ ਮਿਲਦੀਆਂ ਸਨ। ਫਿਰ ਵੀ ਦਿਲਚਸਪੀ ਵਜੋਂ, ਕੁੱਝ ਗੱਲਾਂ ਅੱਖਰਦੀਆਂ ਸਨ। ਜਿਵੇਂ ਇਨ੍ਹਾਂ ਗਾਣਿਆਂ ਦੇ ਲਫ਼ਜ਼ :- (1) ਰਸੀਆ ਨਿੰਬੂ ਲਿਆ ਦੇ ਵੇ ਕਿ 'ਮੇਰੀ' ਉੱਠੀ ਕਲੇਜੇ ਪੀੜ। (2) 'ਸਾਡੀ' ਨਜ਼ਰਾਂ ਤੋਂ ਹੋਈਉਂ ਕਾਹਨੂੰ ਦੂਰ ਦੱਸ ਜਾ।

ਜਦੋਂ ਜਵਾਨੀ ਵਿਚ ਇਹ ਗਾਣੇ ਸੁਣਦੇ ਸੀ ਤਾਂ ਸੋਚਦੇ ਸੀ ਕਿ ਕਲੇਜੇ ਵਿਚ ਉੱਠੀ ਪੀੜ 'ਮੇਰੀ' ਹੈ ਜਾਂ ਕਲੇਜਾ 'ਮੇਰਾ'। ਇਹ 'ਸਾਡੀ' ਨਜ਼ਰਾਂ ਹਨ ਜਾਂ 'ਸਾਡੀਆਂ' ਨਜ਼ਰਾਂ। ਕੀ ਇਹ (1) 'ਮੇਰੇ' ਉੱਠੀ ਕਲੇਜੇ ਪੀੜ ਤੇ (2) 'ਸਾਡੀਆਂ' ਨਜ਼ਰਾਂ ਤੋਂ-ਨਹੀਂ ਹੋਣਾ ਚਾਹੀਦਾ? ਫਿਰ ਵੀ ਇਹ ਲਿਖਣ ਜਾਂ ਗਾਉਣ ਵਾਲੇ ਦੀ ਮਜਬੂਰੀ ਜਾਪਦੀ ਸੀ ਪਰ ਅਜਕਲ ਤਾਂ ਪੂਰਬੀਆਂ ਦੀ ਸਰਕਾਰੀ ਹਿੰਦੀ ਦਾ ਏਨਾ ਜਬਰ ਹੈ ਕਿ ਕੋਈ ਵੀ ਨਹੀਂ ਜਾਣਦਾ ਕਿ ਪੱਛਮ ਵਲੋਂ ਆਏ ਪੰਜਾਬੀ ਸ਼ਬਦਾਂ ਦੇ ਅੱਗੇ ਬੇ-, ਬਾ-, ਲਾ- ਆਦਿ ਕਿਉਂ ਲਗਾਉਂਦੇ ਹਨ। ਜਿਵੇਂ ਬੇਵਕਤ, ਬਾਵਕਾਰ, ਲਾਮਿਸਾਲ, ਲਾਇਲਾਜ।

ਇਥੋਂ ਤਕ ਕਿ ਫ਼ਜ਼ੂਲ ਤੇ ਬੇਫ਼ਜ਼ੂਲ ਵਿਚ ਕੋਈ ਫ਼ਰਕ ਨਹੀਂ। ਇਕਵਚਨ ਜਾਂ ਬਹੁਵਚਨ ਦਾ ਤਾਂ ਫ਼ਰਕ ਹੀ ਕੋਈ ਨਹੀਂ। ਜੇ 'ਹਾਲਤ' ਤੇ 'ਜਜ਼ਬਾ' ਇਕ ਵਚਨ ਹਨ ਤਾਂ 'ਹਾਲਾਤ' ਤੇ 'ਜਜ਼ਬਾਤ' ਬਹੁਵਚਨ ਹਨ। ਮੰਨਿਆ ਕਿ 'ਹਾਲਾਤ' ਤੇ 'ਜਜ਼ਬੇ' ਵੀ ਬਹੁਵਚਨ ਹਨ। ਪਰ 'ਹਾਲਾਤ' ਤੇ 'ਜਜ਼ਬਾਤਾਂ' ਕੀ ਹਨ? ਬਹੁਵਚਨ ਦੇ ਬਹੁਵਚਨ? ਚਾਰੇ ਪਾਸੇ ਮੀਡੀਆ ਵਿਚ 'ਹਾਲਾਤ' ਖ਼ਰਾਬ ਦਿਸ ਰਹੇ ਹਨ। ਪਰ ਇਹ ਮਿਸਾਲ ਦਸਦੀ ਹੈ ਕਿ ਵਾਕਿਆ ਹੀ ਪੰਜਾਬੀ ਦੇ 'ਹਾਲਾਤ' ਬਹੁਤ ਖ਼ਰਾਬ ਨੇ! ਖ਼ਬਰਾਂ ਲਿਖਣ ਵਾਲੇ ਪੱਤਰਕਾਰ ਨੂੰ ਵਾਕ ਪੂਰਾ ਹੋਣ ਤੋਂ ਪਹਿਲਾਂ ਹੀ ਚੇਤਾ ਭੁੱਲ ਜਾਂਦਾ ਹੈ ਕਿ ਉਸ ਨੇ ਵਾਕ ਦੀ ਬਣਤਰ 'ਨੇ' ਨਾਲ ਸ਼ੁਰੂ ਕੀਤੀ ਸੀ ਕਿ 'ਨੂੰ' ਨਾਲ। ਉਤੋਂ, ਅਪਣੇ ਲਿਖੇ ਨੂੰ ਦੁਬਾਰਾ ਪੜ੍ਹਨਾ ਸ਼ਾਇਦ ਹੱਤਕ ਸਮਝਦੇ ਹਨ।

ਹਰੇ ਇਨਕਲਾਬ ਮਗਰੋਂ ਆਈ ਖ਼ੁਸ਼ਹਾਲੀ ਨੇ ਸਾਨੂੰ ਦਾਰੂ ਅਤੇ ਚਿੱਟੇ ਦੇ ਮਗਰ ਲਾ ਦਿਤਾ ਤੇ ਅਸੀ ਵੀ ਅਪਣੀ ਬੋਲੀ, ਧਰਮ, ਸਭਿਆਚਾਰ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿਤਾ

ਆਖ਼ਰ ਸਿੱਖ ਹੀ ਪੰਜਾਬੀ ਅਖਵਾਉਣ ਵਾਲੇ ਰਹਿ ਗਏ। ਪਰ ਹੁਣ ਸਿੱਖ ਵੀ ਅਪਣੀ ਬੋਲੀ ਕਾਫ਼ੀ ਹੱਦ ਤਕ ਛੱਡ ਰਹੇ ਹਨ। ਫ਼ਰਕ ਸਿਰਫ਼ ਇਹ ਹੈ ਕਿ ਦੂਜੀਆਂ ਦੋਵਾਂ ਧਿਰਾਂ ਨੇ ਇਹ ਕੰਮ ਸਿਰਫ਼ ਧਾਰਮਕ ਕਾਰਨਾਂ ਕਰ ਕੇ ਕੀਤਾ ਜਦਕਿ ਸਿੱਖ ਇਸ ਨੂੰ ਅਪਣੀ ਆਰਥਕ ਤਰੱਕੀ ਵਿਚ ਅੜਿੱਕਾ ਸਮਝਣ ਲੱਗ ਪਏ ਹਨ। ਆਰਥਕ ਲਾਭ ਦਾ ਏਨਾ ਚਾਅ ਹੈ ਕਿ ਹੁਣ ਤਾਂ ਸਿੱਖ ਸਵੇਰੇ ਜਿਸ ਨੂੰ ਗਾਲ੍ਹਾਂ ਕਢਦੇ ਹਨ ਸ਼ਾਮ ਨੂੰ ਉਸੇ ਨੂੰ ਵੋਟਾਂ ਪਾ ਦਿੰਦੇ ਹਨ ਤੇ ਜਿਨ੍ਹਾਂ ਸਰਕਾਰਾਂ ਨੂੰ ਸਿੱਖ ਵੋਟਾਂ ਪਾਉਂਦੇ ਹਨ, ਉਹ ਇਸ ਤਰ੍ਹਾਂ ਵਿਹਾਰ ਕਰਦੀਆਂ ਹਨ ਜਿਵੇਂ ਕਿ ਪੰਜਾਬੀ ਦੇ ਹੱਕ ਵਿਚ ਕੁੱਝ ਕਰਨ ਨਾਲ ਖ਼ਾਲਿਸਤਾਨ ਦੀ ਮੰਗ ਮਜ਼ਬੂਤ ਹੋ ਜਾਵੇਗੀ ਤੇ ਅਜਿਹਾ ਕਰਨ ਨਾਲ ਕੇਂਦਰ ਸਰਕਾਰ ਅੰਦਰ ਕਰ ਦੇਵੇਗੀ!

ਜੇ ਤੱਤੇ ਦੁਧ ਨੇ ਹੱਥ ਸਾੜ ਦਿਤਾ ਤਾਂ ਕੀ ਲੱਸੀ ਨੂੰ ਵੀ ਫ਼ੂਕਾਂ ਮਾਰਨ ਦੀ ਲੋੜ ਹੈ? ਇਹ ਸੱਭ ਪਹਿਲਾਂ ਹਰੇ ਇਨਕਲਾਬ ਤੇ ਬਾਅਦ ਵਿਚ ਆਰਥਕਤਾ ਦੇ ਉਦਾਰੀਪਨ ਨੇ ਵਿਖਾਈ ਮਾਇਆ ਦੇ ਨਜ਼ਾਰੇ ਲਗਦੇ ਹਨ। ਹਰੇ ਇਨਕਲਾਬ ਵਿਚੋਂ ਮਿਲੇ ਲਾਭ ਨੇ ਸਾਨੂੰ ਰੱਜਵੇਂ ਦਾਰੂ ਦੇ ਗਲ ਲਗਾਇਆ ਤੇ ਮਗਰਲੀ ਖ਼ੁਸ਼ਹਾਲੀ ਨੇ ਨਵੀਆਂ ਦਵਾਈਆਂ ਨਾਲ ਪਛਾਣ ਕਰਵਾਈ। ਦੋਵਾਂ ਖ਼ੁਸ਼ਹਾਲੀਆਂ ਵਿਚੋਂ ਹੀ ਅਸੀ ਅਪਣੇ ਬੱਚਿਆਂ ਦੀ ਸਿਹਤ ਤੇ ਸਿਖਿਆ ਲਈ ਕੁੱਝ ਨਵਾਂ ਨਾ ਕਰ ਸਕੇ। ਕੇਂਦਰ ਦੀਆਂ ਸਰਕਾਰਾਂ ਨੇ ਸਾਡੇ ਨਾਲ ਜੋ ਕਰਨੀ ਸੀ ਉਸ ਦਾ ਤਾਂ ਸਾਨੂੰ ਪਤਾ ਹੀ ਹੋਣਾ ਚਾਹੀਦਾ ਸੀ। ਗੁਰੂਆਂ ਵਲੋਂ ਸਮਝਾਈ ਸਾਦਗੀ ਤੇ ਸਮਝਦਾਰੀ ਤਾਂ ਸਾਡੇ ਬਰਾਬਰੀ ਤੇ ਭਾਈਚਾਰੇ ਵਾਲੇ ਸਮਾਜ ਦੇ ਸਿਰ ਤੇ ਬੈਠੇ ਜਗੀਰਦਾਰੀ ਮਾਹੌਲ ਨੇ ਮੰਗਲ ਗ੍ਰਹਿ ਤੇ ਪਹੁੰਚਾ ਦਿਤੀ ਹੈ।

ਸੰਪਰਕ : 95922-24411